ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੇ ਫੈਸਲੇ ਨੂੰ ਸਰਕਾਰ ਨੇ ਕੀਤਾ ਖ਼ਤਮ

Reopening of Canada-USAborder reopening
Blaine, WA, USA - July 6, 2016 Buildings with Canadien flag and footpath on USA-Canada border

ਟਰੱਕਿੰਗ ਇੰਡਸਟਰੀ, ਵਿਰੋਧੀ ਧਿਰਾਂ ਦੇ ਦਬਾਅ ਦੇ ਨਾਲ ਨਾਲ ਆਪਣੀ ਕਾਮਨ ਸੈਂਸ ਤੋਂ ਕੰਮ ਲੈਂਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਤੋਂ ਕੈਨੇਡਾ ਆਉਣ ਸਮੇਂ ਬਾਰਡਰ ਕਰੌਸ ਕਰਨ ਵਾਲੇ ਕੈਨੇਡੀਅਨ ਟਰੱਕਰਜ਼ ਲਈ ਸਰਕਾਰ ਵੱਲੋਂ ਲਾਜ਼ਮੀ ਕੋਵਿਡ ਵੈਕਸੀਨੇਸ਼ਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨੂੰ ਬਹੁਤ ਵੱਡਾ ਯੂਟਰਨ ਮੰਨਿਆ ਜਾ ਰਿਹਾ ਹੈ। 

ਲਾਜ਼ਮੀ ਵੈਕਸੀਨੇਸ਼ਨ ਦਾ ਇਹ ਨਿਯਮ ਸ਼ਨਿੱਚਰਵਾਰ, 15 ਜਨਵਰੀ ਨੂੰ ਲਾਗੂ ਹੋਣ ਵਾਲਾ ਸੀ। ਸਰਕਾਰ ਉੱਤੇ ਲਗਾਤਾਰ ਇਹ ਦਬਾਅ ਪਾਇਆ ਜਾ ਰਿਹਾ ਸੀ ਕਿ ਇਸ ਅਣਚਾਹੇ ਫੈਸਲੇ ਨੂੰ ਵਾਪਿਸ ਲਿਆ ਜਾਵੇ। ਇੰਡਸਟਰੀ ਦੇ ਜਾਣਕਾਰਾਂ ਨੇ ਸਰਕਾਰ ਨੂੰ ਦੱਸਿਆ ਕਿ ਜੇ ਇਸ ਲਾਜ਼ਮੀ ਵੈਕਸੀਨੇਸ਼ਨ ਵਾਲੇ ਨਿਯਮ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਡਰਾਈਵਰਾਂ ਦੀ ਘਾਟ ਪੈਦਾ ਹੋ ਜਾਵੇਗੀ, ਕਰੌਸ ਬਾਰਡਰ ਟਰੇਡ ਵਿੱਚ ਵਿਘਣ ਪਵੇਗਾ, ਮਹਿੰਗਾਈ ਵਿੱਚ ਵਾਧਾ ਹੋਵੇਗਾ ਤੇ ਦੋ ਸਾਲਾਂ ਤੋਂ ਕੋਵਿਡ-19 ਵਰਗੇ ਅੜਿੱਕਿਆਂ ਨਾਲ ਸੰਘਰਸ਼ ਕਰ ਰਹੀ ਸਪਲਾਈ ਚੇਨ ਵਿੱਚ ਅਗਾਂਹ ਹੋਰ ਦਿੱਕਤਾਂ ਆਉਣਗੀਆਂ। 

