• Home
  • Punjabi News
  • ਸੁਣਿਓ! ਗਹੁ ਦੇ ਨਾਲ, ਮੈਂ ਪੰਜਾਬ ਬੋਲਦੈਂ
Punjabi News

ਸੁਣਿਓ! ਗਹੁ ਦੇ ਨਾਲ, ਮੈਂ ਪੰਜਾਬ ਬੋਲਦੈਂ

Email :45

ਜੀ ਹਾਂ! ਮੈਂ ਪੰਜਾਬ ਬੋਲ ਰਿਹੈਂ, ਤੇ ਮੇਰੀ ਰਾਮ-ਕਹਾਣੀ ਧਿਆਨ ਨਾਲ ਸੁਣਨ ਵਾਲੀ ਹੈ। ਪੁਰਾਤਨ ਸਮੇਂ ਵਿਚ ਇਹ ਕਹਾਣੀ ਅੱਜ ਤੋਂ ਪੰਜ ਹਜ਼ਾਰ ਸਾਲ ਪੁਰਾਣੀ ਸਿੰਧ ਘਾਟੀ ਦੀ ਸੱਭਿਅਤਾ ਨਾਲ ਜੁੜਦੀ ਹੈ ਜਦੋਂ ਇਸ ਨੂੰ ‘ਸਪਤ ਸਿੰਧੂ’ (ਸੱਤ ਦਰਿਆਵਾਂ ਦੀ ਧਰਤੀ) ਕਿਹਾ ਜਾਂਦਾ ਸੀ। ਉਸ ਸਮੇਂ ਦੇ ਸ਼ਹਿਰਾਂ ‘ਹੜੱਪਾ’ ਤੇ ਮਹਿੰਜੋਦਾੜੋ’ ਦੀ ਹੋਈ ਖੁਦਾਈ ਤੋਂ ਬਾਅਦ ਮੇਰੇ ਨਾਲ ਜੁੜੀ ਇਸ ਸੱਭਿਅਤਾ ਦੇ ਨਕਸ਼ ਸਾਫ਼ ਤੇ ਉੱਘੜੇ ਹੋਏ਼ ਦਿਖਾਈ ਦਿੱਤੇ। ਹੋਰ ਅੱਗੇ ਚੱਲੀਏ ਤਾਂ ਇਤਿਹਾਸ ਗਵਾਹ ਹੈ ਕਿ ਤੂਫ਼ਾਨ ਵਾਂਗ ਚੜ੍ਹਦੇ ਆਉਂਦੇ ਯੂਨਾਨ ਦੇ ਰਾਜੇ ਸਿਕੰਦਰ ਨੂੰ 325 ਬੀ[ਸੀ[ ਵਿਚ ਮੇਰੇ ਸਪੂਤ ਰਾਜੇ ਪੋਰਸ ਨੇ ਬੜੀ ਬਹਾਦਰੀ ਨਾਲ ਠੱਲ੍ਹਿਆ ਸੀ। ਸਿਕੰਦਰ ਕੋਲੋਂ ਹਾਰ ਜਾਣ ਦੇ ਬਾਵਜੂਦ ਵੀ ਜਦੋਂ ਉਸ ਨੇ ਸਿਕੰਦਰ ਵੱਲੋਂ ਕੀਤੇ ਗਏ ਸੁਆਲ “ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਏ” ਦਾ ਜੁਆਬ ਬੜੀ ਨਿੱਡਰਤਾ ਅਤੇ ਦਲੇਰੀ ਨਾਲ ਦਿੱਤਾ ਸੀ, “ਜਿਹੜਾ ਇਕ ਜੇਤੂ ਰਾਜਾ ਹਾਰੇ ਹੋਏ ਰਾਜੇ ਨਾਲ ਕਰਦਾ ਹੈ” ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਰਾਜੇ ਪੋਰਸ ਨੂੰ ਉਸ ਦਾ ਰਾਜ ਵਾਪਸ ਕਰ ਦਿੱਤਾ ਸੀ।

ਸੋਲ੍ਹਵੀਂ ਸਦੀ ਵਿਚ ਪੂਰੇ ਹਿੰਦੋਸਤਾਨ ਸਮੇਤ ਮੇਰੇ ਉੱਪਰ ਹਮਲੇ ਕਰਨ ਵਾਲੇ ਬਾਬਰ ਨੂੰ ਮੇਰੇ ਸੱਚੇ-ਸਪੂਤ ਗੁਰੂ ‘ਬਾਬੇ ਨਾਨਕ’ ਨੇ ‘ਜਾਬਰ’ ਕਹਿ ਕੇ ਉਸ ਨੂੰ ਤਕੜਾ ਉਲ੍ਹਾਮਾ ਦਿੱਤਾ ਸੀ:

“ਖ਼ੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ।

ਆਪੈ ਦੋਸੁ ਨਾ ਦੇਈ ਕਰਤਾ ਜਮ ਕਰਿ ਮੁਗਲ ਚੜ੍ਹਾਇਆ।

ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ।।”                                                                                              (ਮਹਲਾ ਪਹਿਲਾ)

ਆਧੁਨਿਕ ਸਮੇਂ ਦੀ ਆਪਣੀ ਕਹਾਣੀ ਮੈਂ ਆਪਣੇ ਬਹਾਦਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਆਰੰਭ ਕਰਦਾ ਹਾਂ ਜਿਸ ਨੇ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਤੋਂ ‘ਥਾਪੜਾ’ ਲੈ ਕੇ ਮੁਗ਼ਲ-ਰਾਜ ਨਾਲ ਮੱਥਾ ਲਾਇਆ ਸੀ। ਉਸ ਨੇ ਸਰਹਿੰਦ ਨੂੰ ਮਲ਼ੀਆ-ਮੇਟ ਕਰਕੇ ਉਸ ਦੇ ਨਵਾਬ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ-ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਨਾਲ ਹੀ ਮੈਨੂੰ ਮੁਗ਼ਲਾਂ ਕੋਲੋਂ ਆਜ਼ਾਦ ਕਰਾ ਕੇ 1709-10 ਵਿਚ ‘ਆਜ਼ਾਦ ਸਿੱਖ ਰਾਜ’ ਦੀ ਸਥਾਪਨਾ ਕੀਤੀ ਸੀ। ਉਸ ਨੇ ਵਾਹੀ ਕਰਨ ਵਾਲੇ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਦੇ ਅਧਿਕਾਰ ਦਿੱਤੇ ਅਤੇ ਉਨ੍ਹਾਂ ਨੂੰ ‘ਮੁਜ਼ਾਰਿਆਂ’ ਤੋਂ ਜ਼ਮੀਨਾਂ ਦੇ ‘ਮਾਲਕ’ ਬਣਾਇਆ। ਇਹ ਵੱਖਰੀ ਗੱਲ ਹੈ ਕਿ 1716 ਵਿਚ ਉਸ ਦੀ ਹੋਈ ਸ਼ਹੀਦੀ ਤੋਂ ਬਾਅਦ ਮੇਰੇ ਉੱਪਰ ਫਿਰ ਰਾਜ ਮੁਗ਼ਲਾਂ ਅਤੇ ਅਫ਼ਗਾਨੀਆਂ ਦਾ ਹੋ ਗਿਆ।

