ਮੰਤਰੀ ਫਰੇਜ਼ਰ ਨੇ ਐਲਾਨਿਆ ਨਵਾਂ ਇਮੀਗ੍ਰੇਸ਼ਨ ਮਾਰਗ

Canada immigration minister announces new federal immigration pathway

ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਸ਼ੌਨ ਫਰੇਜ਼ਰ ਨੇ ਬੀਤੇ ਦਿਨੀਂ ਇਹ ਐਲਾਨ ਕੀਤਾ ਕਿ ਇਕਨੌਮਿਕ ਮੋਬਿਲਿਟੀ ਪਾਥਵੇਅਜ਼ ਪਾਇਲਟ (ਈਐਮਪੀਪੀ) ਤਹਿਤ ਕੈਨੇਡਾ ਨਵਾਂ ਆਰਥਿਕ ਮਾਰਗ ਲਾਂਚ ਕਰੇਗਾ। ਅਜਿਹਾ ਹੁਨਰਮੰਦ ਰਫਿਊਜੀਜ਼ ਤੇ ਹੋਰ ਪਰਵਾਸੀ ਵਿਅਕਤੀਆਂ ਨੂੰ ਹਾਇਰ ਕਰਨ ਵਿੱਚ ਇੰਪਲੌਇਰਜ਼ ਦੀ ਮਦਦ ਲਈ ਕੀਤਾ ਜਾਵੇਗਾ। 

ਇਸ ਨਵੇਂ ਮਾਰਗ ਨਾਲ ਇੰਪਲੌਇਰਜ਼ ਨੂੰ ਟਰੱਕ ਤੇ ਡਲਿਵਰੀ ਡਰਾਈਵਰਜ਼ ਸਮੇਤ ਉਨ੍ਹਾਂ ਅਸਾਮੀਆਂ ਨੂੰ ਪੁਰ ਕਰਨ ਦਾ ਮੌਕਾ ਮਿਲੇਗਾ ਜਿਹੜੀਆਂ ਪੂਰੀ ਡਿਮਾਂਡ ਵਿੱਚ ਹਨ। ਈਐਮਪੀਪੀ ਅਜਿਹੇ ਹੁਨਰਮੰਦ ਰਫਿਊਜੀਆਂ ਤੇ ਯੋਗ ਪਰਵਾਸੀਆਂ ਦਾ ਮੇਲ ਕੈਨੇਡੀਅਨ ਇੰਪਲੌਇਰਜ਼ ਨਾਲ ਕਰਵਾਉਂਦੀ ਹੈ ਜਿਹੜੇ ਅਹਿਮ ਕਿੱਤਿਆਂ ਵਿੱਚ ਲੇਬਰ ਦੀ ਘਾਟ ਤੋਂ ਪਾਰ ਪਾਉਣਾ ਚਾਹੁੰਦੇ ਹਨ।ਇਸ ਨਾਲ ਕੈਨੇਡਾ ਉਨ੍ਹਾਂ ਕਮਜ਼ੋਰ ਲੋਕਾਂ ਦਾ ਸਵਾਗਤ ਬਾਹਾਂ ਖੋਲ੍ਹ ਕੇ ਕਰਦਾ ਹੈ ਤੇ ਇਸ ਦੇ ਨਾਲ ਹੀ ਕੈਨੇਡੀਅਨ ਇੰਪਲੌਇਰਜ਼ ਨੂੰ ਇਹ ਖੁੱਲ੍ਹ ਦਿੰਦਾ ਹੈ ਕਿ ਉਹ ਹੁਨਰ ਦੇ ਪੂਲ ਵਿੱਚੋਂ ਅਰਥਚਾਰੇ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਣੀ ਲੋੜ ਮੁਤਾਬਕ ਹੁਨਰਮੰਦ ਲੋਕਾਂ ਦੀ ਚੋਣ ਕਰ ਲੈਣ। 

ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜਿਸ ਤਹਿਤ ਲੋੜਵੰਦ ਰਫਿਊਜੀਆਂ ਦੀ ਮਦਦ ਹੁੰਦੀ ਹੈ ਤੇ ਉਨ੍ਹਾਂ ਦਾ ਮੇਲ ਅਜਿਹੇ ਇੰਪਲੌਇਰਜ਼ ਨਾਲ ਕਰਵਾਇਆ ਜਾਂਦਾ ਹੈ ਜਿਨ੍ਹਾਂ ਕੋਲ ਮੰਗ ਵਾਲੀਆਂ ਨੌਕਰੀਆਂ ਉਪਲਬਧ ਹਨ। ਇਸ ਪ੍ਰੋਗਰਾਮ ਨਾਲ ਕੈਨੇਡਾ ਸੰਵੇਦਨਸ਼ੀਲ ਸੈਕਟਰਾਂ ਵਿੱਚ ਲੇਬਰ ਦੀ ਘਾਟ ਦੇ ਮੁੱਦੇ ਨੂੰ ਵੀ ਹੱਲ ਕਰ ਸਕੇਗਾ ਜਦਕਿ ਅਜਿਹੇ ਨਵੇਂ ਵਰਕਰਜ਼ ਦੀ ਹਿਫਾਜ਼ਤ ਵੀ ਹੋ ਸਕੇਗੀ ਜਿਹੜੇ ਇਸ ਸਮੇਂ ਰਿਸਕ ਵਿੱਚ ਹਨ। 