ਿਨ੍ਹਾਂ ਕੈਨੇਡੀਅਨ ਟਰੱਕਰਜ਼ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੋਵੇਗੀ ਜਾਂ ਜਿਨ੍ਹਾਂ ਨੇ ਕੋਵਿਡ ਵੈਕਸੀਨ ਦੀ ਸਿਰਫ ਇੱਕ ਡੋਜ਼ ਹੀ ਲਵਾਈ ਹੋਵੇਗੀ, ਉਨਾਂ ਨੂੰ ਅਮਰੀਕਾ ਤੋਂ ਕੈਨੇਡਾ ਪਰਤਣ ਸਮੇਂ ਕੁਆਰਨਟੀਨ ਹੋਣ ਦੀ ਲੋੜ ਨਹੀਂ ਹੋਵੇਗੀ।

ਕੈਨੇਡੀਅਨ ਟਰੱਕਿੰਗ ਅਲਾਇੰਸ ਦਾ ਮੰਨਣਾ ਹੈ ਕਿ ਇਸ ਲਾਜ਼ਮੀ ਵੈਕਸੀਨੇਸ਼ਨ ਵਾਲੇ ਨਿਯਮ ਕਾਰਨ ਕਰੌਸ ਬਾਰਡਰ ਡਰਾਈਵਰਜ਼ ਵਿੱਚੋਂ 10 ਫੀ ਸਦੀ ਨੇ ਇਹ ਪੇਸ਼ਾ ਹੀ ਛੱਡ ਦੇਣਾ ਸੀ। ਅਜਿਹਾ ਕਰਨ ਵਾਲੇ ਡਰਾਈਵਰਾਂ ਦੀ ਗਿਣਤੀ 16000 ਹੋ ਸਕਦੀ ਸੀ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਆਖਿਆ ਕਿ ਇਸ ਛੋਟ ਦੇ ਪੂਰੇ ਵੇਰਵੇ ਅਜੇ ਸਪਸ਼ਟ ਨਹੀਂ ਹੋਏ ਹਨ। 

ਸੀਬੀਐਸਏ ਨੇ ਆਖਿਆ ਕਿ ਅਮਰੀਕਾ ਦੇ ਟਰੱਕਰਜ਼ ਨੂੰ ਅਜੇ ਵੀ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਜ਼ਰੂਰੀ ਹੋਵੇਗਾ ਜਾਂ ਫਿਰ 15 ਜਨਵਰੀ ਤੋਂ ਇਹ ਨਿਯਮ ਲਾਗੂ ਹੋਣ ਤੋਂ ਬਾਅਦ ਗੈਰ ਵੈਕਸੀਨੇਟਿਡ ਅਮਰੀਕੀ ਡਰਾਈਵਰਾਂ ਨੂੰ ਸਰਹੱਦ ਤੋਂ ਹੀ ਮੋੜ ਦਿੱਤਾ ਜਾਵੇਗਾ।

ਕੈਨੇਡੀਅਨ ਸਰਕਾਰ ਦੇ ਇੱਕ ਸਰੋਤ ਨੇ ਆਖਿਆ ਕਿ ਇਹ ਫੈਸਲਾ ਸਪਲਾਈ ਚੇਨ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਕੀਤਾ ਗਿਆ ਹੈ। ਕੈਨੇਡਾ ਤੇ ਅਮਰੀਕਾ ਦਰਮਿਆਨ ਟਰੱਕਿੰਗ ਹੀ ਉਹ ਸ਼ਾਹਰਗ ਹੈ ਜਿਸ ਸਦਕਾ ਦੋਵਾਂ ਦੇਸ਼ਾਂ ਵਿਚਾਲੇ 650 ਬਿਲੀਅਨ ਤੋਂ 511 ਬਿਲੀਅਨ ਦਾ 2/3 ਕਾਰੋਬਾਰ ਹੁੰਦਾ ਹੈ। 

