17 ਤੇ 18 ਜੁਲਾਈ ਨੂੰ ਪੀਲ ਵਿੱਚ ਡਰਾਈਵਰਾਂ ਲਈ ਕੀਤਾ ਜਾਵੇਗਾ ਵੀਕੈਂਡ ਟਰਾਂਸਪੋਰਟ ਕਲੀਨਿਕ ਦਾ ਆਯੋਜਨ

ਪੀਲ ਦੇ ਡਰਾਈਵਰਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਦੇਣ ਲਈ ਪੀਲ ਰੀਜਨ ਵੱਲੋਂ 17 ਜੁਲਾਈ ਤੇ 18 ਜੁਲਾਈ ਨੂੰ ਵੀਕੈਂਡ ਟਰਾਂਸਪੋਰਟੇਸ਼ਨ ਕਲੀਨਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਲੀਨਿਕ ਟਰੱਕਿੰਗ, ਟੈਕਸੀ, ਬੱਸ ਇੰਡਸਟਰੀ ਤੇ ਊਬਰ ਨਾਲ ਜੁੜੇ ਡਰਾਈਵਰਾਂ ਲਈ ਉਚੇਚੇ ਤੌਰ ਉੱਤੇ ਖੋਲ੍ਹਿਆ ਜਾਵੇਗਾ।

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਓਟੀਏ ਇੱਕ ਵਾਰੀ ਫਿਰ ਪੀਲ ਰੀਜਨ ਦੇ ਅਧਿਕਾਰੀਆਂ ਦੀ ਲੀਡਰਸਿ਼ਪ ਤੇ ਕੋਵਿਡ-19 ਸੰਕਟ ਦੌਰਾਨ ਟਰੱਕਿੰਗ ਇੰਡਸਟਰੀ ਨਾਲ ਰਲ ਕੇ ਕੰਮ ਕਰਵਾਉਣ ਦੀ ਵਚਨਬੱਧਤਾ ਲਈ ਉਹ ਸੱਭ ਦਾ ਸ਼ਕਰੀਆ ਅਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਅੱਗੇ ਆਖਿਆ ਕਿ ਇਹ ਸਾਡੇ ਸੈਕਟਰ ਲਈ ਰੀਜਨ ਵੱਲੋਂ ਨਿਭਾਈ ਜਾਣ ਵਾਲੀ ਇੱਕ ਹੋਰ ਵਚਨਬੱਧਤਾ ਹੈ।

ਇਹ ਕਲੀਨਿਕ ਮਿਸੀਸਾਗਾ ਵਿੱਚ ਏਅਰਪੋਰਟ ਰੋਡ ਤੇ ਡੈਰੀ ਰੋਡ ਦੇ ਲਾਂਘੇ ਉੱਤੇ ਸਥਿਤ ਇੰਟਰਨੈਸ਼ਨਲ ਸੈ਼ਅਰ ਵਿੱਚ ਰੱਖਿਆ ਜਾਵੇਗਾ। ਇਸ ਕਲੀਨਿਕ ਦੌਰਾਨ ਦੁਪਹਿਰੇ 1:00 ਵਜੇ ਤੋਂ ਰਾਤ ਦੇ 8:00 ਵਜੇ ਤੱਕ ਵੈਕਸੀਨੇਸ਼ਨ ਹੋਵੇਗੀ। ਮਾਰਚ 2020 ਤੇ ਮਈ 2021 ਦਰਮਿਆਨ ਪੀਲ ਰੀਜਨ ਵਿੱਚ ਕੋਵਿਡ ਦੇ 100,000 ਮਾਮਲੇ ਰਿਪੋਰਟ ਕੀਤੇ ਗਏ ਤੇ ਇਨ੍ਹਾਂ ਵਿੱਚੋਂ 2000 ਮਾਮਲੇ ਟਰੱਕ ਡਰਾਈਵਰਾਂ ਦੇ ਸਨ (ਇਨ੍ਹਾਂ ਵਿੱਚ ਸ਼ੌਰਟ ਹਾਲ ਤੇ ਲੌਂਗ ਹਾਲ ਦਰਮਿਆਨ ਕੋਈ ਫਰਕ ਨਹੀਂ ਕੀਤਾ ਗਿਆ ਹੈ)। ਕੋਵਿਡ-19 ਖਿਲਾਫ ਵੈਕਸੀਨੇਸ਼ਨ ਹੀ ਸਾਡਾ ਸੱਭ ਤੋਂ ਸਾਜ਼ਗਾਰ ਹਥਿਆਰ ਹੈ। ਕੈਨੇਡਾ ਵਿੱਚ ਖੁਦ ਦੀ ਹਿਫਾਜਤ ਕਰਨ ਤੇ ਆਪਣੇ ਪਿਆਰਿਆਂ ਦੀ ਹਿਫਾਜਤ ਕਰਨ ਲਈ ਸਥਾਨਕ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਲਵਾਉਣੀ ਬੇਹੱਦ ਜ਼ਰੂਰੀ ਹੈੈ।

ਆਉਣ ਵਾਲੇ ਦਿਨਾਂ ਵਿੱਚ ਪੀਲ ਰੀਜਨ ਕਲੀਨਿਕ ਵਿੱਚ ਰਜਿਸਟਰੇਸ਼ਨ ਸਬੰਧੀ ਜਾਣਕਾਰੀ ਸਾਂਝੀ ਕਰੇਗਾ। ਕੋਵਿਡ-19 ਬਾਰੇ ਹੋਰ ਜਾਣਕਾਰੀ ਲਈ ਪੀਲ ਰੀਜਨ ਦੀ ਵੈੱਬਸਾਈਟ ਵਿਜਿ਼ਟ ਕਰੋ, ਓਟੀਏ ਵੱਲੋਂ ਵੀ ਬਾਅਦ ਵਿੱਚ ਆਪਣੇ ਮੈਂਬਰਾਂ ਨੂੰ ਰਜਿਸਟ੍ਰੇਸ਼ਨ ਬਾਰੇ ਅਪਡੇਟ ਕੀਤਾ ਜਾਵੇਗਾ।