ਸਲੀਪ ਐਪਨੀਆ ਦੇ ਇਲਾਜ ਨਾਲ ਘਟਾਇਆ ਜਾ ਸਕਦਾ ਹੈ ਹੈਲਥਕੇਅਰ ਉੱਤੇ ਹੋਣ ਵਾਲਾ ਖਰਚ : ਅਧਿਐਨ

ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਡਰਾਈਵਰਾਂ ਨੂੰ ਸਲੀਪ ਐਪਨੀਆ (ਇੱਕ ਅਜਿਹਾ ਡਿਸਆਰਡਰ ਹੈ ਜਿਸ ਵਿੱਚ ਸਾਹ ਵਾਰੀ ਵਾਰੀ ਬੰਦ ਹੁੰਦਾ ਤੇ ਸ਼ੁਰੂ ਹੁੰਦਾ ਹੈ) ਸਬੰਧੀ ਇਲਾਜ ਮੁਹੱਈਆ ਕਰਵਾਉਣ ਨਾਲ ਤੁਹਾਡੇ ਫਲੀਟ ਨੂੰ ਫਾਇਦਾ ਹੋ ਸਕਦਾ ਹੈ।

ਪ੍ਰੀਸਿਜ਼ਨ ਪਲਮਨਰੀ ਡਾਇਗਨੌਸਟਿਕਸ, ਹਾਰਵਰਡ ਮੈਡੀਕਲ ਸਕੂਲ, ਵਰਜੀਨੀਆ ਟੈਕ ਟਰਾਂਸਪੋਰਟੇਸ਼ਨ ਇੰਸਟੀਚਿਊਟ ਤੇ ਯੂਨੀਵਰਸਿਟੀ ਆਫ ਮਿਨੀਸੋਤਾ-ਮੌਰਿਸ ਵੱਲੋਂ ਕਰਵਾਏ ਗਏ ਇਸ ਸਾਂਝੇ ਅਧਿਐਨ ਨੂੰ ਮੈਡੀਕਲ ਜਰਨਲ ਸਲੀਪ ਵਿੱਚ ਖਾਸ ਥਾਂ ਦਿਤੀ ਗਈ ਹੈ। ਇਸ ਵਿੱਚ ਆਖਿਆ ਗਿਆ ਹੈ ਕਿ ਇੰਪਲਾਇਰ ਵੱਲੋ ਸਪਾਂਸਰ ਸਲੀਪ ਐਪਨੀਆ ਸਕਰੀਨਿੰਗ, ਡਾਇਗਨੌਸਿਸ ਤੇ ਇਲਾਜ ਨਾਲ ਨਾ ਸਿਰਫ ਕਰਮਚਾਰੀਆਂ ਦੀ ਸਿਹਤ ਵਿੱਚ ਹੀ ਸੁਧਾਰ ਹੋਵੇਗਾ ਸਗੋਂ ਇੰਪਲਾਈ ਹੈਲਥ ਇੰਸ਼ੋਰੈਂਸ ਕਲੇਮ ਵਿੱਚ ਸਿਹਤ ਸਬੰਧੀ ਖਰਚਾ ਵੀ ਘਟੇਗਾ।