ਭਾਰਤ ਉੱਪਰ ਹਮਲੇ ਕਰਨ ਵਾਲੇ ਅਬਦਾਲੀ (ਦੁਰਾਨੀ), ਗ਼ਜ਼ਨਵੀ ਤੇ ਹੋਰ ਹਮਲਾਵਰ ਮੇਰੀ ਹਿੱਕ ਦੇ ਉੱਪਰੋਂ ਲੰਘ ਕੇ ਅੱਗੇ ਲੁੱਟਣ ਲਈ ਜਾਂਦੇ ਰਹੇ। ਮੈਂ ਕਮਜ਼ੋਰ ਸਾਂ ਅਤੇ ਮੈਂ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕਿਆ। ਪਰ ਮੇਰੇ ਗਿਣੇ-ਚੁਣੇ ਸਿਰਲੱਥ ਤੇ ਸੂਰਬੀਰ ਯੋਧੇ, ਜਿਨ੍ਹਾਂ ਦਾ ਉਦੋਂ ਜੰਗਲਾਂ ਵਿਚ ਘੋੜਿਆਂ ਦੀਆਂ ਕਾਠੀਆਂ ਉੱਪਰ ‘ਨਿਵਾਸ’ ਸੀ, ਉਹ ਹਮਲਾਵਰਾਂ ਕੋਲੋਂ ਲੁੱਟ ਦਾ ਮਾਲ ਖੋਹ ਲੈਂਦੇ ਸਨ ਅਤੇ ਉਨ੍ਹਾਂ ਵੱਲੋਂ ਬੰਦੀ ਬਣਾਈਆਂ ਗਈਆਂ ਭਾਰਤੀ ਧੀਆਂ/ਭੈਣਾਂ ਨੂੰ ਉਨ੍ਹਾਂ ਜਰਵਾਣਿਆਂ ਕੋਲੋਂ ਆਜ਼ਾਦ ਕਰਵਾ ਕੇ ਉਨ੍ਹਾਂ ਦੇ ਮਾਪਿਆਂ ਤੱਕ ਸੁਰੱਖਿਅਤ ਪਹੁੰਚਾਉਂਦੇ ਰਹੇ। ਇਸ ਸਿਲਸਿਲਾ 1748 ਤੋਂ 1763 ਤੱਕ ਚੱਲਦਾ ਰਿਹਾ। ਫਿਰ 1764-65 ਵਿਚ ਮੇਰੇ ਉੱਪਰ 12 ਵੱਖ-ਵੱਖ &ਨਬਸਪ;ਸਿੱਖ ਮਿਸਲਾਂ ਦਾ ਰਾਜ ਬਣ ਗਿਆ ਜਿਸ ਨੂੰ 1780 ਵਿਚ ਸੁ਼ਕਰਚੱਕੀਆ ਮਿਸਲ ਵਿਚ ਜਨਮੇਂ ਰਣਜੀਤ ਸਿੰਘ ਨੇ ਹੋਰ ਸਿੱਖ ਮਿਸਲਾਂ ਦੇ ਨਾਲ ਲੜ-ਭਿੜ ਕੇ ਜਾਂ ਉਨ੍ਹਾਂ ਦੇ ਨਾਲ਼ ਸਮਝੌਤੇ ਕਰਕੇ ਇਕ ਵਾਰ ਫਿਰ ਸਿੱਖ ਰਾਜ ਦੀ ਸਥਾਪਨਾ ਕੀਤੀ ਜਿਸ ਵਿਚ ਅਜੋਕੇ ਪਾਕਿਸਤਾਨ ਦੇ ਸੂਬੇ ਮੁਲਤਾਨ, ਪਿਸ਼ਾਵਰ ਤੇ ਜੰਮੂ-ਕਸ਼ਮੀਰ (ਭਾਰਤ ਤੇ ਪਾਕਿਸਤਾਨ ਦੋਹਾਂ ਦੇ) ਵੀ ਸ਼ਾਮਲ ਸਨ, ਅਤੇ ਜਿਸ ਦੀਆਂ ਹੱਦਾਂ ਅੱਟਕ ਤੋਂ ਲੈ ਕੇ ਸਤਲੁਜ ਦਰਿਆ ਤੱਕ ਸਨ। ਇਸ ਮਹਾਰਾਜੇ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਏ ਨੇ ਕਿਸੇ ਵੀ ਹਮਲਾਵਰ ਨੂੰ ਅੱਟਕ ਦਰਿਆ ਪਾਰ ਨਹੀਂ ਸੀ ਕਰਨ ਦਿੱਤਾ ਅਤੇ ਉਨ੍ਹਾਂ ਨੂੰ ਇਸ ਤੋਂ ਦੂ੍ਰਰ ਹੀ ਅਟਕਾਈ ਰੱਖਿਆ ਸੀ। ਇੰਗਲੈਂਡ ਤੋਂ ਵਿਓਪਾਰ ਕਰਨ ਆਈ ਅੰਗਰੇਜੀ ‘ਈਸਟ ਇੰਡੀਆ ਕੰਪਨੀ’ ਧੱਕੇ ਨਾਲ 1757 ਵਿਚ ਬਾਕੀ ਸਾਰੇ ਭਾਰਤ ਦੀ ਮਾਲਕ ਬਣ ਬੈਠੀ ਪਰ ਉਹ ਵੀ ਮੇਰੇ ਸ਼ਕਤੀਸ਼ਾਲੀ ਮਹਾਰਾਜਾ ਰਣਜੀਤ ਸਿੰਘ ਤੋਂ ਡਰਦੀ ਮਾਰੀ ਮੇਰੇ ਤੋਂ ਕਈ ਸਾਲ ਦੂਰ ਹੀ ਰਹੀ ਅਤੇ ਉਸ ਨੂੰ ਮਹਾਰਾਜੇ ਨਾਲ 1809 ਵਿਚ ‘ਫਿਲੌਰ ਦੀ ਇਤਿਹਾਸਕ ਸੰਧੀ’ ਕਰਨੀ ਪਈ ਸੀ। 1839 ਵਿਚ ਇਸ ਬੁੱਧੀਮਾਨ ਮਹਾਰਾਜੇ ਦੀ ਮੌਤ ਤੋਂ ਬਾਅਦ ਸਿੱਖ ਸਰਦਾਰਾਂ ਵਿਚ ਹੋਈ ਖ਼ਾਨਾਜੰਗੀ ਤੋਂ ਬਾਅਦ ਸਿੱਖ-ਰਾਜ ਕਮਜ਼ੋਰ ਹੋ ਜਾਣ ਕਾਰਨ ਅੰਗਰੇਜਾਂ ਵੱਲੋਂ ਇਸ ਸੰਧੀ ਦੀ ਉਲੰਘਣਾ ਕਰਦਿਆਂ ਹੋਇਆਂ ਫ਼ੇਰੂ ਸ਼ਹਿਰ, ਸਭਰਾਵਾਂ ਅਤੇ ਮੁੱਦਕੀ ਦੀਆਂ ਲੜਾਈਆਂ ਤੋਂ ਬਾਅਦ ਮੈਨੂੰ ਵੀ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ ਗਿਆ।