ਗਲੋਬਲ ਸਪਲਾਈ ਵਿੱਚ ਪੈ ਰਹੇ ਵਿਘਣ ਲਈ ਮਹਾਂਮਾਰੀ ਵੀ ਮੁੱਖ ਤੌਰ ਉੱਤੇ ਜਿ਼ੰਮੇਵਾਰ ਹੈ ਤੇ ਇਸ ਕਾਰਨ ਹੀ ਨਵੰਬਰ ਵਿੱਚ ਕੈਨੇਡਾ ਦੀ ਮਹਿੰਗਾਈ ਦਰ 18 ਸਾਲ ਵਿੱਚ ਸੱਭ ਤੋਂ ਉੱਤੇ ਪਹੁੰਚੀ ਹੈ। ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਵਿਆਜ਼ ਦਰਾਂ ਅਪਰੈਲ ਵਿੱਚ ਵੱਧ ਸਕਦੀਆਂ ਹਨ।

ਟਰੱਕ ਡਰਾਈਵਰ ਬਾਰਡਰ ਨਿਯਮ ਕਾਰਨ ਕੈਨੇਡੀਅਨਜ਼ ਲਈ ਆਰਥਿਕ ਦਰਦ ਹੋਰ ਵੱਧ ਸਕਦਾ ਸੀ। ਇਸ ਨਿਯਮ ਸਦਕਾ ਕੈਨੇਡਾ ਵਿੱਚ ਸਪਲਾਈ ਚੇਨ ਨਾਲ ਜੁੜੇ ਹੋਰ ਮੁੱਦੇ ਖੜ੍ਹੇ ਹੋ ਜਾਣੇ ਸਨ, ਜਦਕਿ ਮਹਿੰਗਾਈ ਵੱਧ ਜਾਣੀ ਸੀ ਤੇ ਫੂਡ ਦੀ ਘਾਟ ਕਾਰਨ ਗਰੌਸਰੀ ਸੈਲਫਾਂ ਖਾਲੀ ਹੋ ਜਾਣੀਆਂ ਸਨ।ਟਰੱਕਿੰਗ ਇੰਡਸਟਰੀ ਨੇ ਆਖਿਆ ਕਿ ਬਾਰਡਰ ਉੱਤੇ ਲਾਗੂ ਕੀਤੇ ਜਾਣ ਵਾਲੇ ਇਸ ਨਿਯਮ ਕਾਰਨ ਕਾਫੀ ਡਰਾਈਵਰਾਂ ਨੇ ਉਸ ਇੰਡਸਟਰੀ ਨੂੰ ਅਲਵਿਦਾ ਆਖ ਜਾਣਾ ਸੀ, ਜਿਹੜੀ ਪਹਿਲਾਂ ਹੀ ਡਰਾਈਵਰਾਂ ਦੀ ਘਾਟ ਦੇ ਸੰਕਟ ਨਾਲ ਜੂਝ ਰਹੀ ਹੈ। 

ਕੈਲੇਫੋਰਨੀਆ ਜਾਂ ਐਰੀਜ਼ੋਨਾ ਤੋਂ ਫਲਾਂ ਜਾਂ ਸਬਜ਼ੀਆਂ ਨੂੰ ਟਰੱਕ ਵਿੱਚ ਲੱਦ ਕੇ ਲਿਆਉਣਾ ਮਹਾਂਮਾਰੀ ਦੌਰਾਨ ਦੁੱਗਣਾ ਮਹਿੰਗਾ ਹੋ ਗਿਆ ਹੈ। 

ਅਖੀਰ ਵਿੱਚ, ਫੈਡਰਲ ਸਰਕਾਰ ਨੂੰ ਸਹੀ ਚੋਣ ਕਰਨੀ ਹੀ ਪਈ। ਕੈਨੇਡਾ ਦੀ ਜਨਤਾ ਮਹਾਂਮਾਰੀ ਕਾਰਨ ਤੇ ਫੈਡਰਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਤੋਂ ਹੀ ਉੱਚੀਆਂ ਹੋਈਆਂ ਸਾਰੀਆਂ ਵਸਤਾਂ ਦੀਆਂ ਕੀਮਤਾਂ ਤੇ ਆਰਥਿਕ ਦਰਦ ਦਾ ਹੋਰ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ।