ਇਨਫਰਾਸਟ੍ਰਕਚਰ, ਲੇਬਰ ਤੇ ਗੁੱਡਜ਼ ਮੂਵਮੈਂਟ ਦੀ ਅਹਿਮੀਅਤ ਨੂੰ ਉਜਾਗਰ ਕਰਦੇ ਰਾਜ ਭਾਸ਼ਣ ਦੀ ਓਟੀਏ ਵੱਲੋਂ ਸ਼ਲਾਘਾ

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਰਾਜ ਭਾਸ਼ਣ ਤੇ ਮੁੜ ਪੇਸ਼ ਕੀਤੇ ਗਏ ਓਨਟਾਰੀਓ ਦੇ 2022 ਦੇ ਬਜਟ ਦੀ ਸ਼ਲਾਘਾ ਕੀਤੀ ਗਈ। ਇਸ ਵਿੱਚ ਇਨਫਰਾਸਟ੍ਰਕਚਰ ਤੇ ਸੜਕਾਂ, ਹੁਨਰਮੰਦ ਵਰਕਰਜ਼ ਨੂੰ ਆਕਰਸਿ਼ਤ ਕਰਨ, ਲੇਬਰ ਦੀ ਘਾਟ ਦੇ ਮਸਲੇ ਨੂੰ ਹੱਲ ਕਰਨ ਲਈ ਮੁੱਖ ਤੌਰ ਉੱਤੇ ਨਿਵੇਸ਼ ਕਰਨ ਉੱਤੇ ਜ਼ੋਰ ਦਿੱਤਾ ਗਿਆ।ਰਾਜ ਭਾਸ਼ਣ ਵਿੱਚ ਇਹ ਵੀ ਆਖਿਆ ਗਿਆ ਕਿ ਮਹਿੰਗਾਈ ਕਾਰਨ ਕਈ ਦਿੱਕਤਾਂ ਮੂੰਹ ਅੱਡੀ ਖੜ੍ਹੀਆਂ ਹਨ ਤੇ ਸਪਲਾਈ ਚੇਨ ਵਿੱਚ ਰਹੇ ਅੜਿੱਕਿਆਂ ਦੇ ਮਸਲੇ ਨੂੰ ਵੀ ਪਹਿਲ ਦੇ ਆਧਾਰ ਉੱਤੇ ਹੱਲ ਕੀਤੇ ਜਾਣ ਦੀ ਲੋੜ ਹੈ। 

ਇਸ ਦੌਰਾਨ ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡਾਊਡਸਵੈੱਲ ਨੇ ਫੋਰਡ ਸਰਕਾਰ ਦੇ ਭਾਸ਼ਣ ਨੂੰ ਪੜ੍ਹਕੇ ਸੁਣਾਉਂਦਿਆਂ ਆਖਿਆ ਕਿ ਹਾਈਵੇਅ 413 ਪੋ੍ਰਜੈਕਟ ਦੀ ਕਿੰਨੀ ਅਹਿਮੀਅਤ ਹੈ, ਇਸ ਦੇ ਨਾਲ ਹੀ ਬ੍ਰੈਡਫੋਰਡ ਬਾਈਪਾਸ ਤੇ ਹੋਰ ਕਈ ਸੜਕਾਂ ਦੇ ਨਾਲ ਨਾਲ 2022 ਦੇ ਬਜਟ ਵਿੱਚ ਕੀਤੇ ਹੋਰ ਵਾਅਦਿਆਂ ਨੂੰ ਪੂਰਾ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।ਉਨ੍ਹਾਂ ਆਖਿਆ ਕਿ ਇਹ ਪੋ੍ਰਜੈਕਟ ਨੌਰਥ ਅਮਰੀਕਾ ਦੇ ਕਈ ਭੀੜ ਭਾੜ ਵਾਲੇ ਟਰਾਂਸਪੋਰਟੇਸ਼ਨ ਗਲਿਆਰਿਆਂ ਨੂੰ ਰਾਹਤ ਦਿਵਾਉਣਗੇ। 

ਇਹ ਵੀ ਆਖਿਆ ਗਿਆ ਕਿ ਇਸ ਭੀੜ ਭਾੜ ਅਤੇ ਹੋਰਨਾਂ ਸੜਕੀ ਮੁੱਦਿਆਂ ਕਾਰਨ ਓਨਟਾਰੀਓ ਦੇ ਰੋਡਵੇਅਜ਼ ਉੱਤੇ ਟਰਾਂਸਪੋਰਟ ਟਰੱਕਾਂ ਦੀ ਸਮਰੱਥਾਂ ਉੱਤੇ ਅਸਰ ਪੈਂਦਾ ਹੈ ਤੇ ਇਸ ਕਾਰਨ ਹਰ ਸਾਲ ਘੱਟੋ ਘੱਟ 11 ਬਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ। ਇਹ ਵੀ ਦੱਸਿਆ ਗਿਆ ਕਿ ਫੋਰਡ ਸਰਕਾਰ ਲਈ ਵਸਤਾਂ ਦੀ ਸਮਰੱਥ ਢੋਆ ਢੁਆਈ ਸਬੰਧੀ ਮੂਵਮੈਂਟ ਕਿੰਨੀ ਜ਼ਰੂਰੀ ਹੈ।

