ਫੈਡਰਲ ਤੇ ਪ੍ਰੋਵਿੰਸ਼ੀਅਲ ਕੈਰੀਅਰਜ਼ ਲਈ ਐਮਟੀਓ ਨੇ ਜੂਨ 2022 ਤੱਕ ਈਐਲਡੀ ਲਾਗੂ ਕਰਨ ਦਾ ਕੀਤਾ ਐਲਾਨ

Electronic logging device for trucking industry with hours of service displayed on smartphone screen
Electronic logging device for trucking industry with hours of service displayed on smartphone screen

ਓਨਟਾਰੀਓ ਦੀ ਮਨਿਸਟਰੀ ਆਫ ਟਰਾਂਸਪੋਰਟੇਸ਼ਨ (ਐਮਟੀਓ) ਵੱਲੋਂ ਓਨਟਾਰੀਓ ਵਿੱਚ ਆਪਰੇਟ ਕਰਨ ਵਾਲੇ ਸਾਰੇ ਕੈਰੀਅਰਜ਼ ਲਈ ਤੀਜੀ ਪਾਰਟੀ ਵੱਲੋਂ ਸਰਟੀਫਾਈਡ ਇਲੈਕਟ੍ਰੌਨਿਕ ਲਾਗਿੰਗ ਡਿਵਾਇਸਿਜ਼ (ਈਐਲਡੀ) ਨੂੰ 12 ਜੂਨ, 2022 ਤੱਕ ਲਾਜ਼ਮੀ ਕਰਨ ਦਾ ਐਲਾਨ ਕੀਤਾ ਗਿਆ।

ਐਮਟੀਓ ਦੀ ਰਲੀਜ਼ ਵਿੱਚ ਸਪਸ਼ਟ ਕੀਤਾ ਗਿਆ ਕਿ ਲਾਗਬੁੱਕ ਮੇਨਟੇਨ ਕਰਨ ਵਾਲੇ ਸਾਰੇ ਡਰਾਈਵਰਜ਼ ਤੇ ਕੈਰੀਅਰਜ਼ ਵੱਲੋਂ ਈਐਲਡੀ ਵਾਲਾ ਨਿਯਮ ਅਪਲਾਈ ਕਰਨ ਨਾਲ ਇੱਕਸਾਰਤਾ ਬਣੇਗੀ ਤੇ ਫਿਰ ਭਾਵੇਂ ਕੈਰੀਅਰ ਕਿਤੇ ਮਰਜ਼ੀ ਆਪਰੇਟ ਕਰਨ, ਸੱਭ ਲਈ ਰਿਕਾਰਡ ਮੇਨਟੇਨ ਕਰਨਾ ਵੀ ਸੁਖਾਲਾ ਹੋਵੇਗਾ। ਪ੍ਰੋਵਿੰਸ਼ੀਅਲ ਤੇ ਫੈਡਰਲ ਪੱਧਰ ਉੱਤੇ ਰੈਗੂਲੇਟ ਕਰਨ ਵਾਲੇ ਕੈਰੀਅਰਜ਼ ਲਈ ਇਸ ਨਿਯਮ ਦਾ ਪਾਲਨ ਕਰਨਾ ਲਾਜ਼ਮੀ ਹੋਵੇਗਾ। 

ਜੇ ਈਐਲਡੀ ਦੀ ਲੋੜ ਪੈਂਦੀ ਹੈ ਤਾਂ ਡਿਵਾਈਸ ਦੀ ਵਰਤੋਂ ਮਾਨਤਾ ਪ੍ਰਾਪਤ ਥਰਡ ਪਾਰਟੀ ਪ੍ਰਮਾਣਿਤ ਕਰਨ ਵਾਲੀ ਬੌਡੀ ਵੱਲੋਂ ਸਰਟੀਫਾਈਡ ਹੋਣੀ ਚਾਹੀਦੀ ਹੈ ਤੇ ਇਸ ਦਾ ਟਰਾਂਸਪੋਰਟ ਕੈਨੇਡਾ ਦੀ ਵੈੱਬਸਾਈਟ ਉੱਤੇ ਸਰਟੀਫਾਈਡ ਈਐਲਡੀ ਦੀ ਸੂਚੀ ਵਿੱਚ ਪੋਸਟ ਹੋਣਾ ਜ਼ਰੂਰੀ ਹੈ। ਟਰਾਂਸਪੋਰਟ ਕੈਨੇਡਾ ਸਰਟੀਫਾਈਡ ਈਐਲਡੀਜ਼ ਦੀ ਸੂਚੀ ਪ੍ਰਕਾਸਿ਼ਤ ਕਰਨ ਅਤੇ ਸਰਟੀਫਿਕੇਸ਼ਨ ਪ੍ਰਕਿਰਿਆ ਲਈ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਥਰਡ ਪਾਰਟੀ ਸਰਟੀਫਿਕੇਸ਼ਨ ਬੌਡੀਜ਼ ਨੂੰ ਮਾਨਤਾ ਦੇਣ ਲਈ ਵੀ ਜਿ਼ੰਮੇਵਾਰ ਹੈ। ਮਨਜ਼ੂਰਸ਼ੁਦਾ ਡਿਵਾਇਸਿਜ਼ ਪ੍ਰਮਾਣਕਤਾ ਹਾਸਲ ਕਰਨ ਤੋਂ ਬਾਅਦ ਟੀਸੀ ਦੀ ਵੈੱਬਸਾਈਟ ਉੱਤੇ ਮਿਲ ਸਕਦੀਆਂ ਹਨ।  

