ਹੈਮਿਲਟਨ ਟਰੱਕ ਰੂਟ ਸਬ-ਕਮੇਟੀ ਬਦਲਵੇਂ ਮਾਸਟਰ ਪਲੈਨ ਉੱਤੇ ਹੋਈ ਸਹਿਮਤ

hamilton-downtown-truck-routes-proposal-march-2022

ਿਟੀ ਆਫ ਹੈਮਿਲਟਨ ਦੀ ਟਰੱਕ ਰੂਟ ਸਬ ਕਮੇਟੀ ਨੇ ਬੀਤੇ ਦਿਨੀਂ ਸੋਧੇ ਹੋਏ ਟਰੱਕ ਰੂਟ ਮਾਸਟਰ ਪਲੈਨ ਲਈ ਬਦਲ ਉੱਤੇ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਦੌਰਾਨ ਪ੍ਰਸਤਾਵਿਤ ਬਦਲਵੇਂ ਰੂਟਾਂ ਵਿੱਚੋਂ ਇੱਕ ਬਾਰੇ ਸਬ ਕਮੇਟੀ ਦੇ ਮੈਂਬਰਾਂ ਨੇ ਅੱਗੇ ਵਧਣ ਉੱਤੇ ਸਹਿਮਤੀ ਪ੍ਰਗਟਾਈ।ਸਿਟੀ ਸਟਾਫ ਵੱਲੋਂ ਜਿਸ ਸਕਾਰਾਤਮਕ ਸੇਧ ਨਾਲ ਰਿੰਗ ਰੋਡ ਕੰਸੈਪਟ ਦੀ ਸਿਫਾਰਿਸ਼ ਕੀਤੀ ਗਈ ਸੀ ਸਬ ਕਮੇਟੀ ਮੈਂਬਰ ਉਸ ਉੱਤੇ ਹੀ ਅੱਗੇ ਵਧਣ ਲਈ ਰਾਜ਼ੀ ਹੋਏ। ਸਿਟੀ ਸਟਾਫ ਨੇ ਇਹ ਸੰਕੇਤ ਵੀ ਦਿੱਤਾ ਕਿ ਅਗਲੇਰੀ ਗੱਲਬਾਤ ਹੈਮਿਲਟਨ ਪਬਲਿਕ ਵਰਕਸ ਤੇ ਸਿਟੀ ਕਾਊਂਸਲ ਨਾਲ ਹੋਵੇਗੀ ਤੇ ਬਹੁਤੀ ਸੰਭਾਵਨਾ ਇਹ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਇਸ ਬਦਲਵੇਂ ਰੂਟ ਨੂੰ ਮਨਜ਼ੂਰੀ ਦੇ ਦਿੱੱਤੀ ਜਾਵੇ।

ਸਬ ਕਮੇਟੀ ਨਾਲ ਵਿਚਾਰ ਵਟਾਂਦਰਾ ਕਰ ਰਹੇ ਓਟੀਏ ਦੇ ਸਟਾਫ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਉਹ ਸੋਧੇ ਹੋਏ ਟਰੱਕ ਰੂਟ ਉੱਤੇ ਸਿਟੀ ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖਣ, ਜਿਸ ਨਾਲ ਰੈਜ਼ੀਡੈਂਟਸ ਦੇ ਰਹਿਣ ਸਹਿਣ ਵਿੱਚ ਵੀ ਸੁਧਾਰ ਹੋਵੇ ਤੇ ਜਿਹੜਾ ਟਰੱਕਿੰਗ ਆਪਰੇਟਰਜ਼ ਲਈ ਵੀ ਕਾਰਗਰ ਹੋਵੇ, ਪਰ ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਇਸ ਨਾਲ ਟਰਾਂਜਿ਼ਟ ਟਾਈਮ ਵਿੱਚ ਵਾਧਾ ਹੋਵੇਗਾ ਜਿਸ ਨਾਲ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ ਤੇ ਇਸ ਵਾਧੇ ਦੀ ਚੋਭ ਸਿਰਫ ਫਲੀਟਸ ਨੂੰ ਹੀ ਨਹੀਂ ਸਗੋਂ ਸਾਰੀ ਸਪਲਾਈ ਚੇਨ ਨੂੰ ਬਰਦਾਸ਼ਤ ਕਰਨੀ ਹੋਵੇਗੀ।

ਓਟੀਏ ਨੇ ਫਿਊਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੁੱਦੇ, ਡਰਾਈਵਰਾਂ ਦੀ ਘਾਟ ਤੇ ਉਲਝਾਉਣ ਵਾਲੇ ਹੋਰ ਕਾਰਕਾਂ ਜਿਨ੍ਹਾਂ ਕਾਰਨਾਂ ਕਰਕੇ ਟਰਾਂਸਪੋਰਟੇਸ਼ਨ ਮਾਰਕਿਟ ਉੱਤੇ ਵੀ ਅਸਰ ਪੈ ਰਿਹਾ ਹੈ, ਨੂੰ ਵੀ ਹਾਈਲਾਈਟ ਕੀਤਾ।ਇਸ ਦਾ ਸਮੇਂ ਨਾਲ ਹੋਣ ਵਾਲੀਆਂ ਡਲਿਵਰੀਆਂ ਤੇ ਸਿਟੀ ਦੇ ਉਤਪਾਦਨ ਸੈਕਟਰ ਉੱਤੇ ਵੀ ਅਸਰ ਪੈ ਸਕਦਾ ਹੈ।

