ਦਿੱਲੀ ਕਿਸਾਨ ਅੰਦੋਲਨ ਦਾ ਹੁਣ ਤੱਕ ਦਾ ‘ਹਾਸਲ’

26 ਨਵੰਬਰ 2020 ਤੋਂ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਿਹਾ ਕਿਸਾਨੀ ਅੰਦੋਲਨ ਹੁਣ ਆਪਣੇ ਤੀਸਰੇ ਪੜਾਅ ਵਿਚ ਪਹੁੰਚ ਗਿਆ ਹੈ। ਇਸ ਦਾ ਪਹਿਲਾ ਪੜਾਅ 26 ਜਨਵਰੀ ਤੱਕ ਦਾ ਹੈ ਜਿਸ ਦੌਰਾਨ ਕਿਸਾਨ ਆਗੂਆਂ ਦੀਆਂ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ, ਖੇਤੀ ਮੰਤਰੀ ਰਜਿੰਦਰ ਸਿੰਘ ਤੋਮਰ, ਰੇਲ ਮੰਤਰੀ ਂਪਿਊਸ਼ ਗੋਇਲ ਅਤੇ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਹੋਈਆਂ 11 ਰਸਮੀ ਮੀਟਿੰਗਾਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਇਕ ਗ਼ੈਰ-ਰਸਮੀ ਮੀਟਿੰਗ ਸ਼ਾਮਲ ਹੈ, ਜੋ ਸਾਰੀਆਂ ਹੀ ਬੇ-ਸਿੱਟਾ ਰਹੀਆਂ ਹਨ। ਇੱਥੇ ਜਿ਼ਕਰਯੋਗ ਹੈ ਕਿ ਤਿੰਨਾਂ ਮੰਤਰੀਆਂ ਨਾਲ ਆਖਰੀ ਮੀਟਿੰਗ 22 ਜਨਵਰੀ ਨੂੰ ਹੋਈ ਸੀ ਅਤੇ ਇਸ ਤੋਂ ਬਾਅਦ ‘ਡੈੱਡਲਾਕ’ ਹੋ ਗਿਆ।

ਅੰਦੋਲਨ ਦਾ ਦੂਸਰਾ ਪੜਾਅ 26 ਜਨਵਰੀ ਨੂੰ ਹੋਈ ਟਰੈੱਕਟਰ ਪਰੇਡ, ਇਸ ਦੌਰਾਨ ਲਾਲ ਕਿਲ੍ਹੇ ‘ਤੇ ਝੁਲਾਏ ਗਏ ਕੇਸਰੀ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡੇ ਸਮੇਂ ਲਾਲ ਕਿਲ੍ਹੇ ਦੇ ਮੈਦਾਨ ਅਤੇ ਆਈ.ਟੀ.ਓ. ਦੇ ਸਾਹਮਣੇ ਹੋਈਆਂ ਮੰਦਭਾਗੀਆਂ ਘਟਨਾਵਾਂ ਵਿਚ ਉੱਤਰ ਪ੍ਰਦੇਸ਼ ਤੋਂ ਆਏ 25 ਸਾਲਾ ਨੌਜੁਆਨ ਨਵਰੀਤ ਸਿੰਘ ਦੀ ਹੋਈ ਸ਼ਹੀਦੀ ਅਤੇ ਇਸ ਤੋਂ ਬਾਅਦ ਦੀਪ ਸਿੱਧੂ ਸਮੇਤ ਨੌਜੁਆਨਾਂ ਤੇ ਹੋਰ ਕਿਸਾਨਾਂ ਦੀਆਂ ਹੋਈਆਂ ਗ੍ਰਿਫ਼ਤਾਰੀਆਂ ਅਤੇ ਉਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਕਾਨੂੰਨੀ ਹੇਠ ਪਰਚੇ ਦਰਜ ਕਰਨ ਵਾਲਾ ਵਾਲਾ ਦੌਰ ਹੈ। ਉਨ੍ਹਾਂ ਵਿੱਚੋਂ ਹੁਣ ਕਈ ਜ਼ਮਾਨਤਾਂ ਉੱਪਰ ਬਾਹਰ ਆ ਗਏ ਹਨ ਅਤੇ ਬਹੁਤ ਸਾਰੇ ਅਜੇ ਵੱਖ-ਵੱਖ ਜੇਲ੍ਹਾਂ ਦੇ ਅੰਦਰ ਹੀ ਡੱਕੇ ਹੋਏ ਹਨ। ਇਸ ਪੜਾਅ ਵਿਚ ਹੁਣ ਤੀਕ ਦੋਹਾਂ ਧਿਰਾਂ ਵਿਚ ਅੱਗੇ ਹੋਣ ਵਾਲੀ ਗੱਲਬਾਤ ਦਾ ‘ਡੈੱਡਲਾਕ’ ਚੱਲ ਰਿਹਾ ਹੈ। ਦੋਹਾਂ ਦਾ ਕਹਿਣਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ ਪਰ ਇਸ ਦੇ ਲਈ ਪਹਿਲ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ। ਉਂਜ, ਪਹਿਲ ਤਾਂ ਪਹਿਲਾਂ ਵਾਂਗ ਸਰਕਾਰ ਦੀ ਹੀ ਕਰਨੀ ਬਣਦੀ ਹੈ। ਸਰਕਾਰੀ ਧਿਰ ਦਾ ਕਹਿਣਾ ਹੈ ਕਿ ਉਹ ਤਿੰਨਾਂ ਖੇਤੀਬਾੜੀ ਕਾਨੂੰਨਾਂ ਵਿਚ ਸੋਧ ਕਰਨ ਵਾਲੇ ਪ੍ਰਸਤਾਵ ਉੱਪਰ ਅੱਗੋਂ ਗੱਲ ਕਰਨ ਲਈ ਤਿਆਰ ਹੈ ਅਤੇ ਕਿਸਾਨ ਆਗੂ ਇਸ ਦੇ ਲਈ ਉਸ ਨੂੰ ਅਗਲੀ ਤਰੀਕ ਦੇਣ, ਜਦ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਇਹ ਤਿੰਨੇ ‘ਕਾਲੇ ਕਾਨੂੰਨ’ ਰੱਦ ਕਰਾਉਣ, ਐੱਮ.ਐੱਸ.ਪੀ. ਨੂੰ ਕਾਨੂੰਨੀ ਦਰਜਾ ਦੇਣ ਅਤੇ ਸਰਕਾਰੀ ਖ਼ਰੀਦ ਯਕੀਨੀ ਬਨਾਉਣ ਦੇ ਮੁੱਦਿਆਂ ਉੱਪਰ ਸਰਕਾਰ ਨਾਲ ਗੱਲਬਾਤ ਕਰ ਸਕਦੇ ਹਨ। ਅੰਦੋਲਨ ਦੇ ਇਸ ਪੜਾਅ ਵਿਚ ਸਿੰਘੂ, ਟਿੱਕਰੀ, ਗਾਜ਼ੀਪੁਰ, ਪਲਵਲ ਅਤੇ ਸਾਂਹਜਹਾਨ ਬਾਰਡਰਾਂ ‘ਤੇ ਕਿਸਾਨਾਂ ਵੱਲੋਂ ਕਈ ਵਿਸ਼ੇਸ਼ ਦਿਨ, ਜਿਵੇਂ ਲੋਹੜੀ ਵਾਲੇ ਦਿਨ ਤਿੰਨਾਂ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜਨਾ, ‘ਨਾਰੀ ਚੇਤਨਾ-ਦਿਵਸ’, ‘ਭਾਰਤ-ਬੰਦ ਦਿਵਸ’,’ਰੇਲ ਰੋਕੋ ਦਿਵਸ’ ‘ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ-ਦਿਹਾੜੇ’,‘ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ’, ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ-ਦਿਵਸ’,’ਚਾਚਾ ਅਜੀਤ ਸਿੰਘ ਦਾ ਜਨਮ-ਦਿਵਸ’,’ਸਰ ਛੋਟੂ ਰਾਮ ਦਾ ਜਨਮ-ਦਿਵਸ’,‘ਗੁਰੂ ਰਵੀਦਾਸ ਜੀ ਦਾ ਪ੍ਰਕਾਸ਼-ਦਿਵਸ’,‘ਚੰਦਰ ਸ਼ੇਖ਼ ਆਜ਼ਾਦ ਦਾ ਜਨਮ-ਦਿਵਸ’, ‘ਨੌਜੁਆਨ-ਦਿਵਸ’, ਆਦਿ ਮਨਾਏ ਗਏ। ਸਾਰੀਆਂ ਹੀ ਕਿਸਾਨੀ ਸਟੇਜਾਂ ਉੱਪਰ ਇਨ੍ਹਾਂ ਦਿਨਾਂ ਨਾਲ ਜੋੜ ਕੇ ਵਿਸ਼ੇਸ਼ ਪ੍ਰੋਗਰਾਮ ਕੀਤੇ ਗਏ।

