ਜਨਵਰੀ 2023 ਤੋਂ ਲਾਗੂ ਹੋਵੇਗਾ ਈਐਲਡੀ ਨਾਲ ਸਬੰਧਤ ਨਿਯਮ

Electronic Logging Device ELD in a truck

ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼ ਲਈ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਲਾਗੂ ਕਰਨ ਵਿੱਚ ਹੋਰ ਦੇਰ ਨਹੀਂ ਹੋਵੇਗੀ।ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਕੈਨੇਡੀਅਨ ਟਰੱਕਿੰਗ ਅਲਾਇੰਸ ਨੂੰ ਕੀਤੀ ਗਈ।ਇਹ ਨਿਯਮ ਪਹਿਲੀ ਜਨਵਰੀ, 2023 ਤੋਂ ਪ੍ਰਭਾਵੀ ਹੋ ਜਾਵੇਗਾ। 

ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ ਐਡਮਨਿਸਟ੍ਰੇਟਰਜ਼ (ਸੀਸੀਐਮਟੀਏ) ਵੱਲੋਂ ਸੀਟੀਏ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੋਵਿੰਸ ਤੇ ਟੈਰੇਟਰੀਜ਼ ਈਐਲਡੀ ਨੂੰ ਜਨਵਰੀ 2023 ਵਿੱਚ ਲਾਗੂ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹਨ ਤੇ ਕਿਸੇ ਪਾਸਿਓਂ ਵੀ ਇਸ ਕੰਮ ਵਿੱਚ ਦੇਰ ਹੋਣ ਦਾ ਐਲਾਨ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਨਿਯਮ ਨੂੰ ਜੇ ਕੋਈ ਇੱਕ ਜਿਊਰਿਸਡਿਕਸ਼ਨ ਲਾਗੂ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਬਾਕੀ ਸਾਰੇ ਪ੍ਰੋਵਿੰਸ ਤੇ ਟੈਰੇਟਰੀਜ਼ ਸਮੇਂ ਸਿਰ ਇਸ ਨੂੰ ਲਾਗੂ ਕਰਨ ਲਈ ਪਾਬੰਦ ਰਹਿਣਗੇ। 

ਸੀਟੀਏ ਦੇ ਸੀਨੀਅਰ ਵੀਪੀ, ਪਾਲਿਸੀ ਜੈੱਫ ਵੁੱਡ ਨੇ ਆਖਿਆ ਕਿ ਸੀਸੀਐਮਟੀਏ ਵਿਖੇ ਸਾਡੇ ਸਰਕਾਰੀ ਭਾਈਵਾਲਾਂ ਤੇ ਪ੍ਰੋਵਿੰਸ਼ੀਅਲ ਐਸੋਸਿਏਸ਼ਨਜ਼ ਵੱਲੋਂ ਹਾਸਲ ਹੋਈਆਂ ਅਪਡੇਟਸ ਦੇ ਆਧਾਰ ਉੱਤੇ ਸਾਨੂੰ ਇੱਕ ਸਪਸ਼ਟ ਨਜ਼ਰੀਆ ਮਿਲ ਚੁੱਕਿਆ ਹੈ ਕਿ ਸਾਰੀਆਂ ਜਿਊਰਿਸਡਿਕਸ਼ਨਜ਼ ਪਹਿਲੀ ਜਨਵਰੀ ਤੋਂ ਇਸ ਨਿਯਮ ਨੂੰ ਲਾਗੂ ਕਰਨ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਇੰਡਸਟਰੀ ਲੰਮੇਂ ਸਮੇਂ ਤੋਂ ਇਸ ਨਿਯਮ ਲਈ ਤਿਆਰ ਹੈ ਤੇ ਇਸ ਨੂੰ ਲਾਗੂ ਕਰਨ ਵਾਸਤੇ ਅਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਾਂ। ਬੱਸ ਹੁਣ ਇਸ ਨਿਯਮ ਦੇ ਲਾਗੂ ਹੋਣ ਦਾ ਸਮਾਂ ਗਿਆ ਹੈ।