[[[ ਤੇ ਫਿਰ ਭਾਰਤ ਦੀ ਆਜ਼ਾਦੀ ਦੀ ਲੜਾਈ ਆਰੰਭ ਹੋ ਜਾਂਦੀ ਹੈ। 1857 ਦੇ ‘ਗ਼ਦਰ’ ਨੂੰ ਭਾਵੇਂ ਇਤਿਹਾਸ ਵਿਚ ‘ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ’ ਦਾ ਨਾਂ ਦਿੱਤਾ ਜਾਂਦਾ ਹੈ ਪਰ ਉਹ ਮੁੱਖ ਤੌਰ ‘ਤੇ ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਦੇ ਰਾਜਿਆਂ ਵੱਲੋਂ ਅੰਗਰੇਜ਼ਾਂ ਤੋਂ ਆਪਣੇ ਰਾਜਾਂ ਨੂੰ ਬਚਾਉਣ ਦੀ ਹੀ ਲੜਾਈ ਸੀ, ਉਹ ਲੜਾਈ ਭਾਵੇਂ ਦਿੱਲੀ ਦੇ ਰਾਜੇ ਬਹਾਦਰ ਸ਼ਾਹ ਜ਼ਫ਼ਰ, ਮੈਸੂਰ ਰਿਆਸਤ ਦੇ ਟੀਪੂ ਸੁਲਤਾਨ, ਮੈਵਾੜ ਦੇ ਰਾਣਾ ਸਾਂਘਾ, ਗਵਾਲੀਅਰ ਦੇ ਤਾਂਤੀਆ ਤੋਪੇ ਦੀ ਸੀ ਜਾਂ ਝਾਂਸੀ ਰਿਆਸਤ ਦੀ ‘ਝਾਸੀ ਦੀ ਰਾਣੀ’ ਦੀ ਸੀ ਜਾਂ ਹੋਰ ਛੋਟੀਆਂ ਰਿਆਸਤਾਂ ਦੇ ਰਾਜਿਆਂ ਦੀ ਸੀ, ਪਰ ਇਹ ਕਿਸੇ ਯੋਜਨਾਬੱਧ ਢੰਗ ਨਾਲ ਇੱਕਮੁੱਠਤਾ ਨਾਲ ਲੜੀ ਜਾਣ ਵਾਲੀ ਲੜਾਈ ਨਹੀਂ ਸੀ। ਨਤੀਜੇ ਵਜੋਂ, ਇਸ ਵਿਚ ਇਨ੍ਹਾਂ ਰਾਜਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਅੰਗਰੇਜ਼ਾਂ ਦੀ ਜਿੱਤ ਹੋਈ।

ਭਾਰਤ ਦੀ ਆਜ਼ਾਦੀ ਲਈ ਲੜੀ ਗਈ ‘ਅਸਲੀ ਲੜਾਈ’ ਵਿਚ ਮੇਰੇ ਸੂਰਬੀਰਾਂ ਨੇ 80 ਫ਼ੀਸਦੀ ਤੋਂ ਵਧੇਰੇ ਕੁਰਬਾਨੀਆਂ ਦਿੱਤੀਆਂ, ਭਾਵੇਂ ਮੇਰੀ ਆਬਾਦੀ ਭਾਰਤ ਦੀ ਕੁਲ ਆਬਾਦੀ ਦਾ ਕੇਵਲ 2 ਫ਼ੀਸਦੀ ਹਿੱਸਾ ਹੀ ਸੀ। ਕੁਰਬਾਨੀਆਂ ਦੇਣ ਵਾਲਿਆਂ ਵਿਚ ਅਗਲਾ ਨੰਬਰ ਬੰਗਾਲ ਦੇ ਯੋਧਿਆਂ ਦਾ ਸੀ ਅਤੇ ਬਾਕੀ ਸੂਬਿਆਂ ਵਾਲੇ ਤਾਂ ਇਸ ਪੱਖੋਂ ਸਾਡੇ ਦੋਹਾਂ ਤੋਂ ਬਹੁਤ ਪਿੱਛੇ ਰਹੇ। ਮੇਰੇ ‘ਗ਼ਦਰੀ ਬਾਬਿਆਂ’ ਨੇ ਅਮਰੀਕਾ ਦੇ ਸ਼ਹਿਰ ਸਾਨ-ਫ਼ਰਾਂਸਿਸਕੋ ਵਿਚ 1913 ਵਿਚ ‘ਗ਼ਦਰ ਲਹਿਰ’ ਦੀ ਸ਼ੁਰੂਆਤ ਕੀਤੀ। ਲੋਕਾਂ ਨੂੰ ਆਜ਼ਾਦੀ ਪ੍ਰਤੀ ਜਾਗਰੂਕ ਕਰਨ ਲਈ ਉਨ੍ਹਾਂ ਉਰਦੂ, ਪੰਜਾਬੀ ਤੇ ਬੰਗਾਲੀ ਭਾਸ਼ਾਵਾਂ ਵਿਚ ਅਖ਼ਬਾਰ ‘ਗ਼ਦਰ’ ਆਰੰਭ ਕੀਤਾ। ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ ਤੇ ਹਰਨਾਮ ਸਿੰਘ ਟੁੰਡੀਲਾਟ ਵਰਗੇ ਇਸ ਦੇ ਸੰਚਾਲਕ ਖ਼ਬਰਾਂ ਤੇ ਲੇਖ ਲਿਖਦੇ, ਟੋਕੇ ਵਾਂਗ ਹੱਥ ਨਾਲ ਚਲਾਉਣ ਵਾਲੀ ‘ਪਿ੍ਰੰਟਿੰਗ-ਪਰੈੱਸ’ ਨਾਲ ਇਸ ਅਖ਼ਬਾਰ ਦੀਆਂ ਹਜ਼ਾਰਾਂ ਕਾਪੀਆਂ ਤਿਆਰ ਕਰਦੇ ਅਤੇ ਸਾਈਕਲਾਂ ‘ਤੇ ਜਾ ਕੇ ਇਸ ਨੂੰ ਲੋਕਾਂ ਦੇ ਘਰੀਂ ਪਹੁੰਚਾਉੰਂਦੇ। ਇਸ ਦਾ ਪਹਿਲਾ ਅੰਕ ਉਰਦੂ ਵਿਚ 1 ਨਵੰਬਰ 1913 ਨੂੰ ਛਪਿਆ। 1914 ਵਿਚ ਮੇਰਾ ਪੁੱਤਰ ਬਾਬਾ ਗੁਰਦਿੱਤ ਸਿੰਘ 400 ਦੇ ਕਰੀਬ ਪੰਜਾਬੀਆਂ ਨਾਲ ਭਰਿਆਂ ਹੋਇਆ ‘ਗੁਰੂ ਨਾਨਕ ਜਹਾਜ਼’ (ਕਾਮਾਗਾਟਾ ਮਾਰੂ) ਭਾਰਤ ਤੋਂ ਲੈ ਕੇ ਕਨੇਡਾ ਦੇ ਸ਼ਹਿਰ ਵੈਨਕੂਵਰ ਦੇ ਸਮੁੰਦਰੀ ਪਾਣੀਆਂ ਵਿਚ ਜਾ ਪਹੁੰਚਾ ਪਰ ਸਮੇਂ ਦੀ ਅੰਗਰੇਜ਼ ਸਰਕਾਰ ਨੇ ਉਸ ਨੂੰ ਕੰਢੇ ਨਾ ਲੱਗਣ ਦਿੱਤਾ ਅਤੇ ਦੋ ਮਹੀਨੇ ਸਮੁੰਦਰ ਵਿਚ ਖੜਾ ਰਹਿਣ ਪਿੱਛੋਂ ਉਸ ਨੂੰ ਵਾਪਸ ਪਰਤਣਾ ਪਿਆ ਅਤੇ ਵਾਪਸੀ ‘ਤੇ ਕਲਕੱਤੇ ਦੇ ‘ਬੱਜਬੱਜ-ਘਾਟ ‘ਤੇ ਉਸ ਦੇ ਮੁਸਾਫ਼ਰਾਂ ਨੂੰ ਭਾਰਤ ਦੀ ਅੰਗਰੇਜ਼ ਸਰਕਾਰ ਦੀਆਂ ਗੋਲ਼ੀਆਂ ਦਾ ਸਾਹਮਣਾ ਕਰਨਾ ਪਿਆ।

ਮੇਰੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੇ ‘ਜੱਲ੍ਹਿਆਂ ਵਾਲੇ ਬਾਗ਼’ ਵਿਚ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਹਿੰਦੂ, ਸਿੱਖ, ਮੁਸਲਿਮ ਭੈਣ-ਭਰਾਵਾਂ ਦਾ ਸਾਂਝਾ ਜਲਸਾ ਹੋਇਆ ਜਿਸ ਵਿਚ ਆਗੂਆਂ ਵੱਲੋਂ ਭਾਰਤ ਲਈ ਆਜ਼ਾਦੀ ਦੀ ਮੰਗ ਕੀਤੀ ਗਈ। ਅੰਗਰੇਜ਼ ਸਰਕਾਰ ਦੇ ਗਵਰਨਰ ਮਾਈਕਲ ਓਡਵਾਇਰ ਦੇ ਹੁਕਮਾਂ ‘ਤੇ ਬ੍ਰਿਗੇਡੀਅਰ ਡਾਇਰ ਵੱਲੋਂ ਮੇਰੇ ਇਨ੍ਹਾਂ ਨਿਹੱਥੇ ਦੇਸ਼-ਭਗਤਾਂ ਉੱਪਰ ਅੰਨ੍ਹੇ-ਵਾਹ ਗੋਲ਼ੀਆਂ ਚਲਵਾਈਆਂ ਗਈਆਂ ਜਿਨ੍ਹਾਂ ਨਾਲ ਇਕ ਹਜ਼ਾਰ ਤੋਂ ਵੱਧ ਸ਼ਹੀਦ ਅਤੇ ਦੋ ਹਜ਼ਾਰ ਤੋਂ ਵਧੇਰੇ ਜ਼ਖ਼ਮੀ ਹੋ ਗਏ ਸਨ। ਇਸ ਖ਼ੂਨੀ ਕਾਂਡ ਦਾ ਬਦਲਾ ਮੇਰੇ ਹੋਣਹਾਰ ਸਪੁੱਤਰ ਊਧਮ ਸਿੰਘ ਉਰਫ਼ ‘ਰਾਮ ਮੁਹੰਮਦ ਸਿੰਘ ਆਜ਼ਾਦ’ ਨੇ 21 ਸਾਲ ਬਾਅਦ ਲੰਡਨ ਜਾ ਕੇ ਕੈਕਸਟਨ ਹਾਲ ਵਿਚ ਚੱਲ ਰਹੇ ਇਕ ਸਮਾਗ਼ਮ ਦੌਰਾਨ ਫੜ੍ਹਾਂ ਮਾਰਦੇ ਹੋਏ ਮਾਈਕਲ ਓਡਵਾਇਰ ਨੂੰ ਸਾਰਿਆ ਦੇ ਸਾਹਮਣੇ ਸ਼ਰੇਆਮ ਗੋਲ਼ੀਆਂ ਮਾਰ ਕੇ ਲਿਆ ਅਤੇ ਇਸ ਦੇ ਬਦਲੇ ਹੋਈ ਸਜ਼ਾ ਵਿਚ 30 ਜੂਨ 1940 ਨੂੰ ਫ਼ਾਸੀ ਦਾ ਰੱਸਾ ਚੁੰਮਿਆਂ। 24 ਸਾਲਾਂ ਦੇ ਮੇਰੇ ਨੌਜੁਆਨ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੀ ਖ਼ਾਤਰ 23 ਮਾਰਚ 1931 ਨੂੰ ਆਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀਆਂ ਦੇਰੱਸੇ ਆਪਣੇ ਹੱਥੀ ਆਪਣੇ ਗਲ਼ਾਂ ਵਿਚ ਪਾਏ। ਉਨ੍ਹਾਂ ਦੇ ਸਾਥੀਆਂ ਬੀ.ਕੇ. ਦੱਤ, ਸਚਿਨ ਨਾਥ ਸਾਨਿਆਲ, ਮਦਨ ਲਾਲ ਢੀਂਗਰਾ ਤੇ ਹੋਰ ਕਿਹੜੇ-ਕਿਹੜੇ ਨਾਂ ਗਿਣਾਵਾਂ? ਇਹ ਤਾਂ ਬੜੀ ਲੰਮੀ ਲੜੀ ਏ ਅਤੇ ਗਿਣਦਿਆਂ ਬੜਾ ਸਮਾਂ ਲੱਗੇਗਾ। ਕਈ ਕਹਿੰਦੇ ਨੇ, ਭਾਰਤ ਨੂੰ ਆਜ਼ਾਦੀ ਬਾਪੂ ਗਾਂਧੀ ਦੇ ਚਰਖ਼ਾ ਕੱਤਣ ਨਾਲ ਮਿਲੀ ਹੈ ਜੋ ਕੋਰਾ ਝੂਠ ਹੈ। ਨਿਰੀਆਂ ਭੁੱਖ-ਹੜਤਾਲਾਂ, ਮਰਨ-ਵਰਤਾਂ ਅਤੇ ਜੇਲ੍ਹਾਂ ਵਿਚ ਜਾਣ ਨਾਲ ਹੀ ਇਹ ਆਜ਼ਾਦੀ ਨਹੀਂ ਮਿਲੀ, ਸਗੋਂ ਇਸ ਦੇ ਲਈ ਤਾਂ ਸ਼ਹੀਦਾਂ ਦਾ ਡੁੱਲ੍ਹਿਆ ਹੋਇਆ ਮਣਾਂ-ਮੂੰਹੀ ਖ਼ੂਨ ਹੀ ਕੰੰਮ ਆਇਆ, ਜਿਸ ਦੇ ਨਾਲ ਇਸ ਨੂੰ ਚੋਖਾ ਲਾਲ ਰੰਗ ਚੜ੍ਹਿਆ।