ਉਨ੍ਹਾਂ ਆਖਿਆ ਕਿ ਟਰੱਕਿੰਗ ਇੰਡਸਟਰੀ ਵਿੱਚ ਇਸ ਤਰ੍ਹਾਂ ਦੇ ਮੌਕਿਆਂ ਦੀ ਭਰਮਾਰ ਹੈ ਤੇ ਅਸੀਂ ਮੰਤਰੀ ਫਰੇਜ਼ਰ ਨਾਲ ਰਲ ਕੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਜਿਹੇ ਲੋਕਾਂ ਨੂੰ ਸਾਡੇ ਸੈਕਟਰ ਵਿੱਚ ਸਥਿਰ ਤੇ ਅਰਥਭਰਪੂਰ ਕੰਮ ਮਿਲ ਸਕੇ। ਇਹ ਨਵਾਂ ਮਾਰਗ, ਜਿਹੜਾ ਮੌਜੂਦਾ ਈਐਮਪੀਪੀ ਪਾਥਵੇਅਜ਼ ਦਾ ਪੂਰਕ ਹੋਵੇਗਾ, ਇਨ੍ਹਾਂ ਗਰਮੀਆਂ ਵਿੱਚ ਖੁੱਲ੍ਹਣ ਦੀ ਸੰਭਾਵਨਾ ਹੈ। 

ਮੰਤਰੀ ਫਰੇਜ਼ਰ ਨੇ ਆਖਿਆ ਕਿ ਹੁਨਰਮੰਦ ਰਫਿਊਜੀਜ਼ ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਰਕਰਜ਼ ਦੀ ਭਾਲ ਕਰ ਰਹੇ ਇੰਪਲੌਇਰਜ਼ ਨਾਲ ਮਿਲਾਉਣ ਦੇ ਮਾਮਲੇ ਵਿੱਚ ਕੈਨੇਡਾ ਦੁਨੀਆ ਭਰ ਵਿੱਚ ਪਹਿਲੇ ਸਥਾਨ ਉੱਤੇ ਹੈ। ਇਸ ਦੇ ਨਾਲ ਹੀ ਕੈਨੇਡਾ ਵੱਲੋਂ ਨਿਊਕਮਰਜ਼ ਨੂੰ ਵੀ ਆਪਣੇ ਕਰੀਅਰਜ਼ ਦੀ ਮੁੜ ਸ਼ੁਰੂਆਤ਼ ਕਰਨ ਤੇ ਇੱਥੇ ਆਪਣੀ ਜਿੰ਼ਦਗੀ ਗੁਜ਼ਾਰਨ ਦਾ ਮੌਕਾ ਦੇਣ ਲਈ ਵੀ ਸਾਡਾ ਦੇਸ਼ ਜਾਣਿਆ ਜਾਂਦਾ ਹੈ। ਸਾਡੀ ਸਰਕਾਰ ਨਿਵੇਕਲੇ ਇਮੀਗ੍ਰੇਸ਼ਨ ਮਾਪਦੰਡ ਤਿਆਰ ਕਰਕੇ ਲੇਬਰ ਦੀ ਘਾਟ ਨਾਲ ਜੂਝ ਰਹੇ ਇੰਪਲੌਇਰਜ਼ ਦੀ ਮਦਦ ਕਰਨਾ ਜਾਰੀ ਰੱਖੇਗੀ ਅਤੇ ਆਪਣੀ ਜਿੰ਼ਦਗੀ ਦੀ ਮੁੜ ਸ਼ੁਰੂਆਤ ਕਰਨ ਦੇ ਨਾਲ ਨਾਲ ਸੁਰੱਖਿਅਤ ਢੰਗ ਨਾਲ ਜਿ਼ੰਦਗੀ ਬਿਤਾਉਣ ਦੇ ਮੌਕੇ ਵੀ ਰਫਿਊਜੀਜ਼ ਨੂੰ ਮੁਹੱਈਆ ਕਰਾਵੇਗੀ। 

ਕੈਨੇਡੀਅਨ ਟਰੱਕਿੰਗ ਅਲਾਇੰਸ ਮੰਤਰੀ ਫਰੇਜ਼ਰ ਦੇ ਆਫਿਸ ਨਾਲ ਰਲ ਕੇ ਆਉਣ ਵਾਲੇ ਹਫਤਿਆਂ ਵਿੱਚ ਕੰਮ ਕਰਦਾ ਰਹੇਗਾ ਤੇ ਇਹ ਸਮਝਣ ਦੀ ਕੋਸਿ਼ਸ਼ ਕੀਤੀ ਜਾਵੇਗੀ ਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਸੀਟੀਏ ਤੇ ਸਾਡਾ ਸੈਕਟਰ ਕਿਸ ਤਰ੍ਹਾਂ ਸਹਿਯੋਗ ਕਰ ਸਕਦਾ ਹੈ ਤੇ ਸਮਰੱਥ ਵਰਕਰਜ਼ ਨਾਲ ਕਿਸ ਤਰ੍ਹਾਂ ਸੰਪਰਕ ਕੀਤਾ ਜਾਵੇ ਇਸ ਬਾਰੇ ਆਪਣੇ ਮੈਂਬਰਾਂ ਨੂੰ ਵੇਰਵੇ ਵੀ ਮੁਹੱਈਆ ਕਰਵਾਏ ਜਾਣਗੇ।