ਡਰਾਈਵਰ ਇੰਕ· ਖਿਲਾਫ ਸਖ਼ਤ ਕਾਰਵਾਈ ਕਰਨ ਦਾ ਓਰੀਗਨ ਨੇ ਦਿੱਤਾ ਸੰਕੇਤ

ਕੈਨੇਡਾ ਦੇ ਲੇਬਰ ਮੰਤਰੀ ਸੀਮਸ ਓਰੀਗਨ ਵੱਲੋਂ ਟਰੱਕਿੰਗ ਇੰਡਸਟਰੀ ਵਿੱਚ ਪਾਈ ਜਾਣ ਵਾਲੀ ਡਰਾਈਵਰ ਇੰਕ· ਸਕੀਮ ਖਿਲਾਫ ਸਖ਼ਤ ਬਿਆਨ ਜਾਰੀ ਕੀਤਾ ਗਿਆ। 

ਬੀਤੇ ਦਿਨੀਂ ਹਾਊਸ ਆਫ ਕਾਮਨਜ਼ ਵਿੱਚ ਗੱਲ ਕਰਦਿਆਂ ਓਰੀਗਨ ਨੇ ਆਖਿਆ ਕਿ ਡਰਾਈਵਰ ਇੰਕ· ਵਰਕਰਜ਼ ਨੂੰ ਉਨ੍ਹਾਂ ਦੇ ਮੂਲ ਅਧਿਕਾਰਾਂ ਤੋਂ ਹੀ ਵਾਂਝਾ ਕਰ ਦਿੰਦੀ ਹੈ। ਉਨ੍ਹਾਂ ਕੈਨੇਡੀਅਨਜ਼ ਨੂੰ ਇਹ ਭਰੋਸਾ ਦਿਵਾਇਆ ਕਿ ਫੈਡਰਲ ਸਰਕਾਰ ਵੱਲੋਂ ਜਲਦ ਹੀ ਇਸ ਤਰ੍ਹਾਂ ਦੇ ਗੈਰਕਾਨੂੰਨੀ ਬਿਜ਼ਨਸ ਮਾਡਲ ਖਿਲਾਫ ਕਾਰਵਾਈ ਸੁ਼ਰੂ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਜਿੱਥੇ ਵੀ ਗੜਬੜੀ ਪਾਈ ਗਈ ਅਸੀਂ ਉੱਥੇ ਹੀ ਕਾਰਵਾਈ ਕਰਾਂਗੇ, ਫਿਰ ਭਾਵੇਂ ਉਹ ਨਵੇਂ ਹੁਕਮ ਜਾਰੀ ਕਰਕੇ ਹੋਵੇ, ਜੁਰਮਾਨੇ ਲਾ ਕੇ ਹੋਵੇ ਤੇ ਜਾਂ ਫਿਰ ਕਾਨੂੰਨੀ ਕਾਰਵਾਈ ਕਰਕੇ ਹੀ ਕਿਉਂ ਨਾ ਹੋਵੇ ਅਸੀਂ ਇਸ ਤਰ੍ਹਾਂ ਦੇ ਬਿਜ਼ਨਸ ਮਾਡਲ ਨੂੰ ਬੰਦ ਕਰਕੇ ਹੀ ਸਾਹ ਲਵਾਂਗੇ।

ਇਸ ਬਿਆਨ ਦਾ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਸਵਾਗਤ ਕੀਤਾ ਗਿਆ। ਸੀਟੀਏ ਵੱਲੋਂ ਹਰ ਪੱਧਰ ਉੱਤੇ ਸਰਕਾਰਾਂ ਤੇ ਰੈਗੂਲੇਟਰੀ ਏਜੰਸੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਰੁਝਾਨ ਉੱਤੇ ਰੋਕ ਲਾਈ ਜਾਵੇ।ਡਰਾਈਵਰ ਇੰਕ· ਵੱਲੋਂ ਟੈਕਸਾਂ ਦੀ ਕੀਤੀ ਜਾਣ ਵਾਲੀ ਚੋਰੀ, ਲੇਬਰ ਦੇ ਕੀਤੇ ਜਾ ਰਹੇ ਸੋ਼ਸ਼ਣ ਤੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਕੈਰੀਅਰਜ਼ ਵੱਲੋਂ ਘਟੀਆ ਸੇਫਟੀ ਪ੍ਰੈਕਟਿਸਿਜ਼ ਦੇ ਅਧਾਰ ਉੱਤੇ ਇੰਡਸਟਰੀ ਤੇ ਟੋਰਾਂਟੋ ਸਟਾਰ ਵੱਲੋਂ ਇਸ ਬਿਜ਼ਨਸ ਮਾਡਲ ਨੂੰ ਬਿਲੀਅਨ ਡਾਲਰ ਸਕੈਮ ਦਾ ਨਾਂ ਵੀ ਦਿੱਤਾ ਗਿਆ ਹੈ।

