ਫੈਡਰਲ ਬਜਟ ਵਿੱਚ ਐਨਵਾਇਰਮੈਂਟ, ਸਪਲਾਈ ਚੇਨ ਤੇ ਟਰੱਸਟਿਡ ਇੰਪਲੌਇਰ ਪ੍ਰੋਗਰਾਮ ਲਿਆਉਣ ਦੀ ਸੀਟੀਏ ਵੱਲੋਂ ਸ਼ਲਾਘਾ

2022 ਦੇ ਫੈਡਰਲ ਬਜਟ ਵਿੱਚ ਸਰਕਾਰ ਵੱਲੋਂ ਐਨਵਾਇਰਮੈਂਟ ਨਾਲ ਸਬੰਧਤ ਇਨਸੈਂਟਿਵਜ਼, ਇਨਫਰਾਸਟ੍ਰਕਚਰ ਉੱਤੇ ਕੀਤੇ ਜਾਣ ਵਾਲੇ ਖਰਚੇ ਤੇ ਨੀਤੀ ਸਬੰਧੀ ਮਾਪਦੰਡ ਲਿਆਉਣ ਦੀ ਗੱਲ ਕੀਤੀ ਗਈ ਹੈ, ਇਨ੍ਹਾਂ ਨਾਲ ਸਪਲਾਈ ਚੇਨ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਮਿਲੇਗੀ। ਇੱਥੇ ਉਨ੍ਹਾਂ ਨੁਕਤਿਆਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਪਛਾਣ ਸੀਟੀਏ ਵੱਲੋਂ ਨਵੇਂ ਮੌਕਿਆਂ ਦੇ ਰੂਪ ਵਿੱਚ ਕੀਤੀ ਗਈ ਹੈ :
ਮੀਡੀਅਮ ਤੇ ਹੈਵੀ ਟਰੱਕਸ ਲਈ ਐਨਵਾਇਰਮੈਂਟ ਇਨਸੈਂਟਿਵਜ਼ :
· 2022 ਦੇ ਬਜਟ ਵਿੱਚ ਟਰਾਂਸਪੋਰਟ ਕੈਨੇਡਾ ਨੂੰ ਅਗਲੇ ਚਾਰ ਸਾਲਾਂ ਵਿੱਚ 547·5 ਮਿਲੀਅਨ ਡਾਲਰ ਮੁਹੱਈਆ ਕਰਵਾਉਣ ਦੀ ਗੱਲ ਆਖੀ ਗਈ ਹੈ। ਇਸ ਦੀ ਸ਼ੁਰੂਆਤ 2022-23 ਵਿੱਚ ਹੋਵੇਗੀ। ਇਸ ਤਹਿਤ ਟਰਾਂਸਪੋਰਟ ਕੈਨੇਡਾ ਮੀਡੀਅਮ ਤੇ ਹੈਵੀ ਡਿਊਟੀ ਜੈ਼ੱਡਈਵੀਜ਼ (ਜ਼ੀਰੋ ਐਮਿਸ਼ਨ ਵ੍ਹੀਕਲਜ਼) ਖਰੀਦਣ ਲਈ ਨਵਾਂ ਪਰਚੇਜ਼ ਇਨਸੈਂਟਿਵ ਪ੍ਰੋਗਰਾਮ ਲਾਂਚ ਕਰ ਸਕਦਾ ਹੈ।
· 2022-23 ਤੋਂ ਸੁ਼ਰੂ ਕਰਕੇ ਪੰਜ ਸਾਲਾਂ ਵਿੱਚ ਟਰਾਂਸਪੋਰਟ ਕੈਨੇਡਾ ਨੂੰ 33·8 ਮਿਲੀਅਨ ਦੇਣ ਦਾ ਪ੍ਰਸਤਾਵ ਵੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ 42·1 ਮਿਲੀਅਨ ਡਾਲਰ ਦੀ ਕਰਜਾਮੁਕਤੀ ਦੀ ਗੱਲ ਵੀ ਕੀਤੀ ਗਈ ਹੈ। ਟਰਾਂਸਪੋਰਟ ਕੈਨੇਡਾ ਨੂੰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਰਲ ਕੇ ਰੈਗੂਲੇਸ਼ਨਜ਼ ਤਿਆਰ ਕਰਨ ਤੇ ਉਨ੍ਹਾਂ ਨੂੰ ਸੰਤੁਲਿਤ ਕਰਨ ਦੀ ਗੱਲ ਆਖੀ ਗਈ ਹੈ ਤਾਂ ਕਿ ਲਾਂਗ ਹਾਲ ਜ਼ੀਰੋ ਐਮਿਸ਼ਨਜ਼ ਟਰੱਕਾਂ ਲਈ ਸੇਫਟੀ ਟੈਸਟਿੰਗ ਕੀਤੀ ਜਾ ਸਕੇ।
· ਸੜਕਾਂ ਉੱਤੇ ਪਹਿਲਾਂ ਤੋਂ ਹੀ ਚੱਲ ਰਹੇ ਡੀਕਾਰਬੋਨਾਈਜ਼ਡ ਵ੍ਹੀਕਲਜ਼ ਦੀ ਮਦਦ ਲਈ 2022 ਦੇ ਬਜਟ ਵਿੱਚ ਅਗਲੇ ਪੰਜ ਸਾਲਾਂ ਵਿੱਚ 199·6 ਮਿਲੀਅਨ ਡਾਲਰ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।ਇਸ ਦੇ ਨਾਲ ਹੀ ਗ੍ਰੀਨ ਫਰੇਟ ਅਸੈਸਮੈਂਟ ਪ੍ਰੋਗਰਾਮ, ਜਿਸ ਨੂੰ ਗ੍ਰੀਨ ਫਰੇਟ ਪ੍ਰੋਗਰਾਮ ਦਾ ਨਾਂ ਦਿੱਤਾ ਜਾਵੇਗਾ, ਦੇ ਪਸਾਰ ਲਈ ਨੈਚੂਰਲ ਰਿਸੋਰਸਿਜ਼ ਕੈਨੇਡਾ ਨੂੰ 0·4 ਮਿਲੀਅਨ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।ਇਸ ਨਾਲ ਵਧੇਰੇ ਗੱਡੀਆਂ ਦੀ ਅਸੈੱਸਮੈਂਟ ਤੇ ਰੈਟਰੋਫਿਟਸ ਵਿੱਚ ਮਦਦ ਮਿਲੇਗੀ ਤੇ ਇਸ ਨਾਲ ਫਲੀਟ ਤੇ ਵ੍ਹੀਕਲ ਟਾਈਪਜ਼ ਵਿੱਚ ਵੀ ਵੰਨ ਸੁਵੰਨਤਾ ਮਿਲੇਗੀ।
ਸੀਟੀਏ ਦੇ ਪੈ੍ਰਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਸੀਟੀਏ ਵੱਲੋਂ ਇਸ ਐਲਾਨ ਦਾ ਸਵਾਗਤ ਕੀਤਾ ਜਾਂਦਾ ਹੈ ਕਿ ਸਾਨੂੰ ਟਰਾਂਸਪੋਰਟ ਕੈਨੇਡਾ ਤੇ ਨੈਚੂਰਲ ਰਿਸੋਰਸਿਜ਼ ਕੈਨੇਡਾ ਨਾਲ ਰਲ ਕੇ ਕੰਮ ਕਰਨ ਦਾ ਮੌਕਾ ਹਾਸਲ ਹੋ ਰਿਹਾ ਹੈ।ਇਸ ਨਾਲ ਅਸੀਂ ਅਜਿਹੇ ਪ੍ਰੋਗਰਾਮਾਂ ਦਾ ਨਿਰਮਾਣ ਕਰ ਸਕਾਂਗੇ ਜਿਹੜੇ ਸਵੱਛ ਤਕਨਾਲੋਜੀ ਵੱਲ ਨਿਵੇਸ਼ ਨੂੰ ਲਿਆ ਸਕਣ ਵਿੱਚ ਮਦਦ ਕਰਨਗੇ, ਇਸ ਨਾਲ ਅਗਾਂਹ ਕੈਨੇਡੀਅਨ ਸਪਲਾਈ ਚੇਨ ਨੂੰ ਫਾਇਦਾ ਹੋਵੇਗਾ, ਇੰਡਸਟਰੀ ਨਾਲ ਜੁੜੇ ਕਈ ਸੈਕਟਰਜ਼ ਦੇ ਮੈਂਬਰਾਂ ਨੂੰ ਵੀ ਫਾਇਦਾ ਹੋਵੇਗਾ ਜਦਕਿ ਇਸ ਨਾਲ ਸਪਲਾਈ ਚੇਨ ਦੇ ਕਾਰਬਨ ਫੁੱਟਪ੍ਰਿੰਟ ਘਟਣਗੇ।