ਰਾਹ-ਹੰਭ ਕੇ ਆਖ਼ਰ ਅੰਗਰੇਜ਼ਾਂ ਨੇ 15 ਅਗੱਸਤ 1947 ਨੂੰ ਭਾਰਤ ਛੱਡਣ ਦਾ ਫ਼ੈਸਲਾ ਕੀਤਾ ਪਰ ਜਾਂਦੇ-ਜਾਂਦੇ ਉਹ ਮੇਰੇ ਅਤੇ ਬੰਗਾਲ ਦੇ ਸੂਬੇ ਵਿਚ ਵੰਡੀਆਂ ਪਾ ਗਏ। ਸਾਨੂੰ ਦੋਹਾਂ ਨੂੰ ਦੋ-ਦੋ ਹਿੱਸਿਆ ਵਿਚ ਵੰਡ ਦਿੱਤਾ ਗਿਆ ਅਤੇ ਇਨ੍ਹਾਂ ਦੇ ਪੂਰਬੀ ਤੇ ਪੱਛਮੀ ਭਾਗਾਂ ਵਿਚ ਹਿੰਦੂ, ਸਿੱਖ ਅਤੇ ਮੁਸਲਿਮ ਆਬਾਦੀ ਦੇ ਤਬਾਦਲੇ ਦੇ ਹੁਕਮ ਚਾੜ੍ਹ ਦਿੱਤੇ। ਇਸ ਦੇ ਨਾਲ਼ ਹੀ ਇਨ੍ਹਾਂ ਤਿੰਨਾਂ ਕੌਮਾਂ ਵਿਚ ਭਾਰੀ ਨਫ਼ਰਤ ਦੀ ਅੱਗ ਫ਼ੈਲਾਅ ਦਿੱਤੀ ਗਈ, ਜਿਸ ਦੇ ਨਤੀਜੇ ਵਜੋਂ ਦੋਹਾਂ ਸੂਬਿਆਂ ਵਿਚ ਲੱਖਾਂ ਲੋਕੀ ਆਪਸੀ ਹਿੰਸਾ ਦੀ ਭੇਂਟ ਚੜ੍ਹ ਗਏ ਅਤੇ ਕਈ ਕਰੋੜਾਂ ਦੇ ਹਿਸਾਬ ਨਾਲ ਜਾਇਦਾਦਾਂ ਦਾ ਅੱਗ ਵਿਚ ਸੜ ਕੇ ਮਾਲੀ ਨੁਕਸਾਨ ਹੋਇਆਂ। ਮੇਰੇ ਆਪਣੇ 10 ਲੱਖ ਦੇ ਲੱਗਭੱਗ ਪੁੱਤਰ/ਧੀਆਂ ਇਸ ਮਾਰੂ ਕਾਂਡ ਵਿਚ ਸ਼ਹੀਦ ਹੋ ਗਏ ਅਤੇ ਮੈਂ ਲਹੂ ਦੇ ਹੰਝੂ ਵਹਾਉਂਦਾ ਰਹਿ ਗਿਆ। ਮੈਨੂੰ ਅਜੇ ਇਹ ਦਰਦਨਾਕ ਕਾਂਡ ਨਹੀਂ ਭੁੱਲਿਆ ਸੀ ਕਿ ਜੂਨ 1984 ਵਿਚ ਅੰਮ੍ਰਿਤਸਰ ਅਤੇ ਨਵੰਬਰ 1984 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਵੱਡੇ ਖ਼ੂਨੀ ਕਾਂਡ ਹੋ ਗਏ ਜਿਨ੍ਹਾਂ ਵਿਚ ਸਮੇਂ ਦੀ ਸਰਕਾਰ ਵੱਲੋਂ ਮੇਰੇ ਸਿੱਖ-ਬੱਚਿਆਂ ਦੀ ਨਸਲਕੁਸ਼ੀ ਕਰਨ ਦੀ ਕੋਝੀ ਕੋਸਿ਼ਸ਼ ਕੀਤੀ ਗਈ। ਮੈਂ ਫਿਰ ਖ਼ੂਨ ਦੇ ਅੱਥਰੂ ਵਹਾਏ ਪਰ ਇਨ੍ਹਾਂ ਨੂੰ ਵੇਖਣ ਤੇ ਸਮਝਣ ਵਾਲਾ ਕੌਣ ਸੀ? ਜਿਨ੍ਹਾਂ ਨੇ ਇਹ ਵੇਖਣੇ ਸਨ, ਉਹ ਤਾਂ ਖ਼ੁਦ ਆਪ ਇਹ ਸੱਭ ਕਰਵਾਉਣ ਵਾਲਿਆਂ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਬਾਅਦ ਵਿਚ ਉੱਚ-ਪਦਵੀਆਂ ਅਤੇ ਮੰਤਰੀਆਂ ਦੀਆਂ ਕੁਰਸੀਆਂ ਨਾਲ ਨਿਵਾਜਿਆ ਗਿਆ।

ਮੇਰੇ ਬਾਰੇ ਇਕ ਬੜੀ ਮਸ਼ਹੂਰ ਕਹਾਵਤ ਹੈ, ਅਖੇ:

“ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।”

