ਅੱਜ ਤੋਂ ਖੁੱਲ੍ਹੇਗੀ ਕੈਨੇਡਾ-ਅਮਰੀਕਾ ਸਰਹੱਦ, ਅਸੈਂਸ਼ੀਅਲ ਟਰੈਵਲਰਜ਼ ਦਾ ਟੀਕਾਕਰਣ ਵੀ ਜ਼ਰੂਰੀ

People showing certificate of vaccination on mobile phone with passport before travel
Hand holding mobile phone with covid vaccinated certification approved on screen and passport, digital data and identification of passenger require for worldwide travel in new normal. Immunity record.

ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਵੱਲੋਂ ਪਿਛਲੇ ਹਫਤੇ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ 8 ਨਵੰਬਰ ਤੋਂ ਗੈਰ ਜ਼ਰੂਰੀ ਟਰੈਵਲ ਲਈ ਅਮਰੀਕੀ ਬਾਰਡਰ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਤਹਿਤ ਇਹ ਸ਼ਰਤ ਰੱਖੀ ਗਈ ਹੈ ਕਿ ਅਮਰੀਕਾ ਵਿੱਚ ਦਾਖਲ ਹੋਣ ਲਈ ਆਮ ਟਰੈਵਲਰਜ਼ ਦੇ ਨਾਲ ਨਾਲ ਅਸੈਂਸ਼ੀਅਲ ਟਰੈਵਲਰਜ਼ ਦਾ ਟੀਕਾਕਰਣ ਹੋਇਆ ਹੋਣਾ ਵੀ ਜ਼ਰੂਰੀ ਹੈ।ਜਿਨ੍ਹਾਂ ਅਸੈਂਸ਼ੀਅਲ ਟਰੈਵਲਰਜ਼ ਦਾ ਟੀਕਾਕਰਣ ਨਹੀਂ ਹੋਇਆ ਉਨ੍ਹਾਂ ਨੂੰ ਜਨਵਰੀ 2022 ਤੱਕ ਅਜਿਹਾ ਕਰਵਾਉਣਾ ਲਾਜ਼ਮੀ ਹੋਵੇਗਾ।

ਅਸੈਂਸ਼ੀਅਲ ਟਰੈਵਲਰਜ਼ ਨੇ ਜੇ ਇਸ ਸਮੇਂ ਵੈਕਸੀਨੇਸ਼ਨ ਨਹੀਂ ਵੀ ਕਰਵਾਈ ਤਾਂ ਵੀ ਕੋਈ ਗੱਲ ਨਹੀਂ ਹੈ। ਪਰ ਜਨਵਰੀ 2022 ਤੋਂ ਇਨਬਾਊਂਡ ਫੌਰਨ ਨੈਸ਼ਨਲ ਟਰੈਵਲਰਜ਼, ਜਿਹੜੇ ਅਮਰੀਕਾ ਦੀ ਸਰਹੱਦ ਪਾਰ ਕਰਨਗੇ, ਫਿਰ ਭਾਵੇਂ ਉਹ ਲੈਂਡ ਪੀਓਈਜ਼ ਰਾਹੀਂ ਹੋਵੇ ਜਾਂ ਫੇਰੀ ਟਰਮੀਨਲਜ਼ ਰਾਹੀਂ ਹੋਵੇ ਅਤੇ ਜ਼ਰੂਰੀ ਜਾਂ ਗੈਰ ਜ਼ਰੂਰੀ ਕਾਰਨਾਂ ਕਰਕੇ ਇਹ ਟਰੈਵਲ ਹੋਵੇ, ਦਾ ਕੋਵਿਡ-19 ਖਿਲਾਫ ਵੈਕਸੀਨੇਟਿਡ ਹੋਣਾ ਜ਼ਰੂਰੀ ਹੈ। ਇਨ੍ਹਾਂ ਟਰੈਵਲਰਜ਼ ਨੂੰ ਵੈਕਸੀਨੇਸ਼ਨ ਦਾ ਸਬੂਤ ਵੀ ਮੁਹੱਈਆ ਕਰਵਾਉਣਾ ਹੋਵੇਗਾ। 

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਦਾ ਕਹਿਣਾ ਹੈ ਕਿ ਸਪਲਾਈ ਚੇਨ ਇਸ ਲਾਜ਼ਮੀ ਸ਼ਰਤ ਦੇ ਜਨਵਰੀ 2022 ਵਿੱਚ ਲਾਗੂ ਹੋਣ ਲਈ ਸਹਿਮਤ ਨਹੀਂ ਹੈ। ਸੀਟੀਏ ਦਾ ਕਹਿਣਾ ਹੈ ਕਿ ਕੈਨੇਡੀਅਨ ਤੇ ਅਮਰੀਕੀ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀ ਸ਼ਰਤ ਨੂੰ ਲਾਗੂ ਕਰਨ ਤੋਂ ਪਹਿਲਾਂ ਟਰੱਕਿੰਗ ਇੰਡਸਟਰੀ ਨਾਲ ਗੱਲਬਾਤ ਕਰਕੇ ਵੱਖਰਾ ਪਲੈਨ ਤੇ ਵੱਖਰੀ ਤਰੀਕ ਤੈਅ ਕਰਨੀ ਚਾਹੀਦੀ ਹੈ। ਜੇ ਇਸੇ ਸਮਾਂ ਸੀਮਾਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਪਹਿਲਾਂ ਤੋਂ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਸਪਲਾਈ ਚੇਨ ਨੂੰ ਹੋਰ ਧੱਕਾ ਲੱਗੇਗਾ, ਇੱਥੇ ਹੀ ਬੱਸ ਨਹੀਂ ਇਸ ਨਾਲ ਲੈਂਡ ਪੋਰਟਸ ਆਫ ਐਂਟਰੀ ਉੱਤੇ ਵੀ ਕਾਫੀ ਦੇਰ ਹੋਵੇਗੀ। 