ਮਾਰਚ ਦੇ ਪਹਿਲੇ ਹਫ਼ਤੇ ਤੋਂ ਇਸ ਅੰਦੋਲਨ ਦਾ ਹੁਣ ਤੀਸਰਾ ਪੜਾਅ ਆਰੰਭ ਹੋ ਗਿਆ ਹੈ ਜਿਸ ਵਿਚ ਕਿਸਾਨ ਆਗੂਆਂ ਵੱਲੋਂ ਅੰਦੋਲਨ ਨੂੰ ਤੇਜ਼ ਕਰਨ ਲਈ ਇਸ ਨੂੰ ਨਵਾਂ ਰੂਪ ਦੇਣ ਦੇਣ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਇਸ ਭਰਮ-ਜਾਲ ਵਿਚ ਹੈ ਕਿ ਇਹ ਅੰਦੋਲਨ ਲੰਮੇਰਾ ਹੋ ਜਾਣ ਦੀ ਹਾਲਤ ਵਿਚ ਅਤੇ ਅੱਗੋਂ ਅਪ੍ਰੈਲ ਮਹੀਨੇ ਹਾੜੀ ਦੀ ਫ਼ਸਲ ਦੀ ਸਾਂਭ-ਸੰਭਾਲ ਲਈ ਕਿਸਾਨ ਆਪਣੇ ਆਪ ਹੀ ਇੱਥੋਂ ਅੰਦੋਲਨ ਛੱਡ ਕੇ ਆਪਣੇ ਪਿੰਡਾਂ ਨੂੰ ਚਲੇ ਜਾਣਗੇ। ਪਰ ਓਧਰ ਕਿਸਾਨਾਂ ਲਈ ਉਨ੍ਹਾਂ ਦੀ ਹੋਂਦ ਦਾ ਸੁਆਲ ਹੈ। ਉਹ ਆਪਣੀਆਂ ਜ਼ਮੀਨਾਂ ਜਿਨ੍ਹਾਂ ਉਹ ਮਾਂ ਸਮਝਦੇ ਹਨ, ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਹ ਅੰਦੋਲਨ ਹੁਣ ਜਨ-ਅੰਦੋਲਨ ਰੂਪੀ ਲੋਕ-ਲਹਿਰ ਬਣ ਕੇ ਇਸ ਪੜਾਅ ‘ਤੇ ਪਹੁੰਚ ਚੁੱਕਾ ਹੈ ਕਿ ਜੇਕਰ ਹੁਣ ਇਸ ਵਿਚ ਕੁਝ ਢਿੱਲ-ਮੱਠ ਆਉਂਦੀ ਹੈ ਤਾਂ ਫਿਰ ਅੱਗੋਂ ਕਈ ਕਿਸਾਨੀ ਲਹਿਰ ਉੱਠਣ ਦੀ ਸੰਭਾਵਨਾ ਬਣਨੀ ਮੁਸ਼ਕਲ ਹੋ ਜਾਏਗੀ। ਕਿਸਾਨ-ਆਗੂ ਅੰਦੋਲਨ ਦੀ ਇਸ ਹਾਲਤ ਨੂੰ ਭਲੀ-ਭਾਂਤ ਸਮਝਦੇ ਹਨ ਅਤੇ ਉਹ ਇਸ ਵਿਚ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਲਿਆਉਣਾ ਚਾਹੁੰਦੇ, ਸਗੋਂ ਉਹ ਹੁਣ ਪੰਜਾਬ, ਹਰਿਆਣੇ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਸੂਬਿਆਂ ਵਿਚ ਕਿਸਾਨ ਪੰਚਾਇਤਾਂ ਕਰਕੇ ਇਸ ਅੰਦੋਲਨ ਨੂੰ ਹੋਰ ਫੈਲਾਉਣ ਦੇ ਯਤਨ ਕਰ ਰਹੇ ਹਨ। ਅਗਲੇ ਕੁਝ ਮਹੀਨਿਆਂ ਵਿਚ ਪੱਛਮੀ ਬੰਗਾਲ, ਆਸਾਮ, ਪਾਂਡੂਚੇਰੀ, ਤਾਮਿਲ ਨਾਡੂ ਤੇ ਕੈਰਲਾ ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਵੀ ਹੋਣ ਵਾਲੀਆਂ ਹਨ ਅਤੇ ਕਿਸਾਨ ਆਗੂ ਇਨ੍ਹਾਂ ਚੋਣਾਂ ਦੌਰਾਨ ਉੱਥੇ ਚੋਣ-ਰੈਲੀਆਂ ਵਿਚ ਜਾ ਕੇ ਕਿਸਾਨੀ ਮਸਲੇ ਉਭਾਰਨ ਦੀਆਂ ਯੋਜਨਾਵਾਂ ਵੀ ਬਣਾ ਰਹੇ ਹਨ। ਖ਼ੈਰ, ਇਹ ਤਾ ਇਸ ਅੰਦੋਲਨ ਦੇ ਇਸ ਤੀਸਰੇ ਪੜਾਅ ਦਾ ਅਹਿਮ ਹਿੱਸਾ ਹੋਵੇਗਾ। ਇਸ ਸਮੇਂ ਦੋਵੇਂ ਧਿਰਾਂ ਆਪੋ-ਆਪਣੀ ਜਿ਼ਦ ‘ਤੇ ਕਾਇਮ ਹਨ ਅਤੇ ਉਨ੍ਹਾਂ ਦੀ ‘ਜਿ਼ਦ’ ਇਸ ਸਿ਼ਅਰ ਨਾਲ ਮੇਲ ਖਾਦੀ ਲੱਗਦੀ ਹੈ:

ਆਂਧੀਓਂ ਕੋ ਜਿ਼ਦ ਹੈ ਜਹਾਂ ਬਿਜਲੀਆਂ ਗਿਰਾਨੇ ਕੀ,

ਮੁਝੇ ਭੀ ਜਿ਼ਦ ਹੈ, ਵਹੀਂ ਆਸ਼ੀਆਂ ਬਸਾਨੇ ਕੀ,

ਹਿੰਮਤ ਔਰ ਹੌਸਲੇ ਬੁਲੰਦ ਹੈਂ,

ਖੜਾ ਹੂੰ, ਅਭੀ ਗਿਰਾ ਨਹੀਂ ਹੂੰ!

ਅਭੀ ਜੰਗ ਜਾਰੀ ਹੈ, ਔਰ ਮੈਂ ਹਾਰਾ ਨਹੀਂ ਹੂੰ!

ਇਸ ਕਿਸਾਨੀ ਅੰਦੋਲਨ ਦੇ ਕਈ ਖ਼ੂਬਸੂਰਤ ਪੱਖ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਇਸ ਅੰਦੋਲਨ ਦਾ ‘ਹਾਸਲ’ ਕਿਹਾ ਜਾ ਸਕਦਾ ਹੈ। ਆਓ! ਇਸ ਦੇ ਬਾਰੇ ਕੁਝ ਵਿਚਾਰ ਕਰੀਏ:

ਇਸ ਅੰਦੋਲਨ ਦੀ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਿਚ ਪੰਜਾਬ ਤੇ ਹਰਿਆਣੇ ਦੇ ਕਿਸਾਨ ‘ਭਰਾਵਾਂ’ ਵਾਂਗ ਵਿਚਰ ਰਹੇ ਹਨ। ਇੰਜ ਲੱਗਦਾ ਹੈ ਜਿਵੇਂ ਉਨ੍ਹਾਂ ਵਿਚਕਾਰ ਹੁਣ ‘ਐੱਸ.ਵਾਈ.ਐੱਲ’ ਨਹਿਰ ਜਾਂ ਕੋਈ ਹੋਰ ਮਸਲਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼, ਰਾਜਸਥਾਨ ਤੇ ਹੋਰ ਕਈ ਸੂਬਿਆਂ ਦੇ ਕਿਸਾਨ ਵੀ ਦਿੱਲੀ ਦੀਆਂ ਹੱਦਾਂ ’ਤੇ ਆ ਬੈਠੇ ਹਨ। ਇਨ੍ਹਾਂ ਤੋਂ ਇਲਾਵਾ ਮਹਾਂਰਾਸ਼ਟਰ, ਕਰਨਾਟਕ, ਕੈਰਲਾ, ਬੰਗਾਲ ਤੇ ਹੋਰ ਸੂਬਿਆਂ ਦੇ ਕਿਸਾਨ ਆਪੋ-ਆਪਣੇ ਸੂਬਿਆਂ ਵਿਚ ਧਰਨੇ ਦੇ ਰਹੇ ਹਨ ਅਤੇ ਮੁਜ਼ਾਹਰੇ ਕਰ ਰਹੇ ਹਨ। ਇਸ ਤਰ੍ਹਾਂ ਇਹ ਕਿਸਾਨ ਅੰਦੋਲਨ ਹੁਣ ਦੇਸ਼-ਵਿਆਪੀ ਅੰਦੋਲਨ ਬਣ ਗਿਆ ਹੈ।

