ਸਿਆਲਾਂ ਵਿੱਚ ਗੱਡੀ ਚਲਾਉਂਦੇ ਸਮੇਂ ਵਿਸ਼ੇਸ਼ ਅਹਿਤਿਆਤ ਵਰਤਣ ਦੀ ਹੈ ਲੋੜ

Frontal collision between two goods trucks.

ਜਦੋਂ ਮੈਂ ਅੱਜ ਸਵੇਰੇ ਜੀਟੀਏ ਵਿੱਚ ਸੁੱਤਾ ਉੱਠਿਆ ਤਾਂ ਮੈਂ ਮੌਸਮ ਅਤੇ ਟਰੈਫਿਕ ਦਾ ਹਾਲ ਜਾਨਣ ਲਈ ਰੇਡੀਓ
ਸੁਨਣ ਲੱਗਿਆ। ਰੇਡੀਓ ਉੱਤੇ ਕਿ਼ਤੇ ਕਈ ਗੱਡੀਆਂ ਦੀ ਟੱਕਰ ਦੀਆਂ ਖਬਰਾਂ ਆ ਰਹੀਆਂ ਸੀ ਤੇ ਇਸ ਏਰੀਏ ਦੇ
ਆਲੇ ਦੁਆਲੇ ਕਈ ਗੱਡੀਆਂ ਦੇ ਖੱਡ ਵਿੱਚ ਡਿੱਗਣ ਦੀ ਗੱਲ ਕੀਤੀ ਜਾ ਰਹੀ ਸੀ।ਇੱਥੋਂ ਤੱਕ ਕਿ ਇੱਕ ਸੈਮੀ
ਜੈੱਕਨਾਈਫਡ ਦੇ ਬੁੱਧਵਾਰ ਸਵੇਰੇ ਏਅਰਪੋਰਟ ਲਾਗੇ 427 ਦੇ ਉੱਤਰ ਵਾਲੇ ਪਾਸੇ ਹਾਦਸਾਗ੍ਰਸਤ ਹੋਣ ਦੀ ਖਬਰ
ਵੀ ਸੁਣੀ ਤੇ ਇਸ ਤਰ੍ਹਾਂ ਦੀਆਂ ਖਬਰਾਂ ਸੁਣ ਕੇ ਮੈਂ ਹੈਰਾਨ ਸੀ ਕਿ ਹਰ ਸਾਲ ਅਜਿਹਾ ਹੀ ਕਿਉਂ ਵਾਪਰਨਾ ਹੁੰਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿਆਲਾਂ ਵਿੱਚ ਗੱਡੀ ਚਲਾਉਣੀ ਬਹੁਤ ਹੀ ਖਰਾਬ ਤਜਰਬਾ ਹੈ ਪਰ ਜਦੋਂ ਤੁਸੀਂ
ਸਿਟੀ ਦੀਆਂ ਸੜਕਾਂ ਉੱਤੇ ਹੁੰਦੇ ਹੋ ਤਾਂ ਲੋਕਾਂ ਵਿੱਚ ਅਜੀਬ ਜਿਹਾ ਜਨੂੰਨ ਆ ਜਾਂਦਾ ਹੈ ਖਾਸਤੌਰ ਉੱਤੇ ਜਦੋਂ
ਪਹਿਲੀ ਸਨੋਅ ਫਾਲ ਹੁੰਦੀ ਹੈ। ਇਸ ਸਨੋਅ ਫਾਲ ਦਰਮਿਆਨ ਜਾਂ ਇਸ ਤੋਂ ਤੁਰੰਤ ਬਾਅਦ ਲੋਕ ਸੜਕਾਂ ਉੱਤੇ ਖੁੱਲ੍ਹ
ਕੇ ਨਿੱਤਰ ਆਉਂਦੇ ਹਨ। ਜਦੋਂ ਤੱਕ ਜ਼ਮੀਨ ਉੱਤੇ ਬਰਫ ਜੰਮ ਨਹੀਂ ਜਾਂਦੀ, ਪੇਵਮੈਂਟ ਦੇ ਸੰਪਰਕ ਵਿੱਚ ਆਉਣ ਤੋਂ
