ਡਿਟੈਨਸ਼ਨ ਸਮੇਂ ਦਾ ਟਰੱਕ ਡਰਾਈਵਰਾਂ ਉੱਤੇ ਕਿਹੋ ਜਿਹਾ

ਡਿਟੈਨਸ਼ਨ ਸਮੇਂ ਦਾ ਟਰੱਕ ਡਰਾਈਵਰਾਂ ਉੱਤੇ ਕਿਹੋ ਜਿਹਾ ਅਸਰ ਹੁੰਦਾ ਹੈ ਇਸ ਦਾ ਨਵੇਂ ਸਿਰੇ ਤੋਂ ਪਤਾ ਲਾਵੇਗੀ ਐਫਐਮਸੀਐਸਏ

ਲੋਡਿੰਗ ਤੇ ਅਨਲੋਡਿੰਗ ਕਰਵਾ ਰਹੇ ਟਰੱਕ ਡਰਾਈਵਰਜ਼ ਵੱਲੋਂ ਹੰਢਾਈ ਜਾਣ ਵਾਲੀ ਦੇਰ, ਉਨ੍ਹਾਂ ਦੀ ਸੇਫਟੀ ਤੇ ਭੱਤਿਆਂ ਦੇ ਖੁੱਸਣ ਦਾ ਉਨ੍ਹਾਂ ਉੱਤੇ ਕਿਹੋ ਜਿਹਾ ਅਸਰ ਹੁੰਦਾ ਹੈ, ਇਸ ਬਾਰੇ ਚਿਰਾਂ ਤੋਂ ਚੱਲੀ ਰਹੀ ਖੋਜ ਨੂੰ ਹੁਣ ਨਵਾਂ ਰਾਹ ਮਿਲਣ ਜਾ ਰਿਹਾ ਹੈ ਕਿਉਂਕਿ ਫੈਡਰਲ ਰੈਗੂਲੇਟਰਜ਼ ਇਸ ਨੂੰ ਨਵੇਂ ਸਿਰੇ ਤੋਂ ਸੁ਼ਰੂ ਕਰਨ ਜਾ ਰਹੇ ਹਨ। 

 ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇ਼ਸਨ ਵੱਲੋਂ  ਪਿੱਛੇ ਜਿਹੇ ਜਾਰੀ ਕੀਤੇ ਗਏ ਨਵੇਂ ਡਾਟਾ ਕੁਲੈਕਸ਼ਨ ਦੇ ਪੈਰਾਮੀਟਰਜ਼ ਤੋਂ ਰੈਗੂਲੇਟਰਜ਼ ਨੂੰ ਆਸ ਹੈ ਕਿ ਇਸ ਨਾਲ ਟਰੱਕ ਡਰਾਈਵਰਾਂ ਦੇ ਡਿਟੈਨਸ਼ਨ ਸਮੇਂ ਦੇ ਪੈਣ ਵਾਲੇ ਪ੍ਰਭਾਵ ਬਾਰੇ ਜਿਹੜੀ ਉਨ੍ਹਾਂ ਨੂੰ ਪੂਰੀ ਸਮਝ ਨਹੀਂ ਸੀ ਬਣ ਰਹੀ ਉਹ ਪੁਰੀ ਜਾਣਕਾਰੀ ਉਨ੍ਹਾਂ ਨੂੰ ਮਿਲ ਸਕੇਗੀ।

ਇਨਫਰਮੇਸ਼ਨ ਕੁਲੈਕਸ਼ਨ ਰਿਕਿਊਐਸਟ (ਆਈਸੀਆਰ) ਅਨੁਸਾਰ ਇਹ ਰਿਸਰਚ ਅਧਿਐਨ ਉਨ੍ਹਾਂ ਕਮਰਸ਼ੀਅਲ ਮੋਟਰ ਵ੍ਹੀਕਲ ਡਰਾਈਵਰਾਂ ਦੇ ਡਿਟੈਨਸ਼ਨ ਟਾਈਮ ਤੋਂ ਡਾਟਾ ਕੁਲੈਕਟ ਕਰੇਗਾ ਜਿਹੜੇ ਮੋਟਰ ਕੈਰੀਅਰ ਇੰਡਸਟਰੀ ਦੇ ਵੱਡੇ ਹਿੱਸੇ ਦੇ ਨੁਮਾਇੰਦੇ ਹਨ, ਫਿਰ ਉਸ ਡਾਟਾ ਦਾ ਵਿਸ਼ਲੇਸ਼ਣ ਕਰਕੇ ਡਿਟੈਨਸ਼ਨ ਟਾਈਮ ਦੀ ਫਰੀਕੁਐਂਸੀ ਤੇ ਗੰਭੀਰਤਾ ਤੈਅ ਕਰੇਗਾ। ਇਸ ਦੇ ਨਾਲ ਹੀ ਡਿਟੈਨਸ਼ਨ ਟਾਈਮ ਸਬੰਧੀ ਮਾਪਦੰਡਾਂ ਦੇ ਹੱਲ ਲਈ ਮੌਜੂਦਾ ਇੰਟੈਲੀਜੈਂਟ ਟਰਾਂਸਪੋਰਟੇਸ਼ਨ ਸਿਸਟਮਜ਼ ਦੀ ਵਰਤੋਂ ਦੀ ਜਾਂਚ ਕਰੇਗਾ। ਇਸ ਦੇ ਨਾਲ ਹੀ ਐਫਐਮਸੀਐਸਏ ਇਸ ਜਾਣਕਾਰੀ ਨੂੰ ਮਨਜ਼ੂਰੀ ਲਈ ਆਫਿਸ ਆਫ ਮੈਨੇਜਮੈਂਟ ਐਂਡ ਬਜਟ (ਓਐਮਬੀ) ਕੋਲ ਜਮ੍ਹਾਂ ਕਰਾਵੇਗਾ। 