ਸੀਟੀਏ ਦੀਆਂ ਪ੍ਰੋਵਿੰਸ਼ੀਅਲ ਟਰੱਕਿ਼ੰਗ ਐਸੋਸਿਏਸ਼ਨਜ਼ ਤੇ ਪ੍ਰੋਵਿੰਸ਼ੀਅਲ/ਫੈਡਰਲ ਅਧਿਕਾਰੀਆਂ, ਜਿਹੜੇ ਈਐਲਡੀ ਨਿਯਮ ਦੀ ਜਾਣਪਛਾਣ ਤੇ ਨਿਯਮ ਨੂੰ ਲਾਗੂ ਕਰਵਾਉਣ ਲਈ ਜਿ਼ੰਮੇਵਾਰ ਹਨ, ਨਾਲ ਪਿੱਛੇ ਜਿਹੇ ਹੋਈ ਗੱਲਬਾਤ ਤੋਂ ਬਾਅਦ ਦੇਸ਼ ਭਰ ਦੀਆਂ ਸਰਕਾਰਾਂ ਨੇ ਇਹੋ ਸੰਕੇਤ ਦਿੱਤਾ ਹੈ ਕਿ ਉਹ ਇਸ ਨਿਯਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀਆਂ ਹਨ ਤੇ ਉਨ੍ਹਾਂ ਇਹ ਆਸ ਵੀ ਪ੍ਰਗਟਾਈ ਹੈ ਕਿ ਜਨਵਰੀ ਵਿੱਚ ਇਸ ਨਿਯਮ ਨੂੰ ਲਾਗੂ ਕਰਨ ਵਿੱਚ ਕੋਈ ਵੱਡਾ ਤਕਨੀਕੀ ਅੜਿੱਕਾ ਆਉਂਦਾ ਨਜ਼ਰ ਨਹੀਂ ਰਿਹਾ। 

ਇਨ੍ਹਾਂ ਰਿਪੋਰਟਾਂ ਅਨੁਸਾਰ ਹੀ ਇਨ੍ਹਾਂ ਨਿਯਮਾਂ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਿੱਛੇ ਰਹਿ ਜਾਣ ਵਾਲੇ ਪ੍ਰੋਵਿੰਸਾਂ ਵਿੱਚ ਨੋਵਾ ਸਕੋਸ਼ੀਆ, ਨਿਊਫਾਊਂਡਲੈਂਡ ਐਂਡ ਲੈਬਰਾਡੋਰ, ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਹੀ ਸ਼ਾਮਲ ਹਨ।ਇੱਥੇ ਦੱਸਣਾ ਬਣਦਾ ਹੈ ਕਿ ਕਿਊਬਿਕ ਟਰੱਕਿੰਗ ਐਸੋਸਿਏਸ਼ਨ ਨੂੰ ਆਸ ਹੈ ਕਿ ਇਹ ਮਾਮਲਾ ਛੇਤੀ ਹੀ ਫਾਈਨਲ ਕਰ ਲਿਆ ਜਾਵੇਗਾ ਜਦਕਿ ਬੀਸੀ ਟਰੱਕਿੰਗ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਯਕੀਨੀ ਹੈ ਕਿ ਬੀਸੀ ਸਰਕਾਰ ਵੀ ਪਹਿਲੀ ਜਨਵਰੀ ਤੋਂ ਇਸ ਨਿਯਮ ਨੂੰ ਲਾਗੂ ਕਰਨ ਦੀ ਸਥਿਤੀ ਵਿੱਚ ਜਲਦ ਜਾਵੇਗੀ। 

ਐਟਲਾਂਟਿਕ ਪ੍ਰੋਵਿੰਸਿਜ਼ ਟਰੱਕਿੰਗ ਐਸੋਸਿਏਸ਼ਨ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਤੇ ਨੋਵਾ ਸਕੋਸ਼ੀਆ ਵੀ ਇਸ ਨਿਯਮ ਨੂੰ ਜਨਵਰੀ 2023 ਵਿੱਚ ਲਾਗੂ ਕਰਨਗੇ।ਈਐਲਡੀ ਨਿਯਮ ਬਾਰੇ ਸੀਟੀਏ ਦੇ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨ ਆਗੂਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਹੇਠਾਂ ਦਿੱਤੇ ਗਏ ਅਨੁਸਾਰ ਹਨ

ਐਟਲਾਂਟਿਕ ਪ੍ਰੋਵਿੰਸਿਜ਼ ਟਰੱਕਿੰਗ ਐਸੋਸਿਏਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਜੀਨਮਾਰਕਪਿਕਾਰਡ ਨੇ ਆਖਿਆ ਕਿ ਸਾਡੀਆਂ ਸੜਕਾਂ ਉੱਤੇ ਸੇਫਟੀ ਸਾਡੀ ਮੁੱਖ ਤਰਜੀਹ ਹੈ, ਇਸ ਲਈ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਸੀਂ ਇੱਕ ਹੋਰ ਡਿਲੇਅ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਕੈਰੀਅਰਜ਼ ਤਿਆਰ ਹਨ ਤੇ ਟਰਾਂਸਪੋਰਟ ਕੈਨੇਡਾ ਤੇ ਸਾਰੀਆਂ ਜਿਊਰਿਸਡਿਕਸ਼ਨਜ਼ ਨੂੰ ਇਸ ਪਾਸੇ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ।

ਿਉਬਿਕ ਟਰੱਕਿੰਗ ਐਸੋਸਿਏਸ਼ਨ ਦੇ ਸੀਈਓ ਮਾਰਕ ਕੈਡੀਔਕਸ ਨੇ ਆਖਿਆ ਕਿ ਉਹ ਪਹਿਲੀ ਜਨਵਰੀ, 2023 ਨੂੰ ਈਐਲਡੀ ਨਾਲ ਸਬੰਧਤ ਨਿਯਮਾਂ ਨੂੰ ਲਾਗੂ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦੇ ਸਕਦੇ ਹਨ। ਇਸ ਬਾਰੇ ਫਰਵਰੀ 2022 ਵਿੱਚ ਹੋਈ ਸੀਸੀਐਮਟੀਏ ਦੀ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀਆਂ ਵਿਚਾਲੇ ਸਹਿਮਤੀ ਵੀ ਬਣ ਚੁੱਕੀ ਹੈ ਤੇ 29 ਅਪਰੈਲ ਨੂੰ ਕਿਊਟੀਏ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਮਨਿਸਟਰ ਆਫ ਟਰਾਂਸਪੋਰਟ ਫਰੈਂਕੌਇਸ ਬੌਨਾਰਡਲ ਪੁਸ਼ਟੀ ਵੀ ਕਰ ਚੁੱਕੇ ਹਨ। 

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਅਪਰੈਲ ਵਿੱਚ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦੇ ਬੋਰਡ ਆਫ ਡਾਇਰੈਕਟਰਜ਼ ਨੂੰ ਟਰਾਂਸਪੋਰਟੇਸ਼ਨ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਪਹਿਲੀ ਜਨਵਰੀ 2023 ਤੋਂ ਉਹ ਇਲੈਕਟ੍ਰੌਨਿਕ ਲੌਗਿੰਗ ਡਿਵਾਇਸਿਜ਼ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਜਾ ਰਹੇ ਹਨ।

ਮੈਨੀਟੋਬਾ ਟਰੱਕਿੰਗ ਐਸੋਸਿਏਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਐਰਨ ਡੌਲੀਨਿਯੁਕ ਨੇ ਆਖਿਆ ਕਿ ਮੈਨੀਟੋਬਾ ਪ੍ਰੋਵਿੰਸ ਵੱਲੋਂ ਪਹਿਲੀ ਜਨਵਰੀ, 2023 ਤੋਂ ਫੈਡਰਲ ਈਐਲਡੀ ਨਿਯਮ ਲਾਗੂ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਰੋਡ ਸੇਫਟੀ ਉੱਤੇ ਮਾਪਦੰਡ ਹੋਰ ਉੱਚੇ ਚੁੱਕਣ ਲਈ ਇੰਡਸਟਰੀ ਵੱਲੋਂ ਚੁੱਕਿਆ ਜਾਣ ਵਾਲਾ ਇਹ ਅਹਿਮ ਕਦਮ ਹੈ। 

ਸਸਕੈਚਵਨ ਟਰੱਕਿੰਗ ਐਸੋਸਿਏਸ਼ਨ ਦੀ ਐਗਜ਼ੈਕਟਿਵ ਡਾਇਰੈਕਟਰ ਸੂਜ਼ਨ ਐਵਰਟ ਨੇ ਆਖਿਆ ਕਿ ਜਨਵਰੀ 2023 ਵਿੱਚ ਸਸਕੈਚਵਨ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਤੇ ਹੋਰਨਾਂ ਪ੍ਰੋਵਿੰਸਾ ਤੇ ਦੇਸ਼ ਭਰ ਨਾਲ ਤਾਲਮੇਲ ਬਿਠਾ ਕੇ ਚੱਲਣ ਲਈ ਈਐਲਡੀ ਦੇ ਨਿਯਮ ਨੂੰ ਲਾਗੂ ਕਰਨਾ ਅਹਿਮ ਕਦਮ ਹੈ। 

