ਸੀਟੀਏ ਤੇ ਏਟੀਏ ਵੱਲੋਂ ਐਮਰਜੰਸੀ ਹਾਲਾਤ ਵਿੱਚ ਲਾਇਸੰਸ ਤੇ ਪਰਮਿਟ ਜਾਰੀ ਰੱਖਣ ਦੀ ਕੀਤੀ ਅਪੀਲ

ਨੌਰਥ ਅਮਰੀਕਾ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜਿਸ ਤਰ੍ਹਾਂ ਨੀਤੀ ਘਾੜੇ ਤੇ ਇੰਡਸਟਰੀ ਦੇ
ਸਟੇਕਹੋਲਡਰਜ਼ ਰਲ ਕੇ ਕੰਮ ਕਰ ਰਹੇ ਹਨ ਉਸੇ ਤਰ੍ਹਾਂ ਹੀ ਦ ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਦ
ਅਮੈਰੀਕਨ ਟਰੱਕਿੰਗ ਐਸੋਸਿਏਸ਼ਨਜ਼ ਵੱਲੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ
ਜੇ ਸਰਹੱਦੋਂ ਪਾਰਲੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰੀ ਆਫਿਸ ਬੰਦ ਕਰਨ ਦੀ
ਨੌਬਤ ਆਉਂਦੀ ਹੈ ਤਾਂ ਉਹ ਅਚਾਨਕ ਪੈਦਾ ਹੋਣ ਵਾਲੇ ਹਾਲਾਤ ਦਾ ਵੀ ਧਿਆਨ ਰੱਖਣ।
ਇਸ ਗਰੁੱਪ ਨੇ ਕੈਨੇਡੀਅਨ ਤੇ ਅਮਰੀਕੀ ਅਧਿਕਾਰੀਆਂ ਨੂੰ ਇੱਕ ਸਾਂਝੇ ਬਿਆਨ ਵਿੱਚ ਲਿਖਿਆ ਕਿ
ਕੋਵਿਡ-19 ਆਊਟਬ੍ਰੇਕ ਕਾਰਨ ਲਗਾਤਾਰ ਹੋ ਰਹੀਆਂ ਤਬਦੀਲੀਆਂ ਦੇ ਚੱਲਦਿਆਂ ਹਰ ਪਲ ਸਰਕਾਰਾਂ
ਨੂੰ ਵੀ ਮੌਕੇ ਦੇ ਹਿਸਾਬ ਨਾਲ ਫੈਸਲੇ ਲੈਣੇ ਪੈ ਰਹੇ ਹਨ ਤੇ ਇਸ ਨਾਲ ਬਿਜ਼ਨਸ ਕਮਿਊਨਿਟੀ ਤੇ
ਸਰਕਾਰਾਂ ਨੂੰ ਵੀ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਲਿਖਿਆ ਗਿਆ
ਕਿ ਕੈਨੇਡੀਅਨਜ਼ ਤੇ ਅਮਰੀਕੀ ਨਾਗਰਿਕ ਜਿਨ੍ਹਾਂ ਲੋੜੀਂਦੀਆਂ ਚੀਜ਼ਾਂ ਉੱਤੇ ਨਿਰਭਰ ਕਰਦੇ ਹਨ ਉਨ੍ਹਾਂ ਦੀ
ਢੋਆ ਢੁਆਈ ਦਾ ਕੰਮ ਟਰੱਕ ਕਰਦੇ ਹਨ। ਇਨ੍ਹਾਂ ਵਿੱਚ ਵਾਇਰਸ ਨੂੰ ਰੋਕਣ ਲਈ ਦਵਾਈਆਂ ਤੇ
ਸੈਨੀਟੇਸ਼ਨ ਸਪਲਾਈਜ਼ ਦੇ ਨਾਲ ਨਾਲ ਐਮਰਜੰਸੀ ਰਾਹਤ ਤੇ ਫੂਡ ਪ੍ਰੋਡਕਟਸ ਤੋਂ ਇਲਾਵਾ ਆਪਰੇਟਿੰਗ