ਆਈਸੀਆਰ ਨੇ ਇਹ ਵੀ ਆਖਿਆ ਕਿ ਭਾਵੇਂ 2014 ਦੀ ਐਫਐਮਸੀਐਸਏ ਸਟੱਡੀ ਨੇ ਕੈਰੀਅਰ ਤੇ ਡਰਾਈਵਰ ਸੇਫਟੀ ਉੱਤੇ ਡਿਟੈਨਸ਼ਨ ਟਾਈਮ ਦੇ ਪੈਣ ਵਾਲੇ ਪ੍ਰਭਾਵ ਬਾਰੇ ਬੇਸ਼ਕੀਮਤੀ ਨਜ਼ਰੀਆ ਪੇਸ਼ ਕੀਤਾ ਹੈ ਪਰ ਇਹ ਸੀਮਤ ਹੈ। ਇਸ ਦਾ ਸੈਂਪਲ ਸਾਈਜ਼ ਕਾਫੀ ਛੋਟਾ ਹੈ ਤੇ ਇਸ ਤੋਂ ਇਲਾਵਾ ਡਰਾਈਵਰਾਂ ਨੂੰ ਲੋਡਿੰਗ ਤੇ ਅਨਲੋਡਿੰਗ ਕਰਨ ਲਈ ਜਿਹੜਾ ਵਾਧੂ ਉਡੀਕ ਸਮਾਂ ਲੱਗਦਾ ਹੈ ਉਸ ਨੂੰ ਵੱਖ ਕਰਨ ਦਾ ਕੋਈ ਸਹੀ ਢੰਗ ਨਹੀਂ ਹੈ। 

ਆਈਸੀਆਰ ਨੇ ਪਾਇਆ ਕਿ ਇਸ ਲਈ ਐਫਐਮਸੀਐਸਏ ਨੂੰ ਡਿਟੈਨਸ਼ਨ ਟਾਈਮ ਦੀ ਸੇਫਟੀ ਤੇ ਆਪਰੇਸ਼ਨਲ ਅਸਰ ਨੂੰ ਸਮਝਣ, ਇਹ ਪਤਾ ਲਾਉਣ ਕਿ ਡਿਟੈਨਸ਼ਨ ਟਾਈਮ ਪੈਦਾ ਹੀ ਕਿਉਂ ਹੁੰਦਾ ਹੈ, ਤੇ ਅਜਿਹੀਆਂ ਕਿਹੜੀਆਂ ਰਣਨੀਤੀਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਇੰਡਸਟਰੀ ਡਿਟੈਨਸ਼ਨ ਟਾਈਮ ਨੂੰ ਘਟਾ ਸਕਦੀ ਹੈ ਤੇ ਇਸ ਦੇ ਨਾਲ ਹੀ ਆਪਰੇਸ਼ਨਲ ਪ੍ਰਭਾਵਸ਼ੀਲਤਾ ਤੇ ਸੇਫਟੀ ਨੂੰ ਵਧਾ ਸਕਦੀ ਹੈ, ਲਈ ਕੈਰੀਅਰਜ਼ ਦੇ ਵੱਡੀ ਮਾਤਰਾ ਵਿੱਚ ਸੈਂਪਲ ਤੋਂ ਡਾਟਾ ਇੱਕਠਾ ਕਰਨ ਦੀ ਲੋੜ ਹੈ। 

ਇਸ ਜਾਣਕਾਰੀ ਵਿਚਲੇ ਖੱਪੇ ਨੂੰ ਪੂਰਾ ਕਰਨ ਲਈ ਐਫਐਮਸੀਐਸਏ ਦੇ ਅਧਿਐਨ ਵੱਲੋਂ ਇਲੈਕਟ੍ਰੌਨਿਕ ਲੌਗਿੰਗ ਡਿਵਾਇਸਿਜ਼, ਟਰਾਂਸਪੋਰਟੇਸ਼ਨ ਮੈਨੇਜਮੈਂਟ ਸਿਸਟਮਜ਼, ਵ੍ਹੀਕਲ ਟੈਲੇਮੈਟਿਕ ਸਿਸਟਮਜ਼, ਸੇਫਟੀ ਰਿਕਾਰਡਜ਼ ਤੇ ਕੈਰੀਅਰ ਡਿਸਪੈਚਿੰਗ ਸਿਸਟਮਜ ਦੀ ਵਰ਼ਤੋਂ ਕਰਕੇ ਸਵਾਲਾਂ ਦੇ ਜਵਾਬ ਲੱਭੇ ਜਾਣਗੇ।