ਇਨਫਰਾਸਟ੍ਰਕਚਰ ਤੇ ਨੈਸ਼ਨਲ ਸਪਲਾਈ ਚੇਨ ਵਾਰਤਾ :
· ਲਚਕਦਾਰ ਤੇ ਕਾਬਲ ਸਪਲਾਈ ਚੇਨਜ਼ ਦੇ ਨਿਰਮਾਣ ਵਿੱਚ ਮਦਦ ਲਈ ਬਜਟ 2022 ਵਿੱਚ ਨੈਸ਼ਨਲ ਟਰੇਡ ਕੌਰੀਡਰ ਫੰਡ ਰਾਹੀਂ ਸਪਲਾਈ ਚੇਨ ਪ੍ਰੋਜੈਕਟਸ ਨੂੰ ਸਫਲ ਬਣਾਉਣ ਵਾਸਤੇ ਪੰਜ ਸਾਲਾਂ ਦੇ ਅਰਸੇ ਵਿੱਚ 450 ਮਿਲੀਅਨ ਡਾਲਰ ਨਿਵੇਸ਼ ਕਰਨ ਦੀ ਗੱਲ ਕੀਤੀ ਗਈ ਹੈ।
· ਸਾਡੀ ਸਪਲਾਈ ਚੇਨ ਨੂੰ ਵਧੇਰੇ ਕਾਬਲ ਬਣਾਉਣ ਲਈ ਡਾਟਾ ਦੀ ਵਰਤੋਂ ਲਈ ਇੰਡਸਟਰੀ ਅਧਾਰਤ ਹੱਲ ਵਿਕਸਤ ਕਰਨ ਲਈ ਅਗਲੇ 5 ਸਾਲਾਂ ਵਿੱਚ 136·3 ਮਿਲੀਅਨ ਡਾਲਰ ਖਰਚੇ ਜਾਣਗੇ।
· ਇਹ ਨਿਵੇਸ਼ ਸਰਕਾਰ ਵੱਲੋਂ ਕਾਇਮ ਕੀਤੀ ਗਈ ਨਵੀਂ ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਰਾਹੀਂ ਕੈਨੇਡਾ ਦੀ ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣ ਲਈ ਘੱਟ ਤੇ ਲੰਮੀਂ ਮਿਆਦ ਵਾਲੀਆਂ ਗਤੀਵਿਧੀਆਂ ਦੇ ਸਬੰਧ ਵਿੱਚ ਪੈਣ ਵਾਲੇ ਦਬਾਅ ਤੇ ਕੀਤੀਆਂ ਜਾਣ ਵਾਲੀਆਂ ਸਿਫਾਰਿਸ਼ਾਂ ਲਈ ਇੰਡਸਟਰੀ, ਐਸੋਸਿਏਸ਼ਨਜ਼ ਤੇ ਮਾਹਿਰਾਂ ਨਾਲ ਰਲ ਕੇ ਕੰਮ ਕਰੇਗੀ।
ਲਾਸਕੋਵਸਕੀ ਨੇ ਆਖਿਆ ਕਿ ਬਜਟ ਵਿੱਚ ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਤੋਂ ਆਉਣ ਵਾਲੇ ਅਹਿਮ ਕੰਮ ਤੇ ਸਿਫਾਰਿਸ਼ਾਂ ਨੂੰ ਮਾਨਤਾ ਦਿੱਤੇ ਜਾਣ ਦੀ ਸੀਟੀਏ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਕੈਨੇਡੀਅਨ ਅਰਥਚਾਰੇ ਨੂੰ ਸਥਿਰ ਕਰਨ ਲਈ ਡਰਾਈਵਰਾਂ ਦੀ ਘਾਟ ਦੇ ਮਸਲੇ ਨੂੰ ਹੱਲ ਕਰਨ ਦੀ ਕੋਸਿ਼ਸ਼ ਵੀ ਟਾਸਕ ਫਰਸ ਵੱਲੋਂ ਕੀਤੀ ਜਾਣੀ ਚਾਹੀਦੀ ਹੈ।
ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਵਿੱਚ ਸੁਧਾਰ
· ਇੰਪਲੌਇਰਜ਼ ਨੂੰ ਦੇਸ਼ ਭਰ ਵਿੱਚ ਵਰਕਰਜ਼ ਲੱਭਣ ਵਿੱਚ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਟੀਐਫਡਬਲਿਊ ਪ੍ਰੋਗਰਾਮ ਇਸ ਦੀ ਵੱਧ ਰਹੀ ਮੰਗ ਨੂੰ ਮਹਿਸੂਸ ਕਰ ਰਿਹਾ ਹੈ। ਫਿਰ ਵੀ ਕੈਨੇਡਾ ਵਿੱਚ ਕੰਮ ਕਰਨ ਲਈ ਆਉਣ ਵਾਲੇ ਵਰਕਰਜ਼ ਦੀ ਸਿਹਤ, ਸੇਫਟੀ ਤੇ ਜਿ਼ੰਦਗੀ ਦੇ ਮਿਆਰ ਨੂੰ ਯਕੀਨੀ ਬਣਾਉਣ ਲਈ ਉਚੇਚੇ ਕਦਮ ਚੁੱਕੇ ਜਾਣ ਦੀ ਲੋੜ ਹੈ ਤੇ ਕੁੱਝ ਟੈਂਪਰੇਰੀ ਫੌਰਨ ਵਰਕਰਜ਼ ਨਾਲ ਕੁੱਝ ਇੰਪਲੌਇਰਜ਼ ਵੱਲੋਂ ਕੀਤੇ ਜਾਣ ਵਾਲੇ ਦੁਰਵਿਵਹਾਰ ਨੂੰ ਖਤਮ ਕੀਤੇ ਜਾਣ ਦੀ ਲੋੜ ਹੈ।
· ਅਗਲੇ ਤਿੰਨ ਸਾਲਾਂ ਵਿੱਚ 29 ਮਿਲੀਅਨ ਡਾਲਰ ਟਰਸਟਿਡ ਇੰਪਲੌਇਰ ਮਾਡਲ ਪੇਸ਼ ਕਰਨ ਲਈ ਖਰਚੇ ਜਾਣਗੇ, ਇਸ ਤਰ੍ਹਾਂ ਕੰਮ ਵਾਲੇ ਉੱਚੀ ਮੰਗ ਨਾਲ ਜੁੜੇ ਖੇਤਰਾਂ ਵਿੱਚ ਵਰਕਰਜ਼ ਲਈ ਰਹਿਣ ਵਾਸਤੇ ਚੰਗੇ ਹਾਲਾਤ, ਉਨ੍ਹਾਂ ਦੀ ਹਿਫਾਜ਼ਤ ਤੇ ਭੱਤਿਆਂ ਆਦਿ ਦੇ ਨਾਲ ਕੰਮ ਦੇ ਉੱਚੇ ਮਿਆਰ ਪੂਰੇ ਕਰਨ ਵਾਲੇ ਇੰਪਲੌਇਰਜ਼ ਲਈ ਲਾਲ ਫੀਤਾਸ਼ਾਹੀ ਵੀ ਘਟਾਈ ਜਾ ਸਕੇਗੀ। ਇਸ ਪ੍ਰੋਗਰਾਮ ਦੇ ਹੋਰ ਵੇਰਵੇ ਆਉਣ ਵਾਲੇ ਸਾਲ ਵਿੱਚ ਐਲਾਨੇ ਜਾਣਗੇ।