ਇਸ ਅੰਦੋਲਨ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧੀ ਅਤੇ ਹਮਾਇਤ ਹਾਸਲ ਹੋਈ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਸਪੇਨ ਆਦਿ ਬਹੁਤ ਸਾਰੇ ਦੇਸ਼ਾਂ ਤੋਂ ਲੋਕਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਕਾਰ-ਰੈਲੀਆਂ ਕੱਢ ਕੇ ਅਤੇ ਸੜਕਾਂ ਦੇ ਦੋਹੀਂ ਪਾਸੀਂ ਵੱਡੇ-ਵੱਡੇ ਬੈਨਰ ਤੇ ਪੋਸਟਰ ਫੜ੍ਹ ਕੇ ਸਾਰਾ-ਸਾਰਾ ਦਿਨ ਖਲੋ ਕੇ ਭਾਰਤੀ ਕਿਸਾਨਾਂ ਨਾਲ ਇਕਜੁੱਟਤਾ ਵਿਖਾ ਕੇ ਉਨ੍ਹਾਂ ਦੇ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ ਅਤੇ ਇਹ ਹਮਾਇਤ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਇਹ ਅੰਦੋਲਨ ਹੁਣ ਕੇਵਲ ਦੇਸ਼-ਵਿਆਪੀ ਨਾ ਰਹਿ ਕੇ ਵਿਸ਼ਵ-ਵਿਆਪੀ ਬਣ ਗਿਆ ਹੈ।

ਕਿਸਾਨਾਂ ਦਾ ਇਹ ਅੰਦੋਲਨ ਗਿਣਾਤਮਕ ਪੱਖੋਂ ਸੰਸਾਰ-ਭਰ ਦਾ ਸੱਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਬਣ ਚੁੱਕਾ ਹੈ। ਇਸ ਵਿਚ ਲੱਖਾਂ ਦੀ ਗਿਣਤੀ ਵਿਚ ਕਿਸਾਨ, ਆੜ੍ਹਤੀਏ, ਪੱਲੇਦਾਰ, ਛੋਟੇ ਦੁਕਾਨਦਾਰ, ਮਜ਼ਦੂਰ, ਰੇੜ੍ਹੀ-ਫੜ੍ਹੀ ਵਾਲੇ ਅਤੇ ਹੋਰ ਲੱਗਭੱਗ ਸਾਰੇ ਹੀ ਵਰਗਾਂ ਦੇ ਲੋਕ ਸ਼ਾਮਲ ਹਨ। ਇੱਥੇ ਧਰਮ, ਨਸਲ ਤੇ ਜ਼ਾਤ-ਬਰਾਦਰੀ ਦਾ ਕੋਈ ਵੀ ਭੇਦ-ਭਾਵ ਨਜ਼ਰ ਨਹੀਂ ਆ ਰਿਹਾ। ਇਸ ਅੰਦੋਲਨ ਦੀ ਸੱਭ ਤੋਂ ਵਧੀਆ ਗੱਲ ਹੈ ਕਿ ਇਹ ਅੰਦੋਲਨ ਕਿਸੇ ਵੀ ਕਿਸਮ ਦੀ ਰਾਜਸੀ-ਰੰਗਤ ਤੋਂ ਕੋਹਾਂ ਦੂਰ ਹੈ। ਕਿਸਾਨ ਆਗੂਆਂ ਵੱਲੋਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਨੂੰ ਕਿਸਾਨੀ ਸਟੇਜਾਂ ਉੱਪਰ ਨਹੀਂ ਚੜ੍ਹਨ ਦਿੱਤਾ ਗਿਆ। ਅੰਦੋਲਨ ਨੂੰ ਚੱਲਦਿਆਂ ਤਿੰਨ ਮਹੀਨਿਆਂ ਤੋਂ ਵਧੇਰਾ ਸਮਾਂ ਹੋ ਗਿਆ ਹੈ ਅਤੇ ਇਸ ਦੌਰਾਨਂ ਕੋਈ ਵੀ ਮਾੜੀ ਘਟਨਾ ਵੇਖਣ-ਸੁਣਨ ਨੂੰ ਨਹੀਂ ਮਿਲੀ। ਇਸ ਦੇ ਲਈ ਕਿਸਾਨ ਲੀਡਰਸਿ਼ਪ ਦੀ ਦੂਰ-ਦਰਸ਼ਤਾ ਅਤੇ ਸੂਝ ਅਤੇ ਲੋਕਾਂ ਦੀ ਸਿਆਣਪ ਦੀ ਦਾਤ ਦੇਣੀ ਬਣਦੀ ਹੈ।