ਅਲਬਰਟਾ ਮੋਟਰ ਟਰਾਂਸਪੋਰਟ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਕ੍ਰਿਸ ਨੈਸ਼ ਨੇ ਆਖਿਆ ਕਿ ਜਨਵਰੀ 2023 ਵਿੱਚ ਇਸ ਨਿਯਮ ਨੂੰ ਲਾਗੂ ਕਰਨ ਲਈ ਅਲਬਰਟਾ ਦੇ ਸਾਰੇ ਵਿਧਾਨ ਪੂਰੇ ਕਰ ਲਏ ਗਏ ਹਨ। ਏਐਮਟੀਏ ਨੇ ਜਨਵਰੀ 2023 ਵਿੱਚ ਫੈਡਰਲ ਸਰਕਾਰ ਵੱਲੋਂ ਈਐਲਡੀ ਸਬੰਧੀ ਲਿਆਂਦੇ ਇਸ ਨਿਯਮ ਲਈ ਸਾਰੀ ਤਿਆਰੀ ਕਰ ਲਏ ਜਾਣ ਉੱਤੇ ਅਲਬਰਟਾ ਸਰਕਾਰ ਦੀ ਸ਼ਲਾਘਾ ਕੀਤੀ। 

ਬ੍ਰਿਟਿਸ਼ ਕੋਲੰਬੀਆ ਟਰੱਕਿੰਗ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਡੇਵ ਅਰਲ ਨੇ ਆਖਿਆ ਕਿ ਬੀਸੀਟੀਏ ਦਾ ਮੰਨਣਾ ਹੈ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਬੀਸੀ ਪਹਿਲੀ ਜਨਵਰੀ ਤੋਂ ਈਐਲਡੀ ਦਾ ਇਹ ਨਿਯਮ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।  

ਇਸ ਸਮੇਂ ਕੈਨੇਡਾ ਵਿੱਚ ਵਰਤੋਂ ਲਈ ਟਰਾਂਸਪੋਰਟ ਕੈਨੇਡਾ ਵੱਲੋਂ 52 ਈਐਲਡੀ ਸਰਟੀਫਾਈ ਕੀਤੀਆਂ ਗਈਆਂ ਹਨ। ਟਰਾਂਸਪੋਰਟ ਕੈਨੇਡਾ ਦੀ ਵੈੱਬਸਾਈਟ ਸਰਟੀਫਾਈਡ ਡਿਵਾਈਸਿਜ਼ ਲਈ ਜਾਣਕਾਰੀ ਦਾ ਸਰਕਾਰੀ ਸਰੋਤ ਹੈ ਤੇ ਕੈਰੀਅਰਜ਼ ਨੂੰ ਸਰਟੀਫਾਈਡ ਡਿਵਾਈਸਿਜ਼ ਦੀ ਲਿਸਟ ਦਾ ਮੁਲਾਂਕਣ ਕਰਨ ਲਈ ਹੱਲਾਸੇ਼ਰੀ ਦਿੱਤੀ ਜਾਂਦੀ ਹੈ।ਸੀਟੀਏ ਕੈਰੀਅਰਜ਼ ਨੂੰ ਇਹ ਹੱਲਾਸ਼ੇਰੀ ਵੀ ਦਿੰਦੀ ਹੈ ਕਿ ਉਹ ਟਰਾਂਸਪੋਰਟ ਕੈਨੇਡਾ ਦੀ ਸਾਈਟ ਉੱਤੇ ਲਿਸਟ ਵਿੱਚ ਸ਼ਾਮਲ ਸੀਟੀਏ ਟੀਮ ਕੈਨੇਡਾ ਦੇ ਈਐਲਡੀ ਵੈਂਡਰਜ਼ ਤੋਂ ਮਿਲਣ ਵਾਲੀਆਂ ਸਰਟੀਫਾਈਡ ਉਤਪਾਦਾਂ ਦੀ ਪੇਸ਼ਕਸ਼ ਦਾ ਮੁਲਾਂਕਣ ਵੀ ਕਰਨ।