ਈਐਲਡੀ ਸਬੰਧੀ ਨਿਯਮ ਲਾਗੂ ਕਰਨ ਲਈ ਪੁੱਠੀ ਗਿਣਤੀ ਸ਼ੁਰੂ

ਫੈਡਰਲ ਪੱਧਰ ਉੱਤੇ ਨਿਯੰਤਰਿਤ ਟਰੱਕਿੰਗ ਕੰਪਨੀਆਂ ਲਈ ਕੈਨੇਡਾ ਦੇ ਇਲੈਕਟ੍ਰੌਨਿਕ ਲਾਗਿੰਗ ਡਿਵਾਈਸ (ਈਐਲਡੀ ) ਨਿਯਮ ਨੂੰ ਲਾਗੂ ਕਰਨ ਲਈ 12 ਮਹੀਨਿਆਂ ਦੀ ਪੁੱਠੀ ਗਿਣਤੀ 12 ਜੂਨ, 2021 ਤੋਂ ਸ਼ੁਰੂ ਹੋ ਚੁੱਕੀ ਹੈ। ਇੱਕ ਸਾਲ ਤੋਂ ਬਾਅਦ, ਐਜੂਕੇਸ਼ਨਲ ਐਨਫੋਰਸਮੈਂਟ ਪੀਰੀਅਡ ਮੁੱਕ ਜਾਵੇਗਾ ਤੇ ਇਸ ਨਿਯਮ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਇਹ ਅਰਸਾ ਕੋਈ ਛੋਟਾ ਨਹੀਂ ਹੈ।
ਸਾਲ 2020 ਤੇ 2021 ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਸਬੰਧ ਵਿੱਚ ਸਰਕਾਰਾਂ ਤੇ ਇੰਡਸਟਰੀ ਵੱਲੋਂ ਤੀਜੀ ਪਾਰਟੀ ਤੋਂ ਮਾਨਤਾ ਪ੍ਰਾਪਤ ਈਐਲਡੀਜ਼ ਨੂੰ ਪੇਸ਼ ਕਰਨ ਵਿੱਚ ਦੇਰ ਹੋ ਗਈ। ਪ੍ਰੋਵਿੰਸਾਂ ਤੇ ਟੈਰੇਟਰੀਜ਼ ਵੱਲੋਂ ਇੱਕ ਸਾਲ ਦੇ ਪ੍ਰੋਗਰੈਸਿਵ ਐਜੂਕੇਸ਼ਨਲ ਐਨਫੋਰਸਮੈਂਟ ਦਾ ਅਰਸਾ ਪੂਰਾ ਕਰਨ ਤੋਂ ਬਾਅਦ ਇਸ ਨਿਯਮ ਨੂੰ ਲਾਗੂ ਕਰਨ ਲਈ ਸਹਿਮਤੀ ਪ੍ਰਗਟਾਈ ਗਈ ਹੈ।
ਇਸ ਸਬੰਧ ਵਿੱਚ ਜਾਰੀ ਐਨਫੋਰਸਮੈਂਟ ਬਾਰੇ 5 ਮਈ ਨੂੰ ਇੰਡਸਟਰੀ ਦੇ ਨਾਂ ਜਾਰੀ ਕੀਤੇ ਗਏ ਮੈਸੇਜ ਵਿੱਚ ਸੀਸੀਐਮਟੀਏ ਨੇ ਪਾਇਆ ਕਿ ਟਰੱਕਿੰਗ ਕੰਪਨੀਆਂ ਨੂੰ ਇਸ ਗੱਲ ਦੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿ ਉਹ ਹਰੇਕ ਪ੍ਰੋਵਿੰਸ ਵਿੱਚ ਅਗਲੇ 12 ਮਹੀਨਿਆਂ ਦੌਰਾਨ ਇਸ ਪ੍ਰੋਗਰਾਮ ਨੂੰ ਜਿਸ ਤਰ੍ਹਾਂ ਲਾਗੂ ਕੀਤਾ ਜਾਂਦਾ ਹੈ ਉਸ ਉੱਤੇ ਨਜ਼ਰ ਰੱਖਣ।