ਟਰੱਕ ਡਰਾਈਵਰਾਂ ਦੀ ਵਾਸ਼ਰੂਮ ਤੱਕ ਪਹੁੰਚ ਯਕੀਨੀ ਬਣਾਉਣ ਲਈ ਕਾਨੂੰਨ ਲਿਆਵੇਗੀ ਫੋਰਡ ਸਰਕਾਰ

Truck with cargo trailer. Transport, shipping industry. 3D illustration

ਓਨਟਾਰੀਓ ਸਰਕਾਰ ਅਜਿਹਾ ਬਿੱਲ ਲਿਆਉਣ ਜਾ ਰਹੀ ਹੈ ਜਿਸ ਤਹਿਤ ਡਲਿਵਰੀ ਵਰਕਰਜ਼ ਨੂੰ ਉਨ੍ਹਾਂ ਕਾਰੋਬਾਰੀ ਅਦਾਰਿਆਂ ਦੇ ਵਾਸ਼ਰੂਮ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ ਜਿੱਥੇ ਉਹ ਸਮਾਨ ਡਲਿਵਰ ਕਰਨ ਜਾਂ ਸਮਾਨ ਪਿੱਕ ਕਰਨ ਜਾ ਰਹੇ ਹੋਣਗੇ।ਓਨਟਾਰੀਓ ਵਰਕਫੋਰਸ ਰਿਕਵਰੀ ਐਡਵਾਈਜ਼ਰੀ ਕਮੇਟੀ ਵੱਲੋਂ ਕੀਤੀ ਗਈ ਕੰਸਲਟੇਸ਼ਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਕੁਰੀਅਰਜ਼, ਟਰੱਕ ਡਰਾਈਵਰਜ਼ ਤੇ ਹੋਰ ਟਰਾਂਸਪੋਰਟੇਸ਼ਨ ਵਰਕਰਜ਼ ਨੂੰ ਅਕਸਰ ਹੀ ਉਨ੍ਹਾਂ ਬਿਜ਼ਨਸਿਜ਼ ਵੱਲੋਂ ਆਪਣੇ ਵਾਸ਼ਰੂਮਜ਼ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ ਜਿਨ੍ਹਾਂ ਨੂੰ ਉਹ ਸੇਵਾਵਾਂ ਦਿੰਦੇ ਹਨ। 

ਲੇਬਰ, ਟਰੇਨਿੰਗ ਐਂਡ ਸਕਿੱਲਜ਼ ਡਿਵੈਲਪਮੈਂਟ ਮੰਤਰੀ ਮੌਂਟੀ ਮੈਕਨੌਟਨ ਵੱਲੋਂ ਬੀਤੇ ਦਿਨੀਂ ਕੀਤੇ ਗਏ ਐਲਾਨ ਵਿੱਚ ਆਖਿਆ ਗਿਆ ਕਿ ਸਰਕਾਰ ਦਾ ਇਹ ਉਪਰਾਲਾ ਕਮਜ਼ੋਰ ਵਰਕਰਜ਼, ਜਿਨ੍ਹਾਂ ਵਿੱਚ ਟਰੱਕ ਡਰਾਈਵਰ ਵੀ ਸ਼ਾਮਲ ਹਨਜਿਨ੍ਹਾਂ ਨੇ ਮਹਾਂਮਾਰੀ ਦੇ ਦੌਰ ਵਿੱਚ ਵੀ ਜ਼ਰੂਰੀ ਵਸਤਾਂ, ਫੂਡ ਤੇ ਦਵਾਈਆਂ ਕੈਨੇਡੀਅਨਜ਼ ਦੀਆਂ ਲੋੜਾਂ ਮੁਤਾਬਕ ਸਮੇਂ ਸਿਰ ਮੁਹੱਈਆ ਕਰਵਾਕੇ ਦੇਸ਼ ਦੇ ਅਰਥਚਾਰੇ ਨੂੰ ਚੱਲਦਾ ਰੱਖਿਆਦੀ ਹਿਫਾਜ਼ਤ ਤੇ ਉਨ੍ਹਾਂ ਦੀ ਮਦਦ ਲਈ ਕੀਤਾ ਜਾ ਰਿਹਾ ਹੈ।

ਓਟੀਏ ਦੇ ਪ੍ਰੈਜ਼ੀਡੈਂਟ ਤੇ ਸੀਈਓ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਮੰਤਰੀ ਮੈਕਨੌਟਨ ਤੇ ਫੋਰਡ ਸਰਕਾਰ ਦੀ ਤਹੇ ਦਿਲੋਂ ਧੰਨਵਾਦੀ ਹੈ ਕਿ ਉਨ੍ਹਾਂ ਨੇ ਸਾਡੇ ਡਰਾਈਵਰਾਂ ਨੂੰ ਸੱਚੇ ਹੀਰੋ ਮੰਨਿਆ ਤੇ ਉਹ ਸਪਲਾਈ ਚੇਨ ਨਾਲ ਜੁੜੇ ਹਰ ਸ਼ਖ਼ਸ ਨੂੰ ਡਰਾਈਵਰਾਂ ਨਾਲ ਸਨਮਾਨ ਨਾਲ ਪੇਸ਼ ਆਉਣ ਲਈ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਹਨ।ਉਨ੍ਹਾਂ ਆਖਿਆ ਕਿ ਮੰਤਰੀ ਨੂੰ ਸਾਡੀ ਸਮੱਸਿਆ ਨਜ਼ਰ ਆਈ ਤੇ ਉਨ੍ਹਾਂ ਵੱਲੋਂ ਉਸ ਦਾ ਹੱਲ ਪੇਸ਼ ਕੀਤਾ ਗਿਆ ਜਿਹੜਾ ਨੌਰਥ ਅਮਰੀਕਾ ਦੇ ਹੋਰਨਾਂ ਅਧਿਕਾਰ ਖੇਤਰਾਂ ਲਈ ਵੀ ਮਾਡਲ ਵਜੋਂ ਵਰਤਿਆ ਜਾਵੇਗਾ।