ਰਾਜ ਭਾਸ਼ਣ ਵਿੱਚ ਆਖਿਆ ਗਿਆ ਕਿ ਫੋਰਡ ਸਰਕਾਰ ਫੌਰੀ ਤੌਰ ਉੱਤੇ ਲੇਬਰ ਦੀ ਘਾਟ ਖਤਮ ਕਰਨਾ ਚਾਹੁੰਦੀ ਹੈ ਤੇ ਇਸ ਦੇ ਨਾਲ ਹੀ ਬੇਹੱਦ ਹੁਨਰਮੰਦ ਵਰਕਫੋਰਸ ਤਿਆਰ ਕਰਨਾ ਚਾਹੁੰਦੀ ਹੈ ਜਿਸ ਵਿੱਚ ਨਿਊਕਮਰਜ਼ ਨੂੰ ਆਕਰਸਿ਼ਤ ਕਰਕੇ ਸ਼ਾਮਲ ਕੀਤਾ ਜਾ ਸਕੇ ਤੇ ਟਰੇਨਿੰਗ ਵੱਲ ਧਿਆਨ ਦਿੱਤਾ ਜਾ ਸਕੇ। ਇਸ ਪਾਸੇ ਵੱਲ ਪ੍ਰੋਵਿੰਸ ਵੱਲੋਂ ਉਚੇਚਾ ਧਿਆਨ ਇਸ ਲਈ ਦਿੱਤਾ ਜਾ ਰਿਹਾ ਹੈ ਤਾਂ ਕਿ ਲੇਬਰ ਦੀ ਘਾਟ ਨੂੰ ਸਮਾਂ ਰਹਿੰਦਿਆਂ ਖ਼ਤਮ ਕੀਤਾ ਜਾ ਸਕੇ।ਇਹ ਵੀ ਆਖਿਆ ਗਿਆ ਕਿ ਲੇਬਰ ਤੇ ਸਪਲਾਈ ਦੀ ਦਿਨੋਂ ਦਿਨ ਵੱਧ ਰਹੀ ਕੀਮਤ ਕਾਰਨ ਵਸਤਾਂ ਤੇ ਸੇਵਾਵਾਂ ਦੀ ਕੀਮਤ ਵਿੱਚ ਵੀ ਵਾਧਾ ਹੋਵੇਗਾ। 

ਓਨਟਾਰੀਓ ਸਰਕਾਰ ਵੱਲੋਂ ਓਨਟਾਰੀਓ ਇਮੀਗ੍ਰੈਂਟ ਨੌਮੀਨੀ ਪ੍ਰੋਗਰਾਮ (ਓਆਈਐਨਪੀ) ਵਿੱਚ ਤਿੰਨ ਸਾਲਾਂ ਦੇ ਅਰਸੇ ਵਿੱਚ 15·1 ਮਿਲੀਅਨ ਡਾਲਰ ਲਾਉਣ ਦਾ ਐਲਾਨ ਵੀ ਕੀਤਾ ਗਿਆ ਸੀ।ਇਸ ਪ੍ਰੋਗਰਾਮ ਤਹਿਤ ਓਨਟਾਰੀਓ ਦੀ ਲੇਬਰ ਮਾਰਕਿਟ ਦੀਆਂ ਲੋੜਾਂ ਨਾਲ ਮੇਲ ਖਾਣ ਵਾਲੇ ਹੁਨਰ ਤੇ ਤਜਰਬੇ ਦੇ ਮਾਲਕ ਇਮੀਗ੍ਰੈਂਟਸ ਤੋਂ ਪਰਮਾਨੈਂਟ ਰੈਜ਼ੀਡੈਂਸ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਸਰਕਾਰ ਵੱਲੋਂ ਬੈਟਰ ਜੌਬਜ਼ ਓਨਟਾਰੀਓ ਵਜੋਂ ਸੈਕਿੰਡ ਕਰੀਅਰ ਪ੍ਰੋਗਰਾਮ ਵੀ ਮੁੜ ਲਾਂਚ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਓਨਟਾਰੀਓ ਦੇ ਵਰਕਰਜ਼ ਦੀ ਵਿਲੱਖਣ ਰੇਂਜ ਨੂੰ ਵੱਡੇ ਪੱਧਰ ਉੱਤੇ ਮਦਦ ਕਰੇਗਾ।ਪਿਛਲੇ ਤਿੰਨ ਸਾਲਾਂ ਵਿੱਚ ਨਿਵੇਸ਼ ਕੀਤੇ ਗਏ ਲੱਗਭਗ 200 ਮਿਲੀਅਨ ਡਾਲਰਜ਼ ਤੋਂ ਇਲਾਵਾ 2022-23 ਲਈ 5 ਮਿਲੀਅਨ ਡਾਲਰ ਦੇ ਨਵੇਂ ਫੰਡਾਂ ਦਾ ਐਲਾਨ ਵੀ ਕੀਤਾ ਗਿਆ ਹੈ।