ਸੀਟੀਏ ਨੂੰ ਆਸ ਹੈ ਕਿ 12 ਜੂਨ ਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਬੋਲ ਕੇ ਜਾਂ ਲਿਖ ਕੇ ਦਿੱਤੇ ਜਾਣ ਵਾਲੇ ਸੁਨੇਹਿਆਂ ਨਾਲ ਇਸ ਨਿਯਮ ਸਬੰਧੀ ਜ਼ਰੂਰੀ ਨੁਕਤੇ ਸਪਸ਼ਟ ਕੀਤੇ ਜਾਣਗੇ ਤੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਇਸ ਬਾਰੇ ਜਾਗਰੂਕ ਵੀ ਕੀਤਾ ਜਾਵੇਗਾ।
ਸੀਟੀਏ ਦੇ ਚੇਅਰ ਜੀਨ ਕਲੌਡੇ ਫੋਰਟਿਨ ਨੇ ਆਖਿਆ ਕਿ ਸੀਟੀਏ ਚਾਹੁੰਦੀ ਸੀ ਕਿ ਟਰਾਂਸਪੋਰਟ ਕੈਨੇਡਾ ਦਾ ਇਹ ਈਐਲਡੀ ਸਬੰਧੀ ਨਿਯਮ ਪਹਿਲੇ ਦਿਨ ਤੋਂ ਹੀ ਫੈਡਰਲ ਪੱਧਰ ਉੱਤੇ ਨਿਯੰਤਰਿਤ ਟਰੱਕਿੰਗ ਕੰਪਨੀਆਂ ਲਈ ਪੂਰੀ ਤਰ੍ਹਾਂ ਲਾਗੂ ਹੋਵੇ ਪਰ ਪਿਛਲੇ ਸਾਲ ਪੈਦਾ ਹੋਏ ਹਾਲਾਤ ਕਾਰਨ ਇਨ੍ਹਾਂ ਯੋਜਨਾਵਾਂ ਵਿੱਚ ਫੇਰਬਦਲ ਕਰਨਾ ਪੈ ਗਿਆ। ਉਨ੍ਹਾਂ ਆਖਿਆ ਕਿ ਟਰਾਂਸਪੋਰਟ ਕੈਨੇਡਾ ਤੇ ਸੀਸੀਐਮਟੀਏ ਵੱਲੋਂ ਅਗਲੇ 12 ਮਹੀਨਿਆਂ ਲਈ ਐਲਾਨੀ ਇਸ ਪ੍ਰੋਗਰੈਸਿਵ ਐਨਫੋਰਸਮੈਂਟ ਨਾਲ ਅਨੁਕੂਲ ਕੰਪਨੀਆਂ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਰਿਕਾਰਡ ਪੇਪਰ ਲੌਗਬੁੱਕਸ ਤੋਂ ਥਰਡ ਪਾਰਟੀ ਈਐਲਡੀਜ਼ ਵਿੱਚ ਤਬਦੀਲ ਕਰ ਸਕਣਗੀਆਂ। ਸੀਟੀਏ ਦਾ ਇਹ ਵੀ ਮੰਨਣਾ ਹੈ ਕਿ ਅਗਲੇ 12 ਮਹੀਨਿਆਂ ਵਿੱਚ ਪ੍ਰੋਗਰੈਸਿਵ ਐਨਫੋਰਸਮੈਂਟ ਤਹਿਤ ਸਾਰਾ ਜ਼ੋਰ ਸਿੱਖਿਆ ਉੱਤੇ ਹੀ ਨਹੀਂ ਹੋਣਾ ਚਾਹੀਦਾ ਸਗੋਂ ਲਿਖਤੀ ਚੇਤਾਵਨੀਆਂ ਦੇ ਨਾਲ ਨਾਲ ਸਖ਼ਤ ਜੁਰਮਾਨੇ ਵੀ ਜੂਨ 2022 ਤੋਂ ਪਹਿਲਾਂ ਪਹਿਲਾਂ ਵਿਚਾਰੇ ਜਾਣੇ ਚਾਹੀਦੇ ਹਨ। ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਤਾਂ ਕਿ ਡਰਾਈਵਰ ਇੰਕ· ਮਾਡਲ ਦੇ ਆਧਾਰ ਉੱਤੇ ਨਿਰਧਾਰਤ ਸਾਡੀ ਇੰਡਸਟਰੀ ਦੇ ਕਈ ਗੈਰ ਅਨੁਕੂਲ ਕੈਰੀਅਰਜ਼, ਜਿਹੜੇ ਸੇਫਟੀ ਦਾ ਵੀ ਪੂਰਾ ਖਿਆਲ ਨਹੀਂ ਰੱਖਦੇ, ਉੱਤੇ ਅਗਲੇ ਪੂਰੇ ਸਾਲ ਬਾਰੀਕੀ ਨਾਲ ਨਜ਼ਰ ਰੱਖੀ ਜਾ ਸਕੇ।ਇਨ੍ਹਾਂ ਨੂੰ ਈਐਲਡੀ ਸਬੰਧੀ ਸਾਰੇ ਨਿਯਮਾਂ ਦੀ ਪੂਰੀ ਪਾਲਣਾ ਲਈ ਮਜਬੂਰ ਕੀਤਾ ਜਾ ਸਕੇ ਤੇ ਇਸ ਮਾਮਲੇ ਵਿੱਚ ਜੂਨ 2022 ਤੋਂ ਬਾਅਦ ਇੱਕ ਦਿਨ ਦੀ ਵੀ ਛੋਟ ਜਾਂ ਰਿਆਇਤ ਨਾ ਦਿੱਤੀ ਜਾਵੇ।
ਫੋਰਟਿਨ ਨੇ ਆਖਿਆ ਕਿ ਭਾਵੇਂ ਕੋਈ ਵੀ ਰਾਹ ਅਪਣਾਇਆ ਜਾਵੇ ਸੀਟੀਏ ਦੀ ਸਥਿਤੀ ਬੜੀ ਸਪਸ਼ਟ ਹੈ : ਜੂਨ 2022 ਵਿੱਚ ਕਿਸੇ ਵੀ ਡਰਾਈਵਰ, ਟਰੱਕਿੰਗ ਕੰਪਨੀ ਜਾਂ ਸਪਲਾਈ ਚੇਨ ਨਾਲ ਸਬੰਧਤ ਕੋਈ ਵੀ ਇਨ੍ਹਾਂ ਨਿਯਮਾਂ ਦੇ ਸਮਝ ਨਾ ਆਉਣ ਬਾਰੇ ਕਿਸੇ ਤਰ੍ਹਾਂ ਦਾ ਬਹਾਨਾ ਨਹੀਂ ਲਾ ਸਕੇਗਾ ਅਤੇ ਨਾ ਹੀ ਪ੍ਰੋਵਿੰਸ਼ੀਅਲ ਤੇ ਟੈਰੀਟੋਰੀਅਲ ਸਰਕਾਰਾਂ ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼ ਉੱਤੇ ਈਐਲਡੀ ਨਿਯਮ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਹਿਚਕਿਚਾਉਣਗੀਆਂ।
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਨੇ ਇੱਕ ਸਾਲ ਦੇ ਅੰਦਰ ਗੈਰ ਅਨੁਕੂਲ ਕੈਰੀਅਰਜ਼ ਉੱਤੇ ਇਸ ਨਿਯਮ ਨੂੰ ਲਾਗੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਓਟੀਏ ਦੇ ਚੇਅਰ ਵੈਂਡਲ ਅਰਬ ਨੇ ਆਖਿਆ ਕਿ ਥਰਡ ਪਾਰਟੀ ਵੱਲੋਂ ਮਾਨਤਾ ਪ੍ਰਾਪਤ ਈਐਲਡੀਜ਼ ਲਿਆਉਣ ਨਾਲ ਦੋ ਮੰਤਵ ਹੱਲ ਹੋ ਜਾਣਗੇ-ਇਸ ਨਾਲ ਇੱਕ ਤਾਂ ਰੋਡ ਸੇਫਟੀ ਵਿੱਚ ਸੁਧਾਰ ਹੋਵੇਗਾ ਅਤੇ ਦੂਜਾ ਅਨੁਕੂਲ ਟਰੱਕਿੰਗ ਕੰਪਨੀਆਂ ਲਈ ਵੀ ਨਿਯਮ ਇੱਕਸਾਰ ਹੋ ਜਾਣਗੇ।ਇਸ ਨਾਲ ਡਰਾਈਵਰ ਇੰਕ· ਵਰਗੀਆਂ ਗੈਰ ਅਨੁਕੂਲ ਟਰੱਕਿੰਗ ਕੰਪਨੀਆਂ ਨੂੰ ਨਿਯਮਾਂ ਦੇ ਪਾਬੰਦ ਹੋਣ ਦਾ ਸਬਕ ਵੀ ਦਿੱਤਾ ਜਾ ਸਕੇਗਾ, ਜਿਨ੍ਹਾਂ ਨੂੰ ਉਹ ਅਕਸਰ ਤੋੜਦੀਆਂ ਰਹਿੰਦੀਆਂ ਹਨ।
ਓਨਟਾਰੀਓ ਪ੍ਰੋਵਿੰਸ ਵੱਲੋਂ ਇਸ ਹਫਤੇ ਟਰੱਕਿੰਗ ਇੰਡਸਟਰੀ ਲਈ ਗਾਇਡੈਂਸ ਜਾਰੀ ਕੀਤੀ ਗਈ ਜਿਸ ਵਿੱਚ ਈਐਲਡੀ ਨਿਯਮ ਨੂੰ ਅਗਲੇ 12 ਮਹੀਨਿਆਂ ਵਿੱਚ ਲਾਜ਼ਮੀ ਤੌਰ ਉੱਤੇ ਲਾਗੂ ਕਰਨ ਦੀ ਗੱਲ ਆਖੀ ਗਈ। ਓਟੀਏ ਦੇ ਸੀਨੀਅਰ ਵੀਪੀ, ਪਾਲਿਸੀ ਜੈੱਫ ਵੁੱਡ ਨੇ ਆਖਿਆ ਕਿ ਓਟੀਏ ਪ੍ਰੋਵਿੰਸ ਨਾਲ ਰਲ ਕੇ ਇਹ ਯਕੀਨੀ ਬਣਾਵੇਗੀ ਕਿ ਪ੍ਰੋਗਰੈਸਿਵ ਐਜੂਕੇਸ਼ਨਲ ਐਨਫੋਰਸਮੈਂਟ ਸਟਰੈਟੇਜੀ ਅਜਿਹੀਆਂ ਪੁਖਤਾ ਤਕਨੀਕਾਂ ਪੇਸ਼ ਕਰੇਗੀ ਜਿਹੜੀਆਂ ਗੈਰ ਅਨੁਕੂਲ ਕੈਰੀਅਰਜ਼ ਉੱਤੇ ਧਿਆਨ ਕੇਂਦਰਿਤ ਕਰੇਗੀ ਤੇ ਸਿ਼ਕੰਜਾ ਕੱਸੇਗੀ।ਉਨ੍ਹਾਂ ਆਖਿਆ ਕਿ ਜਿਵੇਂ ਜਿਵੇਂ ਅਸੀਂ ਜੂਨ 2022 ਵੱਲ ਵਧਾਂਗੇ ਤੇ ਅਨੁਕੂਲ ਕੈਰੀਅਰਜ਼ ਥਰਡ ਪਾਰਟੀ ਵੱਲੋਂ ਡਿਵਾਇਸਿਜ਼ ਦੀ ਵਧੇਰੇ ਉਪਲਬਧਤਾ ਕਾਰਨ ਮਾਨਤਾ ਪ੍ਰਾਪਤ ਈਐਲਡੀਜ਼ ਦਾ ਨਿਯਮ ਲਾਗੂ ਕਰਨ ਵਿੱਚ ਪੂਰੀ ਤੇਜ਼ੀ ਵੀ ਵਿਖਾਈ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਦੇ ਨਾਲ ਹੀ ਅਸੀਂ ਐਮਟੀਓ ਨੂੰ ਆਖਾਂਗੇ ਕਿ ਉਹ ਵਾਧੂ ਪ੍ਰੋਗਰੈਸਿਵ ਮਾਪਦੰਡਾਂ ਦਾ ਪਤਾ ਲਾਵੇ ਤੇ ਇਹ ਯਕੀਨੀ ਬਣਾਵੇ ਕਿ ਈਐਲਡੀ ਸਬੰਧੀ ਮਾਪਦੰਡਾਂ ਬਾਰੇ ਸਾਰੇ ਜਾਨਣਗੇ ਤੇ ਸਾਰੀਆਂ ਧਿਰਾਂ ਇਸ ਦੀ ਪਾਲਣਾ ਕਰਨਗੀਆਂ। ਲੋੜਾਂ ਦੇ ਸਬੰਧ ਵਿੱਚ ਇਸ ਰਣਨੀਤੀ ਨਾਲ ਕਿਸੇ ਵੀ ਸ਼ੱਕ ਸ਼ੁਬ੍ਹਾ ਨੂੰ ਦੂਰ ਕਰ ਲਿਆ ਜਾਵੇਗਾ ਤੇ ਜੂਨ 2022 ਤੱਕ ਇਸ ਨਿਯਮ ਨੂੰ ਅਮਲੀ ਜਾਮਾ ਪਹਿਨਾਉਣ ਬਾਰੇ ਵੀ ਕੋਈ ਸੰਸ਼ਾ ਕਿਸੇ ਦੇ ਮਨ ਵਿੱਚ ਨਹੀਂ ਰਹੇਗਾ।
ਕੈਨੇਡਾ ਵਿੱਚ ਲਾਂਗ ਹਾਲ ਟਰੱਕਿੰਗ ਸੈਕਟਰ ਦੇ 70 ਫੀ ਸਦੀ ਦੇ ਨੇੜੇ ਤੇੜੇ ਟਰੱਕਾਂ ਵਿੱਚ ਇਸ ਸਮੇਂ ਈਐਲਡੀਜ਼ ਹਨ। ਆਉਣ ਵਾਲੇ ਹਫਤਿਆਂ ਵਿੱਚ ਈਐਲਡੀਜ਼ ਨੂੰ ਟਰਾਂਸਪੋਰਟ ਦੀ ਪ੍ਰਕਿਰਿਆ ਰਾਹੀਂ ਮਾਨਤਾ ਦਿੱਤੇ ਜਾਣ ਦੀ ਸੰਭਾਵਨਾ ਹੈ। ਜਿਹੜੇ ਫਲੀਟ ਕੈਨੇਡਾ ਵਿੱਚ ਹਨ ਤੇ ਜਿਹੜੇ ਅਮਰੀਕਾ ਵਿੱਚ ਹੋ ਕੇ ਕੈਨੇਡਾ ਵਿੱਚ ਆਪਰੇਟ ਕਰ ਰਹੇ ਹਨ, ਉੱਤੇ ਵੀ ਇਹ ਨਿਯਮ ਫੌਰੀ ਤੌਰ ਉੱਤੇ ਲਾਗੂ ਹੋਵੇਗਾ।
ਅਨੁਕੂਲ ਫਲੀਟਸ ਜਿਹੜੇ ਅਜੇ ਵੀ ਪੇਪਰ ਲਾਗਬੁੱਕਜ਼ ਦੀ ਵਰਤੋਂ ਕਰਦੇ ਹਨ ਉਹ ਅਜੇ ਵੀ ਈਐਲਡੀ ਵੈਂਡਰਜਂ ਨਾਲ ਰਾਬਤਾ ਰੱਖ ਕੇ ਚੱਲ ਰਹੇ ਹਨ ਤੇ ਜਿਵੇਂ ਹੀ ਡਿਵਾਈਸਾਂ ਨੂੰ ਮਾਨਤਾ ਮਿਲੇਗੀ, ਇਹ ਫਲੀਟ ਉਨ੍ਹਾਂ ਨੂੰ ਖਰੀਦ ਕੇ, ਮਿਥੀ ਗਈ ਡੈੱਡਲਾਈਨ ਜੋ ਕਿ ਜੂਨ 2022 ਹੈ, ਤੋਂ ਪਹਿਲਾਂ ਹੀ ਡਿਵਾਈਸਾਂ ਇਨਸਟਾਲ ਕਰਵਾਉਣ ਦੇ ਯੋਗ ਹੋ ਜਾਣਗੇ।