ਫੂਡ ਸਪਲਾਈ ਚੇਨ ਦੇ ਮੈਂਬਰਾਂ ਨੇ ਉਠਾਇਆ ਡਰਾਈਵਰਾਂ ਦੀ ਘਾਟ ਦਾ ਮੁੱਦਾ

supply chain container terminal at dusk

 

ਐਗਰੀਕਲਚਰ ਐਂਡ ਐਗਰੀ ਫੂਡ ਸਬੰਧੀ ਸਟੈਂਡਿੰਗ ਕਮੇਟੀ ਦੀ ਤਾਜ਼ਾ ਮੀਟਿੰਗ ਵਿੱਚ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗ੍ਰੌਸਰਜ਼ ਤੇ ਨੈਸ਼ਨਲ ਕੈਟਲ ਫੀਡਰਜ਼ ਐਸੋਸਿਏਸ਼ਨ ਦੇ ਨੁਮਾਇੰਦਿਆਂ ਨੇ ਟਰੱਕ ਡਰਾਈਵਰਾਂ ਦੀ ਘਾਟ ਅਤੇ ਇਸ ਦੇ ਸਪਲਾਈ ਚੇਨ ਦੀ ਕੁਸ਼ਲਤਾ ਉੱਤੇ ਪੈਣ ਵਾਲੇ ਅਸਰ ਉੱਤੇ ਚਿੰਤਾ ਪ੍ਰਗਟਾਈ। 

ਇਸ ਤਰ੍ਹਾਂ ਦੀ ਹੀ ਚਿੰਤਾ ਆਟੋ ਪਾਰਟਸ ਸੈਕਟਰ ਵੱਲੋਂ ਵਿੱਤ ਸਬੰਧੀ ਸਟੈਂਡਿੰਗ ਕਮੇਟੀ ਕੋਲ ਪ੍ਰਗਟਾਈ ਗਈ ਹੈ। ਆਟੋਪਾਰਟਸ ਸੈਕਟਰ ਦਾ ਕਹਿਣਾ ਹੈ ਕਿ ਅਰਥਚਾਰੇ ਦੀ ਹਰ ਤਰ੍ਹਾਂ ਦੀ ਸਥਿਤੀ ਵਿੱਚ ਟਰੱਕਿੰਗ ਸਮਰੱਥਾ ਡਿੱਕਡੋਲੇ ਹੀ ਖਾਂਦੀ ਰਹੀ ਤੇ ਇਸ ਦਾ ਅਸਰ ਉਸ ਦੇ ਸਾਥੀ ਮੈਂਬਰਾਂ ਉੱਤੇ ਵੀ ਪਿਆ। ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਅਰਥਚਾਰੇ ਨੂੰ ਟਰੱਕ ਚਲਾਉਂਦੇ ਹਨ ਤੇ ਵਧੇਰੇ ਕਮਰਸ਼ੀਅਲ ਟਰੱਕ ਡਰਾਈਵਰਾਂ ਤੋਂ ਬਿਨਾਂ ਟਰੱਕ ਟਰਾਂਸਪੋਰਟੇਸ਼ਨ ਦੇ ਯੂਜ਼ਰਜ਼ ਵੱਲੋਂ ਸਪਲਾਈ ਚੇਨ ਦਾ ਮੁੱਦਾ ਇਸੇ ਤਰ੍ਹਾਂ ਉਠਾਇਆ ਜਾਂਦਾ ਰਹੇਗਾ। ਉਨ੍ਹਾਂ ਇਹ ਵੀ ਆਖਿਆ ਕਿ ਜਿਵੇਂ ਜਿਵੇਂ ਨੌਰਥ ਅਮੈਰੀਕਨ ਅਰਥਚਾਰਾ ਮਜ਼ਬੂਤੀ ਫੜ੍ਹੇਗਾ ਤਿਓਂ ਤਿਓਂ ਇਹ ਮੁੱਦਾ ਹੋਰ ਗਰਮਾਉਂਦਾ ਰਹੇਗਾ। 

ਐਗਰੀਕਲਚਰ ਐਂਡ ਐਗਰੀ ਫੂਡ ਸਬੰਧੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਗੈਰੀ ਕੈਂਡਜ਼, ਐਸਵੀਪੀ, ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗ੍ਰੌਸਰਜ਼ ਨੇ ਟਰੱਕ ਟਰਾਂਸਪੋਰਟੇਸ਼ਨ ਨਾਲ ਸਬੰਧਤ ਕੀਮਤਾਂ ਵਿੱਚ ਹੋ ਰਹੇ ਵਾਧੇ ਦਾ ਮੁੱਦਾ ਉਠਾਇਆ। ਉਨ੍ਹਾਂ ਆਖਿਆ ਕਿ ਸਮੁੱਚੀ ਸਪਲਾਈ ਚੇਨ ਦੇ ਸਾਂਝੇ ਪ੍ਰਭਾਵ ਜਿਹੜੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਤੋਂ ਉਪਜਦੇ ਹਨ ਉਨ੍ਹਾਂ ਦਾ ਇੱਕੋ ਜਿਹਾ ਭਾਰ ਸਾਰਿਆਂ ਵੱਲੋਂ ਸਿਹਾ ਜਾਵੇ ਇਹ ਜ਼ਰੂਰੀ ਨਹੀਂ।ਅਸੀਂ ਜਾਣਦੇ ਹਾਂ ਕਿ ਸਾਡੇ ਕੁੱਝ ਮੈਂਬਰਾਂ ਨੂੰ ਸਪਲਾਇਰਜ਼ ਵੱਲੋਂ ਲਾਗਤ ਵਿੱਚ 25 ਤੋਂ 30 ਫੀ ਸਦੀ ਵਾਧਾ ਸਹਿਣਾ ਪੈ ਰਿਹਾ ਹੈ। ਉਨ੍ਹਾਂ ਨੂੰ ਟਰੱਕਿੰਗ ਦੀ ਕੀਮਤ ਦੁੱਗਣੀ ਤੋਂ ਵੀ ਵੱਧ ਪੈ ਰਹੀ ਹੈ ਤੇ ਫਿਊਲ ਦੀਆਂ ਕੀਮਤਾਂ ਵੀ ਵੱਸੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ।

