ਹੈਮਿਲਟਨ ਸਿਟੀ ਕਾਊਂਸਲ ਵੱਲੋਂ ਟਰੱਕ ਰੂਟ ਮਾਸਟਰ ਪਲੈਨ ਵਿੱਚ ਪ੍ਰਸਤਾਵਿਤ ਤਬਦੀਲੀਆਂ ਨੂੰ ਮਨਜ਼ੂਰੀ ਦੇਣ ਤੋਂ ਕੀਤਾ ਗਿਆ ਇਨਕਾਰ

New and Pre Owned Semi Trucks

ਹੈਮਿਲਟਨ ਸਿਟੀ ਕਾਊਂਸਲ ਵੱਲੋਂ ਸਿਟੀ ਦੇ ਰੀਵਾਈਜ਼ ਕੀਤੇ ਗਏ ਟਰੱਕ ਰੂਟ ਮਾਸਟਰ ਪਲੈਨ ਵਿੱਚ ਪ੍ਰਸਤਾਵਿਤ ਤਬਦੀਲੀਆਂ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹੁਣ ਕਿਸੇ ਵੀ ਤਰ੍ਹਾਂ ਦੀਆਂ ਪ੍ਰਸਤਾਵਿਤ ਤਬਦੀਲੀਆਂ ਨੂੰ ਫਾਈਨਲ ਕਰਨ ਤੋਂ ਪਹਿਲਾਂ ਇਸ ਪਲੈਨ ਉੱਤੇ ਅੱਗੇ ਹੋਰ ਅਧਿਐਨ ਤੇ ਸਲਾਹ ਮਸ਼ਵਰਾ ਕੀਤਾ ਜਾਵੇਗਾ। ਵਿਚਾਰ ਅਧੀਨ ਹੋਰਨਾਂ ਨਤੀਜਿਆਂ ਬਾਬਤ ਰਿਪੋਰਟ ਦਾ ਮੁਲਾਂਕਣ ਮਾਰਚ ਵਿੱਚ ਟਰੱਕ ਰੂਟ ਸਬਕਮੇਟੀ ਵੱਲੋਂ ਕੀਤਾ ਜਾਵੇਗਾ। 

ਨਕਾਰੇ ਗਏ ਟਰੱਕ ਰੂਟ ਮਾਸਟਰ ਪਲੈਨ ਪ੍ਰਸਤਾਵ ਤਹਿਤ ਟਰੱਕਾਂ ਦੇ ਡਾਊਨਟਾਊਨ ਦੇ ਧੁਰ ਤੱਕ ਟਰੈਵਲ ਕਰਨ ਉੱਤੇ ਰੋਕ ਹੋਣੀ ਸੀ ਇਸ ਦੇ ਨਾਲ ਹੀ ਪੰਜ ਐਕਸਲਜ਼ ਵਾਲੇ ਜਾਂ ਇਸ ਤੋਂ ਵੱਧ ਵਾਲੇ ਸਾਰੇ ਟਰੱਕਾਂ ਦੇ ਸਿਟੀ ਵਿੱਚ ਟਰੈਵਲ ਕਰਦੇ ਸਮੇਂ ਟਰੱਕ ਰੂਟ ਨੈੱਟਵਰਕ ਦੇ ਕੁੱਝ ਹਿੱਸਿਆਂ ਦੀ ਵਰਤੋਂ ਕਰਨ ਉੱਤੇ ਵੀ ਰੋਕ ਹੋਣੀ ਸੀ ਤੇ ਇਸ ਦੇ ਨਾਲ ਹੀ ਉਨ੍ਹਾਂ ਲਈ ਕੁੱਝ ਕੁ ਬਦਲਵੇਂ ਰੂਟ ਉਪਲਬਧ ਹੋਣੇ ਸਨ।

