ਡਰਾਈਵਰਾਂ ਦੇ ਰੋਜ਼ਗਾਰ ਲਈ ਖਤਰਾ ਨਹੀਂ ਹੈ ਆਟੋਮੇਸ਼ਨ :ਏਟੀਏ

Autonomous Collage

ਅਮੈਰੀਕਨ ਟਰੱਕਿੰਗ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਕ੍ਰਿਸ ਸਪੀਅਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਆਟੋਨੌਮਸ ਟਰੱਕਿੰਗ ਵਿੱਚ ਹੋ ਰਹੀ ਤਰੱਕੀ ਨਾਲ ਡਰਾਈਵਰਾਂ ਨੂੰ ਕੋਈ ਖਤਰਾ ਹੋ ਸਕਦਾ ਹੈ।ਉਨ੍ਹਾਂ ਆਖਿਆ ਕਿ ਆਰਥਿਕ ਕਾਰਨਾਂ ਕਰਕੇ ਆਉਣ ਵਾਲੇ ਸਾਲਾਂ ਵਿੱਚ ਡਰਾਈਵਰਾਂ ਦੀ ਮੰਗ ਪਹਿਲਾਂ ਵਾਂਗ ਹੀ ਬਰਕਰਾਰ ਰਹੇਗੀ। ਇਹ ਜਾਣਕਾਰੀ ਟਰਾਂਸਪੋਰਟ ਟੌਪਿਕਸ ਵੱਲੋਂ ਦਿੱਤੀ ਗਈ।

ਕਨਵਰਜ਼ਨ ਇੰਟਰੈਕਟਿਵ ਏਜੰਸੀ, ਏਟੀਏ ਤੇ ਟਰਾਂਸਪੋਰਟ ਟੌਪਿਕਸ ਵੱਲੋਂ ਆਯੋਜਿਤ 2022 ਰਕਰੂਟਮੈਂਟ ਐਂਡ ਰਿਟੈਂਸ਼ਨ ਕਾਨਫਰੰਸ ਦੌਰਾਨ ਸਪੀਅਰ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਤੋਂ ਕੋਈ ਖਤਰਾ ਨਹੀਂ ਲੱਗਦਾ ਕਿਉਂਕਿ ਜਿੱਧਰ ਸਾਡਾ ਅਰਥਚਾਰਾ, ਸਾਡਾ ਦੇਸ਼ ਤੇ ਸਾਡੀ ਇੰਡਸਟਰੀ ਜਾ ਰਹੀ ਹੈ ਉੱਧਰ ਡਰਾਈਵਰਾਂ ਦੀ ਲੋੜ ਤਾਂ ਹਮੇਸ਼ਾਂ ਰਹੇਗੀ ਹੀ। ਇਹ ਸੱਭ ਵਿਕਾਸ ਦੀਆਂ ਗੱਲਾਂ ਹਨ। ਇਸ ਸਮੇਂ ਅਮਰੀਕਾ ਵਿੱਚ 16 ਵਿੱਚੋਂ ਇੱਕ ਜੌਬ ਟਰੱਕਿੰਗ ਨਾਲ ਸਬੰਧਤ ਹੈ। 29 ਸਟੇਟਸ ਵਿੱਚ ਟਰੱਕ ਡਰਾਈਵਰ ਦੀ ਜੌਬ ਸੱਭ ਤੋਂ ਉੱਪਰ ਹੈ। 

ਉਨ੍ਹਾਂ ਆਖਿਆ ਕਿ ਜਿੱਥੋਂ ਤੱਕ ਤਕਨਾਲੋਜੀ ਦੀ ਗੱਲ ਆਉਂਦੀ ਹੈ ਤਾਂ ਟਰੱਕਿੰਗ ਇੰਡਸਟਰੀ ਲਈ ਇਹ ਅਹਿਮ ਪੜਾਅ ਹੈ, ਇਸ ਸਬੰਧੀ ਕਈ ਸਵਾਲ ਵੀ ਪੁੱਛੇ ਜਾਂਦੇ ਹਨ। ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਜਿੱਥੇ ਟਰੱਕਿੰਗ ਵਿੱਚ ਆਟੋਮੇਸ਼ਨ ਦੀ ਗੱਲ ਆਉਂਦੀ ਹੈ ਉੱਥੇ ਕਈ ਵੰਡੀਆਂ ਵੀ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਤਕਨਾਲੋਜੀ ਸਾਡੇ ਦਰ ਉੱਤੇ ਪਹੁੰਚ ਚੁੱਕੀ ਹੈ। ਹੁਣ ਨਵੇਕਲੇਪਣ, ਟੈਸਟਿੰਗ ਤੇ ਤਾਇਨਾਤੀ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਉਨ੍ਹਾਂ ਆਖਿਆ ਕਿ ਉਨ੍ਹਾਂ ਇਸ ਨੂੰ ਕੰਮ ਕਰਦਿਆਂ ਵੇਖਿਆ ਹੈ। 

