ਟਰੱਕ ਡਰਾਈਵਰਾਂ ਸਮੇਤ ਅਹਿਮ ਕਿੱਤਿਆਂ ਲਈ

ਟਰੱਕ ਡਰਾਈਵਰਾਂ ਸਮੇਤ ਅਹਿਮ ਕਿੱਤਿਆਂ ਲਈ ਕੈਟੇਗਰੀ
ਦੇ ਅਧਾਰ ਉੱਤੇ ਐਕਸਪ੍ਰੈੱਸ ਐਂਟਰੀ ਹੋਵੇਗੀ ਸ਼ੁਰੂ

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟਿਜ਼ਨਸਿ਼ਪ ਕੈਨੇਡਾ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਕੈਟੇਗਰੀ ਦੇ ਅਧਾਰ ਉੱਤੇ ਐਕਸਪ੍ਰੈੱਸ ਐਂਟਰੀ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਤਬਦੀਲੀਆਂ ਨਾਲ ਜਿੱਥੇ ਲੇਬਰ ਦੀ ਘਾਟ ਖ਼ਤਮ ਹੋਵੇਗੀ ਉੱਥੇ ਹੀ ਆਰਥਿਕ ਟੀਚੇ ਵੀ ਪੂਰੇ ਹੋਣਗੇ। ਕੈਨੇਡਾ ਸਰਕਾਰ ਵੱਲੋਂ ਕਿਸੇ ਖੇਤਰ, ਟਰੱਕਿੰਗ ਇੰਡਸਟਰੀ, ਵਿੱਚ ਖਾਸ ਤਜਰਬਾ ਰੱਖਣ ਵਾਲਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਵੇਗਾ।

ਬੀਤੇ ਦਿਨੀਂ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਮਾਰਕ ਮਿੱਲਰ ਨੇ ਐਲਾਨ ਕੀਤਾ ਕਿ ਐਕਸਪ੍ਰੈੱਸ ਐਂਟਰੀ ਵਿੱਚ ਕੈਟੇਗਰੀ ਦੇ ਅਧਾਰ ਉੱਤੇ ਟਰਾਂਸਪੋਰਟ ਨਾਲ ਸਬੰਧਤ ਕਿੱਤਿਆਂ ਲਈ ਸੱਦਿਆਂ ਦਾ ਪਹਿਲਾ ਗੇੜ ਇਸ ਹਫਤੇ ਹੀ ਸੁ਼ਰੂ ਹੋ ਜਾਵੇਗਾ। ਇਸ ਉੱਤੇ ਮੁੱਖ ਤੌਰ ਉੱਤੇ ਧਿਆਨ ਟਰਾਂਸਪੋਰਟ ਸੈਕਟਰ ਵਿੱਚ ਤਜਰਬਾ ਰੱਖਣ ਵਾਲੇ ਉਨ੍ਹਾਂ ਉਮੀਦਵਾਰਾਂ ਉੱਤੇ ਦਿੱਤਾ ਜਾਵੇਗਾ ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰਜ਼ ਹੋਣਗੇ, ਪਾਇਲਟਸ ਤੇ ਏਅਰਕ੍ਰਾਫਟ ਅਸੈਂਬਲੀ ਵਰਕਰ ਹੋਣਗੇ।

ਮਾਰਕ ਮਿੱਲਰ ਨੇ ਆਖਿਆ ਕਿ ਆਪਣੇ ਅਰਥਚਾਰੇ ਦੇ ਵਿਕਾਸ ਦਰਮਿਆਨ ਅਸੀਂ ਟਰਾਂਸਪੋਰਟ ਤੇ ਇਨਫਰਾਸਟ੍ਰਕਚਰ ਵਿੱਚ ਸੁਧਾਰ ਕਰਨ ਲਈ ਵਚਨਬੱਧ ਹਾਂ ਤੇ ਬਿਹਤਰ ਢੰਗ ਨਾਲ ਵਸਤਾਂ ਤੇ ਪੈਸੈਂਜਰਜ਼ ਨੂੰ ਦੇਸ਼ ਭਰ ਵਿੱਚ ਲਿਆਉਣਾ ਲਿਜਾਣਾ ਯਕੀਨੀ ਬਣਾਉਣਾ ਚਾਹੁੰਦੇ ਹਾਂ। ਕੈਟੇਗਰੀ ਦੇ ਅਧਾਰ ਉੱਤੇ ਚੋਣ ਨਾਲ ਸਾਨੂੰ ਟਰਾਂਸਪੋਰਟ ਕਿੱਤਿਆਂ ਵਾਲੇ ਤਜਰਬੇਕਾਰ ਨਿਊਕਮਰਜ਼ ਨੂੰ ਸੱਦਾ ਦੇਣ ਦਾ ਮੌਕਾ
ਮਿਲੇਗਾ ਤੇ ਇਸ ਨਾਲ ਅਸੀਂ ਲੇਬਰ ਸਬੰਧੀ ਪਾੜੇ ਨੂੰ ਖ਼ਤਮ ਕਰਨ ਤੇ ਕੈਨੇਡੀਅਨ ਟਰਾਂਸਪੋਰਟ ਸੈਕਟਰ ਦੀ ਭਵਿੱਖ ਦੀ ਸਫਲਤਾ ਨੂੰ ਯਕੀਨੀ ਬਣਾ ਸਕਾਂਗੇ। ਉਨ੍ਹਾਂ ਆਖਿਆ ਕਿ ਉਹ ਵਧੇਰੇ ਤਜਰਬੇਕਾਰ ਵਰਕਰਜ਼ ਨੂੰ ਦੇਸ਼ ਵਿੱਚ ਸੱਦਣ ਲਈ ਕਾਹਲੇ ਹਨ ਕਿਉਂਕਿ ਉਨ੍ਹਾਂ ਦਾ ਗਿਆਨ ਤੇ ਮੁਹਾਰਤ ਦਾ ਕੋਈ ਦੇਣ ਨਹੀਂ ਦਿੱਤਾ ਜਾ ਸਕਦਾ। ਇਸ ਨਾਲ ਉਹ ਸਾਡੀਆਂ ਲੇਬਰ ਮਾਰਕਿਟ ਦੀਆਂ ਲੋੜਾਂ ਵੀ ਪੂਰੀਆਂ ਕਰ ਸਕਣਗੇ।

