ਮੈਲਟ ਨੂੰ ਹੋਰ ਕਿਫਾਇਤੀ ਬਣਾਉਣ ਲਈ ਅਲਬਰਟਾ ਸਰਕਾਰ ਨੇ ਡਰਾਈਵਿੰਗ ਬੈਕ ਟੂ ਵਰਕ ਗ੍ਰਾਂਟ ਪ੍ਰੋਗਰਾਮ ਦਾ ਕੀਤਾ ਐਲਾਨ

ਮੈਨਡੇਟਰੀ ਐਂਟਰੀ ਲੈਵਲ ਟਰੇਨਿੰਗ (ਮੈਲਟ) ਨੂੰ ਹੋਰ ਕਿਫਾਇਤੀ ਬਣਾਉਣ ਲਈ ਅਲਬਰਟਾ ਸਰਕਾਰ ਨੇ ਬੀਤੇ ਦਿਨੀਂ ਡਰਾਈਵਿੰਗ ਬੈਕ ਟੂ ਵਰਕ ਗ੍ਰਾਂਟ ਪ੍ਰੋਗਰਾਮ ਦਾ ਐਲਾਨ ਕੀਤਾ|

ਇੱਕ ਰਲੀਜ਼ ਵਿੱਚ ਪ੍ਰੋਵਿੰਸ ਨੇ ਆਖਿਆ ਕਿ ਇਸ ਨਵੇਂ ਐਕਸਪੀਰੀਅੰਸ ਐਂਡ ਇਕੁਅਲੈਂਸੀ ਪ੍ਰੋਗਰਾਮ ਨਾਲ ਕਲਾਸ 3 ਡਰਾਈਵਰਾਂ ਨੂੰ ਕਲਾਸ ਵੰਨ ਲਾਇਸੰਸ ਤੱਕ ਅਪਗ੍ਰੇਡ ਕਰਨ ਲਈ ਘੱਟ ਸਮਾਂ ਲੱਗੇਗਾ| ਇਨ੍ਹਾਂ ਤਬਦੀਲੀਆਂ ਨਾਲ ਅਲਬਰਟਾ ਦੀਆਂ ਰੋਡਜ਼ ਨੂੰ ਸੇਫ ਰੱਖਣ ਲਈ ਮੈਲਟ ਵੱਲੋਂ ਲੋੜੀਂਦੇ ਟਰੇਨਿੰਗ ਤੇ ਸੇਫਟੀ ਮਾਪਦੰਡ ਪ੍ਰਭਾਵਿਤ ਨਹੀਂ ਹੋਣਗੇ|

ਇਸ ਰਲੀਜ਼ ਵਿੱਚ ਟਰਾਂਸਪੋਰਟੇਸ਼ਨ ਦੇ ਰਿੱਕ ਮੈਕਾਈਵਰ ਦਾ ਕਹਿਣਾ ਹੈ ਕਿ ਕਿਸਾਨਾਂ, ਫੌਰੈਸਟਰ, ਰੱਫਨੈੱਕਸ ਤੇ ਟਰੱਕਰਜ਼ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਲਬਰਟਾ ਵਾਸੀਆਂ ਨੂੰ ਹਾਇਰ ਕਰਨ ਦੇ ਰਾਹ ਵਿੱਚ ਵੱਡਾ ਰੋੜਾ ਕੀਮਤ ਹੈ| ਕਲਾਸ 1 ਲਾਇਸੰਸ ਹਾਸਲ ਕਰਨ ਲਈ ਬਿਹਤਰ ਰਾਹ ਮੁਹੱਈਆ ਕਰਵਾਉਣ ਨਾਲ ਸੁਰੱਖਿਅਤ ਢੰਗ ਨਾਲ ਵਸਤਾਂ ਨੂੰ ਮਾਰਕਿਟ ਤੱਕ ਪਹੁੰਚਾਉਣ ਲਈ ਟਰੱਕਰਜ਼ ਦੀ ਘਾਟ ਨਾਲ ਸਿੱਝਣ ਵਿੱਚ ਮਦਦ ਮਿਲ ਸਕਦੀ ਹੈ| ਇਨ੍ਹਾਂ ਪ੍ਰੋਗਰਾਮਾਂ ਨਾਲ ਅਲਬਰਟਾ ਵਾਸੀਆਂ ਨੂੰ ਅੱਜ ਕੰਮ ਮਿਲੇਗਾ ਜਿਸ ਨਾਲ ਕੱਲ੍ਹ ਸਾਡੇ ਅਰਥਚਾਰੇ ਦਾ ਨਿਰਮਾਣ ਹੋ ਸਕੇਗਾ|