ਉਨ੍ਹਾਂ ਆਖਿਆ ਕਿ ਇਹ ਸਿਰਫ ਵਿਚਾਰ ਵਟਾਂਦਰੇ ਦਾ ਮੁੱਦਾ ਹੀ ਨਹੀਂ ਰਹਿ ਗਿਆ, ਉਨ੍ਹਾਂ ਆਟੋਮੇਟਿਡ ਟਰੱਕ ਵਿੱਚ ਆਪ ਸਫਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਟਰੱਕ ਵਿੱਚ ਉਹ ਐਰੀਜ਼ੋਨਾ ਵਿੱਚ ਇੰਟਰਸਟੇਟ 60 ਮੀਲ ਤੱਕ ਗਏ। ਉਨ੍ਹਾਂ ਕਦੇ ਸਟੇਅਰਿੰਗ ਨੂੰ ਹੱਥ ਨਹੀਂ ਲਾਇਆ। ਇਸ ਤਰ੍ਹਾਂ ਦੇ ਹਾਲਾਤ ਵਿੱਚ ਤੁਸੀਂ ਹਕੀਕਤ ਦੀ ਸ਼ਲਾਘਾ ਕਰਨੀ ਸ਼ੁਰੂ ਕਰ ਦਿੰਦੇ ਹੋਂ। 

ਉਨ੍ਹਾਂ ਆਖਿਆ ਕਿ ਕਈ ਪਾਸਿਆਂ ਤੋਂ ਆਉਣ ਵਾਲੀ ਟਰੱਕਿੰਗ ਸਰਵਿਸ ਦੀ ਡਿਮਾਂਡ ਇਹ ਯਕੀਨੀ ਬਣਾਵੇਗੀ ਕਿ ਆਉਣ ਵਾਲੇ ਕਈ ਸਾਲਾਂ ਤੱਕ ਡਰਾਈਵਰਾਂ ਦੀਆਂ ਸੇਵਾਵਾਂ ਦੀ ਲੋੜ ਪੈਂਦੀ ਰਹੇਗੀ।

ਸਪੀਅਰ ਨੇ ਅੱਗੇ ਆਖਿਆ ਕਿ ਘਰੇਲੂ ਪੱਧਰ ਉੱਤੇ ਮਾਲ ਅਸਬਾਬ ਦੀ 72·5 ਫੀ ਸਦੀ ਢੋਆ ਢੁਆਈ ਅਸੀਂ ਕਰਦੇ ਹਾਂ।ਉਹ ਜ਼ਮਾਨਾ ਲੱਦ ਗਿਆ ਜਦੋਂ ਟਰੱਕਿੰਗ ਤੇ ਰੇਲ ਨੂੰ ਇੱਕ ਦੂਜੇ ਨਾਲ ਮੁਕਾਬਲਾ ਕਰਨਾ ਪੈਂਦਾ ਸੀ। ਹੁਣ ਅਸੀਂ ਰੇਲਵੇਜ਼ ਦੇ ਸੱਭ ਤੋਂ ਵੱਡੇ ਗਾਹਕ ਹਾਂ। ਸਪੀਅਰ ਨੇ ਆਖਿਆ ਕਿ ਉਨ੍ਹਾਂ ਪਿਛਲੇ 15 ਸਾਲਾਂ ਵਿੱਚ ਇਹ ਤਬਦੀਲੀ ਵੇਖੀ ਹੈ ਤੇ ਮੌਜੂਦਾ ਸਪਲਾਈ ਚੇਨ ਵਰਗੇ ਮੁੱਦਿਆਂ ਤੇ ਹੋਰ ਅੜਿੱਕਿਆਂ ਤੋਂ ਇਹੋ ਸਾਹਮਣੇ ਆਇਆ ਹੈ ਕਿ ਵੱਖ ਵੱਖ ਸਾਧਨਾਂ ਦਾ ਰਲ ਕੇ ਕੰਮ ਕਰਨਾ ਕਿਉਂ ਜ਼ਰੂਰੀ ਹੈ। 

ਸਪੀਅਰ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀਆਂ ਉਮੀਦਾਂ ਨੇ ਸਪਲਾਈ ਚੇਨ ਤੇ ਟਰੱਕਿੰਗ ਉੱਤੇ ਖਾਸਤੌਰ ਉੱਤੇ ਕਿਸ ਤਰ੍ਹਾਂ ਦਬਾਅ ਪਾਇਆ।