ਬੀਤੇ ਦਿਨੀਂ ਸਿਟੀ ਕਾਊਂਸਲਰਜ਼ ਤੇ ਸਬਕਮੇਟੀ ਨੂੰ ਮਿਲੇ ਓਟੀਏ ਦੇ ਵਫਦ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਇਨ੍ਹਾਂ ਪ੍ਰਸਤਾਵਾਂ ਨਾਲ ਟਰੱਕਕਿੰਗ ਕੰਪਨੀਆਂ ਤੇ ਜਿਨ੍ਹਾਂ ਕਸਟਮਰਜ਼ ਨੂੰ ਉਹ ਸੇਵਾਵਾਂ ਦਿੰਦੀਆਂ ਹਨ, ਲਈ ਕੀਮਤ ਤੇ ਟਰੈਵਲ ਟਾਈਮ ਵਿੱਚ ਕਾਫੀ ਵਾਧਾ ਹੋ ਜਾਵੇਗਾ। ਇਹ ਵੀ ਉਸ ਸਮੇਂ ਜਦੋਂ ਇੰਡਸਟਰੀ ਪਹਿਲਾਂ ਹੀ ਵੱਧ ਰਹੀਆਂ ਕੀਮਤਾਂ, ਮਹਿੰਗਾਈ, ਸਪਲਾਈ ਚੇਨ ਦੇ ਮੁੱਦਿਆਂ ਤੇ ਲੇਬਰ ਦੀ ਘਾਟ ਨਾਲ ਜੂਝ ਰਹੀ ਹੈ। ਇਸ ਦੌਰਾਨ ਵਧੇ ਹੋਏ ਮੀਲਾਂ ਕਾਰਨ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਵਿੱਚ ਵੀ ਗੈਰ ਲੋੜੀਂਦਾ ਵਾਧਾ ਹੋਵੇਗਾ ਤੇ ਸਿਟੀ ਵੱਲੋਂ ਐਨਵਾਇਰਮੈਂਟ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਨੂੰ ਵੀ ਢਾਅ ਲੱਗੇਗੀ। 

ਇਹ ਵੀ ਆਖਿਆ ਗਿਆ ਕਿ ਵਧੀਆਂ ਹੋਈਆਂ ਕੀਮਤਾਂ ਤੇ ਟਰੈਵਲ ਸਮੇਂ ਵਿੱਚ ਵਾਧਾ ਹੋਣ ਨਾਲ ਖੇਤੀਬਾੜੀ ਨਾਲ ਜੁੜੀਆਂ ਵਸਤਾਂ ਦੀ ਢੋਆ ਢੁਆਈ ਕਰਨ ਵਾਲੀਆਂ ਟਰੱਕਿੰਗ ਕੰਪਨੀਆਂ ਤੇ ਇਸ ਨਾਲ ਜੁੜੇ ਗਾਹਕਾਂ ਨੂੰ ਖਾਸਤੌਰ ਉੱਤੇ ਨੁਕਸਾਨ ਹੋਵੇਗਾ। ਇਹ ਸੈਕਟਰ ਹੈਮਿਲਟਨ ਏਰੀਆ ਦੀ ਆਰਥਿਕ ਖੁਸ਼ਹਾਲੀ ਲਈ ਕਾਫੀ ਅਹਿਮ ਹੈ।

ਟਰੱਕ ਰੂਟ ਵਿੱਚ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਪ੍ਰਸਤਾਵਿਤ ਤਬਦੀਲੀਆਂ ਬਾਰੇ ਜਿਵੇਂ ਹੀ ਕੋਈ ਹੋਰ ਜਾਣਕਾਰੀ ਹਾਸਲ ਹੁੰਦੀ ਹੈ ਤਾਂ ਓਟੀਏ ਆਪਣੇ ਮੈਂਬਰਾਂ ਨੂੰ ਉਸ ਬਾਰੇ ਅਪਡੇਟ ਕਰਨਾ ਜਾਰੀ ਰੱਖੇਗੀ।