ਪਹਿਲ ਦੇ ਆਧਾਰ ਉੱਤੇ ਟਰੱਕਿੰਗ ਇੰਡਸਟਰੀ ਦੇ ਮੈਂਬਰਾਂਨੂੰ ਵੀ ਦਿੱਤੀ ਜਾਵੇ ਕੋਵਿਡ-19 ਵੈਕਸੀਨ : ਏਟੀਏ

holiday season 2021 truck on snowy road

ਅਮੈਰੀਕਨ ਟਰੱਕਿੰਗ ਐਸੋਸਿਏਸ਼ਨ (ਏਟੀਏ) ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨੈਸ਼ਨਲ ਵੈਕਸੀਨ ਰਣਨੀਤੀ ਕਾਇਮ ਕਰਦੇ ਸਮੇਂ ਹੋਰਨਾਂ ਅਸੈਂਸ਼ੀਅਲ ਵਰਕਰਜ਼ ਦੀ ਤਰਜ਼ ਉੱਤੇ ਹੀ ਟਰੱਕਿੰਗ ਇੰਡਸਟਰੀ ਦੀ ਵਰਕਫੋਰਸ ਨੂੰ ਵੀ ਵੈਕਸੀਨ ਦੇ ਮਾਮਲੇ ਵਿੱਚ ਤਰਜੀਹ ਦਿੱਤੀ ਜਾਵੇ|

ਵਾe੍ਹੀਟ ਹਾਊਸ, ਸੀਡੀਸੀ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਪ੍ਰੈਕਟਿਸਿਜ਼, ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਤੇ ਨੈਸ਼ਨਲ ਗਵਰਨਰਜ਼ ਐਸੋਸਿਏਸ਼ਨ ਨੂੰ ਲਿਖੇ ਗਏ ਪੱਤਰਾਂ ਵਿੱਚ ਇਹ ਮੰਗ ਕੀਤੀ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਵੈਕਸੀਨ ਦੀ ਵੰਡ ਵਿੱਚ ਟਰੱਕਿੰਗ ਇੰਡਸਟਰੀ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਦਾ ਖਿਆਲ ਰੱਖਣ ਲਈ ਵੀ ਆਖਿਆ ਗਿਆ| ਏਟੀਏ ਦੇ ਐਗਜ਼ੈਕਟਿਵ ਵਾਈਜ਼ ਪ੍ਰੈਜ਼ੀਡੈਂਟ-ਐਡਵੋਕੇਸੀ ਬਿੱਲ ਸੁਲੀਵਾਨ ਵੱਲੋਂ ਦਸਤਖ਼ਤ ਕੀਤੇ ਗਏ ਇਨ੍ਹਾਂ ਪੱਤਰਾਂ ਵਿੱਚ ਆਖਿਆ ਗਿਆ ਹੈ ਕਿ ਸਾਡੀ ਵਰਕਫੋਰਸ ਦੇਸ਼ ਦੀ ਸਪਲਾਈ ਚੇਨ ਦਾ ਕੇਂਦਰੀ ਤੇ ਨਾਜ਼ੁਕ ਧੁਰਾ ਹੈ ਤੇ ਯਕੀਨਨ ਕੋਵਿਡ-19 ਦੀ ਵੈਕਸੀਨ ਦੀ ਵੰਡ ਵਿੱਚ ਵੀ ਸਾਡੀ ਇਸੇ ਵਰਕਫੋਰਸ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ|

ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਟਰੱਕਿੰਗ ਇੰਡਸਟਰੀ ਨੂੰ ਦੇਸ਼ ਭਰ ਵਿੱਚ ਵੈਕਸੀਨ ਡਲਿਵਰ ਕਰਨ ਲਈ ਆਖਿਆ ਜਾਵੇਗਾ, ਇਸ ਲਈ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਟਰੱਕ ਡਰਾਈਵਰਾਂ ਨੂੰ ਪਹਿਲ ਦੇ ਅਧਾਰ ਉੱਤੇ ਇਹ ਵੈਕਸੀਨ ਮੁਹੱਈਆ ਕਰਵਾਈ ਜਾਵੇ ਤਾਂ ਕਿ ਸਪਲਾਈ ਚੇਨ ਵਿੱਚ ਕੋਈ ਵਿਘਨ ਨਾ ਪਵੇ ਤੇ ਨਾ ਹੀ ਇਸ ਵੈਕਸੀਨ ਦੀ ਵੰਡ ਵਿੱਚ ਕੋਈ ਦੇਰ ਹੋਵੇ| ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਆਪਣੀਆਂ ਪ੍ਰੋਵਿੰਸਾਂ ਤੋਂ ਵੀ ਇਹੋ ਜਿਹੀ ਮੰਗ ਕੀਤੀ ਜਾਵੇ ਕਿਉਂਕਿ ਵੈਕਸੀਨ ਦੀ ਵੰਡ ਦਾ ਜ਼ਿੰਮਾਂ ਪ੍ਰੋਵਿੰਸਾਂ ਸਿਰ ਹੈ|

ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਵੈਕਸੀਨ ਖਰੀਦੀ ਜਾ ਰਹੀ ਹੈ ਪਰ ਇਸ ਦੀ ਵੰਡ ਫਾਰਮੂਲੇ ਦੇ ਆਧਾਰ ਉੱਤੇ ਪ੍ਰੋਵਿੰਸਾਂ ਨੂੰ ਕੀਤੀ ਜਾ ਰਹੀ ਹੈ| ਸੀਟੀਏ ਵੱਲੋਂ ਇਹ ਵੈਕਸੀਨ ਬਜ਼ੁਰਗਾਂ, ਜਿਨ੍ਹਾਂ ਨੂੰ ਵਾਇਰਸ ਹੈ ਉਨ੍ਹਾਂ ਨੂੰ, ਫਰੰਟਲਾਈਨ ਹੈਲਥਕੇਅਰ ਵਰਕਰਜ਼ ਤੇ ਪਹਿਲਾਂ ਤੋਂ ਹੀ ਨਾਸਾਜ਼ ਸਿਹਤ ਕਾਰਨ ਜਿਨ੍ਹਾਂ ਨੂੰ ਕੋਵਿਡ-19 ਹੋਣ ਦਾ ਖਤਰਾ ਹੈ, ਨੂੰ ਦੇਣ ਦੀ ਅਪੀਲ ਵੀ ਕੀਤੀ ਗਈ ਹੈ| ਸੀਟੀਏ ਦਾ ਇਹ ਵੀ ਆਖਣਾ ਹੈ ਕਿ ਇੰਡਸਟਰੀ ਵਜੋਂ ਅਸੀਂ ਇਸ ਮਾਮਲੇ ਵਿੱਚ ਕਾਫੀ ਸੰਵੇਦਨਸ਼ੀਲ ਹਾਂ|

ਇਸ ਦੌਰਾਨ ਲਾਸਕੋਵਸਕੀ ਨੇ ਦੱਸਿਆ ਕਿ ਓਟੀਏ ਵੱਲੋਂ ਰਸਮੀ ਤੌਰ ਉੱਤੇ ਓਨਟਾਰੀਓ ਸਰਕਾਰ ਤੋਂ ਤਰਜੀਹ ਦੇ ਆਧਾਰ ਉੱਤੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਮੈਂਬਰਾਂ ਦੀ ਵੀ ਵੈਕਸੀਨੇਸ਼ਨ ਕਰਨ ਦੀ ਮੰਗ ਕੀਤੀ ਗਈ ਹੈ|