ਇਸ ਅੰਦੋਲਨ ਵਿਚ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੇ ਨਾਲ-ਨਾਲ ਪੰਜਾਬੀ ਗੱਭਰੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਹਨ। ਉਹ ਪੰਜਾਬੀ ਗੱਭਰੂ, ਜਿਨ੍ਹਾਂ ਨੂੰ ਦੇਸ਼ ਦੇ ਮੀਡੀਏ ਦੇ ਇਕ ਹਿੱਸੇ ਵੱਲੋਂ ‘ਨਸ਼ੇੜੀ’, ‘ਅਮਲੀ’ ਤੇ ਕਈ ਹੋਰ ‘ਵਿਸ਼ੇਸ਼ਣਾਂ’ ਨਾਲ ਨਿਵਾਜਿਆ ਗਿਆ ਸੀ, ਆਪਣੇ ਖ਼ੂਬਸੂਰਤ ਅਤੇ ਤੱਕੜੇ ਜੁੱਸਿਆਂ ਨਾਲ ਇੱਥੇ ਲਗਾਤਾਰ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ। ਉਨ੍ਹਾਂ ਵਿਚ ਕਈ ਬਾਡੀ-ਬਿਲਡਰ ਤੇ ਕਬੱਡੀ ਦੇ ਖਿਲਾੜੀ ਵੀ ਨਜ਼ਰ ਆ ਰਹੇ ਹਨ। ਵੱਖ-ਵੱਖ ਕਲਾਕਾਰ, ਲੇਖਕ, ਬੁੱਧੀਜੀਵੀ, ਗਾਇਕ, ਰਾਗੀ-ਢਾਡੀ, ਧਾਰਮਿਕ-ਪ੍ਰਚਾਰਕ, ਡਾਕਟਰ, ਇੰਜੀਨੀਅਰ, ਅਧਿਆਪਕ, ਵਕੀਲ, ਸਾਬਕਾ-ਜੱਜ, ਸਮਾਜ-ਸੇਵੀ, ਗੱਲ ਕੀ ਹਰੇਕ ਵਰਗ ਦੇ ਲੋਕ ਇਨ੍ਹਾਂ ਧਰਨਿਆਂ ਵਿਚ ਸ਼ਾਮਲ ਹੋ ਕੇ ਕਿਸਾਨ-ਭਰਾਵਾਂ ਦੇ ਇਸ ਅੰਦੋਲਨ ਨੂੰ ਸਫ਼ਲ ਬਨਾਉਣ ਵਿਚ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ।

ਅੰਦੋਲਨ ਵਿਚ ਵੱਖ-ਵੱਖ ਥਾਵਾਂ ‘ਤੇ ਖਾਧ-ਪਦਾਰਥਾਂ ਦੇ ਬੇਸ਼ੁਮਾਰ ਲੰਗਰ ਲੱਗੇ ਹੋਏ ਹਨ ਜਿਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪੱਕ ਰਹੇ ਹਨ। ਇੱਥੋਂ ਤੱਕ ਕਿ ਸਰਦੀਆਂ ਦੇ ਦਿਨਾਂ ਵਿਚ ਅਲਸੀ ਤੇ ਖੋਏ ਦੀਆਂ ਪਿੰਨੀਆਂ, ਵੇਸਣ ਦੀ ਬਰਫ਼ੀ, ਲੱਡੂ, ਮੱਠੀਆਂ ਤੇ ਹੋਰ ਨਮਕੀਨਾਂ, ਬਦਾਮ, ਕਾਜੂ, ਅਖਰੋਟ ਦੀਆਂ ਗਿਰੀਆਂ ਤੇ ਸੌਗੀ ਦੀ ਬਹੁਤਾਤ ਸੀ। ਇਹ ਵਸਤਾਂ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਇੱਥੇ ਪਹੁੰਚਾਈਆਂ ਗਈਆਂ ਸਨ ਅਤੇ ਹੁਣ ਮੌਸਮ ਬਦਲਣ ਨਾਲ ਸਰੀਰ ਨੂੰ ਠੰਢਕ ਪਹੁੰਚਾਉਣ ਵਾਲੇ ਪਦਾਰਥਾਂ ਦਾ ਸੇਵਨ ਸ਼ੁਰੂ ਹੋ ਚੁੱਕਾ ਹੈ। ਹੋਰ ਲੰਗਰਾਂ ਦੇ ਨਾਲ਼-ਨਾਲ਼ ਇੱਥੇ &ਨਬਸਪ;‘ਪੁਸਤਕਾਂ ਦੇ ਲੰਗਰ’ ਵੀ ਲੱਗੇ ਹੋਏ ਹਨ। ਸੂਰਬੀਰਤਾ ਨਾਲ ਭਰਪੂਰ ਅਗਾਂਹ-ਵਧੂ ਸਾਹਿਤਕ ਪੁਸਤਕਾਂ ਪਹਿਲਾਂ ਵੱਡੇ-ਵੱਡੇ ਟੋਕਰਿਆਂ ਵਿਚ ਸਜਾ ਕੇ ਰੱਖੀਆਂ ਗਈਆਂ ਸਨ ਅਤੇ ਹੁਣ ਇਨ੍ਹਾਂ ਦੇ ਲਈ ਪੁਸਤਕ-ਰੈਕਾਂ (ਭੋੋਕ ੍ਰਅਚਕਸ) ਦਾ ਵੀ ਪ੍ਰਬੰਧ ਹੋ ਚੁੱਕਾ ਹੈ। ਕਈ ਨਵ-ਪ੍ਰਕਾਸਿ਼ਤ ਪੁਸਤਕਾਂ ਇੱਥੇ ਲੋਕ-ਅਰਪਿਤ ਕੀਤੀਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇੱਥੇ ‘ਦਵਾਈਆਂ ਦੇ ਲੰਗਰ’ ਵੀ ਕਾਫ਼ੀ ਵਿਖਾਈ ਦੇ ਰਹੇ ਹਨ। ਡਾਕਟਰਾਂ ਦੀਆਂ ਬਹੁਤ ਸਾਰੀਆਂ ਐਂਬੂਲੈਂਸਾਂ ਮੌਜੂਦ ਹਨ ਜਿਨ੍ਹਾਂ ਦੇ ਅੱਗੇ ਕੁਰਸੀਆਂ-ਮੇਜ਼ਾਂ ‘ਤੇ ਬੈਠੇ ਹੋਏ ਡਾਕਟਰ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੇ ਰਹੇ ਹਨ। ਸਰਕਾਰੀ ਸੇਵਾ ਕਰਦੇ ਹੋਏ ਕਈ ਡਾਕਟਰ ਛੁੱਟੀਆਂ ਲੈ ਕੇ ਇੱਥੇ ਆਪਣੀਆਂ ਬਹੁ-ਮੁੱਲੀਆਂ ਸੇਵਾਵਾਂ ਦੇ ਰਹੇ ਹਨ। ਡਾ. ਸਵੈਮਾਨ ਸਿੰਘ ਵਰਗੇ ਕਈ ਡਾਕਟਰ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਵੀ ਆ ਕੇ ਇਹ ਸੇਵਾ ਬਾਖ਼ੂਬੀ ਨਿਭਾਅ ਰਹੇ ਹਨ।