ਟਰੱਕਿੰਗ ਇੰਡਸਟਰੀ ਲਈ ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਉਹ ਡਰਾਈਵਰਾਂ ਦੀ ਘਾਟ ਵਿੱਚੋਂ ਲੰਘ ਰਹੀ ਹੈ। ਮਹਾਂਮਾਰੀ ਦੌਰਾਨ ਟਰੱਕਿੰਗ ਕੰਪਨੀਆਂ ਤੇ ਖਾਸਤੌਰ ਉੱਤੇ ਡਰਾਈਵਰ ਸਪਲਾਈ ਚੇਨ ਦਾ ਸਖਤ ਦਬਾਅ ਝੱਲ ਰਹੇ ਹਨ। ਅਜਿਹੇ ਮੁਸ਼ਕਲ ਸਮੇਂ ਵਿੱਚ ਜੇ ਕਈ ਸਿ਼ੱਪਰਜ ਟਰੱਕ ਡਰਾਈਵਰਾਂ ਦੀ ਬੇਕਦਰੀ ਕਰਦੇ ਹਨ ਤਾਂ ਉਨ੍ਹਾਂ ਨੂੰ ਕਸਟਮਰਜ਼ ਵਜੋਂ ਪਸੰਦ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਕੰਮ ਵੀ ਕਰਕੇ ਨਹੀਂ ਦਿੱਤਾ ਜਾਵੇਗਾ।

ਲਾਸਕੋਵਸਕੀ ਨੇ ਆਖਿਆ ਕਿ ਸਾਡੀ ਪ੍ਰੋਵਿੰਸ ਦੇ ਟਰੱਕ ਡਰਾਈਵਰਾਂ ਨੂੰ ਸਾਡਾ ਮਾਨ ਸਨਮਾਨ, ਸਾਡੇ ਸਹਿਯੋਗ, ਸਾਡੇ ਧੰਨਵਾਦ ਦੀ ਲੋੜ ਹੈ, ਇਸ ਦੇ ਨਾਲ ਹੀ ਉਹ ਆਪਣਾ ਕੰਮ ਸਹੀ ਢੰਗ ਨਾਲ ਕਰ ਸਕਣ ਇਸ ਲਈ ਸਾਨੂੰ ਉਨ੍ਹਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਓਨਟਾਰੀਓ ਵਾਸੀਆਂ ਦੇ ਘਰਾਂ ਵਿੱਚ ਖਾਣਾ ਸਮੇਂ ਸਿਰ ਪਹੁੰਚਦਾ ਰਹੇ ਤੇ ਜਿਨ੍ਹਾਂ ਵਸਤਾਂ ਦੀ ਲੋੜ ਹੈ ਉਹ ਵੀ ਸਮੇਂ ਸਿਰ ਮਿਲਦੀਆਂ ਰਹਿਣ।ਸਾਨੂੰ ਇਸ ਗੱਲ ਦਾ ਹੌਸਲਾ ਹੈ ਕਿ ਇਸ ਨਾਲ ਟਰੱਕ ਡਰਾਈਵਰਾਂ ਦੀ ਉਨ੍ਹਾਂ ਫੈਸਿਲਿਟੀਜ਼ ਤੱਕ ਪਹੁੰਚ ਹੋਵੇਗੀ ਜਿੱਥੇ ਉਹ ਕੰਮ ਕਰਦੇ ਹੋਣਗੇ। 

