ਨਸ਼ਾ ਕਰਕੇ ਗੱਡੀ ਚਲਾਉਣ ਤੋਂ ਲੋਕਾਂ ਨੂੰ ਰੋਕਣ ਵਿੱਚਰਾਈਡ ਪ੍ਰੋਗਰਾਮ ਕਰੇਗਾ ਪੁਲਿਸ ਦੀ ਮਦਦ

ਨਸ਼ਾ ਕਰਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਨੂੰ ਸੜਕਾਂ ਤੋਂ ਦੂਰ ਰੱਖਣ ਲਈ ਪੁਲਿਸ ਦੀ ਮਦਦ ਵਾਸਤੇ ਓਨਟਾਰੀਓ ਵੱਲੋਂ ਰਡਿਊਸ ਇੰਪੇਅਰਡ ਡਰਾਈਵਿੰਗ ਐਵਰੀਵੇਅਰ (ਰਾਈਡ) ਗ੍ਰਾਂਟ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। 

4·8 ਮਿਲੀਅਨ ਡਾਲਰ ਦੇ ਇਸ ਪ੍ਰੋਗਰਾਮ ਨਾਲ 171 ਪੁਲਿਸ ਸਰਵਿਸਿਜ਼ ਨੂੰ ਫੰਡ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਸਾਲ ਭਰ ਰੋਡ ਸੇਫਟੀ ਲਈ ਪਹਿਲਕਦਮੀਆਂ ਕੀਤੀਆਂ ਜਾ ਸਕਣ। ਇਨ੍ਹਾਂ ਪਹਿਲਕਦਮੀਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਕੈਂਪੇਨ ਚਲਾਇਆ ਜਾਣਾ ਤੇ ਰੋਡਜ਼ ਦੇ ਕਿਨਾਰੇ ਸਪੌਟ ਚੈੱਕਸ ਕਾਇਮ ਕਰਨਾ ਸ਼ਾਮਲ ਹੋਵੇਗਾ। ਸਰਕਾਰੀ ਡਾਟਾ ਅਨੁਸਾਰ ਪਿਛਲੇ ਦਹਾਕੇ ਵਿੱਚ ਓਨਟਾਰੀਓ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਕਾਰਨ ਹੋਏ ਹਾਦਸਿਆਂ ਕਾਰਨ 1700 ਤੋਂ ਵੱਧ ਲੋਕ ਮਾਰੇ ਗਏ ਤੇ 25000 ਤੋਂ ਜਿ਼ਆਦਾ ਜ਼ਖ਼ਮੀ ਹੋ ਗਏ।

ਓਨਟਾਰੀਓ ਰੋਡ ਸੇਫਟੀ ਐਨੂਅਲ ਰਿਪੋਰਟ (ਓਆਰਐਸਏਆਰ) ਅਨੁਸਾਰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਕਾਰਨ 2016 ਵਿੱਚ 125 ਤੋਂ 2017 ਵਿੱਚ ਮੌਤਾਂ ਦੀ ਗਿਣਤੀ 133 ਤੱਕ, 6 ਫੀ ਸਦੀ ਵੱਧ, ਜਾ ਪਹੁੰਚੀ। ਇਸ ਰਿਪੋਰਟ ਵਿੱਚ ਆਖਿਆ ਗਿਆ ਕਿ ਨਸਿ਼ਆਂ ਕਾਰਨ ਗੱਡੀ ਚਲਾਉਂਦੇ ਹੋਏ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2016 ਵਿੱਚ 74 ਸੀ ਤੇ 2017 ਵਿੱਚ ਇਹ ਗਿਣਤੀ 75 ਤੱਕ ਜਾ ਪਹੁੰਚੀ, ਇਸ ਵਿੱਚ ਇੱਕ ਫੀ ਸਦੀ ਵਾਧਾ ਦਰਜ ਕੀਤਾ ਗਿਆ।

ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਨਸ਼ੇ ਕਰਕੇ ਜਾਂ ਸ਼ਰਾਬ ਪੀ ਕੇ ਗੱਡੀ ਚਲਾਉਣਾ ਨਾ ਸਿਰਫ ਗੈਰਕਾਨੂੰਨੀ ਹੈ ਸਗੋਂ ਇਹ ਘਾਤਕ ਵੀ ਹੈ। ਘਰ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਣ ਦੀ ਯੋਜਨਾ ਬਨਾਉਣ ਵਿੱਚ ਕੁੱਝ ਪਲ ਦਾ ਸਮਾਂ ਲੱਗਦਾ ਹੈ ਤੇ ਇਸ ਨਾਲ ਤੁਹਾਡੀ ਆਪਣੀ ਤੇ ਹੋਰਨਾਂ ਦੀ ਜਾਨ ਵੀ ਬਚ ਸਕਦੀ ਹੈ।

ਪ੍ਰੋਵਿੰਸ ਦਾ ਕਹਿਣਾ ਹੈ ਕਿ ਰਾਈਡ ਗ੍ਰਾਂਟ ਫੰਡਿੰਗ ਨਾਲ ਆਫੀਸਰਜ਼ ਦੇ ਓਵਰਟਾਈਮ ਨੂੰ ਕਵਰ ਕਰਨ ਲਈ ਤੇ 2020-22 ਦਰਮਿਆਨ ਪੇਡ ਡਿਊਟੀ ਰਾਈਡ ਗਤੀਵਿਧੀਆਂ ਲਈ ਵਰਤਿਆ ਜਾਵੇਗਾ। ਸਾਰੀਆਂ ਮਿਊਂਸੀਪਲ ਤੇ ਫਰਸਟ ਨੇਸ਼ਨਜ਼ ਪੁਲਿਸ ਸਰਵਿਸਿਜ਼ ਤੇ ਓਪੀਪੀ ਮਿਊਂਸੀਪਲ ਕਾਂਟਰੈਕਟ ਲੋਕੇਸ਼ਨਜ਼ ਇਸ ਰਾਈਡ ਗ੍ਰਾਂਟ ਪ੍ਰੋਗਰਾਮ ਤਹਿਤ ਫੰਡਿੰਗ ਲਈ ਯੋਗ ਹਨ।

ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਆਖਿਆ ਕਿ ਨੌਰਥ ਅਮੈਰਿਕਾ ਵਿੱਚ ਸੱਭ ਤੋਂ ਸੁਰੱਖਿਅਤ ਰੋਡਜ਼ ਵਿੱਚ ਓਨਟਾਰੀਓ ਦੀਆਂ ਰੋਡਜ਼ ਵੀ ਸ਼ਾਮਲ ਹਨ ਤੇ ਅਸੀਂ ਇਨ੍ਹਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਵਚਨਬੱਧ ਹਾਂ। ਉਨ੍ਹਾਂ ਆਖਿਆ ਕਿ ਇਸ ਦਾ ਕੋਈ ਕਾਰਨ ਨਹੀਂ ਬਣਦਾ ਕਿ ਸ਼ਰਾਬ ਪੀਣ ਤੋਂ ਬਾਅਦ ਕੋਈ ਗੱਡੀ ਚਲਾਵੇ। ਲੋਕਾਂ ਕੋਲ ਸ਼ਰਾਬ ਪੀ ਕੇ ਡਰਾਈਵ ਕਰਨ ਤੋਂ ਬਚਣ ਦੇ ਕਈ ਹੋਰ ਰਾਹ ਹਨ, ਤੁਸੀਂ ਆਪਣੇ ਕਮਾਲ ਦੇ ਪਬਲਿਕ ਟਰਾਂਜਿ਼ਟ ਸਿਸਟਮਜ਼ ਦੀ ਵਰਤੋਂ ਵੀ ਕਰ ਸਕਦੇ ਹੋਂ।