ਇਸ ਅਧਿਐਨ ਨੂੰ ਇੰਪਲਾਇਰ-ਮੈਨਡੇਟਿਡ ਆਬਸਟ੍ਰਕਟਿਵ ਸਲੀਪ ਐਪਨੀਆ ਟਰੀਟਮੈਂਟ ਐਂਡ ਹੈਲਥਕੇਅਰ ਕੌਸਟ ਸੇਵਿੰਗਜ਼ ਅਮੰਗ ਟਰਕਰਜ਼, ਨਾਂ ਦਿੱਤਾ ਗਿਆ ਹੈ। ਇਹ ਅਧਿਐਨ ਉਨ੍ਹਾਂ 1200 ਕਮਰਸ਼ੀਅਲ ਟਰੱਕ ਡਰਾਈਵਰਾਂ ਉੱਤੇ ਕੀਤਾ ਗਿਆ ਹੈ ਜਿਨ੍ਹਾਂ ਨੂੰ ਸਲੀਪ ਐਪਨੀਆ ਨਾਂ ਦੀ ਸਮੱਸਿਆ ਸੀ। ਇਨ੍ਹਾਂ ਟਰੱਕ ਡਰਾਈਵਰਾਂ ਨੂੰ ਉਨ੍ਹਾਂ ਦੇ ਇੰਪਲਾਇਰ ਸਪਾਂਸਰਡ ਪ੍ਰੋਗਰਾਮ ਰਾਹੀਂ ਇਸ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਤੇ ਚਾਰ ਸਾਲਾਂ ਦੇ ਅਰਸੇ ਦੌਰਾਨ ਉਨ੍ਹਾਂ ਦੇ ਨੌਨ ਸਲੀਪ ਐਪਨੀਆ ਸਬੰਧੀ ਹੈਲਥ ਕਲੇਮਜ਼ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ।

ਇਸ ਅਧਿਐਨ ਵਿੱਚ ਪਾਇਆ ਗਿਆ ਕਿ ਸਲੀਪ ਐਪਨੀਆ ਤੋਂ ਪਰੇਸ਼ਾਨ ਡਰਾਈਵਰਾਂ, ਜਿਨ੍ਹਾਂ ਦਾ ਵਾਇਆ ਪਾਜ਼ੀਟਿਵ ਏਅਰਵੇਅ ਪ੍ਰੈਸ਼ਰ (ਸੀਪੀਏਪੀ) ਰਾਹੀਂ ਇਲਾਜ ਕਰਵਾਇਆ ਗਿਆ ਸੀ, ਦੇ ਇਲਾਜ ਉੱਤੇ ਹਰ ਮਹੀਨੇ ਹੋਣ ਵਾਲੇ 441 ਡਾਲਰ ਦੇ ਔਸਤ ਖਰਚ ਦੀ ਉਨ੍ਹਾਂ ਡਰਾਈਵਰਾਂ ਦੇ ਮੁਕਾਬਲੇ ਬਚਤ ਹੀ ਹੋਈ ਜਿਨ੍ਹਾਂ ਦਾ ਇਲਾਜ ਨਹੀਂ ਕਰਵਾਇਆ ਗਿਆ।

ਇਸ ਦਾ ਇੱਕ ਕਾਰਨ ਇਹ ਹੈ ਕਿ ਸਹੀ ਢੰਗ ਨਾਲ ਨੀਂਦ ਨਾ ਆਉਣ ਤੇ ਭਰਪੂਰ ਨੀਂਦ ਨਾ ਲੈ ਪਾਉਣ ਕਾਰਨ ਕਈ ਤਰ੍ਹਾਂ ਦੀਆਂ ਹੋਰ ਮੈਡੀਕਲ ਦਿੱਕਤਾਂ ਵੀ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਕਾਰਡੀਓਵੈਸਕੁਲਰ, ਨਿਓਰੋਲਾਜੀਕਲ ਤੇ ਮੈਟਾਬੌਲਿਕ ਡਿਸਆਰਡਰਜ਼ ਜਿਵੇਂ ਕਿ ਡਾਇਬਟੀਜ਼ (ਸ਼ੂਗਰ) ਵੀ ਸ਼ਾਮਲ ਹੈ। ਪ੍ਰੀਸਿਜ਼ਨ ਪਲਮਨਰੀ ਡਾਇਗਨੌਸਟਿਕਸ ਦੇ ਪ੍ਰੈਜ਼ੀਡੈਂਟ ਤੇ ਸੀਈਓ ਮਾਰਕ ਬਰਗਰ ਦਾ ਕਹਿਣਾ ਹੈ ਕਿ ਸਲੀਪ ਐਪਨੀਆ ਵਰਗੀ ਬਿਮਾਰੀ ਵੱਲ ਐਨਾ ਧਿਆਨ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਇਸ ਨੂੰ ਕੋਈ ਬਹੁਤੀ ਪਛਾਣ ਹੀ ਹਾਸਲ ਹੈ ਤੇ ਇਸ ਕਾਰਨ ਡਰਾਈਵਰ ਦੀ ਸਿਹਤ ਨਿੱਘਰਣ ਦੇ ਨਾਲ ਨਾਲ ਆਪਣੇ ਕਰਮਚਾਰੀ ਦਾ ਇਲਾਜ ਕਰਵਾਉਣ ਵਿੱਚ ਇੰਪਲਾਇਰ ਦੀ ਜੇਬ੍ਹ ਵੀ ਹਲਕੀ ਹੁੰਦੀ ਜਾਂਦੀ ਹੈ।

