2022 ਵਿੱਚ ਟਰੱਕ ਡਰਾਈਵਰਾਂ ਦੀਆਂ ਨੌਕਰੀਆਂ ਵਿੱਚ ਹੋਇਆ ਹੱਦੋਂ ਜਿ਼ਆਦਾ ਵਾਧਾ

Truck driver
Truck driver

ਟਰੱਕਿੰਗ ਐਚਆਰ ਕੈਨੇਡਾ ਵੱਲੋਂ ਆਪਣੀ ਤਾਜ਼ਾ ਲੇਬਰ ਮਾਰਕਿਟ ਇਨਫਰਮੇਸ਼ਨ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ 2015 ਤੋਂ ਹੀ ਟਰੱਕ ਟਰਾਂਸਪੋਰਟੇਸ਼ਨ ਦੇ ਖੇਤਰ ਵਿੱਚ ਨੌਕਰੀਆਂ ਵਿੱਚ ਤਿੱਗੁਣਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਹ ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਭਾਵ 2019 ਤੋਂ ਵੀ ਦੁੱਗਣੀਆਂ ਜਿ਼ਆਦਾ ਹਨ। 

ਇਸ ਡਾਟਾ ਤੋਂ ਸਾਹਮਣੇ ਆਇਆ ਹੈ ਕਿ 2022 ਵਿੱਚ ਟਰੱਕ ਡਰਾਈਵਰਾਂ ਦੀਆਂ ਜਿਹੜੀਆਂ ਅਸਾਮੀਆਂ ਨਿਕਲੀਆਂ ਹਨ ਉਹ ਪਹਿਲਾਂ ਨਾਲੋਂ ਕਿਤੇ ਜਿ਼ਆਦਾ ਹਨ ਤੇ ਇਹ ਲੱਗਭਗ 25,600 ਦੇ ਨੇੜੇ ਤੇੜੇ ਹਨ। ਟੀਐਚਆਰਸੀ ਨੇ ਆਖਿਆ ਕਿ 2022 ਵਿੱਚ ਟਰਾਂਸਪੋਰਟ ਟਰੱਕ ਡਰਾਈਵਰਾਂ ਦੀ 3·4 ਫੀ ਸਦੀ ਬੇਰੋਜ਼ਗਾਰੀ ਦਰ ਨਾਲ ਜੇ ਮਿਲਾ ਕੇ ਦੇਖਿਆ ਜਾਵੇ ਤਾਂ ਵਰਕਰਜ਼ ਦੀ ਮੰਗ ਤੇ ਟਰੇਨਡ, ਤਜਰਬੇਕਾਰ ਡਰਾਈਵਰਾਂ ਦੀ ਸਪਲਾਈ ਦਰਮਿਆਨ ਜਿਹੜਾ ਪਾੜਾ ਹੈ ਉਹ 2022 ਵਿੱਚ ਲੱਗਭਗ 15,200 ਡਰਾਈਵਰ ਬਣਦਾ ਹੈ। 

ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਕਈ ਸਾਲਾਂ ਤੋਂ ਇਹ ਨੋਟ ਕੀਤਾ ਗਿਆ ਹੈ ਕਿ ਟਰੱਕ ਡਰਾਈਵਰਾਂ ਦੀ ਘਾਟ ਵਿੱਚ ਹੋਏ ਵਾਧੇ ਕਾਰਨ ਸਪਲਾਈ ਚੇਨ ਦੀ ਸਮਰੱਥਾ ਤੇ ਆਰਥਿਤ ਰਿਕਵਰੀ ਨੂੰ ਖਤਰਾ ਖੜ੍ਹਾ ਹੋ ਗਿਆ ਹੈ। ਸੀਟੀਏ ਤੇ ਨੈਨੋਜ਼ ਰਿਸਰਚ ਤੇ ਐਬੇਕਸ ਡਾਟਾਲਸੋ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਬਹੁਤੇ ਕੈਨੇਡੀਅਨ ਗਰੌਸਰੀ ਕਰਨ ਜਾਂ ਜ਼ਰੂਰੀ ਵਸਤਾਂ ਖਰੀਦਣ ਦੀ ਆਪਣੀ ਸਮਰੱਥਾ ਘਟਣ ਨੂੰ ਲੈ ਕੇ ਚਿੰਤਤ ਹਨ ਤੇ ਸਪਲਾਈ ਚੇਨ ਦੇ ਇਸ ਦਬਾਅ ਤੇ ਰੀਟੇਲ ਮਾਰਕਿਟ ਵਿੱਚ ਮਹਿੰਗਾਈ ਦਾ ਸੇਕ ਸਿੱਧਾ ਮਹਿਸੂਸ ਕਰਦੇ ਹਨ। ਇਸ ਲਈ ਕੈਨੇਡੀਅਨ ਟਰੱਕ ਡਰਾਈਵਰਾਂ ਦੀ ਘਾਟ ਨੂੰ ਵੀ ਜਿ਼ੰਮੇਵਾਰ ਮੰਨਦੇ ਹਨ।