ਇਤਿਹਾਸ ਗਵਾਹ ਹੈ ਕਿ ਮੇਰੇ ਜਾਇਆਂ ਨੂੰ ਸਮੇਂ-ਸਮੇਂ ਨਵੀਆਂ-ਨਵੀਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ ਹੈ। ਤੇ ਇਹ ਇਤਿਹਾਸ ਹੁਣ ਵੀ ਦੁਹਰਾਇਆ ਜਾ ਰਿਹਾ ਹੈ। ਮੇਰੇ ਜਾਏ ਕਿਸਾਨ ਜੂਨ 2020 ਤੋਂ ਸੰਘਰਸ਼ ‘ਤੇ ਹਨ। ਪੰਜਾਬ ਵਿਚ ਨਵੇਂ ਬਿਜਲੀ ਬਿੱਲ ਦੇ ਆਉਣ ‘ਤੇ ਜਿਸ ਦੇ ਅਨੁਸਾਰ ਬਿਜਲੀ ਦੀਆਂ ਦਰਾਂ ਵਿਚ ਚੋਖਾ ਵਾਧਾ ਕੀਤਾ ਗਿਆਾ ਸੀ ਅਤੇ ਕਿਸਾਨੀ ਦੇ ਕੰਮਾਂ ਲਈ ਇਸ ਸਮੇਂ ਮੁਫ਼ਤ ਬਿਜਲੀ ਨਾਲ ਚੱਲ ਰਹੇ ਟਿਊਬਵੈੱਲਾਂ ਉੱਪਰ ਕਿਸਾਨਾਂ ਨੂੰ ਬਿੱਲ ਭੇਜਣ ਦੀ ਵਿਵਸਥਾ ਸੀ, ਦੇ ਵਿਰੋਧ ਵਿਚ ਪੰਜਾਬ ਦੇ ਕਿਸਾਨਾਂ ਨੇ ਰੇਲ-ਗੱਡੀਆਂ ਰੋਕਣ ਲਈ ਰੇਲ-ਪਟੜੀਆਂ ਅਤੇ ਪਲੇਟਫ਼ਾਰਮਾਂ ‘ਤੇ ਧਰਨੇ ਦਿੱਤੇ। ਸੜਕਾਂ ਉੱਪਰ ਬਣੇ ਟੌਲ-ਪਲਾਜਿਆਂ ਨੂੰ ਹਟਾਉਣ ਲਈ ਵੀ ਉਨ੍ਹਾਂ ਨੇ ਧਰਨੇ ਦਿੱਤੇ। ਅੰਬਾਨੀਆਂ-ਅਡਾਨੀਆਂ ਦੇ ਪੈਟਰੋਲ-ਪੰਪਾਂ ਅਤੇ ਉਨ੍ਹਾਂ ਦੇ ਵੱਡੇ-ਵੱਡੇ ਸਟੋਰਾਂ ਤੇ ਗੋਦਾਮਾਂ ਨੂੰ ਵੀ ਘੇਰਿਆ। ਸਤੰਬਰ ਮਹੀਨੇ ਵਿਚ ਖੇਤੀਬਾੜੀ ਵਾਲੇ ‘ਤਿੰਨ ਕਾਲ਼ੇ ਬਿੱਲ’ ਕੈਦਰ ਸਰਕਾਰ ਨੇ ਪਾਰਲੀਮੈਂਟ ਦੇ ਦੋਹਾਂ ਹਾਊਸਾਂ ਵਿਚ ਪਾਸ ਕਰਵਾ ਕੇ ਰਾਸ਼ਟਰਪਤੀ ਦੇ ਦਸਤਖ਼ਤਾਂ ਤੋਂ ਬਾਅਦ ਕਾਨੂੰਨ ਬਣਾ ਦਿੱਤੇ ਜਿਨ੍ਹਾਂ ਦਾ ਵਿਰੋਧ ਕਰਨ ਲਈ ਇਹ ਧਰਨੇ ਹੋਰ ਤੇਜ਼ ਹੋਏ ਅਤੇ ਇਹ ਸੰਘਰਸ਼ 26 ਨਵੰਬਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਉੱਪਰ ਲਿਜਾਣ ਦਾ ਫ਼ੈਸਲਾ ਹੋ ਗਿਆ। ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਹਰਿਆਣੇ ਦੀ ਬੀਜੇਪੀ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਰੋਕਾਂ ਖੜੀਆਂ ਕੀਤੀਆਂ ਗਈਆਂ। ਉਨ੍ਹਾਂ ਉੱਪਰ ਠੰਢੇ ਪਾਣੀ ਦੀਆਂ ਬੌਛਾੜਾਂ ਮਾਰੀਆਂ ਗਈਆਂ। ਹਾਈਵੇਜ਼ ਨੂੰ ਜੇਸੀਬੀ-ਮਸ਼ੀਨਾਂ ਨਾਲ ਪੁੱਟ ਕੇ ਉਨ੍ਹਾਂ ਵਿਚ ਡੂੰਘੀਆਂ ਖਾਈਆਂ ਬਣਾ ਦਿੱਤੀਆਂ ਗਈਆਂ ਤਾਂ ਜੋ ਮੇਰੇ ਕਿਸਾਨ-ਪੁੱਤਰਾਂ ਦੇ ਟਰੈੱਕਟਰ-ਟਰਾਲੀਆਂ ਅੱਗੇ ਨਾ ਜਾ ਸਕਣ ਪਰ ਉਨ੍ਹਾਂ ਨੂੰ ਕੌਣ ਰੋਕ ਸਕਦਾ ਸੀ ਅਤੇ ਉਹ ਇਹ ਸੱਭ ਰੋਕਾਂ ਪਾਰ ਕਰਕੇ ਆਪਣੀ ਮੰਜ਼ਲ ਵੱਲ ਵੱਧਦੇ ਗਏ। ਉਨ੍ਹਾਂ ਦੇ ਨਾਲ ਮੇਰੇ ਹਰਿਆਣਵੀ ‘ਭਤੀਜੇ-ਭਤੀਜੀਆਂ’ ਵੀ ਮਿਲ ਗਏ। ਉਨ੍ਹਾਂ ਮਿਲ ਕੇ ਜਲ-ਤੋਪਾਂ ਦੇ ਮੂੰਹ ਮੋੜ ਦਿੱਤੇ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਜਾ ਕੇ ਹੀ ਸਾਹ ਲਿਆ। ਓਧਰੋਂ ਕੁਝ ਦਿਨਾਂ ਬਾਅਦ ਉੱਤਰ-ਪ੍ਰਦੇਸ਼, ਉੱਤਰਾ-ਖੰਡ, ਰਾਜਸਥਾਨ ਅਤੇ ਮੱਧ-ਪ੍ਰਦੇਸ਼ ਦੇ ਕਿਸਾਨ ਵੀ ਗ਼ਾਜ਼ੀਪੁਰ ਵਾਲੇ ਬਾਰਡਰ ‘ਤੇ ਆ ਕੇ ਡੱਟ ਗਏ।

ਫਿਰ ਮੇਰੇ ਕਿਸਾਨ-ਆਗੂਆਂ ਦਾ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਜੋ 11 ਮੀਟਿੰਗਾਂ ਤੱਕ ਚੱਲਿਆ। 26 ਜਨਵਰੀ 2021 ਨੂੰ ਹੋਣ ਵਾਲੇ ‘ਵਿਸ਼ਾਲ ਟਰੈੱਕਟਰ-ਮਾਰਚ’ ਨੂੰ ਤਾਰਪੀਡੋ ਕਰਨ ਦੀਆਂ ਗੋਂਦਾਂ ਗੁੰਦੀਆਂ ਗਈਆਂ। ਦਿੱਲੀ ਪੁਲੀਸ ਮਿਥੀ ਹੋਈ ਸਾਜਿਸ਼ ਅਧੀਨ ਕੁਝ ਕਿਸਾਨਾ ਨੂੰ ਵਰਗਲ਼ਾ ਕੇ ਇਤਿਹਾਸਕ ‘ਲਾਲ ਕਿਲ੍ਹੇ’ ਵੱਲ ਲਿਜਾਣ ਵਿਚ ਸਫ਼ਲ ਹੋ ਗਈ ਜਿਨ੍ਹਾਂ ਵਿਚ ਕੁਝ ਸਰਕਾਰੀ ਅਨਸਰ ਵੀ ਦੱਸੇ ਜਾਂਦੇ ਹਨ। ਉਨ੍ਹਾਂ ਨੂੰ ਲਾਲ-ਕਿਲ੍ਹੇ ਦੇ ਸਾਹਮਣੇ ਵਾਲੇ ਮੈਦਾਨ ਤੱਕ ਬਿਨਾਂ ਕਿਸੇ ਰੋਕ-ਟੋਕ ਦੇ ਬੜੇ ਆਰਾਮ ਨਾਲ ਜਾਣ ਦਿੱਤਾ ਗਿਆ ਅਤੇ ਲਾਲ-ਕਿਲ੍ਹੇ ਦੀ ਫ਼ਸੀਲ ਉੱਪਰ ਲੱਗੇ ਲੰਮੇ-ਉੱਚੇ ਪੋਲ ਦੇ ਉੱਪਰ ਸਿੱਖੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਗਾਉਣ ਦਿੱਤੇ ਗਏ। ਉਪਰੰਤ, ਕਿਸਾਨ ਕਹੇ ਜਾਂਦੇ ਕੁਝ ਵਿਅੱਕਤੀਆਂ ਵੱਲੋਂ ਦਿੱਲੀ ਪੁਲੀਸ ਉੱਪਰ ਟਰੈੱਕਟਰ ਚੜ੍ਹਾਉਣ ਦੀ ਵੀ ਕੋਸਿ਼ਸ਼ ਕੀਤੀ ਗਈ ਅਤੇ ਉਨ੍ਹਾਂ ਦੀਆਂ ਪੋਲੀਸ ਨਾਲ ਛੋਟੀਆਂ-ਮੋਟੀਆਂ ਹਿੰਸਕ ਝੜਪਾਂ ਵੀ ਹੋਈਆਂ। ਉੱਤਰਾ-ਖੰਡ ਤੋਂ ਆਇਆ ਰਵਨੀਤ ਨਾਂ ਦਾ ਨੌਜੁਆਨ ਪੋਲੀਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਹੋਇਆ ਅਤੇ ਕੁਝ ਨੌਜੁਆਨਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਜਿਨ੍ਹਾਂ ਉੱਪਰ ਪੋਲੀਸ ਵੱਲੋਂ ਕੇਸ ਵੀ ਦਰਜ ਕੀਤੇ ਗਏ।