ਉਨ੍ਹਾਂ ਆਖਿਆ ਕਿ ਇਸ ਸਮੇਂ ਸਾਨੂੰ ਘੱਟ ਲੋਕਾਂ ਤੇ ਘੱਟ ਸਾਜ਼ੋ ਸਮਾਨ ਨਾਲ ਚੱਲਣਾ ਪੈਂਦਾ ਹੈ। ਤੁਹਾਨੂੰ ਵਧੇਰੇ ਲੋਕਾਂ ਨੂੰ ਨਾਲ ਜੋੜਨਾ ਹੋਵੇਗਾ। ਤੁਹਾਨੂੰ ਹੋਰ ਸਾਜ਼ੋ ਸਮਾਨ ਵੀ ਪਾਉਣਾ ਹੋਵੇਗਾ। ਤੁਹਾਨੂੰ ਇਨਫਰਾਸਟ੍ਰਕਚਰ ਵਿੱਚ ਵੀ ਸੁਧਾਰ ਕਰਨਾ ਹੋਵੇਗਾ।ਤੁਹਾਨੂੰ ਨਿਵੇਕਲਾਪਣ ਵੀ ਅਪਨਾਉਣਾ ਹੋਵੇਗਾ। ਇਨ੍ਹਾਂ ਸੱਭਨਾਂ ਦੇ ਇੱਕ ਦੂਜੇ ਨਾਲ ਤਾਲਮੇਲ ਬਿਠਾ ਕੇ ਚੱਲਣ ਦੀ ਪੁਰੀ ਗੁੰਜਾਇਸ਼ ਹੈ। ਲੋਕ ਤੇ ਆਟੋਮੇਸ਼ਨ ਇਸ ਸਮੱਸਿਆ ਨੂੰ ਸਾਂਝੇ ਤੌਰ ਉੱਤੇ ਹੱਲ ਕਰ ਸਕਦੇ ਹਨ ਤੇ ਇਸ ਨਾਲ ਭਵਿੱਖ ਵਿੱਚ ਵੀ ਕਿਸੇ ਕਿਸਮ ਦਾ ਖਤਰਾ ਨਹੀਂ ਹੋਵੇਗਾ। ਇਸ ਲਈ ਸਾਰਿਆਂ ਲਈ ਅੱਗੇ ਵਧਣ ਵਾਸਤੇ ਕਾਫੀ ਥਾਂ ਹੈ। 

ਸਪੀਅਰ ਨੇ ਇੰਡਸਟਰੀ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦਾ ਕੋਈ ਵਿਚਲਾ ਰਾਹ ਲੱਭਣ ਕਿ ਮਨੁੱਖ ਤੇ ਆਟੋਮੇਸ਼ਨ ਰਲ ਕੇ ਨਾਲੋ ਨਾਲ ਚੱਲ ਸਕਣ। ਉਨ੍ਹਾਂ ਆਖਿਆ ਕਿ ਰੀਜਨਲ ਕੰਮਕਾਜ ਲਈ ਆਟੋਮੇਟਿਡ ਟਰੱਕਾਂ ਉੱਤੇ ਵਧੇਰੇ ਨਿਰਭਰ ਕੀਤਾ ਜਾ ਸਕਦਾ ਹੈ ਜਦਕਿ ਲਾਂਗਹਾਲ ਆਪਰੇਸ਼ਨਜ਼ ਲਈ ਡਰਾਈਵਰਾਂ ਦੀ ਲੋੜ ਵਧੇਰੇ ਕਾਰਗਰ ਰਹਿ ਸਕਦੀ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦਾ ਵਰਨਣ ਡਰਾਈਵਰਾਂ ਦੀ ਵਧੇਰੇ ਮੰਗ ਨੂੰ ਸੁਖਾਲਿਆਂ ਸਮਝਾਉਣ ਵਿੱਚ ਮਦਦ ਕਰ ਸਕਦਾ ਹੈ। 

ਸਪੀਅਰ ਨੇ ਆਖਿਆ ਕਿ ਉਹ ਇਸ ਨੂੰ ਖਤਰੇ ਵਜੋਂ ਨਹੀਂ ਵੇਖਦੇ।ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਪਲਾਈ ਚੇਨ ਤੇ ਕਸਟਮਰਜ਼ ਦੀ ਮੰਗ ਸਬੰਧੀ ਇੰਡਸਟਰੀ ਨੂੰ ਜਿਸ ਤਰ੍ਹਾਂ ਦੇ ਦਬਾਅ ਵਿੱਚੋਂ ਲੰਘਣਾਂ ਪੈ ਰਿਹਾ ਹੈ ਉਸ ਨੂੰ ਘਟਾਉਣ ਵਿੱਚ ਨਵੇਕਲੀ ਤਕਨਾਲੋਜੀ ਕਾਰਗਰ ਹੋ ਸਕਦੀ ਹੈ।