ਸੀਟੀਏ ਨੇ ਹਾਈਵੇਅ 185 ਨੂੰ ਦੂਹਰਾ ਕਰਨ ਦੇ ਕੰਮ ਨੂੰ ਤੇਜ਼ ਕਰਨ ਦੀ ਲੋੜ ਉੱਤੇ ਦਿੱਤਾ ਜ਼ੋਰ

Cargo truck on the mountain.

ਇਸ ਸਾਲ ਦੇ ਸ਼ੁਰੂ ਵਿੱਚ ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਵੱਲੋਂ ਕੀਤੀ ਗਈ ਪਹਿਲਕਦਮੀ ਦੇ ਹਿੱਸੇ ਵਜੋਂ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੀਤੀ ਗਈ ਸਿਫਾਰਿਸ਼ ਅਨੁਸਾਰ ਇਸ ਸਮੇਂ ਹਾਈਵੇਅ 185 ਨੂੰ ਦੂਹਰਾ ਕਰਨ ਦੇ ਕੰਮ ਨੂੰ ਮੁਕੰਮਲ ਕੀਤੇ ਜਾਣ ਦੀ ਲੋੜ ਹੈ। ਇਹ ਹਾਈਵੇਅ ਨਿਊ ਬਰੰਜ਼ਵਿੱਕ ਤੇ ਕਿਊਬਿਕ ਪ੍ਰੋਵਿੰਸਾਂ ਦਰਮਿਆਨ ਮੁੱਖ ਹਾਈਵੇਅ ਸੰਪਰਕ ਹੈ। 

ਸੀਟੀਏ ਦੇ ਸੀਨੀਅਰ ਵੀਪੀ ਪਾਲਿਸੀ ਜੈੱਫ ਵੁੱਡ ਨੇ ਆਖਿਆ ਕਿ ਹਾਈਵੇਅ 185 ਸੈਂਟਰਲ ਤੇ ਈਸਟਰਨ ਕੈਨੇਡੀਅਨ ਸਪਲਾਈ ਚੇਨਜ਼ ਨੂੰ ਜੋੜਨ ਵਾਲਾ ਅਹਿਮ ਸ਼ਾਹਰਾਹ ਹੈ।ਸੀਟੀਏ ਚਾਹੁੰਦੀ ਹੈ ਕਿ ਇਸ ਪੋ੍ਰਜੈਕਟ ਨੂੰ ਇਸ ਤਰ੍ਹਾਂ ਅੱਗੇ ਵਧਾਇਆ ਜਾਵੇ ਕਿ ਇਸ ਨੂੰ ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਰਿਪੋਰਟ ਦੀਆਂ ਅਹਿਮ ਤੇ ਤਾਜ਼ਾ ਸਿਫਾਰਿਸ਼ਾਂ ਵਿੱਚ ਸ਼ਾਮਲ ਕੀਤਾ ਜਾਵੇ। 

ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਰਿਪੋਰਟ ਅਨੁਸਾਰ ਹਾਈਵੇਅ ਨੂੰ ਦੋਹਰਾ ਕਰਨ ਵਾਸਤੇ ਫੰਡ ਪਹਿਲਾਂ ਹੀ ਪਾਸੇ ਕਰਕੇ ਰੱਖ ਦਿੱਤੇ ਗਏ ਸਨ। ਇੱਕ ਵਾਰੀ ਮੁਕੰਮਲ ਹੋਣ ਤੋਂ ਬਾਅਦ ਇਸ ਪ੍ਰੋਜੈਕਟ ਨਾਲ ਕਈ ਅਹਿਮ ਫਾਇਦੇ ਹੋਣਗੇ ਤੇ ਪੂਰਬੀ ਕੈਨੇਡੀਅਨ ਸਪਲਾਈ ਚੇਨ ਦੀ ਮਹਾਰਤ ਵਿੱਚ ਵੀ ਵਾਧਾ ਹੋਵੇਗਾ। ਇੱਥੇ ਹੀ ਬੱਸ ਨਹੀਂ ਇਸ ਨਾਲ ਪੋਰਟ ਆਫ ਹੈਲੀਫੈਕਸ ਤੇ ਵਿੰਡਸਰ ਓਨਟਾਰੀਓ ਦਰਮਿਆਨ ਲੰਬੇ ਕਾਂਬੀਨੇਸ਼ਨ ਵ੍ਹੀਕਲ (ਐਲਸੀਵੀ) ਬਿਨਾਂ ਕਿਸੇ ਦਿੱਕਤ ਦੇ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਣਗੇ। 

ਹਾਈਵੇਅ ਦਾ ਮੌਜੂਦਾ ਡਿਜ਼ਾਈਨ ਇਸ ਸਮੇਂ ਆਪਰੇਸ਼ਨਲ ਚੁਣੌਤੀਆਂ ਪੇਸ਼ ਕਰਦਾ ਹੈ ਕਿਉਂਕਿ ਐਲਸੀਵੀਜ਼ ਨੂੰ ਅਲੱਗ ਕਰਕੇ ਮੁੜ ਜੋੜਨਾ ਪੈਂਦਾ ਹੈ ਤਾਂ ਕਿ ਹਾਈਵੇਅ ਉੱਤੇ ਨਿੱਕੀ ਦੂਰੀ ਪੂਰੀ ਕੀਤੀ ਜਾ ਸਕੇ। ਇਹ ਹਾਈਵੇਅ ਮੌਜੂਦਾ ਰੂਪ ਵਿੱਚ ਐਲਸੀਵੀ ਆਪਰੇਸ਼ਨਜ਼ ਲਈ ਮਨਜ਼ੂਰਸੁ਼ਦਾ ਨਹੀਂ ਹੈ ਤੇ ਇਹ ਦੋਹਰਾ ਵੀ ਨਹੀਂ ਹੈ। 

ਵੁੱਡ ਨੇ ਆਖਿਆ ਕਿ ਅਸੀਂ ਮੰਤਰੀ ਅਲਘਬਰਾ ਤੇ ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਦੀ ਟੀਮ ਦਾ ਸੁ਼ਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਸਾਰਾ ਧਿਆਨ ਇਸ ਉੱਤੇ ਕੇਂਦਰਿਤ ਕੀਤਾ ਹੋਇਆ ਹੈ। ਉਨ੍ਹਾਂ ਆਖਿਆ ਕਿ ਆਓ ਇਸ ਹਾਈਵੇਅ 185 ਪੋ੍ਰਜੈਕਟ ਨੂੰ ਮੁਕੰਮਲ ਕਰਨਾ ਆਪਣੀ ਤਰਜੀਹ ਬਣਾਈਏ ਤਾਂ ਕਿ ਕੈਨੇਡੀਅਨਜ਼ ਲਈ ਆਪਣੀਆਂ ਘਰੇਲੂ ਤੇ ਕੌਮਾਂਤਰੀ ਸਪਲਾਈ ਚੇਨਜ਼ ਦੀ ਸਮਰੱਥਾ ਤੇ ਪ੍ਰਭਾਵਸ਼ੀਲਤਾ ਵੱਧ ਸਕੇ। ਇਸ ਸਪਲਾਈ ਚੇਨਜ਼ ਰਾਹੀਂ ਐਟਲਾਂਟਿਕ ਪ੍ਰੋਵਿੰਸਾਂ, ਕਿਊਬਿਕ ਤੇ ਓਨਟਾਰੀਓ ਦਰਮਿਆਨ ਵਸਤਾਂ ਨੂੰ ਇੱਧਰ ਉੱਧਰ ਲਿਆਇਆ ਲਿਜਾਇਆ ਜਾਂਦਾ ਹੈ।