ਹਿੱਸਿਆਂ ਤੇ ਇਨ੍ਹਾਂ ਉਤਪਾਦਾਂ ਨੂੰ ਤਿਆਰ ਕਰਨ ਲਈ ਕੱਚੇ ਮਾਲ, ਹੋਰ ਲੋੜੀਂਦੀਆਂ ਵਸਤਾਂ ਤੇ ਫਿਊਲ ਦੀ

ਢੋਆ ਢੁਆਈ ਦਾ ਕੰਮ ਵੀ ਟਰੱਕਾਂ ਵੱਲੋਂ ਹੀ ਕੀਤਾ ਜਾਂਦਾ ਹੈ। ਇਨ੍ਹਾਂ ਦੀ ਬਦੌਲਤ ਹੀ ਸਪਲਾਈ ਚੇਨ ਵੀ
ਜਿ਼ੰਦਾ ਹੈ।
ਜਿਹੋ ਜਿਹੇ ਹਾਲਾਤ ਬਣ ਰਹੇ ਹਨ ਉਨ੍ਹਾਂ ਤੋਂ ਇਹੋ ਲੱਗਦਾ ਹੈ ਕਿ ਨੇੜ ਭਵਿੱਖ ਵਿੱਚ ਵਾਇਰਸ ਕਾਰਨ
ਸਰਕਾਰੀ ਆਫਿਸ ਬੰਦ ਹੋ ਜਾਣਗੇ ਤੇ ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਉੱਤਰੀ ਬਾਰਡਰ
ਵੱਖ ਵੱਖ ਆਪਰੇਟਿੰਗ ਮਾਪਦੰਡਾਂ ਦੇ ਹਿਸਾਬ ਨਾਲ ਕੰਮ ਕਰੇਗਾ। ਸੀਟੀਏ ਤੇ ਏਟੀਏ ਵੱਲੋਂ ਦੋਵਾਂ ਦੇਸ਼ਾਂ
ਦੀਆਂ ਸਰਕਾਰਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਐਮਰਜੰਸੀ ਵਾਲੇ ਹਾਲਾਤ ਵਿੱਚ
ਐਕਸਪਾਇਰ ਹੋਣ ਜਾ ਰਹੇ ਲਾਇਸੰਸਾਂ ਜਾਂ ਦਸਤਾਵੇਜ਼ਾਂ ਦੇ ਮੱਦੇਨਜ਼ਰ ਟਰੱਕਿੰਗ ਇੰਡਸਟਰੀ ਨਾਲ ਰਲ
ਕੇ ਕੰਮ ਕਰੇ ਤਾਂ ਕਿ ਕਿਸੇ ਕਿਸਮ ਦੀ ਅਸਹੂਲਤ ਨਾ ਹੋਵੇ।
ਇਨ੍ਹਾਂ ਦਸਤਾਵੇਜ਼ਾਂ ਵਿੱਚ ਟਰੱਕ ਡਰਾਈਵਰਾਂ ਦੇ ਲਾਇਸੰਸ, ਕਮਰਸ਼ੀਅਲ ਵ੍ਹੀਕਲ ਪਲੇਟਜ਼,
ਓਵਰਸਾਈਜ਼ ਪਰਮਿਟ, ਹਜ਼ਮਤ ਜਾਂ ਖਤਰਨਾਕ ਵਸਤਾਂ ਸਬੰਧੀ ਸਰਟੀਫਿਕੇਟ, ਸਰਹੱਦੋਂ ਪਾਰ ਟਰੈਵਲ
ਲਈ ਫਰੀ ਐਂਡ ਸਕਿਊਰ ਟਰੇਡ (ਫਾਸਟ) ਕਾਰਡਜ਼, ਪ੍ਰੋਵਿੰਸ਼ੀਅਲ ਡਰਾਈਵਰ ਐਬਸਟ੍ਰੈਕਟਸ ਤੇ
ਕੌਮਾਂਤਰੀ ਤੇ ਘਰੇਲੂ ਪੱਧਰ ਉੱਤੇ ਵਸਤਾਂ ਨੂੰ ਟਰੱਕਾਂ ਰਾਹੀਂ ਲਿਆਉਣ ਲੈਜਾਣ ਲਈ ਹੋਰ ਲੋੜੀਂਦੇ
ਦਸਤਾਵੇਜ਼ ਸ਼ਾਮਲ ਹਨ। ਸੀਟੀਏ ਤੇ ਏਟੀਏ ਨੇ ਸੀਬੀਪੀ ਤੇ ਸੀਬੀਐਸਏ ਦੋਵਾਂ ਨੂੰ ਅਪੀਲ ਕੀਤੀ ਕਿ ਉਹ
ਟਰੱਕਿੰਗ ਇੰਡਸਟਰੀ ਨਾਲ ਰਲ ਕੇ ਕੰਮ ਕਰਨ ਤਾਂ ਕਿ ਇਸ ਸੰਕਟ ਦੀ ਘੜੀ ਵਿੱਚ ਉੱਤਰੀ ਬਾਰਡਰ