ਇੱਥੇ ਇਸ ਅੰਦੋਲਨ ਵਿਚ ‘ਇਪਟਾ’ ਵਰਗੀਆਂ ਅਗਾਂਹ-ਵਧੂ ਨਾਟਕ-ਮੰਡਲੀਆਂ ਵੱਲੋਂ ਲੋਕ-ਪੱਖੀ ਨਾਟਕ ਖੇਡੇ ਜਾ ਰਹੇ ਹਨ ਅਤੇ ਜੋਸ਼ੀਲੇ ਗੀਤ ਗਾਏ ਜਾ ਰਹੇ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਸਾਰਥਕ ਸੁਨੇਹੇ ਦਿੱਤੇ ਜਾ ਰਹੇ ਹਨ। ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਰਹਿਣ-ਸਹਿਣ ਦੇ ਪ੍ਰਬੰਧ ਇੱਥੇ ਵੱਡੀ ਗਿਣਤੀ ਵਿਚ ਕੀਤੇ ਗਏ ਹਨ। ਦਿੱਲੀ ਅਤੇ ਇਸ ਦੇ ਨਾਲ ਲੱਗਦੇ ਹਰਿਆਣੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਦਰ-ਦਰਵਾਜ਼ੇ ਖੋਲ੍ਹ ਦਿੱਤੇ ਹਨ। ਧਰਨੇ ਵਿਚ ਸ਼ਾਮਲ ਬੀਬੀਆਂ ਤੇ ਬਜ਼ੁਰਗ ਇਨ੍ਹਾਂ ਵਿਚ ਰਾਤ ਨੂੰ ਇੱਥੇ ਵਿਸ਼ਰਾਮ ਕਰਦੇ ਹਨ ਅਤੇ ਦਿਨ ਵੇਲੇ ਉਹ ਧਰਨਿਆਂ ਵਿਚ ਸ਼ਾਮਲ ਹੁੰਦੇ ਹਨ। ਅੰਤਰ-ਰਾਸ਼ਟਰੀ ਸੇਵਾ ਸੰਸਥਾ ‘ਖ਼ਾਲਸਾ-ਏਡ’ ਵੱਲੋਂ 500 ਬਿਸਤਰਿਆਂ ਦਾ ਪੂਰਨ ‘ਰੇਨ-ਪਰੂਫ਼ ਪੰਡਾਲ’ ਤਿਆਰ ਕੀਤਾ ਗਿਆ ਹੈ ਜਿਸ ਵਿਚ ਸੀਸੀਟੀਵੀਜ਼, ਫ਼ੋਨ-ਚਾਰਜਰਾਂ ਤੇ ਪਖ਼ਾਨਿਆਂ ਆਦਿ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ਼ ਹੀ ‘ਖਾਲਸਾ-ਏਡ’ ਅਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਡਾ.ਐੱਸ.ਪੀ.ਸਿੰਘ ਉਬਰਾਏ ਤੇ ਕਈ ਹੋਰ ਦਾਨੀ-ਸੱਜਣਾਂ ਵੱਲੋਂ ਚਲਾਈਆਂ ਜਾ ਰਹੀਆਂ ਸੇਵਾ-ਸੰਸਥਾਵਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਸੌਣ ਲਈ ਗੱਦੇ, ਕੰਬਲ, ਜੈਕਟਾਂ, ਲੋਈਆਂ, ਸ਼ਾਲਾਂ, ਬੁਨੈਣਾਂ, ਜੁਰਾਬਾਂ, ਤੌਲੀਏ ਤੇ ਹੋਰ ਲੋੜੀਂਦੀਆਂ ਚੀਜ਼ਾਂ-ਵਸਤਾਂ ਮੁਹੱਈਆ ਕੀਤੀਆਂ ਗਈਆਂ ਹਨ। ਅੰਦੋਲਨ ਵਾਲੀਆਂ ਥਾਵਾਂ ‘ਤੇ ਕਈ ਦਾਨੀ-ਸੱਜਣਾਂ ਵੱਲੋਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਅਤੇ ‘ਮਸਾਜ ਮਸ਼ੀਨਾਂ’ (ਦੱਬਣ-ਘੁੱਟਣ ਵਾਲੀਆਂ ਮਸ਼ੀਨਾਂ) ਲਗਾਈਆਂ ਗਈਆਂ ਹਨ ਅਤੇ ਕਿਸਾਨ ਇਨ੍ਹਾਂ ਦਾ ਖ਼ੂਬ ਲਾਭ ਉਠਾ ਰਹੇ ਹਨ। ਧਰਨਿਆਂ ਦੇ ਦੌਰਾਨ ਐਂਬੂਲੈਂਸ ਅਤੇ ਹੋਰ ਜ਼ਰੂਰੀ-ਸੇਵਾਵਾਂ ਨੂੰ ਰਸਤਾ ਦਿੱਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਵਿਚ ਕਿਸੇ ਕਿਸਮ ਦਾ ਵਿਘਨ ਨਾ ਪਵੇ। ਸੜਕਾਂ ਦੇ ਦੋਵੇਂ ਪਾਸੇ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਹੋਈਆਂ ਹਨ ਅਤੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਦੇ ਅਨੁਸਾਰ ਸਗੋਂ ਇਸ ਦੌਰਾਨ ਉਨ੍ਹਾਂ ਦੀ ਸੇਲ ਵਿਚ ਕਾਫ਼਼ੀ ਵਾਧਾ ਹੋਇਆ ਹੈ।

