ਵਿਗੜਦਾ ਵਾਤਾਵਰਣ ਤੇ ਵੱਧਦਾ ਤਾਪਮਾਨ    ਡਾ[ ਸੁਖਦੇਵ ਸਿੰਘ ਝੰਡ     

Climate change abstract concept vector illustration. Environmental activist demonstration, global warming report, weather, climatic condition change cause, greenhouse effect abstract metaphor.

ਦੁਨੀਆਂ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਵਾਤਾਵਰਣ ਵਿਗੜ ਰਿਹਾ ਹੈ ਅਤੇ ਇਸ ਦੇ ਕਾਰਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ‘ਗਲੋਬਲ ਵਾਰਮਿੰਗ’ ਦਾ ਨਾਂ ਦਿੱਤਾ ਗਿਆ ਹੈ। ਇਹ ਧਰਤੀ ਦੇ ਧਰਾਤਲ ਉੱਪਰ ਵਾਤਾਵਰਣ ਵਿਚ ਹੌਲੀ-ਹੌਲੀ ਹੋ ਰਿਹਾ ਔਸਤਨ ਵਾਧਾ ਹੈ ਜਿਸ ਦੇ ਦੂਰ-ਗਾਮੀ ਬੁਰੇ ਪ੍ਰਭਾਵ ਬੜੀ ਦੇਰ ਨਾਲ ਸਾਹਮਣੇ ਆਉਂਦੇ ਹਨ। ਮੌਸਮ ਦੇ ਮਾਹਿਰ-ਵਿਗਿਆਨੀਆਂ ਅਨੁਸਾਰ ਪਿਛਲੀ ਸਦੀ ਵਿਚ ਇਹ ਤਾਪਮਾਨ 1 ਤੋਂ 1[5 ਡਿਗਰੀ ਸੈਂਟੀਗਰੇਡ ਤੱਕ ਵਧਿਆ ਹੈ ਅਤੇ ਜੇਕਰ ਇਹ ਸਿਲਸਿਲਾ ਇੰਜ ਹੀ ਚੱਲਦਾ ਰਿਹਾ ਤਾਂ ਇਸ ਸਦੀ ਦੇ ਅਖ਼ੀਰ ਤੱਕ ਇਹ ਵਾਧਾ 2 ਤੋਂ ਲੈ ਕੇ 6 ਡਿਗਰੀ ਸੈਂਟੀਗਰੇਡ ਤੱਕ ਹੋ ਸਕਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ 1905 ਤੋਂ 2005 ਦੇ ਵਿਚਕਾਰ ਇਹ ਵਾਧਾ ਕੇਵਲ 0[6 ਤੋਂ 0[9 ਡਿਗਰੀ ਸੈਂਟੀਗਰੇਡ, ਭਾਵ 1[1 ਤੋਂ 1[6 ਡਿਗਰੀ ਫ਼ਾਰਨਹੀਟ ਦੇ ਵਿਚਕਾਰ ਸੀ ਅਤੇ ਇਸ ਤੋਂ ਉੱਪਰਲਾ ਦੁੱਗਣਾ ਵਾਧਾ 2005 ਤੋਂ ਬਾਅਦ ਹੋਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ‘ਬਰਫ਼ ਦੇ ਯੁੱਗ’ (ਆਈਸ ਏਜ) ਵਿਚ ਧਰਤੀ ਦਾ ਔਸਤ ਤਾਪਮਾਨ ਅੱਜ ਦੇ ਔਸਤ ਤਾਪਮਾਨ ਨਾਲੋਂ 6 ਡਿਗਰੀ ਸੈਂਟੀਗਰੇਡ ਘੱਟ ਸੀ। ਇਸ ਤੋਂ ਅਗਲੇੇ ‘ਡਾਇਨੋਸਾਰਸ ਯੁੱਗ’ ਵਿਚ ਇਹ ਅੱਜ ਨਾਲੋਂ 4 ਡਿਗਰੀ ਸੈਂਟੀਗਰੇਡ ਵੱਧ ਹੋ ਗਿਆ ਜਿਸ ਕਰਕੇ ਲੱਗਭੱਗ ਸੱਤ ਕਰੋੜ ਸਾਲ ਪਹਿਲਾਂ ਧਰਤੀ ‘ਤੇ ਬੜੀ ਉਥਲ-ਪੁਥਲ ਹੋਈ ਸੀ।

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਤਾਪਮਾਨ ਦੇ ਅਜੋਕੇ ਵਾਧੇ ਲਈ ਮਨੁੱਖ ਹੀ ਜਿ਼ੰਮੇਵਾਰ ਹੈ। ਉਸ ਦੁਆਰਾ ਕੀਤੀ ਗਈਆਂ ਨਵੀਆਂ ਨਵੀਆਂ ਖੋਜਾਂ ਅਤੇ ਕਾਢਾਂ ਹੀ ਤਾਪਮਾਨ ਦੇ ਇਸ ਵਾਧੇ ਨੂੰ ਜਨਮ ਦੇ ਰਹੀਆਂ ਹਨ। ਅਜੋਕੇ ਸਮੇਂ ਵਿਚ ਮਨੁੱਖ ‘ਫ਼ੌਸਿਲ ਫਿ਼ਊਲ’ ਦੀ ਵਰਤੋਂ ਧੜਾਧੜ ਕਰ ਰਿਹਾ ਹੈ ਜਿਸ ਵਿਚ ਕੋਇਲਾ, ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਕੁਦਰਤੀ ਗੈਸ, ਆਦਿ ਸੱਭ ਆ ਜਾਂਦੇ ਹਨ ਅਤੇ ਇਹ ਸਾਰੇ ਹੀ ਬਲਣ ਸਮੇਂ ਵੱਡੀ ਮਾਤਰਾ ਵਿਚ ਗਰੀਨਹਾਊਸ ਗੈਸਾਂ ਨੂੰ ਜਨਮ ਦਿੰਦੇ ਹਨ। ਤਾਪ-ਬਿਜਲੀਘਰਾਂ ਵਿਚ ਬਿਜਲੀ ਬਨਾਉਣ ਲਈ ਕੋਇਲੇ ਦੀ ਭਾਰੀ ਵਰਤੋਂ ਹੋ ਰਹੀ ਹੈ। ਇਸ ਸਮੇਂ ਦੁਨੀਆਂ ਦਾ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕੁਲ ਗਰੀਨਹਾਊਸ ਗੈਸਾਂ ਦਾ 25 ਫ਼ੀਸਦੀ ਹਿੱਸਾ ਵਾਯੂਮੰਡਲ ਵਿਚ ਭੇਜ ਰਿਹਾ ਹੈ ਅਤੇ ਚੀਨ ਵੀ ਇਸ ਦੌੜ ਵਿਚ ਉਸ ਤੋਂ ਪਿੱਛੇ ਨਹੀਂ ਹੈ, ਸਗੋਂ ਚਾਰ ਕਦਮ ਅੱਗੇ ਹੀ ਹੈ। ਭਾਰਤ ਸਮੇਤ ਤੀਸਰੀ ਦੁਨੀਆਂ ਦੇ ਦੇਸ਼ਾਂ ਲਈ ਵਾਤਾਵਰਣ ਡੂੰਘੀ ਅਤੇ ਗੁੰਝਲਦਾਰ ਸਮੱਸਿਆ ਬਣਦੀ ਜਾ ਰਹੀ ਹੈ। ਕੁਦਰਤੀ ਪ੍ਰਕਿਰਿਆਵਾਂ ਵਿਚ ਵਿਗਾੜ ਪਾ ਕੇ ਮਨੁੱਖ ਆਪਣੇ ਲਈ ਕੁਦਰਤੀ ਕਰੋਪੀਆਂ ਸਹੇੜ ਰਿਹਾ ਹੈ ਅਤੇ ਆਪਣੇ ਜੀਵਨ ਨੂੰ ਖ਼ਤਰੇ ਵਿਚ ਪਾ ਰਿਹਾ ਹੈ।

ਸੰਸਾਰਕ ਪੱਧਰ ‘ਤੇ ਵਧੇ ਹੋਏ ਤਾਪਮਾਨ ਨਾਲ ਵਾਤਾਵਰਣ ਵਿਚ ਬਹੁਤ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ। ਵੱਡੇ-ਵੱਡੇ ਗਲੇਸ਼ੀਅਰ ਹੌਲੀ-ਹੌਲੀ ਪਿਘਲ ਰਹੇ ਹਨ ਅਤੇ ਜਦੋਂ ਇਹ ਵੱਡੇ ਪੱਧਰ ‘ਤੇ ਪਿਘਲਣਗੇ ਤਾਂ ਨਦੀਆਂ ਅਤੇ ਦਰਿਆਵਾਂ ਵਿਚ ਹੜ੍ਹ ਆ ਸਕਦੇ ਹਨ। ਹਿਮਾਲੀਆ ਪਰਬਤ ਦੀ ਲੰਮੀ ਲੜੀ ਵਿਚ ਲੱਗਭੱਗ ਦੋ ਲੱਖ ਵਰਗ ਕਿਲੋਮੀਟਰ ਦੇ ਖ਼ੇਤਰਫਲ ਵਿਚ ਗਲੇਸ਼ੀਅਰ ਹਨ ਅਤੇ ਇਨ੍ਹਾਂ ਦੇ ਪਿਘਲਣ ਨਾਲ ਭਾਰਤ ਦੇ ਦਰਿਆਵਾਂ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਦਰਿਆਵਾਂ ਦੇ ਇਸ ਵਾਧੂ ਪਾਣੀ ਦੇ ਨਾਲ ਸਮੁੰਦਰ ਦੀ ਸਤਹ ਹੌਲੀ-ਹੌਲੀ ਉੱਚੀ ਹੁੰਦੀ ਜਾਏਗੀ ਅਤੇ ਨੇੜ-ਭਵਿੱਖ ਵਿਚ ਵੱਖ-ਵੱਖ ਸਮੁੰਦਰਾਂ ਦੇ ਕੰਢਿਆਂ ‘ਤੇ ਵੱਸੇ ਸ਼ਹਿਰਾਂ ਤੇ ਹੋਰ ਇਲਾਕਿਆਂ ਦੇ ਸਮੁੰਦਰ ਵਿਚ ਡੁੱਬਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਨ੍ਹਾਂ ਵਿਚ ਭਾਰਤ ਦੇ ਗਵਾਂਢੀ ਬੰਗਲਾ ਦੇਸ਼ ਤੇ ਕਈ ਹੋਰ ਦੇਸ਼ਾਂ ਦੇ ਡੁੱਬਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਅਮਰੀਕਾ ਵਿਚ ਸੈਲਾਨੀਆਂ ਦੇ ਬੇਹੱਦ ਮਨਪਸੰਦ ਸ਼ਹਿਰ ਮਿਆਮੀ ਦੀ ਹੋਂਦ ਵੀ ਖ਼ਤਰੇ ਵਿਚ ਦੱਸੀ ਜਾ ਰਹੀ ਹੈ।

ਮੌਸਮ ਦੇ ਵਿਗਿਆਨੀਆਂ ਦੀ ਧਾਰਨਾ ਹੈ ਕਿ 1850 ਤੋਂ ਆਰੰਭ ਹੋਈ ‘ਉਦਯੋਗਿਕ-ਕ੍ਰਾਂਤੀ’ ਦੌਰਾਨ ਹੋਏ ਮਸ਼ੀਨੀਕਰਨ ਨਾਲ ਵਾਤਾਵਰਣ ਵਿਚ ‘ਗਰੀਨਹਾਊਸ ਗੈਸਾਂ’ ਦੀ ਮਿਕਦਾਰ ਵੱਧਣੀ ਸ਼ੁਰੂ ਹੋ ਗਈ, ਕਿਉਂਕਿ ਮਸ਼ੀਨਾਂ ਨੂੰ ਚਲਾਉਣ ਲਈ ਵਧੇਰੇ ਕਰਕੇ ‘ਫ਼ੌਸਿਲ ਫਿ਼ਊਲ’ ਦੀ ਹੀ ਵਰਤੋਂ ਕੀਤੀ ਗਈ। ਗਰੀਨਹਾਊਸ ਗੈਸ਼ਾਂ ਵਿਚ ਸ਼ਾਮਲ ਕਾਰਬਨ ਡਾਇਆਕਸਾਈਡ ਅਤੇ ਮੀਥੇਨ ਵਾਯੂਮੰਡਲ ਵਿਚ ਗਰਮੀ ਛੱਡਦੀਆਂ ਹਨ। ਇਨ੍ਹਾਂ ਵਿੱਚੋਂ ਕਾਰਬਨ ਡਾਇਆਕਸਈਡ ਦੀ ਮਾਤਰਾ 2009 ਤੱਕ 38 ਫ਼ੀਸਦੀ ਵਧੀ, ਜਦ ਕਿ ਮੀਥੇਨ ਦੀ ਮਾਤਰਾ ਵਿਚ 148 ਫ਼ੀਸਦੀ ਵਾਧਾ ਹੋਇਆ ਜੋ ਕਾਰਬਨ ਡਾਇਆਕਸਾਈਡ ਨਾਲੋਂ ਚਾਰ ਗੁਣਾਂ ਵੱਧ ਹੈ ਅਤੇ ਇਹ ਗਰਮੀ ਵੀ ਹਵਾ ਵਿਚ ਕਾਰਬਨ ਡਾਇਆਕਸਾਈਡ ਨਾਲੋਂ 300 ਗੁਣਾਂ ਵਧੇਰੇ ਛੱਡਦੀ ਹੈ। ਇਨ੍ਹਾਂ ਗਰੀਨਹਾਊਸ ਗੈਸਾਂ ਵਿਚ ਸ਼ਾਮਲ ‘ਲਾਫਿ਼ੰਗ ਗੈਸ’(ਨਾਈਟਰੱਸ ਆਕਸਾਈਡ) ਵੀ ਇਸ ਗਰਮੀ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੀ ਹੈ। ਇਤਿਹਾਸਕ ਤੱਥ ਬਿਆਨ ਕਰ ਰਹੇ ਹਨ ਕਿ ਪਿਛਲੇ 5000 ਸਾਲਾਂ ਵਿਚ ਧਰਤੀ ਦੇ ਔਸਤ ਤਾਪਮਾਨ ਵਿਚ 5 ਡਿਗਰੀ ਸੈਂਟੀਗਰੇਡ ਵਾਧਾ ਹੋਇਆ ਹੈ ਅਤੇ ਅਗਲੀ ਸਦੀ ਵਿਚ ਤਾਪਮਾਨ ਦਾ ਇਹ ਵਾਧਾ 20 ਗੁਣਾਂ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।&ਨਬਸਪ;

ਦੁਨੀਆਂ ਦੇ 195 ਦੇਸ਼ਾਂ ਦੀ ਸਮੂਹਿਕ ਜੱਥੇਬੰਦੀ ‘ਸੰਯੁਕਤ ਰਾਸ਼ਟਰ ਸੰਘ’ (ਯੂ[ਐੱਨ[ਓ[) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸੰਸਾਰ ਵਿਚ ਹਰ ਸਾਲ ਲੱਗਭੱਗ 9 ਲੱਖ ਮਿਲੀਅਨ ਹੈਕਟੇਅਰ ਰਕਬੇ ਵਿੱਚੋਂ ਹਰ ਸਾਲ ਜੰਗਲ ਅਲੋਪ ਹੋ ਰਹੇ ਹਨ ਅਤੇ ਇਸ ਨਾਲ ਵਾਤਾਵਰਣ ਵਿਚ ਵੱਡੀ ਪੱਧਰ ‘ਤੇ ਗੜਬੜ ਹੋ ਰਹੀ ਹੈ। ਆਸਟ੍ਰੇਲੀਆ, ਅਮਰੀਕਾ ਦੇ ਸੂਬੇ ਕੈਲੇਫ਼ੋਰਨੀਆ, ਕੈਨੇਡਾ ਦੇ ਸੂਬੇ ਅਲਬਰਟਾ ਅਤੇ ਕਈ ਹੋਰ ਥਾਵਾਂ ‘ਤੇ ਜੰਗਲਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਏਕੜ ਰਕਬਾ ਜੰਗਲ ਤੋਂ ਵਿਰਵਾ ਹੋ ਗਿਆ ਹੈ। ਜੰਗਲਾਂ ਦੇ ਇਸ ਤਰ੍ਹਾਂ ਖ਼ਤਮ ਹੋਣ ਨਾਲ ਇਨ੍ਹਾਂ ਵਿਚ ਰਹਿਣ ਵਾਲੇ ਜੀਵ-ਜੰਤੂਆਂ ਅਤੇ ਜਾਨਵਰਾਂ ਦਾ ਵੀ ਖਾਤਮਾ ਹੋ ਰਿਹਾ ਹੈ। ਇਨ੍ਹਾਂ ਦੀਆਂ ਕਈ ਪ੍ਰਜਾਤੀਆਂ ਹੌਲੀ-ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ। ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਵਾਤਾਵਰਣ ਵਿਚ ਸਮਤੋਲ ਰੱਖਣ ਲਈ ਰੁੱਖਾਂ ਦੀ ਅਹਿਮ ਭੂਮਿਕਾ ਹੈ। ਉਹ ਹਵਾ ਵਿੱਚੋਂ ਕਾਰਬਨ ਡਾਇਆਕਸਾਈਡ ਲੈ ਕੇ ਆਸਾਨੀ ਨਾਲ ਸਾਹ ਲੈਣ ਲਈ ਸਾਨੂੰ ਆਕਸੀਜਨ ਦਿੰਦੇ ਹਨ। ਪੌਦਾ-ਵਿਗਿਆਨੀਆਂ ਦਾ ਵਿਚਾਰ ਹੈ ਇਕ ਵੱਡੇ ਰੁੱਖ ਵਿਚ 22 ਤੋਂ 25 ਕਿਲੋ ਗ੍ਰਾਮ ਕਾਰਬਨ ਡਾਇਆਕਸਾਈਡ ਹਵਾ ਵਿੱਚੋਂ ਜਜ਼ਬ ਕਰਨ ਦੀ ਸਮਰੱਥਾ ਹੈ।

ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ 2007 ਵਿਚ 46 ਦੇਸ਼ਾਂ ਦੀ ਵਾਤਾਵਰਣ ਸਬੰਧੀ ਹੋਈ ਕਾਨਫ਼ਰੰਸ ਵਿਚ ਵਿਗਿਆਨੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਲੋਕਾਂ ਨੂੰ ਹੁਣ ਵੀ ਗਰੀਨਹਾਊਸ ਗੈਸਾਂ ਤੋਂ ਮੁਕਤ ਨਾ ਕਰਵਾਇਆ ਗਿਆ ਤਾਂ ਫਿਰ ਸਾਡੇ ਲਈ ਪਛਤਾਉਣ ਦਾ ਸਮਾਂ ਵੀ ਨਹੀਂ ਬਚੇਗਾ। ਵਿਗਿਆਨੀਆਂ ਦੀ ਇਸ ਚਿਤਾਵਨੀ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਅਤੇ 2015 ਵਿਚ ਪੈਰਿਸ ਵਿਚ ਹੀ ਹੋਈ ਮੁੜ ਹੋਈ ਕਾਨਫਰੰਸ ਵਿਚ 200 ਦੇਸ਼ਾਂ ਦੇ ਪ੍ਰਤੀਨਿਧੀਆਂ ਵੱਲੋਂ ਇਸ ਉੱਪਰ ਦਸਤਖ਼ਤ ਕੀਤੇ ਗਏ ਜਿਸ ਨੂੰ ‘ਪੈਰਿਸ ਵਾਤਾਵਰਣ ਸਮਝੌਤੇ’ ਦਾ ਨਾਂ ਦਿੱਤਾ ਗਿਆ। ਇਹ ਸਮਝੌਤਾ ਅਗਲੇ ਸਾਲ 2016 ਨੂੰ ਲਾਗੂ ਕੀਤਾ ਗਿਆ। ਇਸ ਸਮਝੌਤੇ ਦਾ ਮੁੱਖ-ਉਦੇਸ਼ ਸੰਸਾਰਕ ਪੱਧਰ ‘ਤੇ ਤਾਪਮਾਨ ਵਿਚ ਵਾਧੇ ਨੂੰ ਹਰ ਹਾਲਤ ਵਿਚ 2 ਡਿਗਰੀ ਸੈਂਟੀਗਰੇਡ ਤੋਂ ਹੇਠਾਂ ਰੱਖਣਾ ਹੈ ਅਤੇ ਬੇਹਤਰ ਹੈ ਜੇਕਰ ਇਹ 1.5 ਡਿਗਰੀ ਦੇ ਆਸ-ਪਾਸ ਹੀ ਰਹੇ। ਇਸ ਸਮਝੌਤੇ ਅਨੁਸਾਰ ਗਰੀਨਹਾਊਸ ਗੈਸਾਂ ਦੀ ਹਵਾ ਵਿਚ ਮਾਤਰਾ ਓਨੀ ਕੁ ਹੀ ਰਹਿਣੀ ਚਾਹੀਦੀ ਹੈ ਜਿੰਨੀ ਰੁੱਖ, ਧਰਤੀ ਅਤੇ ਸਮੁੰਦਰ ਆਪਣੇ ਵਿਚ ਆਸਾਨੀ ਨਾਲ ਸਮਾਅ ਸਕਣ। ਇਸ ਦੇ ਲਈ ਹਰੇਕ ਮੈਂਬਰ ਦੇਸ਼ ਇਨ੍ਹਾਂ ਗੈਸਾਂ ਨੂੰ ਘਟਾਉਣ ਦਾ ਆਪਣਾ ‘ਨਿਸ਼ਾਨਾ’ (ਟਾਰਗੈੱਟ) ਤੈਅ ਕਰਦਾ ਹੈ ਜਿਸ ਨੂੰ ‘ਐੱਨ[ਡੀ[ਸੀ[‘(ਨੈਸ਼ਨਲ ਡਿਟਰਮਿਨਡ ਕੰਟਰੀਬਿਊਸ਼ਨ) ਦਾ ਨਾਂ ਦਿੱਤਾ ਗਿਆ ਹੈ ਅਤੇ ਉਹ ਉਸ ਨੂੰ ਲੱਗਦੀ ਵਾਹ ਪੂਰਿਆਂ ਕਰਨ ਦੀ ਕੋਸਿ਼ਸ਼ ਕਰਦਾ ਹੈ। ਵਾਤਾਵਰਣ ਦੀ ਤਬਦੀਲੀ ਅਤੇ ਨਵਿਆਉਣਯੋਗ-ਊਰਜਾ ਵਰਗੇ ਪ੍ਰਾਜੈੱਕਟਾਂ ਨੂੰ ਅਪਨਾਉਣ ਲਈ ਅਮੀਰ ਦੇਸ਼ਾਂ ਵੱਲੋਂ ਗ਼ਰੀਬ ਦੇਸ਼ਾਂ ਦੀ ਮਾਇਕ-ਸਹਾਇਤਾ ਵੀ ਕੀਤੀ ਜਾਂਦੀ ਹੈ। ਇਸ ਦੇ ਵੱਲੋਂ ਮਿਥੇ ਗਏ ਨਿਸ਼ਾਨੇ ਅਨੁਸਾਰ ਦੁਨੀਆਂ ਦੇ ਸਾਰੇ ਦੇਸ 2050 ਤੱਕ ਵਾਤਾਵਰਣ ਪੱਖੋਂ ‘ਨਿਊਟਰਲ’ ਹੋ ਜਾਣਗੇ। ਇਸ ਤੋਂ ਭਾਵ ਹੈ ਕਿ ਵਾਤਾਵਰਣ ਗਰੀਨਗੈਸਾਂ ਦੇ ਵਾਧੂ ਰਿਸਾਅ ਤੋਂ ਮੁਕਤ ਹੋ ਜਾਏਗਾ ਅਤੇ ਹਵਾ ਵਿਚ ਇਹ ਗੈਸਾਂ ਓਨੀ ਹੀ ਮਾਤਰਾ ਵਿਚ ਹੋਣਗੀਆਂ ਜਿੰਨੀਆਂ ਰੁੱਖ, ਧਰਤੀ ਅਤੇ ਸਮੁੰਦਰਾਂ ਦੇ ਪਾਣੀਆ ਆਪਣੇ ਵਿਚ ਸਮਾਅ ਲੈਣਗੇ।

ਦੁਨੀਆਂ ਦੇ ਸੱਭ ਤੋਂ ਅਮੀਰ ਮਨੁੱਖ ਅਤੇ ਵਾਤਾਵਰਣ ਪ੍ਰਤੀ ਗੰਭੀਰ ਚਿੰਤਕ ਬਿੱਲ ਗੇਟਸ ਨੇ ਮਾਰਚ 2021 ਵਿਚ ਛਪੀ ਆਪਣੀ ਪੁਸਤਕ “ਹਾਊ ਟੂ ਅਵਾਇਡ ਆ ਕਲਾਈਮੇਟ ਡਿਜ਼ਾਸਟਰ” ਵਿਚ ਸਾਰੀ ਦੁਨੀਆਂ ਨੂੰ ਵਾਤਾਵਰਣ ਦੇ ਗੰਭੀਰ ਖ਼ਤਰੇ ਤੋਂ ਬਚਣ ਲਈ ਗਰੀਨਹਾਊਸ ਗੈਸਾਂ ਵਿਚ ਸ਼ਾਮਲ ਕਾਰਬਨ ਡਾਇਆਕਸਾਈਡ ਅਤੇ ਹਾਨੀਕਾਰਕ ਗੈਸਾਂ ਦੀ ਹਵਾ ਵਿਚ ਮਾਤਰਾ ਨੂੰ 2030 ਤੀਕ ਅੱਧਾ ਕਰਨ, ਅਤੇ 2050 