ਲਈ ਯੋਗ ਐਮਰਜੰਸੀ ਆਪਰੇਟਿੰਗ ਮਾਪਦੰਡ ਤਿਆਰ ਕੀਤੇ ਜਾ ਸਕਣ।
ਇਹ ਵੀ ਆਖਿਆ ਗਿਆ ਕਿ ਜੇ ਇਸ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹੋਰ ਸਖ਼ਤ ਮਾਪਦੰਡ
ਅਪਣਾਏ ਜਾਂਦੇ ਹਨ ਤਾਂ ਜੇ ਅਸੰਭਵ ਨਹੀਂ ਤਾਂ ਸਰਕਾਰ ਵੱਲੋਂ ਜਾਰੀ ਇਨ੍ਹਾਂ ਦਸਤਾਵੇਜ਼ਾਂ ਨੂੰ ਮੁੜ
ਨੰਵਿਆਉਣਾ ਕਾਫੀ ਮੁਸ਼ਕਲ ਹੋ ਜਾਵੇਗਾ। ਦ ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਦ ਅਮੈਰੀਕਨ
ਟਰੱਕਿੰਗ ਐਸੋਸਿਏਸ਼ਨਜ਼ ਨੇ ਲਿਖਿਆ ਕਿ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਸ਼ੱਟਡਾਊਨ
ਕਾਰਨ ਅਜਿਹੇ ਐਕਸਪਾਇਰ ਹੋ ਚੁੱਕੇ ਦਸਤਾਵੇਜ਼ਾਂ ਕਰਕੇ ਉਨ੍ਹਾਂ ਦੇ ਕੰਮਕਾਜ ਉੱਤੇ ਕੋਈ ਅਸਰ ਨਹੀਂ
ਹੋਵੇਗਾ ਇਸ ਲਈ ਟਰੱਕਿੰਗ ਆਪਰੇਸ਼ਨਜ਼ ਨੂੰ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਦੀ ਸਪਸ਼ਟ ਗਾਈਡੈਂਸ
ਦੀ ਤੇ ਸਹਿਯੋਗ ਦੀ ਲੋੜ ਹੈ। ਇਸ ਲਈ ਇੱਕ ਅਜਿਹੇ ਨਾਜ਼ੁਕ ਹਾਲਾਤ ਵਿੱਚ ਠੋਸ ਯੋਜਨਾ ਲਿਆਉਣਾ
ਜਿਵੇਂ ਕਿ ਆਰਜ਼ੀ ਤੌਰ ੳੁੱਤੇ ਵਾਧਾ ਦਿੱਤਾ ਜਾਣਾ, ਕਾਫੀ ਕਾਰਗਰ ਹੋ ਸਕਦਾ ਹੈ। ਇਸ ਨਾਲ ਇਹ
ਯਕੀਨੀ ਬਣਾਇਆ ਜਾ ਸਕੇਗਾ ਕਿ ਟਰੱਕ ਡਰਾਈਵਰਜ਼ ਤੇ ਉਨ੍ਹਾਂ ਦੀਆਂ ਕੰਪਨੀਆਂ ਮਾਰਕਿਟ ਵਿੱਚ

ਲੋੜੀਂਦੇ ਸਮਾਨ ਦੀ ਸਪਲਾਈ ਨੂੰ ਬਾਦਸਤੂਰ ਜਾਰੀ ਰੱਖਣਗੀਆਂ ਤੇ ਸਾਡਾ ਅਰਥਚਾਰਾ ਵੀ ਬਿਨਾਂ
ਡਗਮਗਾਏ ਚੱਲਦਾ ਰਹੇਗਾ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਟਰੱਕਾਂ ਰਾਹੀਂ ਢੋਆ ਢੁਆਈ ਜਾਰੀ ਰੱਖਣ
ਨਾਲ ਇਸ ਤਰ੍ਹਾਂ ਦੇ ਹਾਲਾਤ ਵਿੱਚ ਜਨਤਾ ਨੂੰ ਵੀ ਲੋੜੀਂਦੀਆਂ ਵਸਤਾਂ ਦੀ ਕਿੱਲਤ ਨਹੀਂ ਹੋਵੇਗੀ।