ਕੈਟੇਗਰੀ ਦੇ ਅਧਾਰ ਉੱਤੇ ਚੋਣ ਸਬੰਧੀ ਇਹ ਗੇੜ ਸਾਰਾ ਸਾਲ ਚੱਲਦੇ ਰਹਿਣਗੇ ਤੇ ਇਸ ਦੇ ਨਾਲ ਹੀ ਜਨਰਲ ਤੇ ਪ੍ਰੋਗਰਾਮ ਅਧਾਰਤ ਸੱਦਿਆਂ ਦੇ ਗੇੜ ਵੀ ਚੱਲਣਗੇ। ਪਿਛਲੇ ਸਾਲ ਦੇ ਅਖੀਰ ਵਿੱਚ ਸੀਟੀਏ ਨੇ ਰਸਮੀ ਤੌਰ ਉੱਤੇ ਇਹ ਬੇਨਤੀ ਕੀਤੀ ਸੀ ਕਿ ਕਮਰਸ਼ੀਅਲ  ਗੱਡੀਆਂ ਦੇ ਡਰਾਈਵਰਾਂ ਨੂੰ ਵੀ ਕੈਟੇਗਰੀ ਅਧਾਰਤ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇ।

ਸੀਟੀਏ ਦੇ ਡਾਇਰੈਕਟਰ ਆਫ ਪਾਲਿਸੀ ਐਂਡ ਪਬਲਿਕ ਅਫੇਅਰਜ਼ ਜੌਨਾਥਨ ਬਲੈਖ਼ਮ ਨੇ ਆਖਿਆ ਕਿ ਆਈਆਰਸੀਸੀ ਹੋਣ ਨਾਤੇ ਕੈਨੇਡਾ ਸਰਕਾਰ ਜਾਣਦੀ ਹੈ ਕਿ ਅਰਥਚਾਰੇ ਨੂੰ ਬਚਾਅ ਕੇ ਰੱਖਣ ਲਈ ਲੋੜੀਂਦੇ ਤਜਰਬੇ ਬਦਲ ਰਹੇ ਹਨ। ਉਨ੍ਹਾਂ ਆਖਿਆ ਕਿ ਸਪਲਾਈ ਚੇਨ ਤੇ ਵੱਡੇ ਅਰਥਚਾਰੇ ਵਿੱਚ ਟਰੱਕਿੰਗ ਇੰਡਸਟਰੀ ਕਿਹੋ ਜਿਹੀ ਭੂਮਿਕਾ ਨਿਭਾਉਂਦੀ ਹੈ ਇਸ ਦੀ ਪਛਾਣ ਕਰਨ ਲਈ ਅਸੀਂ ਮੰਤਰੀ ਮਿਲਰ ਤੇ ਆਈਆਰਸੀਸੀ ਦੇ ਸ਼ੁਕਰਗੁਜ਼ਾਰ ਹਾਂ। ਇਸ ਨਾਲ ਸਾਰੀਆਂ ਇੰਡਸਟਰੀਜ਼, ਸੈਕਟਰਜ਼ ਤੇ ਕੰਜਿ਼ਊਮਰਜ਼, ਜਿਹੜੇ ਟਰੱਕਿੰਗ ਇੰਡਸਟਰੀ ਉੱਤੇ ਨਿਰਭਰ ਕਰਦੇ ਹਨ, ਨੂੰ ਵੀ ਫਾਇਦਾ ਹੋਵੇਗਾ।

ਰੈਕੋਗਨਾਈਜ਼ਡ ਇੰਪਲੌਇਰ ਪਾਇਲਟ ਨਾਲ ਸਬੰਧਤ ਤਾਜ਼ਾ ਐਲਾਨ ਉੱਤੇ ਆਈਆਰਸੀਸੀ ਤੇ ਈਐਸਡੀਸੀ ਨਾਲ ਸੀਟੀਏ ਵੀ ਰਲ ਕੇ ਕੰਮ ਕਰ ਰਹੀ ਹੈ। ਸੀਟੀਏ ਚਾਹੁੰਦੀ ਹੈ ਕਿ ਇਸ ਲਈ ਸਖ਼ਤ ਸਕਰੀਨਿੰਗ ਪ੍ਰੋਸੈੱਸ ਅਪਣਾਈ ਜਾਣੀ ਚਾਹੀਦੀ ਹੈ ਤਾਂ ਕਿ ਸਿਰਫ ਕਾਨੂੰਨ ਦੀ ਪਾਲਣਾ ਕਰਨ ਵਾਲੀਆ ਕੰਪਨੀਆਂ ਹੀ ਇਸ ਵਿੱਚ ਹਿੱਸਾ ਲੈ ਸਕਣ।