ਖ਼ਤਰੇ ਵਾਲੇ ਲੋਡਾਂ ਦੀ ਢੁਆਈ ਦੇ ਨਿਯਮਾਂ ਵਿੱਚ ਤਬਦੀਲੀ

ਟੋਰਾਂਟੋ – ਕੈਨੇਡਾ ਵੱਲੋਂ ਯੂਨਾਈਟਡ ਨੇਸ਼ਨਜ਼ ਅਤੇ ਅਮਰੀਕਾ ਦੁਆਰਾ ਨਿਯਤ ਕੀਤੇ ਮਿਆਰਾਂ ਦੇ ਬਰਾਬਰ ਕਰਨ ਲਈ ਆਪਣੇ ਖ਼ਤਰੇ ਵਾਲੇ ਲੋਡਾਂ ਦੀ ਢੋਆ-ਢੁਆਈ ਦੇ ਨਵੇਂ ਨਿਯਮ ਬਣਾਏ ਹਨ। ਕੈਨੇਡਾ ਗਜ਼ਟ ਭਾਗ-2 ਵਿੱਚ 12 ਜੁਲਾਈ ਨੂੰ ਪ੍ਰਕਾਸ਼ਿਤ ਇਹਨਾਂ ਨਿਯਮਾਂ ਉੱਤੇ 6 ਮਹੀਨੇ ਦੇ ਅੰਦਰ ਅੰਦਰ ਅਮਲ ਹੋਣਾ ਸ਼ੁਰੂ ਹੋ ਜਾਵੇਗਾ। ਉਸ ਸਮੇਂ ਤੱਕ ਪੁਰਾਣੇ ਜਾਂ ਨਵੇਂ ਨਿਯਮ ਰਾਹੀਂ ਆਪਣੀ ਚੋਣ ਅਨੁਸਾਰ ਅਮਲ ਜਾਰੀ ਰਹੇਗਾ। ਕੈਨੇਡੀਅਨ ਟਰੱਕਿੰਗ ਅਲਾਇੰਸ ਅਨੁਸਾਰ ਇਹ ਨਿਯਮ ਹੇਠ ਲਿਖੇ ਅਨੁਸਾਰ ਹੋਣਗੇ:
– ਕਲਾਸ 9, ਲਿਥੀਅਮ ਬੈਟਰੀਜ਼ ਦੇ ਨਿਯਮ ਹੁਣ ਯੂਐਨ ਸਟੈਂਡਰਡ ਅਨੁਸਾਰ ਹੋਣਗੇ।
– ਨਵੇਂ ਕੈਨੇਡੀਅਨ ਲੇਬਲਿੰਗ ਨਿਯਮ ਅਨੁਸਾਰ ਖ਼ਤਰਨਾਕ ਪਦਾਰਥ ਜਿੰਨਾਂ ਉੱਤੇ ਟੋਕਸਿਕ ਬਾਈ ਇੰਨਹੇਲੇਸ਼ਨ ਮਾਰਕ ਕੀਤਾ ਹੁੰਦਾ ਹੈ ਨੂੰ ਅਮਰੀਕਾ ਵਿੱਚ 49 ਸੀਐਫ਼ਆਰ ਨਿਯਮ ਦੇ ਕਰੀਬ ਲਿਆਂਦਾ ਗਿਆ ਹੈ, ਜਿਸ ਅਨੁਸਾਰ ਉਕਤ ਲੇਬਲ ਉੱਤੇ ਹੁਣ ‘ਇਨਹੇਲੇਸ਼ਨ ਹੈਜ਼ਾਰਡ’ ਲਿਖਿਆ ਜਾਇਆ ਕਰੇਗਾ ਜਿਸ ਤਰਾਂ ਕਿ ਅਮਰੀਕਾ ਵਿੱਚ ਕੰਨਟੇਨਰਾਂ ਤੇ ਲਿਖਿਆ ਹੁੰਦਾ ਹੈ। ਇਹਨਾਂ ਲੇਬਲਾਂ ਦੇ ਲਗਾਉਣ ਦੀ ਥਾਂ ਅਤੇ ਸਾਈਜ਼ ਵੀ ਨਿਸ਼ਚਤ ਕੀਤਾ ਗਿਆ ਹੈ ਜਿਹੜਾ ਕਿ ਅਮਰੀਕਨ ਨਿਯਮਾਂ ਅਨੁਸਾਰ ਹੀ ਹੋਵੇਗਾ।
– ਕਿਸੇ ਵੀ ਖ਼ਤਰਨਾਕ ਪਦਾਰਥ ਦੀ ਜਾਣਕਾਰੀ ਪ੍ਰਾਪਤ ਕਰਨ ਲਈ ‘ਟਰਾਂਸਪੋਰਟੇਸ਼ਨ ਡੇਂਜਰੀਅਸ ਗੁੱਡਜ਼ ਰੈਗੂਲੇਸ਼ਨਜ ਗਾਈਡ’ ਦਾ ਹੁਣ ਬਿੱਲਕੁੱਲ ਨਵਾਂ ਵਰਸਨ ਹੀ ਵਰਤਿਆ ਜਾਵੇਗਾ।