ਹੁਣ ਤਾਜਾ ਸੂਰਤੇ-ਹਾਲ ਇਹ ਹਨ ਕਿ ਮੇਰੇ ਕਿਸਾਨ ਪੁੱਤਰ ਦਿੱਲੀ ਦੀਆਂ ਬਰੂਹਾਂ ‘ਤੇ ਪੂਰੀ ਤਰ੍ਹਾ ਡਟੇ ਹੋਏ ਹਨ। 26 ਮਈ ਨੂੰ ਉਨ੍ਹਾਂ ਨੂੰ ਇੱਥੇ ਡਟਿਆਂ ਨੂੰ ਪੂਰੇ ਛੇ ਮਹੀਨੇ ਹੋ ਗਏ ਹਨ। ਕੇਂਦਰ ਸਰਕਾਰ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਅਤੇ ਉਹ ਅਡੋਲ ਰਹਿ ਕੇ ਇਸ ਇਮਤਿਹਾਨ ਵਿਚ ਪੂਰੀ ਤਰ੍ਹਾਂ ਸਫ਼ਲ ਹਨ। ਹਾੜੀ ਦੀ ਫ਼ਸਲ ਦੀ ਸਾਂਭ-ਸੰਭਾਲ ਲਈਂ ਉਨ੍ਹਾਂ ਦੇ ਕੁਝ ਸਾਥੀ ਆਪਣੇ ਪਿੰਡਾਂ ਨੂੰ ਗਏ ਸਨ ਅਤੇ ਹੁਣ ਉਹ ਇਹ ਕੰਮ ਮੁਕਾ ਕੇ ਫਿਰ ਦਿੱਲੀ ਦੇ ਬਾਰਡਰਾਂ ‘ਤੇ ਪਹੁੰਚ ਗਏ ਹਨ। ਬਹੁਤ ਸਾਰੇ ਪਿੰਡਾਂ ਵਿਚ ਲੋਕਾਂ ਨੇ ਦਿੱਲੀ ਜਾਣ ਲਈ ਆਪਣੀਆਂ ਵਾਰੀਆਂ ਬੰਨ੍ਹ ਲਈਆਂ ਹਨ ਅਤੇ ਉਹ ਹਫ਼ਤੇ ਜਾਂ 10 ਦਿਨਾਂ ਲਈ ਦਿੱਲੀ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ‘ਤੇ ਓਸੇ ਸਮੇਂ ਦੂਸਰਾ ਜੱਥਾ ਉੱਥੇ ਪਹੁੰਚ ਜਾਂਦਾ ਹੈ। ਹੁਣ ਤਾ ਉੱਥੇ ਪਹਿਲਾਂ ਵਾਲੀ ਹੀ ਜਾਂ ਉਸ ਤੋਂ ਵੀ ਬਹੁਤੀ ਰੌਣਕ ਹੋ ਗਈ ਹੈ। ਮੇਰੇ ਪੁੱਤਰਾਂ-ਧੀਆਂ ਨੂੰ ਗਰਮੀ ਦੀ ਕੋਈ ਪ੍ਰਵਾਹ ਨਹੀਂ ਹੈ। ਗਰਮੀ ਤੋਂ ਬਚਣ ਲਈ ਉਨ੍ਹਾਂ ਨੇ ਉੱਥੇ ਬਾਸਾਂ ਅਤੇ ਕਾਨਿਆਂ ਦੀਆਂ ਆਰਜ਼ੀ ਝੌਂਪੜੀਆਂ ਦਾ ਪ੍ਰਬੰਧ ਕਰ ਲਿਆ ਹੈ ਅਤੇ ਉਨ੍ਹਾਂ ਵਿਚ ਪੱਖਿਆ ਅਤੇ ਕੂਲਰਾਂ ਦਾ ਪੂਰਾ ਪ੍ਰਬੰਧ ਕਰ ਲਿਆ ਹੈ। ਕਈਆਂ ਨੇ ਤਾਂ ਉੱਥੇ ਏ.ਸੀ. ਵੀ ਲਗਵਾ ਲਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਪੋਹ-ਮਾਘ ਦੀਆਂ ਕਕਰੀਲੀਆਂ ਰਾਤਾਂ ਉੱਥੇ ਗ਼ੁਜ਼ਾਰ ਸਕਦੇ ਹਨ ਤਾਂ ਇਹ ਏਨੀ ਕੁ ਗਰਮੀ ਉਨ੍ਹਾਂ ਦਾ ਕੀ ਵਿਗਾੜ ਲਵੇਗੀ। ਭਾਰਤ ਦੀ ਕੇਂਦਰ ਸਰਕਾਰ ਘੇਸਲ ਮਾਰ ਕੇ ਬੈਠੀ ਹੋਈ ਹੈ ਅਤੇ ਉਹ ਉਨ੍ਹਾਂ ਦਾ ਹੌਸਲਾ ਅਤੇ ਹੱਠ ਪਰਖਣਾ ਚਾਹੁੰਦੀ ਹੈ, ਅਤੇ ਉਹ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ।

ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਭਾਰਤ ਦੇ ਕਿਸਾਨਾਂ ਦੇ ਇਸ ਮਸਲੇ ਨੂੰ ਸੁਲਝਾਉਣ ਲਈ ਕਿਸਾਨ ਆਗੂਆਂ ਨੂੰ ਇਕੱਲੇ-ਇਕੱਲੇ ਨੂੰ ਪਹੁੰਚ ਕਰਨ ਦੀ ਕੋਸਿ਼ਸ਼ ਕਰ ਰਹੀ ਹੈ, ਪਰ ਕਿਸਾਨ ਆਗੂਆਂ ਨੇ ਸਰਕਾਰ ਦੇ ਉਨ੍ਹਾਂ ਫ਼ੀਲਰ ਸੁੱਟਣ ਵਾਲਿਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਨੂੰ ਇਸ ਸਬੰਧੀ ਉਨ੍ਹਾਂ ਨਾਲ ਅੱਗੇ ਵਾਂਗ ਸਮੂਹਿਕ ਤੌਰ ‘ਤੇ ਹੀ ਗੱਲਬਾਤ ਕਰਨੀ ਹੋਵੇਗੀ ਅਤੇ ਉਹ ਕਿਸਾਨ ਆਗੂਆਂ ਨੂੰ ਨਿੱਜੀ ਤੌਰ ‘ਤੇ ਸੰਪਰਕ ਕਰਕੇ ਉਨ੍ਹਾਂ ਨੂੰ ਆਪਸ ਵਿਚ ਪਾੜਨ ਦਾ ਯਤਨ ਨਾ ਕਰੇ। ਉਹ ਪੂਰੀ ਤਰ੍ਹਾਂ ਇਕ-ਮੁੱਠ ਹਨ ਅਤੇ ਇਕ-ਮੁੱਠ ਹੀ ਰਹਿਣਗੇ। ਕੇਂਦਰ ਸਰਕਾਰ ਕਰੋਨਾ-ਮਹਾਂਮਾਰੀ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਉੱਥੋਂ ਉਠਾਉਣ ਦੀ ਕੋਸਿ਼ਸ਼ ਵੀ ਕਰ ਰਹੀ ਹੈ ਪਰ ਕਿਸਾਨ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉੱਥੇ ਪੂਰੀ ਤਰ੍ਹਾਂ ਸੁਰੱਖਿ਼ਅਤ ਹਨ ਅਤੇ ਉਨ੍ਹਾਂ ਲਈ ਇਹ ਜਿਊਣ-ਮਰਨ ਦਾ ਸੁਆਲ ਹੈ। ਟਿੱਕਰੀ ਬਾਰਡਰ ‘ਤੇ ਆਧੁਨਿਕ ਸਿਹਤ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਗਿਆ ਹੈ ਜਿਸ ਵਿਚ ਅਮਰੀਕਾ ਤੋਂ ਗਏ ਡਾ. ਸਵੈਮਾਨ ਸਿੰਘ ਦੀ ਅਗਵਾਈ ਵਿਚ 40 ਡਾਕਟਰਾਂ ਦੀ ਟੀਮ ਬਾਖ਼ੂਬੀ ਕੰਮਮ ਕਰ ਰਹੀ ਹੈ। ਕਿਸਾਨ ਕਹਿੰਦੇ ਹਨ ਕਿ ਉਹ ਕਰੋਨਾ ਨਾਲ ਤਾਂ ਸ਼ਾਇਦ ਨਾ ਹੀ ਮਰਨ ਪਰ ਇਨ੍ਹਾਂ ਤਿੰਨਾਂ ਕਾਲੇ ਖੇਤੀਬਾੜੀ ਕਾਨੂੰਨਾਂ ਕਾਰਨ ਨੇੜ-ਭਵਿੱਖ ਵਿਚ ਉਨ੍ਹਾਂ ਦੀ ਮੌਤ ਯਕੀਨੀ ਹੈ। ਇਸ ਲਈ ਉਨ੍ਹਾਂ ਦਾ ਇਸ ਮੋਰਚੇ ਨੂੰ ਉੱਥੇ ਜਾਰੀ ਰੱਖਣਾ ਅਤੀ ਜ਼ਰੂਰੀ ਹੈ।

ਇਸ ਦੇ ਨਾਲ ਹੀ ਮੇਰੇ ਕਿਸਾਨ-ਪੁੱਤਰ ਰਾਜਸੀ ਪੱਖੋਂ ਵੀ ਪੂਰੀ ਤਰ੍ਹਾਂ ਸੁਚੇਤ ਹਨ। ਉਨ੍ਹਾਂ ਨੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੀਆਂ ਸਟੇਜਾਂ ਦੇ ਨੇੜੇ ਨਹੀਂ ਫਟਕਣ ਦਿੱਤਾ। ਉਨ੍ਹਾਂ ਪੱਛਮੀ ਬੰਗਾਲ ਅਤੇ ਹੋਰ ਚਾਰ ਰਾਜਾਂ ਜਿੱਥੇ ਪਿੱਛੇ ਜਿਹੇ ਵਿਧਾਨ-ਸਭਾਈ ਚੋਣਾ ਹੋਈਆਂ ਹਨ, ਵਿਚ ਜਾ ਕੇ ਬੀਜੇਪੀ ਦੇ ਵਿਰੁੱਧ ਧੂੰਆਂਧਾਰ ਪ੍ਰਚਾਰ ਕੀਤਾ ਹੈ ਜਿਸ ਦੇ ਸਿੱਟ ਵਜੋਂ ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ, ਕੇਰਲ ਅਤੇ ਚੇਨਈ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ 2022 ਵਿਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਵਿਚ ਇੰਜ ਹੀ ਜਾ ਕੇ ਇਸ ਕਿਸਮ ਦਾ ਬੀਜੇਪੀ ਵਿਰੋਧੀ ਪ੍ਰਚਾਰ ਕਰਨਗੇ ਅਤੇ ਇਸ ਪਾਰਟੀ ਨੂੰ ਰਾਜਨੀਤਕ ਤੌਰ ‘ਤੇ ਕਮਜੋ਼ਰ ਕਰਨ ਦੀ ਪੂਰੀ ਵਾਹ ਲਗਾਉਣਗੇ।

ਵੇਖੋ! ਊਠ ਅੱਗੇ ਕਿਸ ਕਰਵਟ ਬੈਠਦਾ ਹੈ। ਉਂਜ, ਪੱਛਮੀ ਬੰਗਾਲ, ਕੈਰਲ ਅਤੇ ਚੈਨਈ ਰਾਜਾਂ ਦੀ ਸ਼ਰਮਨਾਕ ਹਾਰ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਸ਼ੀਸ਼ਾ ਜ਼ਰੂਰ ਵਿਖਾ ਦਿੱਤਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣਾ ਹੱਠ ਛੱਡ ਕੇ ਇਸ ਤੋਂ ਕੁਝ ਸਬਕ ਸਿੱਖੇਗੀ ਅਤੇ ਜਲਦੀ ਹੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਤਿੰਨਾਂ ਖੇਤੀਬਾੜੀ ਬਿੱਲਾਂ ਨੂੰ ਵਾਪਸ ਲੈਣ ਅਤੇ ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਗਰੰਟੀ ਦੇਣ ਵਾਲਾ ਕਾਨੂੰਨ ਲਿਆ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਿਆਂ ਕਰਦਿਆਂ ਹੋਇਆਂ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਆਪਣੇ ਘਰਾਂ ਨੂੰ ਤੋਰੇਗੀ।

img

Dr. SUKHDEV SINGH JHAND M.Sc., MLIS, Ph.D. (LIBRARY & INF. SCIENCE) Executive member CANADIAN PUNJABI SAHIT SABHA TORONTO JOURNALISM (SIKH SPOKESMAN WEEKLY) BOOKS PUBLISHED: 'PUNJAB DE LOK-RUKH' (2000), 'SAADE RUKH' (2010), 'UTTARI AMERICAN RUKH (2015), 'KADON' (2015), 'GUIDE TO REFERENCE SOURCES IN PUNJABI (2011), 'DEWEY DECIMAL CLASSIFICATION: AMLI JAAN- PACHHAN (2011), 'PATTE TE PARCHHAVEN: CHOHAN TON BRAMPTON, BIOGRAPHY (2019).

Comments are closed

Related Posts