ਓਟੀਏ ਦੇ ਚੇਅਰਪਰਸਨ ਵੈਂਡਲ ਐਰਬ ਨੇ ਆਖਿਆ ਕਿ ਓਟੀਏ ਵੱਲੋਂ ਮੰਤਰੀ ਮਲਰੋਨੀ ਤੇ ਐਮਟੀਓ ਦੀ ਟੀਮ ਨੂੰ ਇਸ ਗੱਲ ਲਈ ਵਧਾਈ ਦਿੱਤੀ ਜਾਂਦੀ ਹੈ ਕਿ ਉਹ ਇਸ ਬਹੁਤ ਹੀ ਨਾਜੁ਼ਕ ਰੈਗੂਲੇਟਰੀ ਸੋਧ ਨਾਲ ਅੱਗੇ ਵਧੇ, ਜੋ ਕਿ ਐਮਟੀਓ ਨੂੰ ਈਐਲਡੀਜ਼ ਦੇ ਮਾਧਿਅਮ ਰਾਹੀਂ ਟਰਾਂਸਪੋਰਟ ਕੈਨੇਡਾ ਨਾਲ ਜੋੜ ਸਕੇਗਾ, ਇਸ ਨਾਲ ਰੋਡ ਸੇਫਟੀ ਵਿੱਚ ਸੁਧਾਰ ਹੋਵੇਗਾ ਤੇ ਓਨਟਾਰੀਓ ਵਿੱਚ ਆਪਰੇਟ ਕਰਨ ਵਾਲੀਆਂ ਸਾਰੀਆਂ ਟਰੱਕਿੰਗ ਕੰਪਨੀਆਂ ਲਈ ਇੱਕੋ ਜਿਹੀ ਮੁਕਾਬਲੇਬਾਜ਼ੀ ਹੋਵੇਗੀ। 

ਈਐਲਡੀਜ਼ ਦੀ ਇਸ ਵੱਡੀ ਤਬਦੀਲੀ ਨੂੰ ਸਫਲ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਸਾਰੇ ਡਰਾਈਵਰਾਂ ਤੇ ਕੈਰੀਅਰਜ਼ ਦੀ ਪਹੁੰਚ ਇਸ ਜਾਣਕਾਰੀ ਤੱਕ ਯਕੀਨੀ ਬਣਾਈ ਜਾਵੇ ਅਤੇ ਇਸ ਲਈ ਵਾਧੂ ਸਿੱਖਿਆ ਤੇ ਜਾਗਰੂਕਤਾ ਲਈ ਪਹਿਲਕਦਮੀ ਕਰਨ ਵਾਸਤੇ ਓਟੀਏ, ਐਮਟੀਓ ਤੇ ਈਐਲਡੀ ਵੈਂਡਰਜ਼ ਦੇ ਨਾਲ ਨਾਲ ਇੰਡਸਟਰੀ ਦੇ ਸੇ਼ਅਰਧਾਰਕਾਂ ਨਾਲ ਰਲ ਕੇ ਕੰਮ ਕਰੇਗੀ ਤੇ ਜੂਨ 2022 ਤੱਕ ਇਸ ਟੀਚੇ ਨੂੰ ਪੂਰਾ ਕਰਨ ਦਾ ਉਪਰਾਲਾ ਕਰੇਗੀ। ਇਸ ਦੌਰਾਨ ਜਿਨ੍ਹਾਂ ਕੈਰੀਅਰ ਮੈਂਬਰਾਂ ਦੇ ਈਐਲਡੀ ਦੇ ਇਸ ਨਿਯਮ ਦੇ ਲਾਗੂ ਹੋਣ ਸਬੰਧੀ ਸਵਾਲ ਹਨ ਉਹ operations_safety@ontruck.org  ਉੱਤੇ ਈਮੇਲ ਕਰਕੇ ਇਹ ਪੁੱਛ ਸਕਦੇ ਹਨ।

ਓਟੀਏ ਆਉਣ ਵਾਲੇ ਮਹੀਨਿਆਂ ਵਿੱਚ ਆਪਣੇ ਮੈਂਬਰਾਂ ਲਈ ਐਜੂਕੇਸ਼ਨਲ ਆਊਟਰੀਚ ਸੈਸ਼ਨਜ਼ ਦੀ ਸੀਰੀਜ਼ ਵੀ ਪਲੈਨ ਕਰੇਗੀ ਤੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਸਾਰੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੀ ਰਹੇਗੀ।