ਸਿਟੀ ਆਫ ਟੋਰਾਂਟੋ ਵੱਲੋਂ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਟਿਕਟਾਂ ਜਾਰੀ ਕਰਨ ਦਾ ਕੰਮ ਸ਼ੁਰੂ

ਆਟੋਮੇਟਿਡ ਸਪੀਡ ਐਨਫੋਰਸਮੈਂਟ (ਏਐਸਈ) ਸਿਸਟਮ ਤਹਿਤ ਸਿਟੀ ਆਫ ਟੋਰਾਂਟੋ ਵੱਲੋਂ ਸਕੂਲਾਂ ਨੇੜੇ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਇਸ ਹਫਤੇ ਟਿਕਟਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ|
ਏਐਸਈ ਅਜਿਹਾ ਆਟੋਮੈਟਿਕ ਸਿਸਟਮ ਹੈ ਜਿਹੜਾ ਕੈਮਰੇ ਤੇ ਰਫਤਾਰ ਮਾਪਣ ਵਾਲੀ ਡਿਵਾਈਸ ਰਾਹੀਂ ਨਿਰਧਾਰਤ ਹੱਦ ਨਾਲੋਂ ਜ਼ਿਆਦਾ ਤੇਜ਼ ਰਫਤਾਰ ਨਾਲ ਜਾ ਰਹੀਆਂ ਗੱਡੀਆਂ, ਇੱਥੋਂ ਤੱਕ ਕਿ ਕਮਰਸ਼ੀਅਲ ਟਰੱਕਾਂ ਦੀਆਂ ਤਸਵੀਰਾਂ ਲੈ ਲੈਂਦਾ ਹੈ|
ਸਿਟੀ ਦਾ ਕਹਿਣਾ ਹੈ ਕਿ ਇਨ੍ਹਾਂ ਤਸਵੀਰਾਂ ਦਾ ਮੁਲਾਂਕਣ ਪ੍ਰੋਵਿੰਸ਼ੀਅਲ ਅਫੈਂਸ ਆਫੀਸਰਜ਼ ਵੱਲੋਂ ਕੀਤਾ ਜਾਂਦਾ ਹੈ ਤੇ ਫਿਰ ਗੱਡੀ ਭਾਵੇਂ ਕੋਈ ਵੀ ਚਲਾ ਰਿਹਾ ਹੋਵੇ ਪਰ ਟਿਕਟ ਗੱਡੀ ਦੇ ਮਾਲਕ ਨੂੰ ਜਾਰੀ ਕਰ ਦਿੱਤੀ ਜਾਂਦੀ ਹੈ| ਦੋਸ਼ੀ ਪਾਏ ਜਾਣ ਉੱਤੇ, ਇੱਕਮਾਤਰ ਸਜ਼ਾ ਜੁਰਮਾਨਾ ਹੈ-ਕੋਈ ਡੀਮੈਰਿਟ ਅੰਕ ਨਹੀਂ ਜਾਰੀ ਕੀਤੇ ਜਾਂਦੇ ਤੇ ਨਾ ਹੀ ਇਸ ਨਾਲ ਗੱਡੀ ਦੇ ਰਜਿਸਟਰਡ ਮਾਲਕ ਦੇ ਡਰਾਈਵਿੰਗ ਰਿਕਾਰਡ ਉੱਤੇ ਹੀ ਕੋਈ ਅਸਰ ਪੈਂਦਾ ਹੈ|
ਮੌਜੂਦਾ ਲੋਕੇਸ਼ਨਾਂ ਤੇਜ਼ ਰਫਤਾਰੀ ਤੇ ਹਾਦਸਿਆਂ ਸਬੰਧੀ ਡਾਟਾ ਦੇ ਆਧਾਰ ਉੱਤੇ ਚੁਣੀਆਂ ਗਈਆਂ ਹਨ| ਰੁਝਾਨ ਇਹ ਹੈ ਕਿ ਕੈਮਰੇ ਰੀਅਰ ਲਾਇਸੰਸ ਪਲੇਟ ਦੀ ਤਸਵੀਰ ਲੈ ਲੈਂਦੇ ਹਨ| ਟਰੈਕਟਰ, ਟਰੇਲਰਜ਼ ਦੇ ਮਾਮਲੇ ਵਿੱਚ, ਕਿਉਂਕਿ ਟਰੇਲਰ ਹਾਈਵੇਅ ਟਰੈਫਿਕ ਐਕਟ ਤਹਿਤ ਮੋਟਰ ਵ੍ਹੀਕਲ ਦੀ ਵੰਨਗੀ ਵਿੱਚ ਨਹੀਂ ਆਉਂਦਾ, ਟਿਕਟਾਂ ਉਸ ਸਮੇਂ ਹੀ ਜਾਰੀ ਕੀਤੀਆਂ ਜਾਂਦੀਆਂ ਹਨ ਜੇ ਟਰੈਕਟਰ ਦੀ ਰੀਅਰ ਲਾਇਸੰਸ ਪਲੇਟ ਨਜ਼ਰ ਆਉਂਦੀ ਹੋਵੇ|
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਸਕੂਲਾਂ ਨੇੜੇ ਏਐਸਈ ਦੀ ਵਰਤੋਂ ਦਾ ਸਮਰਥਨ ਕਰਦੀ ਹੈ| ਇਸ ਦੇ ਨਾਲ ਹੀ ਆਪਣੇ ਸਾਰੇ ਮੈਂਬਰਾਂ ਨੂੰ ਸਕੂਲਾਂ ਤੇ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਰਫਤਾਰ ਦੀ ਹੱਦ ਦਾ ਧਿਆਨ ਰੱਖਣ ਲਈ ਹੱਲਾਸ਼ੇਰੀ ਦਿੰਦੀ ਹੈ|