ਉਨ੍ਹਾਂ ਪੁਸ਼ਟੀ ਕੀਤੀ ਕਿ ਈਐਸਡੀਸੀ ਵੱਲੋਂ ਇਸ ਸਮੇਂ ਓਨਟਾਰੀਓ ਭਰ ਵਿੱਚ ਅਜਿਹੇ ਕਾਰੋਬਾਰੀ ਰੁਝਾਨਾਂ ਉੱਤੇ ਨਕੇਲ ਕੱਸੀ ਜਾ ਰਹੀ ਹੈ ਤੇ ਇਸ ਪਲੈਨ ਨੂੰ ਕੌਮੀ ਪੱਧਰ ਉੱਤੇ ਸ਼ੁਰੂ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਓਰੀਗਨ ਨੇ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਇੰਪਲੌਇਰਜ਼ ਵੱਲੋਂ ਆਪਣੇ ਇੰਪਲੌਈਜ਼ ਨਾਲ ਸਹੀ ਢੰਗ ਨਾਲ ਵਿਹਾਰ ਕੀਤਾ ਜਾਵੇ ਤੇ ਅਜਿਹਾ ਨਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਅਸੀਂ ਵਰਕਰਜ਼ ਦੀ ਹਿਫਾਜ਼ਤ ਕਰਨ ਲਈ ਵਚਨਬੱਧ ਹਾਂ ਤੇ ਅਸੀਂ ਡਰਾਈਵਰ ਇੰਕ· ਖਿਲਾਫ ਕਾਰਵਾਈ ਕਰਨ ਲਈ ਵੀ ਸੈਕਟਰ ਨਾਲ ਰਲ ਕੇ ਕੰਮ ਕਰਦੇ ਰਹਾਂਗੇ। 

ਹਾਲਾਂਕਿ ਸੀਟੀਏ ਨੂੰ ਮੰਤਰੀ ਦੀਆਂ ਇਨ੍ਹਾਂ ਟਿੱਪਣੀਆਂ ਨਾਲ ਕਾਫੀ ਹੌਸਲਾ ਮਿਲਿਆ ਹੈ ਤੇ ਈਐਸਡੀਸੀ ਦੇ ਓਨਟਾਰੀਓ ਪ੍ਰੋਵਿੰਸ ਵਿੱਚ ਡਰਾਈਵਰ ਇੰਕ·ਖਿਲਾਫ ਪਾਇਲਟ ਪ੍ਰੋਗਰਾਮ ਦੇ ਚੱਲਦਿਆਂ ਅਲਾਇੰਸ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਇਸ ਸਮੱਸਿਆ ਬਾਰੇ ਕਈ ਸਾਲਾਂ ਤੱਕ ਗੱਲਬਾਤ ਕਰਨ ਤੋਂ ਬਾਅਦ ਟਰੱਕਿੰਗ ਸੈਕਟਰ ਵਿੱਚ ਸਾਰੇ ਵਰਕਰਜ਼ ਦੇ ਅਧਿਕਾਰਾਂ ਦੀ ਹਿਫਾਜ਼ਤ ਲਈ ਨਾਟਕੀ ਢੰਗ ਨਾਲ ਵੱਖ ਵੱਖ ਸਰਕਾਰੀ ਏਜੰਸੀਆਂ ਦੇ ਰਲ ਕੇ ਦੇਸ਼ ਭਰ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਇਸ ਗੈਰਕਾਨੂੰਨੀ ਸਕੈਮ ਖਿਲਾਫ ਮੁਕਾਬਲਾ ਕਰਨ ਲਈ ਕਾਨੂੰਨ ਦੀ ਪਾਲਣਾ ਕਰਨ ਵਾਲੇ ਟਰੱਕਿੰਗ ਫਲੀਟਸ ਨੂੰ ਵੀ ਮੈਦਾਨ ਵਿੱਚ ਨਿੱਤਰਨਾ ਹੋਵੇਗਾ।

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਮੰਤਰੀ ਓਰੀਗਨ ਦੇ ਡਰਾਈਵਰ ਇੰਕ· ਖਿਲਾਫ ਲੜਨ ਲਈ ਜਨਤਕ ਸਮਰਥਨ ਜੁਟਾਉਣ ਸਬੰਧੀ ਦਿੱਤੇ ਬਿਆਨ ਦੀ ਸੀਟੀਏ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਹੁਣ ਅਸੀਂ ਡਰਾਈਵਰ ਇੰਕ· ਸਕੈਮ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਵਿਭਾਗ ਨਾਲ ਰਲ ਕੇ ਕੰਮ ਕਰਨ ਦੀ ਆਸ ਲਾਈ ਬੈਠੇ ਹਾਂ। ਸਾਨੂੰ ਆਸ ਹੈ ਕਿ ਲੋੜ ਪੈਣ ਉੱਤੇ ਅਜਿਹੀਆਂ ਗੈਰਕਾਨੂੰਨੀ ਹਰਕਤਾਂ ਵਿੱਚ ਰੁੱਝੀਆਂ ਕੰਪਨੀਆਂ ਨੂੰ ਜੁਰਮਾਨੇ ਲਾਏ ਜਾਣਗੇ ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।