ਸੀਟੀਏ ਦੇ ਇਸ ਬਿਆਨ ਵਿੱਚ ਇੰਡਸਟਰੀ ਵਿੱਚ ਡਰਾਈਵਰਾਂ ਦੀ ਘਾਟ, ਕੈਨੇਡਾ ਤੇ ਅਮਰੀਕਾ ਵਿੱਚ ਸੈਕਟਰਲ ਵੈਕਸੀਨੇਸ਼ਨ ਦਰ ਨੂੰ ਤਾਂ ਜ਼ਾਹਿਰ ਕੀਤਾ ਹੀ ਸਗੋਂ ਅਸੈਂਸ਼ੀਅਲ ਵਰਕਰਜ਼ ਲਈ ਜਨਵਰੀ ਵਾਲੀ ਸਮਾਂ ਸੀਮਾਂ ਨੂੰ ਅਗਾਂਹ ਪਾਉਣ ਲਈ ਕੈਨੇਡਾ ਤੇ ਅਮਰੀਕਾ ਨੂੰ ਰਲ ਕੇ ਕੋਈ ਸਾਂਝਾ ਹੱਲ ਕੱਢਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਅਜਿਹਾ ਭਵਿੱਖ ਵਿੱਚ ਸਪਲਾਈ ਚੇਨ ਵਿੱਚ ਪੈਣ ਵਾਲੇ ਵਿਘਣ ਨੂੰ ਘੱਟ ਕਰਨ ਲਈ ਵੀ ਕੀਤਾ ਗਿਆ। 

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਸਾਡੀ ਇੰਡਸਟਰੀ ਨੂੰ ਪਹਿਲਾਂ ਹੀ ਡਰਾਈਵਰਾਂ ਦੀ ਘਾਟ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਤੇ ਇਸ ਸ਼ਰਤ ਦੇ ਲਾਗੂ ਹੋਣ ਨਾਲ ਸਪਲਾਈ ਚੇਨ ਵਿੱਚ ਵੱਖ ਵੱਖ ਪੜਾਵਾਂ ਉੱਤੇ ਵਿਘਣ ਵੀ ਪਵੇਗਾ। ਉਨ੍ਹਾਂ ਆਖਿਆ ਕਿ ਸਰਕਾਰ ਤੇ ਇੰਡਸਟਰੀ ਨੂੰ ਰਲ ਕੇ ਅਜਿਹਾ ਪਲੈਨ ਤਿਆਰ ਕਰਨਾ ਹੋਵੇਗਾ ਜਿਸ ਨਾਲ ਜਿੱਥੇ ਨਾ ਸਿਰਫ ਵੈਕਸੀਨੇਸ਼ਨ ਦੀ ਦਰ ਵਿੱਚ ਵਾਧਾ ਹੋਵੇ ਸਗੋਂ ਸਰਹੱਦੋਂ ਆਰ ਪਾਰ ਲਿਜਾਈਆਂ ਜਾਣ ਵਾਲੀਆਂ ਜ਼ਰੂਰੀ ਵਸਤਾਂ ਦੇ ਰਾਹ ਵਿੱਚ ਕੋਈ ਅੜਿੱਕਾ ਨਾ ਪਵੇ ਤੇ ਉਹ ਸਮੇਂ ਸਿਰ ਸਰਹੱਦ ਤੋਂ ਆਰ ਪਾਰ ਪਹੁੰਚਦੀਆਂ ਰਹਿਣ।

ਲਾਸਕੋਵਸਕੀ ਨੇ ਆਖਿਆ ਕਿ ਰਾਤੋ ਰਾਤ 38000 ਡਰਾਈਵਰਾਂ ਨੂੰ ਗੰਵਾਉਣਾ ਸਾਡੀ ਇੰਡਸਟਰੀ ਲਈ ਤਬਾਹਕੁੰਨ ਹੋਵੇਗਾ, ਖਾਸਤੌਰ ਉੱਤੇ ਉਦੋਂ ਜਦੋਂ ਸ਼ੌਰਟ ਟਰਮ ਲੇਬਰ ਦੀ ਮਦਦ ਵੀ ਨਹੀਂ ਮਿਲਣ ਵਾਲੀ। ਇਸ ਵਿੱਚ ਕਿਸੇ ਵੀ ਧਿਰ ਨੂੰ ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਸਾਨੂੰ ਇਸ ਨਾਜ਼ੁਕ ਮੌਕੇ ਸਾਨੂੰ ਕੋਈ ਗਲਤੀ ਕਰਨੀ ਚਾਹੀਦੀ ਹੈ ਕਿ ਜੇ ਇਹ ਨਿਯਮ ਮਿਥੀ ਹੋਈ ਤਰੀਕ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਅਰਥਚਾਰੇ ਲਈ ਵੀ ਇਸ ਦੇ ਨਤੀਜੇ ਮਾੜੇ ਨਿਕਲਣਗੇ ਤੇ ਆਖਿਰਕਾਰ ਇਸ ਦੇ ਨਤੀਜੇ ਕੈਨੇਡੀਅਨ ਤੇ ਅਮੈਰੀਕਨ ਜਨਤਾ ਨੂੰ ਭੁਗਤਣੇ ਪੈਣਗੇ।