ਅਜੇ ਵੀ ਪੁਰ ਨਹੀਂ ਹੋਈਆਂ ਟਰੱਕ ਡਰਾਈਵਰਾਂ ਦੀਆਂ ਹਜ਼ਾਰਾਂ ਅਸਾਮੀਆਂ : ਟੀਐਚਆਰਸੀ

ਟਰੱਕਿੰਗ ਐਚਆਰ ਕੈਨੇਡਾ ਵੱਲੋਂ ਲੇਬਰ ਮਾਰਕਿਟ ਸਬੰਧੀ ਆਪਣੀ ਕੁਆਰਟਰਲੀ ਜਾਣਕਾਰੀ ਦੀ ਤਸਵੀਰ ਜਾਰੀ ਕੀਤੀ ਗਈ ਹੈ। ਇਸ ਤੋਂ ਸਾਹਮਣੇ ਆਇਆ ਹੈ ਕਿ ਟਰੱਕਿੰਗ ਤੇ ਲਾਜਿਸਟਿਕਸ ਸੈਕਟਰ ਵਿੱਚ ਲੇਬਰ ਸੰਕਟ ਕੈਨੇਡੀਅਨ ਸਪਲਾਈ ਚੇਨ ਵਿੱਚ ਸਥਿਰਤਾ ਤੇ ਮੁਕਾਬਲੇਬਾਜ਼ੀ ਲਈ ਖਤਰਾ ਬਣਿਆ ਰਹੇਗਾ। 

2022 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਤੋਂ ਹਾਸਲ ਹੋਣ ਵਾਲੇ ਡਾਟਾ ਤੋਂ ਇਹੋ ਸੰਕੇਤ ਮਿਲਦਾ ਹੈ ਕਿ ਟਰੱਕਿੰਗ ਤੇ ਲਾਜਿਸਟਿਕਸ ਸੈਕਟਰ ਵਿੱਚ ਸੱਭ ਤੋਂ ਅਹਿਮ ਕਿੱਤਿਆਂ ਵਿੱਚ ਮੰਗ ਲਗਾਤਾਰ ਵੱਧ ਰਹੀ ਹੈ

  • 2022 ਦੀ ਦੂਜੀ ਤੇ ਤੀਜੀ ਤਿਮਾਹੀ ਵਿੱਚ ਸਿ਼ੱਪਰਜ਼ ਤੇ ਰਸੀਵਰਜ਼ ਲਈ ਖਾਲੀ ਅਸਾਮੀਆਂ ਦੀ ਗਿਣਤੀ 660 ਤੱਕ ਪਹੁੰਚ ਗਈ।
  • 2022 ਦੀ ਦੂਜੀ ਤੇ ਤੀਜੀ ਤਿਮਾਹੀ ਵਿੱਚ ਡਲਿਵਰੀ ਤੇ ਕੁਰੀਅਰ ਸਰਵਿਸ ਡਰਾਈਵਰਾਂ ਲਈ ਖਾਲੀ ਅਸਾਮੀਆਂ ਦੀ ਗਿਣਤੀ 1,110 ਤੱਕ ਅੱਪੜ ਗਈ।
  • 2022 ਦੀ ਦੂਜੀ ਤਿਮਾਹੀ ਵਿੱਚ ਟਰੱਕ ਟਰਾਂਸਪੋਰਟ ਟਰੱਕ ਡਰਾਈਵਰਾਂ ਲਈ ਖਾਲੀ ਅਸਾਮੀਆਂ 28,210 ਤੱਕ ਦਰਜ ਕੀਤੀਆਂ ਗਈਆਂ ਜਦਕਿ ਜੁਲਾਈ ਤੇ ਸਤੰਬਰ 2022 ਦਰਮਿਆਨ ਡਰਾਈਵਰਾਂ ਦੀਆਂ ਖਾਲੀ ਅਸਾਮੀਆਂ ਦੀ ਗਿਣਤੀ 26,900 ਤੱਕ ਪਹੁੰਚ ਗਈ।

ਟਰੱਕਿੰਗ ਐਚਆਰ ਕੈਨੇਡਾ ਦੇ ਚੀਫ ਪ੍ਰੋਗਰਾਮ ਆਫੀਸਰ ਕ੍ਰੇਗ ਫੌਸੈਟ ਨੇ ਆਖਿਆ ਕਿ ਬੜੀ ਮੰਦਭਾਗੀ ਗੱਲ ਹੈ ਕਿ ਸਿਰਫ ਟਰਾਂਸਪੋਰਟ ਟਰੱਕ ਡਰਾਈਵਰ ਹੀ ਅਜਿਹਾ ਮੁੱਖ ਕਿੱਤਾ ਨਹੀਂ ਹੈ ਜਿੱਥੇ ਲੇਬਰ ਦੀ ਕਮੀ ਪਾਈ ਜਾ ਰਹੀ ਹੈ। ਲੇਬਰ ਦੀ ਘਾਟ ਸਾਡੇ ਕਈ ਅਹਿਮ ਕਿੱਤਿਆਂ ਵਿੱਚ ਪਾਈ ਜਾ ਰਹੀ ਹੈ ਜਿਸ ਨਾਲ ਅਰਥਚਾਰੇ ਨੂੰ ਲੀਹ ਉੱਤੇ ਲਿਆਉਣ ਵਿੱਚ ਮੁਸ਼ਕਲ ਰਹੀ ਹੈ। ਉਨ੍ਹਾਂ ਅੱਗੇ ਆਖਿਆ ਕਿ ਟਰੱਕਿੰਗ ਐਚਆਰ ਕੈਨੇਡਾ ਆਪਣੇ ਕਰੀਅਰ ਐਕਸਪ੍ਰੈੱਸਵੇਅ ਰਾਹੀਂ ਲੇਬਰ ਦੀ ਮੌਜੂਦਾ ਘਾਟ ਨੂੰ ਖ਼ਤਮ ਕਰਨ ਲਈ ਇੰਪਲੌਇਰਜ਼ ਦੀ ਮਦਦ ਕਰਨ ਵਾਸਤੇ ਤਿਆਰ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਰਕਰੂਟਮੈਂਟ ਸਬੰਧੀ ਚੁਣੌਤੀਆਂ ਦੇ ਕਈ ਵਿਲੱਖਣ ਹੱਲ ਮੁਹੱਈਆ ਕਰਵਾਉਂਦੇ ਹਾਂ।