ਇਹ 3 ਮਿਲੀਅਨ ਡਾਲਰ ਦਾ ਡਰਾਈਵਿੰਗ ਬੈਕ ਟੂ ਵਰਕ ਗ੍ਰਾਂਟ ਪ੍ਰੋਗਰਾਮ 300 ਬੇਰੋਜ਼ਗਾਰ ਅਲਬਰਟਾ ਵਾਸੀਆਂ ਨੂੰ ਕਲਾਸ 1 ਕਮਰਸ਼ੀਅਲ ਟਰੱਕ ਡਰਾਈਵਰ ਲਾਇਸੰਸ ਹਾਸਲ ਕਰਨ ਲਈ ਮੈਲਟ ਪ੍ਰੋਗਰਾਮ ਦੀ 90 ਫੀ ਸਦੀ ਕੀਮਤ ਕਵਰ ਕਰੇਗਾ| ਏਐਮਟੀਏ ਦੇ ਪ੍ਰੈਜ਼ੀਡੈਂਟ ਕ੍ਰਿਸ ਨੈਸ਼ ਨੇ ਆਖਿਆ ਕਿ ਐਂਟਰੀ ਪੱਧਰ ਦੇ ਕਮਰਸ਼ੀਅਲ ਡਰਾਈਵਰਾਂ ਲਈ ਟਰੇਨਿੰਗ ਦੀ ਲਾਗਤ ਤੇ ਤਜ਼ਰਬੇਕਾਰ ਕਮਰਸ਼ੀਅਲ ਡਰਾਈਵਰ ਨੂੰ ਹੱਲਾਸ਼ੇਰੀ ਦੇਣ ਤੇ ਉਨ੍ਹਾਂ ਦੇ ਹੁਨਰ ਨੂੰ ਹੋਰ ਤਰਾਸ਼ਣ ਲਈ ਖਾਸ ਪ੍ਰੋਗਰਾਮ ਨਾਲ ਅਲਬਰਟਾ ਵਾਸੀਆਂ ਨੂੰ ਮੁੜ ਕੰਮ ਹਾਸਲ ਹੋਵੇਗਾ ਤੇ ਜ਼ਰੂਰੀ ਸਪਲਾਈ ਚੇਨ ਵੀ ਚੱਲਦੀ ਰਹੇਗੀ| ਇਸ ਗ੍ਰਾਂਟ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਨਵੀਂ ਟਰਾਂਸਪੋਰਟੇਸ਼ਨ ਵਰਕਫੋਰਸ ਟ੍ਰੇਨਡ ਪ੍ਰੋਫੈਸ਼ਨਲ ਰੋਡ ਤੇ ਸੇਫਟੀ ਮਾਹਿਰਾਂ ਹੱਥੋਂ ਹੀ ਸਿਖਲਾਈ ਹਾਸਲ ਕਰੇ ਜਦਕਿ ਅਸੀਂ ਡਰਾਈਵਰਾਂ ਦੀ ਕਿੱਲਤ ਤੇ ਅਲਬਰਟਾ ਦੀ ਆਰਥਿਕ ਰਿਕਵਰੀ ਤੇ ਵੰਨ-ਸੁਵੰਨਤਾ ਦੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰ ਸਕੀਏ|

ਦ ਅਲਬਰਟਾ ਮੋਟਰ ਟਰਾਂਸਪੋਰਟ ਐਸੋਸਿਏਸ਼ਨ ਗਲੋਬਲ ਸਪਲਾਈ ਚੇਨ ਦੀ ਮੰਗ ਨੂੰ ਪੂਰਾ ਕਰਨ ਲਈ ਨਵੇਂ ਰਾਹ ਲੱਭਣ ਦੀ ਪੈਰਵੀ ਕਰਦੀ ਰਹੇਗੀ ਜਦਕਿ ਇਸ ਲਈ ਸੇਫਟੀ ਟਰੇਨਿੰਗ ਵੀ ਯਕੀਨੀ ਬਣਾਈ ਜਾਵੇਗੀ| ਐਕਸਪੀਰੀਅੰਸ ਐਂਡ ਇਕੁਅਲੈਂਸੀ ਕਲਾਸ 1 ਮੈਲਟ ਟਰੇਨਿੰਗ ਪ੍ਰੋਗਰਾਮ ਕਲਾਸ 3 ਡਰਾਈਵਰਾਂ ਨੂੰ 113 ਘੰਟਿਆਂ ਦੇ ਕਲਾਸ 1 ਮੈਲਟ ਪ੍ਰੋਗਰਾਮ ਦੀ ਥਾਂ ਉੱਤੇ ਦੋ ਸਾਲ ਦੇ ਤਜਰਬੇ ਵਾਲੇ ਡਰਾਈਵਰਾਂ ਨੂੰ ਕਲਾਸ 1 ਟਰੇਨਿੰਗ ਅਪਗ੍ਰੇਡ ਲਈ 40 ਘੰਟਿਆਂ ਦਾ ਮੌਕਾ ਮੁਹੱਈਆ ਕਰਵਾਉਂਦਾ ਹੈ|

ਲੇਬਰ ਐਂਡ ਇਮੀਗ੍ਰੇਸ਼ਨ ਮੰਤਰੀ ਜੇਸਨ ਕੋਪਿੰਗ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਟਰੱਕਿੰਗ ਇੰਡਸਟਰੀ ਵਿੱਚ ਲੇਬਰ ਦੀ ਘਾਟ ਨੂੰ ਦੂਰ ਕਰਨ ਲਈ ਬੇਰੋਜ਼ਗਾਰ ਅਲਬਰਟਾ ਵਾਸੀਆਂ ਨੂੰ ਉਹ ਹੁਨਰ ਸਿੱਖਣ ਵਿੱਚ ਮਦਦ ਕਰਦੇ ਹਨ| ਅਜਿਹਾ ਕਰਨ ਨਾਲ ਇਹ ਅਲਬਰਟਾ ਦੇ ਅਰਥਚਾਰੇ ਨੂੰ ਲੀਹ ਉੱਤੇ ਲਿਆਉਣ ਵਿੱਚ ਵੀ ਮਦਦ ਕਰੇਗਾ ਕਿਉਂਕਿ ਟਰੱਕਿੰਗ ਕਾਰੋਬਾਰਾਂ ਨੂੰ ਜੋੜਦੀ ਹੈ ਤੇ ਕਮਿਊਨਿਟੀ ਤੱਕ ਅਜਿਹੀਆਂ ਵਸਤਾਂ ਪਹੁੰਚਾਉਂਦੀ ਹੈ ਜਿਨ੍ਹਾਂ ਦੀ ਉਨ੍ਹਾਂ ਨੂੰ ਬੇਹੱਦ ਲੋੜ ਹੁੰਦੀ ਹੈ|