ਇਸ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਵਾਏ ਜਾਣ ਨਾਲ ਇੰਪਲਾਇਰ ਦੀ ਹੈਲਥਕੇਅਰ ਲਾਗਤ ਨਾਟਕੀ ਢੰਗ ਨਾਲ ਘੱਟ ਸਕਦੀ ਹੈ। ਇਸ ਅਧਿਐਨ ਰਾਹੀਂ ਸਲੀਪ ਐਪਨੀਆ ਦੇ ਇਲਾਜ ਤੇ ਡਰਾਈਵਰ ਦੇ ਟਰਨਓਵਰ ਤੇ ਉਸ ਦੀ ਕਾਰਗੁਜ਼ਾਰੀ ਵਿੱਚ ਹੋਏ ਸੁਧਾਰ ਨਾਲ ਫਲੀਟਸ ਨੂੰ ਵੀ ਫਾਇਦਾ ਤੇ ਵੱਡੀ ਬਚਤ ਹੁੰਦੀ ਹੈ।

ਇਸ ਦੇ ਨਾਲ ਹੀ ਇਹ ਵੀ ਚੇਤੇ ਰੱਖਣਾ ਬਣਦਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੇ ਪੂਰੀ ਨੀਂਦ ਲਈ ਹੋਵੇ, ਆਰਾਮ ਕੀਤਾ ਹੋਵੇ ਉਹ ਹਾਦਸਿਆਂ ਲਈ ਵੀ ਘੱਟ ਜਿ਼ੰਮੇਵਾਰ ਹੁੰਦੇ ਹਨ। ਇਸ ਰਿਸਰਚ ਟੀਮ ਵੱਲੋਂ ਇਸ ਤੋਂ ਪਹਿਲਾਂ ਕੀਤੇ ਗਏ ਅਧਿਐਨ ਵਿੱਚ ਇਹ ਪਾਇਆ ਗਿਆ ਕਿ ਸਲੀਪ ਐਪਨੀਆ ਤੋਂ ਪੀੜਤ ਡਰਾਈਵਰ ਜਿਨ੍ਹਾਂ ਦਾ ਇਲਾਜ ਨਹੀਂ ਹੋਇਆ ਹੁੰਦਾ, ਖਤਰਨਾਕ ਹਾਦਸਿਆਂ ਨੂੰ ਪੰਜ ਗੁਣਾਂ ਵੱਧ ਜਨਮ ਦੇ ਸਕਦੇ ਹਨ। ਜਿਨ੍ਹਾਂ ਡਰਾਈਵਰਾਂ ਨੇ ਇਸ ਸਮੱਸਿਆ ਦਾ ਇਲਾਜ ਕਰਵਾਇਆ ਹੁੰਦਾ ਹੈ ਉਨ੍ਹਾਂ ਹੱਥੋਂ ਹੋਣ ਵਾਲੇ ਹਾਦਸੇ ਉਨ੍ਹਾਂ ਡਰਾਈਵਰਾਂ ਜਿੰਨੇ ਹੀ ਹੁੰਦੇ ਹਨ ਜਿਨ੍ਹਾਂ ਨੂੰ ਇਹ ਬਿਮਾਰੀ ਨਹੀਂ ਹੁੰਦੀ।