ਲਾਸਕੋਵਸਕੀ ਨੇ ਅੱਗੇ ਆਖਿਆ ਕਿ ਕੈਨੇਡਾ ਸਰਕਾਰ ਵੱਲੋਂ ਟਰਸਟਿਡ ਇੰਪਲੌਇਰ ਪੋ੍ਰਗਰਾਮ ਪੇਸ਼ ਕਰਨ ਦੀ ਟਰੱਕਿੰਗ ਇੰਡਸਟਰੀ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਸਾਡਾ ਮੰਨਣਾ ਹੈ ਕਿ ਸਾਡੇ ਸੈਕਟਰ ਵਿੱਚ ਕੰਮ ਕਰਨ ਲਈ ਕੈਨੇਡਾ ਆਉਣ ਵਾਲਿਆਂ ਨੂੰ ਟਰਸਟਿਡ ਇੰਪਲੌਇਰਜ਼ ਕੋਲ ਹੀ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕੈਨੇਡੀਅਨ ਟਰੱਕਿੰਗ ਇੰਡਸਟਰੀ ਸਾਡੇ ਸੈਕਟਰ ਲਈ ਅਜਿਹਾ ਪ੍ਰੋਗਰਾਮ ਤਿਆਰ ਕਰਨਾ ਚਾਹੁੰਦੀ ਹੈ ਜਿਹੜਾ ਸਪਲਾਈ ਚੇਨ ਨੂੰ ਸਥਿਰ ਕਰਨ ਵਿੱਚ ਮਦਦ ਕਰੇ ਤੇ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਕੈਨੇਡਾ ਆਉਣ ਵਾਲੇ ਨਵੇਂ ਲੋਕ ਸਾਡੇ ਸੈਕਟਰ ਵਿੱਚ ਖੂਭ ਵਧਣ ਫੁੱਲਣ।
ਪੇਡ ਸਿੱਕ ਲੀਵ :
· ਬਜਟ 2022 ਵਿੱਚ, ਸਰਕਾਰ ਨੇ ਐਕਟ ਟੂ ਅਮੈਂਡ ਦ ਕ੍ਰਿਮੀਨਲ ਕੋਡ ਤੇ ਕੈਨੇਡਾ ਲੇਬਰ ਕੋਡ (ਬਿੱਲ ਸੀ-3) ਵਿੱਚ ਸੁਧਾਰ ਲਈ ਬਿੱਲ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਕਿ ਸਮਾਂ ਰਹਿੰਦਿਆਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਫੈਡਰਲ ਪੱਧਰ ਵੱਲੋਂ ਨਿਯੰਤਰਿਤ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਵਰਕਰਜ਼ ਨੂੰ 10 ਦਿਨ ਦੀ ਪੇਡ ਮੈਡੀਕਲ ਲੀਵ ਦਿੱਤੀ ਜਾ ਸਕੇ।
ਲਾਸਕੋਵਸਕੀ ਨੇ ਆਖਿਆ ਕਿ 10 ਦਿਨਾਂ ਦੀ ਪੇਡ ਮੈਡੀਕਲ ਲੀਵ ਦਾ ਮੁੱਦਾ ਤੇ ਇਸ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਵੇਗਾ, ਇਹ ਟਰੱਕਿੰਗ ਇੰਡਸਟਰੀ ਲਈ ਕਾਫੀ ਅਹਿਮ ਹੈ। ਸੀਟੀਏ, ਕੈਨੇਡਾ ਸਰਕਾਰ ਨਾਲ ਇਸ ਲੀਵ ਨੂੰ ਲਾਗੂ ਕਰਵਾਉਣ ਲਈ ਬਦਲ ਲੱਭਣ ਦਾ ਮੁੱਦਾ ਵਿਚਾਰਦੀ ਰਹੇਗੀ।