ਕਈ ਕਿਸਾਨ ਜ਼ਰੂਰੀ ਘਰੇਲੂ ਕੰਮਾਂ ਦੇ ਕਾਰਨ ਵਾਪਸ ਵੀ ਆ ਰਹੇ ਹਨ ਪਰ ਉਨ੍ਹਾਂ ਦੀ ਥਾਂ ‘ਤੇ ਹੋਰ ਕਿਸਾਨ ਬਹੁਤ ਵੱਡੀ ਗਿਣਤੀ ਵਿਚ ਦਿੱਲੀ ਨੂੰ ਜਾ ਰਹੇ ਹਨ। ਸੁਣਨ ਵਿਚ ਆਇਆ ਹੈ ਕਿ ਜੇਕਰ 20 ਕਿਸਾਨ ਘਰਾਂ ਨੂੰ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦੀ ਥਾਂ ‘ਤੇ 40-50 ਕਿਸਾਨ ਦਿੱਲੀ ਨੂੰ ਜਾ ਰਹੇ ਹਨ। ਪਿੰਡਾਂ ਵਿਚ ਲੋਕਾਂ ਨੇ ਆਪਣੀਆਂ ਵਾਰੀਆਂ ਬੰਨ੍ਹ ਲਈਆਂ ਹਨ ਅਤੇ ਉਹ ਹੁਣ ਵਾਰੀ ਵਾਰੀ ਦਿੱਲੀ ਕਿਸਾਨ ਮੋਰਚੇ ਵਿਚ ਹਾਜ਼ਰੀਆਂ ਭਰ ਰਹੇ ਹਨ। ਕਣਕ ਦੀ ਫ਼ਸਲ ਸਾਂਭਣ ਲਈ ਵੀ ਉਨ੍ਹਾਂ ਨੇ ਪੂਰੀ ਯੋਜਨਾਬੰਦੀ ਕਰ ਲਈ ਹੈ ਅਤੇ ਪਿੰਡਾਂ ਵਿਚ ਨੌਜੁਆਨਾਂ ਦੀਆਂ ਕਮੇਟੀਆਂ ਬਣ ਗਈਆਂ ਹਨ ਜੋ ਅੰਦੋਲਨ ਵਿਚ ਪੂਰਾ ਸਮਾਂ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਕਣਕ ਦੀ ਵਾਢੀ ਪਹਿਲ ਦੇ ਆਧਾਰ ‘ਤੇ ਕਰਵਾਉਣਗੀਆਂ ਅਤੇ ਜਿਨਸ ਨੂੰ ਮੰਡੀਆਂ ਵਿਚ ਵੇਚਣ ਲਈ ਲਿਜਾਣਗੀਆਂ। ਇਸ ਅੰਦੋਲਨ ਵਿਚ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਰਾਤ ਨੂੰ ਸੜਕਾਂ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ ਅਤੇ ਨੌਜੁਆਨ ਇਸ ਸੇਵਾ ਵਿਚ ਵੱਧ-ਚੜ੍ਹ ਕੇ ਆਪਣਾ ਹਿੱਸਾ ਪਾ ਰਹੇ ਹਨ।

ਕੇਂਦਰ ਸਰਕਾਰ ਵੱਲੋਂ ਬੇਸ਼ਕ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਕਈ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਤੇ ਭਾਰੀਆਂ ਰੋਕਾਂ ਖੜੀਆਂ ਕਰਕੇ ਅਤੇ ਪੁਲੀਸ ਤੇ ਨੀਮ-ਫ਼ੌਜੀ ਦਲਾਂ ਵਿਚ ਵਾਧਾ ਕਰਕੇ ਕਿਸਾਨਾਂ ਨੂੰ ਡਰਾਉਣ-ਧਮਕਾਉਣ ਦੇ ਯਤਨ ਕੀਤੇ ਗਏ ਸਨ, ਪਰ ਕਿਸਾਨਾਂ ਦੇ ਹੌਸਲੇ ਬੁਲੰਦ ਰਹੇ ਅਤੇ ਹੁਣ ਵੀ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ ਲੰਮੇਂ ਸਮੇਂ ਲਈ ਤਿਆਰੀਆਂ ਕਰਕੇ ਧਰਨਿਆਂ ‘ਤੇ ਬੈਠੇ ਹੋਏ ਹਨ। ਕਈਆਂ ਨੇ ਤਾਂ ਦੋਹਾਂ ਸੜਕਾਂ ਵਿਚਲੇ ਡਿਵਾਈਡਰਾਂ ਵਿਚਕਾਰਲੀ ਖਾਲੀ ਸਰਕਾਰੀ ਜ਼ਮੀਨ ਨੂੰ ਕਹੀਆਂ ਨਾਲ ਪੁੱਟ ਕੇ ਉੱਥੇ ਧਨੀਆਂ, ਮੇਥੀ, ਪਾਲਕ, ਮੂਲੀਆਂ, ਗਾਜਰਾਂ, ਲਸਣ, ਪਿਆਜ਼ ਆਦਿ ਵੀ ਬੀਜ ਦਿੱਤੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਅੰਦਲਨ ਵਿਚ ਇਹ ਸਾਰਾ ਕੁਝ ਖਾ ਕੇ ਸਫ਼ਲ ਹੋਣ ਤੋਂ ਬਾਦ ਹੀ ਘਰਾਂ ਨੂੰ ਵਾਪਸ ਮੁੜਨਗੇ।

