ਬੀਸੀ ਵਿੱਚ ਆਏ ਹੜ੍ਹਾਂ ਦੌਰਾਨ ਮਦਦ ਲਈ ਟਰਾਂਸਪੋਰਟ ਕੈਨੇਡਾ, ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੇ ਨਿਯਮਾਂ ਵਿੱਚ ਦਿੱਤੀ ਢਿੱਲ

Truck on a flooding highway of BC
Photo by Wade Austin Ellis on Unsplash

ਬੀਸੀ ਵਿੱਚ ਆਏ ਹੜ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਮਦਦ ਲਈ ਟਰਾਂਸਪੋਰਟ ਕੈਨੇਡਾ, ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੇ ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ ਐਡਮਨਿਸਟ੍ਰੇਟਰਜ਼ (ਸੀਸੀਐਮਟੀਏ) ਰਾਹੀਂ ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼ ਨੂੰ ਖਾਸ ਛੋਟ ਦਿੱਤੀ ਹੈ। 

ਇਹ ਛੋਟ ਫੈਡਰਲ ਪੱਧਰ ਉੱਤੇ ਨਿਯੰਤਰਿਤ ਮੋਟਰ ਕੈਰੀਅਰਜ਼ (ਜਿਨ੍ਹਾਂ ਨੂੰ ਐਕਸਟ੍ਰਾ ਪ੍ਰੋਵਿੰਸ਼ੀਅਲ ਕੈਰੀਅਰਜ਼ ਵੀ ਆਖਿਆ ਜਾਂਦਾ ਹੈ) ਲਈ ਤੇ ਉਨ੍ਹਾਂ ਦੇ ਡਰਾਈਵਰਾਂ ਲਈ ਹੀ ਉਲੀਕੀ ਗਈ ਹੈ ਜਿਹੜੇ ਇੰਪਲੌਇਡ ਹਨ ਜਾਂ ਜ਼ਰੂਰੀ ਸਪਲਾਈਜ਼ ਤੇ ਸਾਜ਼ੋ ਸਮਾਨ ਲਈ ਜਿਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਹ ਸੱਭ ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਹੜ੍ਹਾਂ ਲਈ ਐਮਰਜੰਸੀ ਰਾਹਤ ਵਜੋਂ ਕੀਤਾ ਜਾ ਰਿਹਾ ਹੈ।

ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼ ਲਈ ਇਹ ਛੋਟ ਕਮਰਸ਼ੀਅਲ ਵ੍ਹੀਕਲ ਡਰਾਈਵਰਜ਼ ਆਰਜ਼ ਆਫ ਸਰਵਿਸ ਰੈਗੂਲੇਸ਼ਨਜ਼ ਦੀ ਧਾਰਾ 12 ਤੋਂ 29 ਤੱਕ ਦੇ ਸ਼ਡਿਊਲ ਵਿੱਚ ਆਰਜ਼ੀ ਰਾਹਤ ਮੁਹੱਈਆ ਕਰਾਵੇਗੀ। ਆਰਜ਼ ਆਫ ਸਰਵਿਸ ਰੈਗੂਲੇਸ਼ਨਜ਼ ਦੇ ਬਾਕੀ ਸਾਰੇ ਕਾਰਕ ਪਹਿਲਾਂ ਵਾਂਗ ਹੀ ਰਹਿਣਗੇ, ਇਨ੍ਹਾਂ ਵਿੱਚ ਥਕਾਵਟ ਦੀ ਮੈਨੇਜਮੈਂਟ ਲਈ ਲੋੜ ਤੇ ਨਿਗਰਾਨੀ ਦੇ ਨਾਲ ਨਾਲ ਰੋਜ਼ਾਨਾ ਲਾਗ ਬੁੱਕਸ ਮੁਕੰਮਲ ਕਰਨਾ ਤੇ ਰਿਕਾਰਡ ਮੇਨਟੇਨ ਕਰਨਾ ਸ਼ਾਮਲ ਹਨ। ਅਜਿਹੀਆਂ ਕਈ ਸ਼ਰਤਾਂ ਹਨ ਜਿਨ੍ਹਾਂ ਨੂੰ ਇਸ ਛੋਟ ਤੋਂ ਪਹਿਲਾਂ ਅਤੇ ਇਸ ਦੌਰਾਨ ਪੂਰਾ ਕਰਨਾ ਹੁੰਦਾ ਹੈ ਤੇ ਕੈਰੀਅਰਜ਼ ਨੂੰ ਇਨ੍ਹਾਂ ਦਾ ਮੁਲਾਂਕਣ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇਸ ਛੋਟ ਦੀ ਵਰਤੋਂ ਦਾ ਬਦਲ 31 ਜਨਵਰੀ, 2022 ਤੱਕ ਉਪਲਬਧ ਹੋਵੇਗਾ ਜਾਂ ਇਸ ਨੂੰ ਲੋੜ ਨਾ ਸਮਝਦਿਆਂ ਹੋਇਆਂ ਹਾਲਾਤ ਮੁਤਾਬਕ ਟਰਾਂਸਪੋਰਟ ਕੈਨੇਡਾ ਵੱਲੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ। 

ਇਸ ਛੋਟ ਲਈ ਹੋਰਨਾਂ ਤੋਂ ਇਲਾਵਾ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ

  • ਕੈਰੀਅਰਜ਼ ਨੂੰ ਇਸ ਛੋਟ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਅਧਿਕਾਰ ਖੇਤਰ ਦੇ ਡਾਇਰੈਕਟਰ ਨੂੰ ਲਿਖਤੀ ਤੌਰ ਉੱਤੇ ਆਰਜ਼ ਆਫ ਸਰਵਿਸ ਬਾਰੇ ਲਿਖ ਕੇ ਦੇਣਾ ਹੋਵੇਗਾ ਤੇ ਦੱਸਣਾ ਹੋਵੇਗਾ ਕਿ ਉਹ ਇਸ ਛੋਟ ਦੀ ਵਰਤੋਂ ਕਰਨੀ ਚਾਹੁੰਦੇ ਹਨ।
  • ਇਸ ਛੋਟ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੈਰੀਅਰ ਨੂੰ ਇਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਡਰਾਈਵਰਾਂ ਤੇ ਵ੍ਹੀਕਲਾਂ ਦੀ ਲਿਸਟ ਬਣਾ ਕੇ ਆਰਜ਼ ਆਫ ਸਰਵਿਸ ਡਾਇਰੈਕਟਰ ਨੂੰ ਮੁਹੱਈਆ ਕਰਵਾਉਣੀ ਹੋਵੇਗੀ।
  • ਇਸ ਛੋਟ ਤਹਿਤ ਕੰਮ ਕਰ ਰਹੇ ਸਾਰੇ ਵਾਹਨਾਂ ਵਿੱਚ ਛੋਟ ਦੀ ਇੱਕ ਕਾਪੀ ਹੋਣਾ ਜ਼ਰੂਰੀ ਹੈ।
  • ਡਰਾਈਵਰਾਂ ਨੂੰ ਆਪਣੀ ਰੋਜ਼ਾਨਾ ਲਾਗ ਬੁੱਕ ਦੇ ਰਿਮਾਰਕਸ ਸੈਕਸ਼ਨ ਵਿੱਚ ਇਹ ਦਰਜ ਕਰਨਾ ਹੋਵੇਗਾ ਕਿ ਉਹ ਉਸ ਦਿਨ ਛੋਟ ਤਹਿਤ ਕੰਮ ਕਰ ਰਹੇ ਹਨ
  • ਕੈਰੀਅਰ ਦੀ ਕਿਸੇ ਵੀ ਹਾਲ ਸੇਫਟੀ ਰੇਟਿੰਗ ਕੰਡੀਸ਼ਨਲ ਜਾਂ ਗੈਰਤਸੱਲੀਬਖ਼ਸ਼ ਨਾ ਹੋਵੇ
  • ਡਰਾਈਵਰ ਜਾਂ ਕੈਰੀਅਰ ਆਊਟ ਆਫ ਸਰਵਿਸ ਆਰਡਰ ਤਹਿਤ ਨਾ ਹੋਣ

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਤੋਂ ਧੰਨਵਾਦ ਸਹਿਤ