ਬਾਅਦ ਬਰਫ ਅੰਸ਼ਕ ਤੌਰ ਉੱਤੇ ਪਿਘਲ ਜਾਂਦੀ ਹੈ ਤੇ ਫਿਰ ਚਿੱਕੜ ਵਿੱਚ ਬਦਲ ਜਾਂਦੀ ਹੈ।
ਜਿਵੇਂ ਹੋਰ ਬਰਫ ਪੈਂਦੀ ਹੈ ਤਾਂ ਇਹ ਚਿੱਕੜ ਨੂੰ ਢੱਕ ਲੈਂਦੀ ਹੈ ਤੇ ਇਸ ਤੋਂ ਬਾਅਦ ਹਰ ਪਾਸੇ ਤਿਲ੍ਹਕਣ ਹੀ
ਤਿਲ੍ਹਕਣ ਹੋ ਜਾਂਦੀ ਹੈ। ਇੱਕ ਪ੍ਰੋਫੈਸ਼ਨਲ ਡਰਾਈਵਰ ਵਜੋਂ ਇਹ ਸਾਡੀ ਜਿ਼ੰਮੇਵਾਰੀ ਹੈ ਕਿ ਅਸੀਂ ਸੁਰੱਖਿਅਤ
ਡਰਾਈਵਿੰਗ ਸਕਿੱਲਜ਼ ਨੂੰ ਅਪਣਾਈਏ ਤੇ ਇਨ੍ਹਾਂ ਦਾ ਮੁਜ਼ਾਹਰਾ ਕਰੀਏ। ਇਨ੍ਹਾਂ ਵਿੱਚੋਂ ਇੱਕ ਹੁਨਰ ਇਹ ਹੈ ਕਿ
ਅਸੀਂ ਇਸ ਢੰਗ ਨਾਲ ਗੱਡੀ ਚਲਾਈਏ ਕਿ ਜਿਸ ਨਾਲ ਘੱਟ ਹੁਨਰਮੰਦ ਡਰਾਈਵਰਾਂ ਵੱਲੋਂ ਲਏ ਜਾਣ ਵਾਲੇ ਗਲਤ
ਫੈਸਲਿਆਂ ਦਾ ਘੱਟੋ ਘੱਟ ਤੁਹਾਡੇ ਉੱਤੇ ਅਸਰ ਨਾ ਪਵੇ।
ਖਾਸ ਧਿਆਨ ਦੇਣ ਵਾਲੀ ਗੱਲ ਹੈ ਟਰੈਫਿਕ ਲਾਈਟਾਂ। ਜਿਵੇਂ ਹੀ ਲਾਈਟ ਹਰੀ ਹੁੰਦੀ ਹੈ ਤਾਂ ਵੀ ਸੱਭ ਤੋਂ ਪਹਿਲਾਂ
ਖੱਬੇ ਤੇ ਫਿਰ ਸੱਜੇ ਵੇਖੋ। ਹੋ ਸਕਦਾ ਹੈ ਕਿ ਕੋਈ ਅਜਿਹਾ ਸ਼ਖਸ ਹੋਵੇ ਜਿਹੜਾ ਕਿਸੇ ਵੀ ਕਾਰਨ ਕਰਕੇ ਆਪਣੇ ਪਾਸੇ
ਵਾਲੀ ਲਾਲ ਲਾਈਟ ਨੂੰ ਵੇਖ ਨਾ ਸਕਿਆ ਹੋਵੇ ਜਾਂ ਫਿਰ ਤੇਜ਼ੀ ਕਾਰਨ ਲਾਲ ਲਾਈਟ ਟੱਪ ਜਾਵੇ।ਇਸ ਲਈ
ਅਹਿਤਿਆਤ ਵਰਤਦਿਆਂ ਹੋਇਆਂ ਪਹਿਲਾਂ ਹੀ ਚੌਕਸੀ ਦੀ ਵਰਤੋਂ ਕਰਦਿਆਂ ਹੋਇਆਂ ਅਜਿਹੀ ਗੱਡੀ ਨੂੰ ਲੰਘ
ਜਾਣ ਦੇਣਾ ਚਾਹੀਦਾ ਹੈ ਬਜਾਇ ਕਿ ਹਾਦਸੇ ਦਾ ਸਿ਼ਕਾਰ ਹੋਇਆ ਜਾਵੇ।
