ਯੂਕਰੇਨੀਅਨ ਰਫਿਊਜੀਆਂ ਲਈ ਓਨਟਾਰੀਓ ਦੇ ਲੇਬਰ ਮੰਤਰੀ ਨੇ ਐਲਾਨੀ ਵਾਧੂ ਮਦਦ

ਓਨਟਾਰੀਓ ਪਹੁੰਚ ਰਹੇ ਯੂਕਰੇਨੀ ਰਫਿਊਜੀਆਂ ਦੀ ਮਦਦ ਕਰਨ ਲਈ ਕੰਮ ਕਰ ਰਹੀਆਂ ਲੋਕਲ ਆਰਗੇਨਾਈਜ਼ੇਸ਼ਨਜ਼ ਦੇ ਸਹਿਯੋਗ ਲਈ ਓਨਟਾਰੀਓ ਦੇ ਲੇਬਰ, ਇਮੀਗ੍ਰੇਸ਼ਨ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਮੰਤਰੀ ਮੌਂਟੀ ਮੈਕਨੌਟਨ ਨੇ 3 ਮਿਲੀਅਨ ਡਾਲਰ ਵਾਧੂ ਦੇਣ ਦਾ ਐਲਾਨ ਕੀਤਾ। 

ਉਨ੍ਹਾਂ ਆਖਿਆ ਕਿ ਇਨ੍ਹਾਂ ਆਰਗੇਨਾਈਜ਼ੇਸ਼ਨ ਵੱਲੋਂ ਯੂਕਰੇਨੀਅਨ ਰਫਿਊਜੀਆਂ ਲਈ ਸੈਟਲਮੈਂਟ ਸੇਵਾਵਾਂ, ਹਾਊਸਿੰਗ, ਇੰਪਲੌਇਮੈਂਟ ਸੇਵਾਵਾਂ ਤੇ ਮੈਂਟਲ ਹੈਲਥ ਸਰੋਤ ਮੁਹੱਈਆ ਕਰਵਾਏ ਜਾ ਰਹੇ ਹਨ। ਨੌਕਰੀਆਂ ਦੀ ਭਾਲ, ਹੈਲਥ ਕੇਅਰ ਤੱਕ ਪਹੁੰਚ, ਆਮਦਨ ਲਈ ਮਦਦ ਤੇ ਸਿੱਖਿਆ ਵਾਸਤੇ ਜੰਗ ਵਾਲੇ ਮਾਹੌਲ ਤੋਂ ਖਹਿੜਾ ਛੁਡਾ ਕੇ ਭੱਜ ਰਹੇ ਯੂਕਰੇਨੀਅਨਜ਼ ਦੀ ਮਦਦ ਲਈ ਪਹਿਲਾਂ ਕੀਤੀਆਂ ਗਈਆਂ ਪੇਸ਼ਕਦਮੀਆਂ ਉੱਤੇ ਹੀ ਤਾਜ਼ਾ ਨਿਵੇਸ਼ ਆਧਾਰਿਤ ਹੈ। 

ਇਸ ਵਿੱਚ ਕੈਨੇਡੀਅਨ ਯੂਕਰੇਨੀਅਨ ਇਮੀਗ੍ਰੈਂਟ ਏਡ ਸੁਸਾਇਟੀ ਲਈ ਫੰਡਿੰਗ, ਓਐਚਆਈਪੀ ਯੋਗਤਾ ਸਬੰਧੀ ਰਿਕੁਆਇਰਮੈਂਟਸ ਤੇ ਕੇ-12 ਟਿਊਸ਼ਨ ਫੀਸ ਛੱਡਣ ਦੇ ਨਾਲ ਨਾਲ ਸਮਰਪਿਤ ਜੌਬਜ਼ ਸਬੰਧੀ ਹੌਟਲਾਈਨ (1·888·562·4769) ਨੂੰ ਪੇਸ਼ ਕਰਨਾ ਤੇ ਓਨਟਾਰੀਓ ਪਹੁੰਚੇ ਰਫਿਊਜੀਆਂ ਨੂੰ ਨੌਕਰੀ ਦਿਵਾਉਣ ਲਈ ਸੰਪਰਕ ਕਰਨ ਵਾਸਤੇ ਈਮੇਲ ਐਡਰੈੱਸ (ukrainianjobs@ontario.ca) ਵੀ ਸ਼ਾਮਲ ਹਨ।