ਆਈਸੀਆਰ ਨੇ ਆਖਿਆ ਕਿ ਟੀਐਮਐਸ, ਈਐਲਡੀ, ਟੈਲੇਮੈਟਿਕਸ ਤੇ ਸੇਫਟੀ ਡਾਟਾ ਪਹਿਲਾਂ ਹੀ ਕੈਰੀਅਰਜ਼਼ ਵੱਲੋਂ ਕੁਲੈਕਟ ਕੀਤਾ ਜਾ ਚੁੱਕਿਆ ਹੈ। ਜਿਹੜਾ ਵਾਧੂ ਡਾਟਾ ਇੱਕਠਾ ਕੀਤਾ ਜਾਵੇਗਾ ਉਸ ਵਿੱਚ ਉਨ੍ਹਾਂ ਸਵਾਲਾਂ ਦੇ ਜਵਾਬ ਹੋਣਗੇ ਜਿਹੜੇ ਕੈਰੀਅਰਜ਼ ਦੇ ਡਿਸਪੈਚਿੰਗ ਸਿਸਟਮਜ਼ ਰਾਹੀਂ ਜਮ੍ਹਾਂ ਕਰਵਾਏ ਗਏ ਹੋਣਗੇ। ਇਹ ਜਾਣਕਾਰੀ ਐਫਐਮਸੀਐਸਏ ਨੂੰ ਡਿਟੈਨਸ਼ਨਸ ਟਾਈਮ ਦੀ ਤੀਬਰਤਾ ਤੇ ਗੰਭੀਰਤਾ ਦੀ ਪਛਾਣ ਕਰਨ, ਡਿਟੈਨਸ਼ਨ ਟਾਈਮ ਲਈ ਜਿੰ਼ਮੇਵਾਰ ਕਾਰਕਾਂ ਦਾ ਪਤਾ ਲਾਉਣ ਤੇ ਡਿਟੈਨਸ਼ਨ ਟਾਈਮ ਦੇ ਪ੍ਰਸ਼ਾਸਕੀ, ਆਪਰੇਸ਼ਨਲ ਤੇ ਸੇਫਟੀ ਸਬੰਧੀ ਨਤੀਜਿਆਂ ਦਾ ਪਤਾ ਲਾਉਣ ਵਿੱਚ ਮਦਦ ਕਰੇਗੀ। 

12 ਮਹੀਨੇ ਦੇ ਇਸ ਅਧਿਐਨ ਲਈ ਏਜੰਸੀ ਅੰਦਾਜ਼ਨ 80 ਕੈਰੀਅਰਜ਼ ਤੇ 2500 ਡਰਾਈਵਰਾਂ ਨੂੰ ਰਕਰੂਟ ਕਰਨਾ ਚਾਹੁੰਦੀ ਹੈ। ਬਹੁਤਾ ਡਾਟਾ ਸਪੀਡਗਾਜ਼ ਦੇ ਕਲਾਇੰਟਸ ਤੋਂ ਇੱਕਠਾ ਕੀਤਾ ਜਾਵੇਗਾ। ਇਹ ਸੈਨ ਫਰਾਂਸਿਸਕੋ ਸਥਿਤ ਟੈਲੀਮੈਟਿਕਸ ਕੰਪਨੀ ਹੈ ਜਿਹੜੀ ਕਮਰਸ਼ੀਅਲ ਕੈਰੀਅਰਜ਼ ਲਈ ਫੈਸਲੇ ਕਰਨ ਵਾਸਤੇ ਇੰਸ਼ੋਰੈਂਸ ਕੰਪਨੀਆਂ ਦੀ ਵਰਤੋਂ ਲਈ ਡਾਟਾ ਇੱਕਠਾ ਕਰਦੀ ਹੈ। ਐਫਐਮਸੀਐਸਏ ਦਾ ਕਹਿਣਾ ਹੈ ਕਿ ਉਹ ਇਸ ਅਧਿਐਨ ਵਿੱਚ ਹਿੱਸਾ ਲੈਣ ਦੀ ਇੱਛਾ ਰੱਖਣ ਵਾਲੇ ਇੰਡੀਵਿਜੂਅਲ ਕੈਰੀਅਰਜ਼ ਤੋਂ ਵੀ ਡਾਟਾ ਹਾਸਲ ਕਰਨ ਬਾਰੇ ਸੋਚੇਗੀ।