ਤੱਕ ਇਨ੍ਹਾਂ ਨੂੰ ‘ਜ਼ੀਰੋ’ ਪੱਧਰ ਤੱਕ ਲਿਜਾਣ ਦੀ ਗੱਲ ਕੀਤੀ ਹੈ। ਲੇਖਕ ਵੱਲੋਂ ਇਨ੍ਹਾਂ ਗੈਸਾਂ ਨੂੰ ‘ਜ਼ੀਰੋ’ ਤੱਕ ਲਿਜਾਣਾ ਭਾਵੇਂ ‘ਆਦਰਸ਼ਕ’ ਹੀ ਜਾਪਦਾ ਹੈ ਪਰ ਇਸ ਤੋਂ ਉਸ ਦਾ ਭਾਵ ਇਨ੍ਹਾਂ ਦੇ ਹਵਾ ਵਿਚ ਰਿਸਾਅ ਨੂੰ ਘੱਟ ਤੋਂ ਘੱਟ ਕਰਨਾ ਹੈ। ਇਸ ਦੇ ਲਈ ਸਾਰਿਆਂ ਨੂੰ ‘ਫ਼ੌਸਿਲ ਫਿ਼ਊਲ’ ਦੀ ਵਰਤੋਂ ਘੱਟ ਕਰਨ ਅਤੇ ਬਿਜਲੀ ਦੇ ਉਤਪਾਦਨ ਲਈ ਤੇਜ਼ ਹਵਾਵਾਂ, ਸੂਰਜੀ ਊਰਜਾ, ਐਟਮੀ ਊਰਜਾ, ਆਦਿ ਸਾਧਨਾਂ ਉੱਪਰ ਵਧੇਰੇ ਨਿਰਭਰ ਹੋਣ ਲਈ ਕਿਹਾ ਗਿਆ ਹੈ, ਅਤੇਇਸ ਦੇ ਨਾਲ ਹੀ ਇਸ ਦੇ ਲਈ ਕਈ ਢੰਗ-ਤਰੀਕੇ ਵੀ ਸੁਝਾਏ ਗਏ ਹਨ। ਗੱਡੀਆਂ, ਮੋਟਰਾਂ, ਕਾਰਾਂ ਤੇ ਆਵਾਜਾਈ ਦੇ ਹੋਰ ਸਾਧਨਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਬਨਾਉਣ ਦੀ ਜ਼ਰੂਰਤ ਹੈ। ਉਂਜ, ਵੇਖਣ-ਸੁਣਨ ਨੂੰ ਇਹ ਸੱਭ ਬਹੁਤ ਸੋਹਣਾ, ਸੁਚਾਰੂ ਅਤੇ ਆਦਰਸ਼ਕ ਲੱਗਦਾ ਹੈ ਪਰ ਅਮਲੀ ਤੌਰ ‘ਤੇ ਕੀ ਇਹ ਸੱਭ ਸੰਭਵ ਹੋ ਸਕੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।;

‘ਪੈਰਿਸ ਸਮਝੌਤੇ’ ਦੇ ਮੁੱਖ-ਹਸਤਾਖ਼ਰੀ ਅਮਰੀਕਾ ਵੱਲੋਂ 2017 ਵਿਚ ਰਾਸ਼ਟਰਪਤੀ ਡੋਨਾਰਡ ਟਰੰਪ ਦੇ ਰਾਜ ਸਮੇਂ ਉਨ੍ਹਾਂ ਵੱਲੋਂ ਇਸ ਸਮਝੌਤੇ ਤੋਂ ਵੱਖ ਹੋਣ ਦੀ ਗੱਲ ਕਰਦਿਆਂ ਕਿਹਾ ਗਿਆ ਸੀ ਕਿ ਭਾਰਤ ਤੇ ਚੀਨ ਵਰਗੇ ਵੱਡੇ ਦੇਸ਼ ਫ਼ੌਸਿਲ ਫਿ਼ਊਲ ਦੀ ਧੜਾਧੜ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਉੱਪਰ ਇਸ ਦੇ ਬਾਰੇ ਕੋਈ ਜ਼ੋਰ ਨਹੀਂ ਪਾਇਆ ਜਾ ਰਿਹਾ। ਪਾਠਕਾਂ ਨੂੰ ਯਾਦ ਹੋਵੇਗਾ ਕਿ ਅਮਰੀਕਾ ਨੇ ਨਵੰਬਰ 2020 ਵਿਚ ਪੈਰਿਸ ਸਮਝੌਤੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਇਸ ਦੀ ਉਦੋਂ ਦੂਸਰੇ ਦੇਸ਼ਾਂ ਵੱਲੋਂ ਕਾਫ਼ੀ ਨੁਕਤਾਚੀਨੀ ਵੀ ਹੋਈ ਸੀ। ਏਸੇ ਮਹੀਨੇ ਹੋਈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਹੋਰ ਕਈ ਮੁੱਦਿਆਂ ਸਮੇਤ ਇਸ ਅਹਿਮ ਮਸਲੇ ਦੇ ਕਾਰਨ ਵੀ ਟਰੰਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਹ ਵੱਖਰੀ ਗੱਲ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਇਸ ਸਮਝੌਤੇ ਵਿਚ ਮੁੜ ਸ਼ਾਮਲ ਹੋ ਕੇ ਅਮਰੀਕਾ ਦੀ ਇਸ ਗ਼ਲਤੀ ਨੂੰ ਸੁਧਾਰ ਲਿਆ ਗਿਆ ਹੈ। ਦੁਨੀਆਂ ਦਾ ਮੋਹਰੀ ਕਹਾਉਣ ਵਾਲਾ ਦੇਸ਼ ਹੀ ਜੇਕਰ ਮਨੁੱਖਤਾ ਨਾਲ ਜੁੜੇ ਇਸ ਤਰ੍ਹਾਂ ਦੇ ਅਗਾਂਹ-ਵਧੂ ਸਮਝੌਤਿਆਂ ਤੋਂ ਆਪਣਾ ਹੱਥ ਪਿੱਛੇ ਖਿੱਚੇਗਾ ਤਾਂ ਫਿਰ ਤੀਸਰੀ ਦੁਨੀਆਂ ਦੇ ਗ਼ਰੀਬ ਦੇਸ਼ਾਂ ਦਾ ਕੀ ਬਣੇਗਾ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਔਸਤ ਤਾਪਮਾਨ ਹੁਣ ਤੀਕ ਪਹਿਲਾਂ ਹੀ 1 ਡਿਗਰੀ ਸੈਂਟੀਗਰੇਡ ਵੱਧ ਚੁੱਕਾ ਹੈ ਅਤੇ ਇਹ ਕਿਸੇ ਵੀ ਹਾਲਤ ਵਿਚ 1[5 ਡਿਗਰੀ ਤੋਂ ਅੱਗੇ ਨਹੀਂ ਵੱਧਣਾ ਚਾਹੀਦਾ। ਅਜਿਹਾ ਨਾ ਹੋਣ ਦੀ ਹਾਲਤ ਵਿਚ ਵਾਤਾਵਾਰਣ ਵਿਚ ਭਾਰੀ ਵਿਗਾੜ ਪੈਦਾ ਹੋ ਸਕਦੇ ਹਨ ਜਿਨ੍ਹਾਂ ਵਿਚ ਨਿੱਕੇ-ਵੱਡੇ ਟਾਪੂਆਂ ਦਾ ਸਮੁੰਦਰੀ ਲਹਿਰਾਂ ਦੇ ਹੇਠ ਦੱਬੇ ਜਾਣਾ, ਬਰਫ਼-ਰਹਿਤ ਆਰਕਟਿਕ ਗਰਮੀਆਂ ਦੇ ਸੀਜ਼ਨ ਅਤੇ ਮੌਸਮ ਵਿਚ ਭਾਰੀ ਉਤਰਾਅ-ਚੜ੍ਹਾਅ ਸ਼ਾਮਲ ਹੋ ਸਕਦੇ ਹਨ। ਬੀਤੇ ਦਿਨੀਂ ਉੱਤਰੀ-ਅਮਰੀਕਨ ਖਿੱਤੇ ਦੇ ਕਈ ਸ਼ਹਿਰਾਂ ਵਿਚ ਤਾਪਮਾਨ 49-50 ਡਿਗਰੀ ਸੈਂਟੀਗਰੇਡ ਦੇ ਨੇੜੇ ਹੋ ਚੁੱਕਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਜਿੱਥੇ ਗਰਮੀਆਂ ਵਿਚ ਇਹ ਤਾਪਮਾਨ ਆਮ ਤੌਰ ‘ਤੇ 25-30 ਡਿਗਰੀ ਤੱਕ ਹੀ ਰਹਿੰਦਾ ਸੀ, ਵਿਚ ਪਿਛਲੇ ਦਿਨੀਂ ਇਹ 49[5 ਡਿਗਰੀ ਹੋ ਗਿਆ ਸੀ ਅਤੇ ਗਰਮੀ ਨਾਲ ਉੱਥੇ 134 ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ਦੀਆਂ ਦੱਖਣ-ਪੱਛਮੀ ਸਟੇਟਾਂ ਵਿਚ ਭਾਰੀ ਗਰਮੀ ਵੇਖਣ ਨੂੰ ਮਿਲ ਰਹੀ ਹੈ। ਕਈਆਂ ਵਿਚ ਤਾਂ ਗਰਮੀ ਨਾਲ ਸੋਕੇ ਵਾਲੀ ਸਥਿਤੀ ਵੀ ਪੈਦਾ ਹੋ ਰਹੀ ਹੈ। ਭਾਰਤ ਦੇ ਕਈ ਹਿੱਸਿਆਂ ਵਿਚ ਇਹ ਤਾਪਮਾਨ 50 ਡਿਗਰੀ ਤੋਂ ਵੀ ਉੱਪਰ ਹੋ ਗਿਆ ਹੈ। ਦੂਸਰੇ ਪਾਸੇ ਨਿਊਜ਼ੀਲੈਂਡ ਵਿਚ ਤਾਪਮਾਨ ਮਨਫ਼ੀ ਚਾਰ ਡਿਗਰੀ ਸੈਂਟੀਗਰੇਡ ਵੀ ਹੋ ਗਿਆ ਹੈ ਅਤੇ ਉੱਥੇ ਬਰਫ਼ ਪੈਣੀ ਆਰੰਭ ਹੋ ਚੁੱਕੀ ਹੈ।

ਦੁਨੀਆਂ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਹੀ ਆਬਾਦੀ ਵਿਚ ਧੜਾਧੜ ਵਾਧਾ ਹੋ ਰਿਹਾ ਹੈ ਅਤੇ ਇਸ ਸਦੀ ਦੇ ਅਖ਼ੀਰ ਵਿਚ ਇਸ ਦੇ 10 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਭਾਰਤ, ਚੀਨ, ਨਾਈਜੇਰੀਆਂ, ਆਦਿ ਦੇਸ਼ਾਂ ਵਿਚ ਤਾਂ ਇਸ ਦੇ ਵਾਧੇ ਦੀ ਦਰ ਹੋਰ ਵੀ ਵਧੇਰੇ ਹੋਵੇਗੀ ਅਤੇ ਇਹ ਬਹੁਤਾ ਕਰਕੇ ਸ਼ਹਿਰੀ ਆਬਾਦੀ ਦੀ ਹੋਵੇਗੀ। ਇਹ ਖਿ਼ਆਲ ਕੀਤਾ ਜਾ ਰਿਹਾ ਹੈ ਕਿ 2060 ਤੀਕ ਸ਼ਹਿਰਾਂ ਵਿਚ ਘਰਾਂ ਅਤੇ ਹੋਰ ਲੋੜੀਂਦੀਆਂ ਏਅਰ-ਕੰਡੀਸ਼ਨਿੰਗ ਤੇ ਹੀਟਿੰਗ ਵਰਗੀਆਂ ਸੁੱਖ-ਸਹੂਲਤਾਂ ਦੀ ਮੰਗ ਲੱਗਭੱਗ ਦੁੱਗਣੀ ਹੋ ਜਾਏਗੀ। ਇਨ੍ਹਾਂ ਵਿੱਚੋਂ ਬਿਜਲੀ ਦੀ ਮੰਗ 2050 ਤੱਕ 50 ਫ਼ੀਸਦੀ ਵੱਧ ਜਾਏਗੀ ਅਤੇ ਇਸ ਨੂੰ ਪੈਦਾ ਕਰਨ ਲਈ ਇਸ ਸਮੇਂ ਮੌਜੂਦਾ ਢੰਗਾਂ-ਤਰੀਕਿਆਂ ਤੋਂ ਇਲਾਵਾ ਜੇਕਰ ਹੋਰ ਸੁਚਾਰੂ ਸਾਧਨਾਂ ਦੀ ਵਰਤੋਂ ਨਾ ਕੀਤੀ ਗਈ ਤਾਂ ਹਵਾ ਵਿਚ ਕਾਰਬਨ ਡਾਇਆਕਸਾਈਡ ਅਤੇ ਹੋਰ ਗਰੀਨਹਾਊਸ ਗੈਸਾਂ ਦੀ ਮਾਤਰਾ ਵੀ 50 ਫ਼ੀਸਦੀ ਵੱਧ ਜਾਣ ਦੀ ਸੰਭਾਵਨਾ ਹੈ ਜਿਸ ਨੂੰ ਹਰ ਹਾਲਤ ਵਿਚ ਘੱਟ ਕਰਨ ਦੀ ਸਖ਼ਤ ਜ਼ਰੂਰਤ ਹੈ। ਜਿ਼ਕਰਯੋਗ ਹੈ ਕਿ ਉਤਪਾਦਨ ਸੈੱਕਟਰ ਵਿਚ ਸੱਭ ਤੋਂ ਵੱਧ ਪ੍ਰਦੂਸ਼ਣ ਪੈਦਾ ਹੁੰਦਾ ਹੈ। ਕੇਵਲ ਸਟੀਲ ਅਤੇ ਸੀਮੈਂਟ ਬਨਾਉਣ ਵਿਚ ਹੀ ਹਵਾ-ਪ੍ਰਦੂਸ਼ਣ ਵਿਚ 10 ਫ਼ੀਸਦੀ ਵਾਧਾ ਹੋ ਰਿਹਾ ਹੈ ਅਤੇ ਪਲਾਸਟਿਕ ਤੇ ਹੋਰ ਕਈ ਕਿਸਮ ਦੀ ਇੰਡਸਟਰੀ ਇਸ ਪ੍ਰਦੂਸ਼ਣ ਵਿਚ ਹੋਰ ਵੀ ਵਾਧਾ ਕਰਦੀ ਹੈ। ਇਨ੍ਹਾਂ ਨੂੰ ਬਿਜਲੀ ਦੀ ਜ਼ਰੂਰਤ ਹੈ ਜਿਸ ਨੂੰ ਬਨਾਉਣ ਲਈ ਕੋਇਲੇ, ਤੇਲ, ਕੁਦਰਤੀ ਗੈਸ, ਹਾਈਡਰੋ ਪਾਵਰ, ਐਟਮੀ ਊਰਜਾ, ਆਦਿ ਦੀ ਲੋੜ ਹੈ। ਮਾਹਿਰਾਂ ਦੁਆਰਾ ਇਹ ਮੰਨਿਆਂ ਗਿਆ ਹੈ ਕਿ ਇਕ ਟਨ ਸਟੀਲ ਬਨਉਣ ਵਿਚ 1.8 ਟਨ ਕਾਰਬਨ ਡਾਇਆਕਸਾਈਡ ਹਵਾਈ ਪ੍ਰਦੂਸ਼ਣ ਪੈਦਾ ਹੁੰਦਾ ਹੈ। ਵੱਖ-ਵੱਖ ਕਿਸਮ ਦੀਆਂ ਖ਼ਾਦਾਂ ਬਨਾਉਣ ਲਈ 2010 ਤੱਕ 1[3 ਮਿਲੀਅਨ ਟਨ ਗਰੀਨਹਾਊਸ ਗੈਸਾਂ ਹਵਾ ਵਿਚ ਦਾਖ਼ਲ ਹੋਈਆਂ ਹਨ ਅਤੇ ਇਸ ਸਦੀ ਦੇ ਅੱਧ ਤੱਕ, ਭਾਵ 2050 ਤੀਕ ਇਹ ਪ੍ਰਦੂਸ਼ਣ 1[7 ਬਿਲੀਅਨ ਟਨ ਤੱਕ ਪਹੁੰਚ ਸਕਦਾ ਹੈ।

ਵਾਤਾਵਰਣ ਦੇ ਵਿਗਾੜ ਦੀ ਗੱਲ ਕਰਦਿਆਂ ਜੇਕਰ ਪਾਣੀ ਦੇ ਪ੍ਰਦੂਸ਼ਣ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈ ਜਾਏ ਤਾਂ ਇਹ ਕੁਥਾਂ ਨਹੀਂ ਹੋਵੇਗੀ। ਅਮਰੀਕਾ, ਕੈਨੇਡਾ ਤੇ ਹੋਰ ਵਿਕਸਿਤ ਦੇਸ਼ਾਂ ਨੂੰ ਛੱਡ ਕੇ ਜੇ ਅਸੀਂ ਤੀਸਰੀ ਦੁਨੀਆਂ ਦੇ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਸਾਰੇ ਥਾਵਾਂ ‘ਤੇ ਇਸ ਸਮੇਂ ਪੀਣ ਦੇ ਪਾਣੀ ਦੀ ਵੀ ਬੜੀ ਸਮੱਸਿਆ ਹੈ। ਭਾਰਤ ਦੇ ਕਈ ਸੂਬਿਆਂ ਵਿਚ ਵਿਚ ਕਈ ਅਜਿਹੇ ਪਿੰਡ ਹਨ ਜਿੱਥੇ ਪੀਣ ਦੇ ਪਾਣੀ ਲਈ ਲੋਕਾਂ ਨੂੰ ਕਈ ਕਈ ਮੀਲ ਦੂਰ ਜਾਣਾ ਪੈਂਦਾ ਹੈ। ਇਸ ਦੇ ਨਾਲ਼ ਹੀ ਜੇਕਰ ਪੰਜਾਬ ਦੀ ਗੱਲ ਨਾ ਕੀਤੀ ਜਾਏ ਤਾਂ ਇਹ ਵਿਚਾਰ-ਚਰਚਾ ਅਧੂਰੀ ਹੋਵੇਗੀ। ਪੰਜਾਂ ਦਰਿਆਵਾਂ ਦੀ ਧਰਤੀ ‘ਪੰਜਾਬ’ (ਹੁਣ ਇਸ ਸਮੇਂ ‘ਢਾਈ ਦਰਿਆਵਾਂ’ ਦੀ) ਦੇ ਬਹੁਤ ਸਾਰੇ ਜਿ਼ਲਿਆਂ ਵਿਚ ਪਾਣੀ ਦੀ ਥੁੜ ਪੈਦਾ ਹੋ ਗਈ ਹੈ। ਮਾਲਵੇ ਦੇ ਇਲਾਕੇ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਅਤੇ ਇਹ ਕੈਂਸਰ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਹੁਣ ਤਾਂ ਮਾਝੇ ਅਤੇ ਦੁਆਬੇ ਵਿਚ ਵੀ ਪਾਣੀ ਤਿੰਨ-ਚਾਰ ਸੌ ਫੁੱਟ ਤੱਕ ਡੂੰਘਾ ਚਲਾ ਗਿਆ ਹੈ। ਪੰਜਾਬ ਵਿਚ ਝੋਨੇ ਦੀ ਲਗਾਤਾਰ ਬਿਜਾਈ ਨੇ ਪਾਣੀ ਡੂੰਘੇ ਕਰ ਦਿੱਤੇ ਹਨ ਅਤੇ ਖ਼ਾਦਾਂ ਤੇ ਕੀੜੇ-ਮਾਰ ਦਵਾਈਆਂ ਦੀ ਅੰਧਾਧੁੰਦ ਵਰਤੋਂ ਨੇ ਪਾਣੀ ਦੇ ਧਰਾਤਲ ਨੂੰ ਜ਼ਹਿਰੀਲਾ ਕਰ ਛੱਡਿਆ ਹੈ। ਪੀਣ ਵਾਲਾ ਪਾਣੀ 300-400 ਫੁੱਟ ਡੂੰਘਾਈ ‘ਤੇ ਜਾ ਕੇ ਮਸਾਂ ਹੀ ਥਿਆਉਂਦਾ ਹੈ। ਫ਼ੈਕਟਰੀਆਂ ਵਾਲਿਆਂ ਨੇ ਆਪਣੇ ਜ਼ਹਿਰੀਲੀ ‘ਇੰਡਸਟ੍ਰੀਅਲ ਰਹਿੰਦ-ਖੂੰਦ’ (ਵੇਸਟ) ਨੂੰ ਬਿਨਾਂ ਸੋਧਿਆਂ 200-300 ਡੂੰਘੇ ਬੋਰ ਕਰਕੇ ਧਰਤੀ ਹੇਠਲੇ ਪਾਣੀ ਵਿਚ ਮਿਲਾ ਛੱਡਿਆ ਹੈ ਅਤੇ ਉਹ ਪੀਣ ਵਾਲੇ ਪਾਣੀ ਤੋਂ ਇਲਾਵਾ ਫ਼ਸਲਾਂ ਲਈ ਵੀ ਹਾਨੀਕਾਰਕ ਸਾਬਤ ਹੋ ਰਹੇ ਹਨ। ਪਿਛਲੇ ਦਿਨੀਂ ਭਵਾਨੀਗੜ੍ਹ ਦੇ ਨੇੜੇ ਇਕ ਪਿੰਡ ਦੇ ਟਿਊਬਵੈੱਲ ਵਿੱਚੋਂ ਨਿਕਲਿਆ ਲਾਲ ਰੰਗ ਦਾ ਪਾਣੀ ਇਸ ਦੀ ਤਾਜ਼ਾ ਮਿਸਾਲ ਹੈ ਅਤੇ ਲੁਧਿਆਣੇ ਦਾ ‘ਬੁੱਢਾ ਨਾਲ਼ਾ’ ਕਿਸੇ ਵੀ ਪੰਜਾਬੀ ਨੂੰ ਭੁੱਲਿਆ ਨਹੀਂ।

ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ‘ਕਾਲੀ ਵੇਈਂ’ ਦੀ ਸਫ਼ਾਈ ਬਾਬਾ ਬਲਬੀਰ ਸਿੰਘ ਸੀਚੇਵਾਲ ਕਰਵਾ-ਕਰਵਾ ਕੇ ਥੱਕ ਗਿਆ ਹੈ ਪਰ ਫ਼ੈਕਟਰੀਆਂ ਵਾਲੇ ਫਿਰ ਵੀ ਇਸ ਵਿਚ ਆਪਣੀ ‘ਇੰਡਸਟਰੀਅਲ ਵੇਸਟ’ ਪਾਉਣੋਂ ਨਹੀਂ ਟਲ਼਼ਦੇ। ਇਕ ਹੋਰ ਬਾਬਾ ਸੇਵਾ ਸਿੰਘ ‘ਖਡੂਰ ਸਾਹਿਬ ਵਾਲਾ’ ਹੈ ਜੋ ਸੜਕਾਂ ਦੇ ਕਿਨਾਰਿਆਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਰੁੱੱਖ ਲਗਾਉਣ ਦੀ ਵਧੀਆ ਮੁਹਿੰਮ ਛੇੜੀ ਬੈਠਾ ਹੈ ਪਰ ਉਸ ਦੇ ਸੇਵਾਦਾਰਾਂ ਵੱਲੋਂ ਲਾਏ ਗਏ ਰੁੱਖ ਵੀ ਕਈ ਥਾਈਂ ਪੰਜਾਬੀ ਕਿਸਾਨਾਂ ਦੇ ਟ੍ਰੈੱਕਟਰਾਂ ਦੀ ਭੇਂਟ ਚੜ੍ਹ ਗਏ ਹਨ। ਇਨ੍ਹਾਂ ‘ਦੋ ਬਾਬਿਆਂ’ ਬਾਰੇ ਮੇਰੇ ਇਕ ਦੋਸਤ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੇਵਲ ਇਹ ਹੀ ‘ਅਸਲੀ ਬਾਬੇ’ ਹਨ, ‘ਸੀਚੇਵਾਲ ਵਾਲਾ’ ਤੇ ‘ਖਡੂਰ ਸਾਹਿਬ ਵਾਲਾ’। ਬਾਕੀ ‘ਕਾਰ-ਸੇਵਾ ਵਾਲੇ’ ਤਾਂ ਗੁਰਦੁਆਰਿਆਂ ਵਿਚ ਸੰਗਮਰਮਰ ਜੜਨ, ਛਕਣ-ਛਕਾਉਣ ਅਤੇ ਲੋਕਾਂ ਨੂੰ ਲੁੱਟਣ ਵਾਲੇ ਹੀ ਹਨ। [[[ਤੇ ਮੈਨੂੰ ਉਸ ਦਾ ਇਹ ਕਥਨ ਕਾਫ਼ੀ ਹੱਦ ਤੀਕ ਸਹੀ ਲੱਗਦਾ ਹੈ।

ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਹਵਾਈ ਪ੍ਰਦੂਸ਼ਣ ਅਤੇ ਪਾਣੀ ਦਾ ਪ੍ਰਦੂਸ਼ਣ ਇਸ ਸਮੇਂ ਲੱਗਭੱਗ ਸਾਰੀ ਦੁਨੀਆਂ ਲਈ ਹੀ ਚੁਣੌਤੀ ਬਣੇ ਹੋਏ ਹਨ ਅਤੇ ਇਨ੍ਹਾਂ ਦੇ ਯੋਗ ਹੱਲ ਤਲਾਸ਼ ਕਰਨੇ ਸਮੇਂ ਦੀ ਮੁੱਖ ਲੋੜ ਹੈ। ਜੇਕਰ ਇੰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਮਨੁੱਖਤਾ ਦੇ ਵਿਨਾਸ਼ ਦਾ ਮੁੱਖ ਕਾਰਨ ਬਣ ਜਾਣਗੇ। ਇਸ ਦੇ ਲਈ ਸੰਸਾਰਕ ਪੱਧਰ ‘ਤੇ ਸਾਰਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।