ਓਟੀਏ ਨੇ ਸਬ ਕਮੇਟੀ ਨੂੰ ਇਨ੍ਹਾਂ ਕਾਰਕਾਂ ਤੋਂ ਜਾਗਰੂਕ ਰਹਿਣ ਦੀ ਅਪੀਲ ਕੀਤੀ, ਜਿਨ੍ਹਾਂ ਦਾ ਅਸਰ ਲੋਕਲ ਕਾਰੋਬਾਰਾਂ ਉੱਤੇ ਵੀ ਪੈ ਸਕਦਾ ਹੈ। ਓਟੀਏ ਨੇ ਇਹ ਵੀ ਚੇਤਾਇਆ ਕਿ ਅੜਿੱਕਿਆਂ ਨਾਲ ਭਰੇ ਟਰੱਕ ਰੂਟ ਕਾਰਨ ਕੁੱਝ ਕਸਟਮਰਜ਼/ਥਾਂਵਾਂ ਉੱਤੇ ਡਲਿਵਰੀ ਕਿੰਨੀ ਔਖੀ ਹੋ ਜਾਂਦੀ ਹੈ, ਇਸ ਨਾਲ ਕਈ ਅਹਿਮ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਦੇਰ ਹੁੰਦੀ ਹੈ ਤੇ ਇਸ ਨਾਲ ਕਾਰੋਬਾਰਾਂ ਤੇ ਕਸਟਮਰਜ਼ ਨੂੰ ਵਧੀਆਂ ਹੋਈਆਂ ਕੀਮਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਇਸ ਬਦਲਵੇਂ ਰੂਟ ਨੂੰ ਮਨਜ਼ੂਰੀ ਦੇਣ ਬਾਰੇ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ, ਇਸ ਦੌਰਾਨ ਓਟੀਏ ਵੱਲੋਂ ਇਹ ਯਕੀਨੀ ਬਣਾਉਣ ਲਈ ਸਿਟੀ ਦੇ ਅਧਿਕਾਰੀਆਂ ਨਾਲ ਰਲ ਕੇ ਕੰਮ ਕੀਤਾ ਜਾਵੇਗਾ ਕਿ ਨਵਾਂ ਟਰੱਕ ਰੂਟ ਮਾਸਟਰ ਪਲੈਨ ਲਾਗੂ ਕੀਤੇ ਜਾਣ ਤੋਂ ਕਾਫੀ ਸਮਾਂ ਪਹਿਲਾਂ ਇੰਡਸਟਰੀ ਨੂੰ ਦੱਸਿਆ ਜਾਵੇ।ਇਸ ਦੇ ਨਾਲ ਹੀ ਨਵਾਂ ਟਰੱਕ ਰੂਟ ਲਾਗੂ ਕੀਤੇ ਜਾਣਾ ਸਾਰਿਆਂ ਦੀ ਮੁੱਖ ਤਰਜੀਹ ਹੋਵੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਕੰਮਕਾਜ ਸਹੀ ਢੰਗ ਨਾਲ ਚੱਲਣ।

ਿਟੀ ਸਟਾਫ ਵੱਲੋਂ ਇਸ ਗੱਲ ਦਾ ਸੰਕੇਤ ਦਿੱਤਾ ਗਿਆ ਕਿ ਇਸ ਬਾਰੇ ਹੋਰ ਵੇਰਵੇ, ਜਿਨ੍ਹਾਂ ਵਿੱਚ ਫਾਈਨਲ ਟਰੱਕ ਰੂਟ ਮੈਪ ਵੀ ਸ਼ਾਮਲ ਹੈ, ਉਸ ਸਮੇਂ ਮੁਹੱਈਆ ਕਰਵਾਏ ਜਾਣਗੇ ਜਦੋਂ ਕਾਊਂਸਲ ਵੱਲੋਂ ਫਾਈਨਲ ਰਿਪੋਰਟ ਤੇ ਟਰੱਕ ਰੂਟ ਨੈੱਟਵਰਕ ਨੂੰ ਹਰੀ ਝੰਡੀ ਦੇ ਦਿੱਤੀ ਜਾਵੇਗੀ। ਇੱਕ ਵਾਰੀ ਉਪਲਬਧ ਹੋ ਜਾਣ ਤੋਂ ਬਾਅਦ ਓਟੀਏ ਇਸ ਜਾਣਕਾਰੀ ਨੂੰ ਮੈਂਬਰਜ਼ ਨਾਲ ਸਾਂਝਾ ਕਰੇਗੀ।