ਅਜਿਹੇ ਮੌਸਮ ਵਿੱਚ ਪਹਾੜਾਂ ਉੱਤੇ ਚੜ੍ਹਾਈ ਤੇ ਢਲਾਣ ਕਾਰਨ ਖਤਰਾ ਹੋਰ ਵੱਧ ਜਾਂਦਾ ਹੈ ਤੇ ਗੱਡੀ ਨੂੰ ਕਾਫੀ ਪਿੱਛੋਂ
ਹੀ ਰੋਕਣ ਦੀ ਕੋਸਿ਼ਸ਼ ਕਰਨੀ ਪੈਂਦੀ ਹੈ। ਜੇ ਕੁੱਝ ਅਣਕਿਆਸਿਆ ਵਾਪਰ ਜਾਵੇ ਜਿਵੇਂ ਕਿ ਗੱਡੀ ਦਾ ਪਹਿਲਾਂ ਬੰਦ
ਹੋਣਾ, ਲਾਈਟ ਦਾ ਅਚਾਨਕ ਬਦਲਣਾ, ਅਚਾਨਕ ਬ੍ਰੇਕ ਲਾਉਣੀ ਪੈਣਾ ਜਿਵੇਂ ਕਿ ਜੁਲਾਈ ਵਿੱਚ ਹੋਵੇ, ਤਾਂ ਵੱਡਾ
ਹਾਦਸਾ ਵਾਪਰ ਸਕਦਾ ਹੈ।ਅਜਿਹੇ ਹਾਲਾਤ ਵਿੱਚ ਤੁਹਾਡੇ ਲਈ ਬਿਹਤਰ ਇਹ ਹੋਵੇਗਾ ਕਿ ਆਪਣੀ ਗੱਡੀ ਨੂੰ ਮੱਠੀ
ਰਫਤਾਰ ਉੱਤੇ ਹੀ ਚਲਾਓ। ਆਪਣੀ ਗੱਡੀ ਦੀ ਰਫਤਾਰ ਘੱਟੋ ਘੱਟ 30 ਫੀ ਸਦੀ ਤੋਂ ਵੀ ਘਟਾਅ ਦਿਓ। ਹੋਰਨਾਂ
ਲੋਕਾਂ ਦੀ ਪਰਵਾਹ ਨਾ ਕਰੋ ਜਿਹੜੇ ਤੁਹਾਨੂੰ ਕੌੜਾ ਕੌੜਾ ਵੇਖਦੇ ਹਨ ਜਾਂ ਤੁਹਾਡਾ ਮਜ਼ਾਕ ਉਡਾ ਰਹੇ ਹੋਣ। ਤੁਹਾਨੂੰ
ਵੀ ਉਨ੍ਹਾਂ ਨੂੰ ਉਸ ਸਮੇਂ ਭਾਜੀ ਮੋੜਨ ਦਾ ਮੌਕਾ ਮਿਲੇਗਾ ਜਦੋਂ ਉਹ ਆਪਣੀ ਗਲਤੀ ਕਾਰਨ ਖੱਡ ਵਿੱਚ ਡਿੱਗੇ ਪਏ
ਹੋਣਗੇ ਤੇ ਤੁਸੀਂ ਸਹੀ ਸਲਾਮਤ ਉਨ੍ਹਾਂ ਦੇ ਲਾਗਿਓਂ ਲੰਘੋਂਗੇ। ਜਦੋਂ ਸੜਕਾਂ ਉੱਤੇ ਹਾਲਾਤ ਆਮ ਨਾਲੋਂ ਘੱਟ ਕਾਰਗਰ
ਹੋਣ ਤਾਂ ਹੌਲੀ ਚੱਲਣ ਵਿੱਚ ਹੀ ਸਮਝਦਾਰੀ ਹੈ। ਇਹ ਚੇਤੇ ਰੱਖੋ ਕਿ ਤੁਹਾਡਾ ਕੰਮ ਖ਼ਤਮ ਕਰਨ ਤੋਂ ਬਾਅਦ ਤੁਹਾਡਾ
ਪਰਿਵਾਰ ਬੜੀ ਤਾਂਘ ਨਾਲ ਘਰ ਵਿੱਚ ਤੁਹਾਡੀ ਉਡੀਕ ਕਰ ਰਿਹਾ ਹੁੰਦਾ ਹੈ।