ਨੈਸ਼ਨਲ ਕੈਟਲ ਫੀਡਰਜ਼ ਐਸੋਸਿਏਸ਼ਨ (ਐਨਐਫਸੀਏ) ਦੇ ਚੇਅਰ ਜੇਮਜ਼ ਬੈਕਰਿੰਗ ਨੇ ਵੀ ਡਰਾਈਵਰਾਂ ਦੀ ਘਾਟ ਦਾ ਮੁੱਦਾ ਉਠਾਉਂਦਿਆਂ ਆਖਿਆ ਕਿ ਕੌਮਾਂਤਰੀ ਪੱਧਰ ਉੱਤੇ ਵੈਕਸੀਨੇਸ਼ਨ ਲਾਜ਼ਮੀ ਹੋਣ ਦਾ ਯਕੀਨਨ ਅਸਰ ਪਿਆ ਹੈ। ਇਸ ਨਾਲ ਪਹਿਲਾਂ ਤੋਂ ਹੀ ਟਰੱਕਰਜ਼ ਦੀ ਚੱਲ ਰਹੀ ਘੱਟ ਸਪਲਾਈ ਕਾਰਨ ਸੰਘਰਸ਼ ਕਰ ਰਹੀ ਇੰਡਸਟਰੀ ਨੂੰ ਵਰਕਫੋਰਸ ਦੇ ਵੱਡੇ ਹਿੱਸੇ ਤੋਂ ਹੱਥ ਧੁਆਉਣਾ ਪਿਆ। 

ਡਰਾਈਵਰ ਦੀ ਘਾਟ ਨੂੰ ਹੱਲ ਕਰਨ ਲਈ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਟਰੱਕਿੰਗ ਐਚਆਰ ਕੈਨੇਡਾ ਦੇ ਪ੍ਰਸਤਾਵ ਦਾ ਸਮਰਥਨ ਕਰੇ ਜਿਸ ਨਾਲ ਕੈਨੇਡੀਅਨਜ਼ ਨੂੰ ਐਸੋਸਿਏਟਿਡ ਡਰਾਈਵਰ ਟਰੇਨਿੰਗ ਉੱਤੇ ਆਉਣ ਵਾਲੀ ਲਾਗਤ ਨਾਲ ਸਿੱਝਣ ਵਿੱਚ ਮਦਦ ਮਿਲੇਗੀ, ਇਸ ਵਿੱਚ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਵਿਚਲੇ ਸੁਧਾਰ ਵੀ ਸ਼ਾਮਲ ਹਨ, ਜਿਹੜੇ ਕੈਨੇਡਾ ਆਉਣ ਵਾਲੇ ਨਵੇਂ ਲੋਕਾਂ ਦੇ ਲੇਬਰ ਰਾਈਟਸ ਦੀ ਬਿਹਤਰ ਹਿਫਾਜ਼ਤ ਕਰ ਸਕਣਗੇ ਤੇ ਇਸ ਦੇ ਨਾਲ ਹੀ ਇਨ੍ਹਾਂ ਸੇਫ ਤੇ ਆਗਿਆਕਾਰੀ ਟਰੱਕਿੰਗ ਫਰਮਾਂ ਦੀ ਐਪਲੀਕੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇਗਾ। ਇਸ ਦੇ ਨਾਲ ਹੀ ਟਰੱਕਿੰਗ ਇੰਡਸਟਰੀ ਨੂੰ ਸੰਨ੍ਹ ਲਾ ਰਹੇ ਅੰਡਰਗ੍ਰਾਊਂਡ ਅਰਥਚਾਰੇ ਉੱਤੇ ਨਕੇਲ ਕੱਸਣ ਵਿੱਚ ਵੀ ਮਦਦ ਮਿਲੇਗੀ। 

ਸੀਟੀਏ ਸਪਲਾਈ ਚੇਨ ਸਿਖਰ ਵਾਰਤਾ ਸਮੇਤ ਕੈਨੇਡਾ ਸਰਕਾਰ ਦੀਆਂ ਕਈ ਹੋਰ ਪ੍ਰਕਿਰਿਆਵਾਂ ਰਾਹੀਂ ਇਨ੍ਹਾਂ ਤਬਦੀਲੀਆਂ ਲਈ ਲਾਬੀ ਕਰਨਾ ਜਾਰੀ ਰੱਖੇਗੀ।