ਲਾਸਕੋਵਸਕੀ ਨੇ ਆਖਿਆ ਕਿ ਇਹ ਐਲਾਨ ਮਹਾਂਮਾਰੀ ਦੌਰਾਨ ਫੋਰਡ ਸਰਕਾਰ ਦੇ ਟਰੱਕਿੰਗ ਇੰਡਸਟਰੀ ਤੇ ਟਰੱਕ ਡਰਾਈਵਰਾਂ ਲਈ ਸਹਿਯੋਗ ਦੀ ਤਾਜ਼ਾ ਮਿਸਾਲ ਹੈ। ਕੋਵਿਡ-19 ਦੇ ਸੁ਼ਰੂਆਤੀ ਦਿਨਾਂ ਵਿੱਚ ਸਰਕਾਰੀ ਆਗੂਆਂ ਨੇ ਜਨਤਕ ਤੌਰ ਉੱਤੇ ਇਹ ਮੰਗ ਕੀਤੀ ਸੀ ਕਿ ਸਪਲਾਈ ਚੇਨ ਨਾਲ ਜੁੜੀਆਂ ਕੰਪਨੀਆਂ ਟਰੱਕ ਡਰਾਈਵਰਾਂ ਦੀ ਵਾਸਰੂਮ ਤੱਕ ਪਹੁੰਚ ਯਕੀਨੀ ਬਣਾਉਣ ਤੇ ਰੈਸਟਰੈੱਟਸ ਖਾਣਾ ਦੇਣ ਤੋਂ ਮਨ੍ਹਾਂ ਕਰਕੇ ਟਰੱਕ ਡਰਾਈਵਰਾਂ ਨਾਲ ਵਿਤਕਰਾ ਨਾ ਕਰਨ।ਉਸ ਸਮੇਂ, ਲਾਂਗ ਹਾਲ ਡਰਾਈਵਰਾਂ ਨੂੰ ਵਾਸ਼ਰੂਮ ਫੈਸਿਲਿਟੀ ਵਿੱਚ ਦਿੱਕਤ ਪੇਸ਼ ਆਈ ਤੇ ਇਸ ਦੇ ਮੱਦੇਨਜ਼ਰ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਐਮਟੀਓ ਨੂੰ ਫਰੀ ਨਿਰਦੇਸ਼ ਜਾਰੀ ਕਰਕੇ ਪੋਰਟੇਬਲ ਵਾਸ਼ਰੂਮ ਇਨਸਟਾਲ ਕਰਨ ਤੇ ਪ੍ਰੋਵਿੰਸ ਵਿੱਚ 32 ਟਰੱਕ ਇੰਸਪੈਕਸ਼ਨ ਸਟੇਸ਼ਨਾਂ ਉੱਤੇ ਪਾਰਕਿੰਗ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ। 

ਇਹ ਕਾਰਵਾਈ ਉਨ੍ਹਾਂ ਪਹਿਲੇ ਐਲਾਨਾਂ ਵਿੱਚ ਸੱਭ ਤੋਂ ਉੱਪਰ ਹੈ ਜਿਸ ਤਹਿਤ 14 ਮੌਜੂਦਾ ਟਰੱਕ ਰੈਸਟ ਏਰੀਆ ਵਿੱਚ ਸੁਧਾਰ ਕਰਨ, 10 ਨਵੇਂ ਰੈਸਟ ਏਰੀਆ ਦਾ ਨਿਰਮਾਣ ਕਰਨ ਤੇ ਚਾਰ ਮੌਜੂਦਾ ਓਨਰੂਟ ਟਰੈਵਲ ਪਲਾਜ਼ਾਜ ਵਿਖੇ 178 ਵਾਧੂ ਟਰੱਕ ਪਾਰਕਿੰਗ ਸਪੇਸਿਜ਼ ਦਾ ਨਿਰਮਾਣ ਕਰਨ ਦੇ ਨਾਲ ਨਾਲ ਉੱਤਰੀ ਓਨਟਾਰੀਓ ਵਿੱਚ ਕਈ ਹੋਰ ਪਹਿਲਕਦਮੀਆਂ ਉੱਤੇ ਧਿਆਨ ਦੇਣ ਦਾ ਜਿ਼ਕਰ ਸ਼ਾਮਲ ਹੈ। 

ਲਾਸਕੋਵਸਕੀ ਨੇ ਆਖਿਆ ਕਿ ਇਹ ਵੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਕਿਸ ਤਰ੍ਹਾਂ ਫੋਰਡ ਸਰਕਾਰ ਵੱਲੋਂ ਟਰੱਕਿੰਗ ਇੰਡਸਟਰੀ ਲਈ ਜ਼ੁਬਾਨੀ ਕੀਤੇ ਵਾਅਦਿਆਂ ਨੂੰ ਹੁਣ ਅਮਲੀ ਰੂਪ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਦੇ ਅਰਥਚਾਰੇ ਨੂੰ ਚੱਲਦਿਆਂ ਰੱਖਣ ਲਈ ਕੋਵਿਡ-19 ਮਹਾਂਮਾਰੀ ਦੌਰਾਨ ਵੀ ਓਨਟਾਰੀਓ ਸਰਕਾਰ ਟਰੱਕਿੰਗ ਇੰਡਸਟਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੀ ਹੈ। 

ਓਟੀਏ ਇਸ ਨਵੇਂ ਕਾਨੂੰਨ ਦਾ ਮੁਲਾਂਕਣ ਕਰੇਗੀ ਤੇ ਇਹ ਵੇਰਵਾ ਮੁਹੱਈਆ ਕਰਾਵੇਗੀ ਕਿ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਡਰਾਈਵਰ ਆਪਣੇ ਕਸਟਮਰਜ਼ ਤੋਂ ਕਿਸ ਤਰ੍ਹਾਂ ਦੇ ਸਹਿਯੋਗ ਦੀ ਆਸ ਰੱਖਦੇ ਹਨ।