ਹੁੁਣ ਹਾਲਤ ਇਹ ਬਣੀ ਹੋਈ ਹੈ ਕਿ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਨਾ ਕਰਨ ਦੀ ਆਪਣੀ ਅੜੀ ‘ਤੇ ਕਾਇਮ ਹੈ ਅਤੇ ਉਹ ਅਜੇ ਵੀ ਕਿਸਾਨ-ਆਗੂਆਂ ਨਾਲ ਇਨ੍ਹਾਂ ਕਾਨੂੰਨਾਂ ਵਿਚ ਸੋਧਾਂ ਕਰਨ ਦਾ ਹੀ ਰਾਗ ਅਲਾਪ ਰਹੀ ਹੈ। ਉਹ ਇਸ ਅੰਦੋਲਨ ਨੂੰ ਲੰਮਾਂ ਖਿੱਚ ਕੇ ਅਤੇ ਇਸ ਨੂੰ ਕਮਜ਼ੋਰ ਕਰਕੇ ਫੇਲ੍ਹ ਕਰਨਾ ਚਾਹੁੰਦੀ ਹੈ। ਉਹ ਇਨ੍ਹਾਂ ਬਿੱਲਾਂ ਵਿਚ 80-90%ਸੋਧਾਂ ਕਰਨ ਲਈ ਤਾਂ ਤਿਆਰ ਲੱਗਦੀ ਹੈ ਪਰ ਇਹ ਬਿੱਲ ਰੱੱਦ ਕਰਨ ਲਈ ਅਜੇ ਤਿਆਰ ਨਹੀਂ ਜਾਪਦੀ। ਓਧਰ ਕਿਸਾਨਾਂ ਲਈ ਵੀ ਆਪਣੀ ਹੋਂਦ ਅਤੇ ਭਵਿੱਖ ਦਾ ਸੁਆਲ ਹੈ। ਬਿਨਾਂ ਕਿਸੇ ਪ੍ਰਾਪਤੀ (ਬਿੱਲ ਰੱਦ ਕਰਵਾਉਣ) ਦੇ ਇਸ ਅੰਦੋਲਨ ਨੂੰ ਵਾਪਸ ਲੈਣਾ ਜਾਂ ਇਸ ਨੂੰ ਮੁਲਤਵੀ ਕਰਨਾ ਉਨ੍ਹਾਂ ਲਈ ਵੀ ਅਸੰਭਵ ਹੈ। ਕਿਸਾਨ ਆਗੂਆਂ ਵੱਲੋਂ ਅਗਲੇ ਨਵੇਂ ਪ੍ਰੋਗਰਾਮ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿਚ 6 ਮਾਰਚ ਨੂੰ ਇਸ ਅੰਦੋਲਨ ਨੂੰ 100 ਦਿਨ ਪੂਰੇ ਹੋਣ ਜਾਣ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਹੱਥਾਂ ਵਿਚ ਕਾਲੇ ਝੰਡੇ ਲੈ ਕੇ ‘ਕੇ.ਐੱਮ.ਪੀ’ (ਕੁੰਡਲੀ-ਮਾਨੇਸਰ-ਪਲਵਲ) ਹਾਈਵੇਅ ਨੂੰ ਦੁਪਹਿਰ 11[00 ਵਜੇ ਤੋਂ ਸ਼ਾਮ 4[00 ਵਜੇ ਤੱਕ ਜਾਮ ਕਰਨਾ, 8 ਮਾਰਚ ਨੂੰ ‘ਅੰਤਰ-ਰਾਸ਼ਟਰੀ ਔਰਤ-ਦਿਵਸ’ ਮਨਾਉਣਾ, ਪੱਛਮੀ ਬੰਗਾਲ, ਗੋਆ ਅਤੇ ਹੋਰ ਰਾਜਾਂ ਜਿੱਥੇ ਜਲਦੀ ਹੀ ਚੋਣਾਂ ਹੋ ਰਹੀਆਂ ਹਨ, ਵਿਚ ਲੋਕ-ਚੇਤਨਾ ਲਈ ਆਪਣੀਆਂ ਟੀਮਾਂ ਭੇਜਣੀਆਂ, 12 ਮਾਰਚ ਨੂੰ ਕਿਸਾਨ ਆਗੂਆਂ ਵੱਲੋਂ ਕਲਕੱਤਾ ਵਿਚ ਹੋ ਰਹੀ ਮਹਾਨ ਰੈਲੀ ਤੇ ਕਾਨਫ਼ਰੰਸ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ 15 ਮਾਰਚ ਨੂੰ ਦੇਸ਼-ਭਰ ਵਿਚ ਹੋਰ ਅਗਾਂਹ-ਵਧੂ ਜੱਥੇਬੰਦੀਆਂ ਨਾਲ ਮਿਲ ਕੇ ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਨ ਮਨਾਇਆ ਜਾ ਰਿਹਾ ਹੈ।

ਇਸ ਤਰ੍ਹਾਂ ਹੁਣ ਤੱਕ ਬੇਸ਼ਕ ਇਸ ਅੰਦੋਲਨ ਵਿਚ ਤਿੰਨਾਂ ਖੇਤੀ ਬਿੱਲਾਂ (ਕਾਲ਼ੇ ਬਿੱਲਾਂ) ਨੂੰ ਰੱਦ ਕਰਾਉਣ, ਐੱਮ.ਐੱਸ.ਪੀ. ਨੂੰ ਕਾਨੂੰਨੀ ਬਨਾਉਣ ਅਤੇ ਖੇਤੀ ਉਪਜ ਦੀ ਸਰਕਾਰੀ ਖ੍ਰੀਦ ਨੂੰ ਯਕੀਨੀ ਬਨਾਉਣ ਵਾਲੀ ‘ਮੁੱਖ-ਪ੍ਰਾਪਤੀ’ ਅਜੇ ਦੂਰ ਦੀ ਗੱਲ ਲੱਗ ਰਹੀ ਹੈ ਪਰ ਇਸ ਦੇ ਨਾਲ ਹੀ ਉੱਪਰ ਦਰਸਾਈਆਂ ਗਈਆਂ ਬਹੁਤ ਸਾਰੀਆਂ ਪ੍ਰਾਪਤੀਆਂ ਇਸ ਅੰਦੋਲਨ ਦਾ ਹੁਣ ਤੱਕ ਦਾ ਬਹੁਤ ਵੱਡਾ ‘ਹਾਸਲ’ ਹੈ ਅਤੇ ਇਨ੍ਹਾਂ ਉੱਪਰ ਮਾਣ ਕਰਨਾ ਬਣਦਾ ਹੈ।

ਵੇਖੋ! ਅੱਗੋਂ ਕੀ ਬਣਦਾ ਹੈ।