ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਫਿਊਚਰ ਵਿਜ਼ਨ ਬਾਰੇ ਸੀਟੀਏ ਨੇ ਪੇਸ਼ ਕੀਤਾ ਆਪਣਾ ਪੱਖ

Canada immigration application form kept with pencil

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਫਿਊਚਰ ਵਿਜ਼ਨ ਸਬੰਧੀ ਆਪਣਾ ਪੱਖ ਪੇਸ਼ ਕੀਤਾ ਹੈ। 

ਿੱਛੇ ਜਿਹੇ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਕੈਨੇਡਾ (ਆਈਆਰਸੀਸੀ) ਵੱਲੋਂ ਮੁਕਾਏ ਗਏ ਸਲਾਹ ਮਸ਼ਵਰੇ ਦੇ ਗੇੜ ਮਗਰੋਂ ਸੀਟੀਏ ਨੇ ਕੈਨੇਡੀਅਨ ਅਰਥਚਾਰੇ ਲਈ ਫਾਇਦੇਮੰਦ ਇਮੀਗ੍ਰੇਸ਼ਨ ਸਿਸਟਮ ਦੇ ਪੱਖ ਵਿੱਚ ਸੰਕੇਤ ਦਿੱਤਾ। ਇਹ ਵੀ ਆਖਿਆ ਗਿਆ ਕਿ ਟਰੱਕਿੰਗ ਇੰਡਸਟਰੀ ਦੇਸ਼ ਦੀ ਸੱਭ ਤੋਂ ਪੁਰਾਣੀ ਵਰਕਫੋਰਸ ਹੈ ਤੇ ਇੱਥੇ ਰੋਜ਼ਗਾਰ ਵੀ ਵੱਡੀ ਪੱਧਰ ਉੱਤੇ ਉਪਲਬਧ ਹੁੰਦਾ ਹੈ। ਪਰ ਇੰਡਸਟਰੀ ਵਿੱਚ ਹੁਣ ਪਾਈ ਜਾ ਰਹੀ ਲੇਬਰ ਦੀ ਘਾਟ ਦਾ ਪੂਰਾ ਰਿਕਾਰਡ ਰੱਖਿਆ ਜਾ ਰਿਹਾ ਹੈ ਤੇ ਇਸ ਨੂੰ ਆਰਥਿਕ ਰਿਕਵਰੀ ਤੇ ਸਥਿਰਤਾ ਦੇ ਰਾਹ ਦਾ ਵੱਡਾ ਅੜਿੱਕਾ ਦੱਸਿਆ ਜਾ ਰਿਹਾ ਹੈ।

ਟਰੱਕਿੰਗ ਇੰਡਸਟਰੀ ਵਿੱਚ ਲੇਬਰ ਦੀ ਘਾਟ ਨਾਲ ਸਾਰੇ ਕੈਨੇਡੀਅਨਜ਼ ਤੇ ਸਾਰੇ ਕੈਨੇਡੀਅਨ ਕਾਰੋਬਾਰ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਪ੍ਰਭਾਵਿਤ ਹੁੰਦੇ ਹਨ। ਬਦਲੇ ਵਿੱਚ ਹੋਰਨਾਂ ਸੈਕਟਰਾਂ ਦੇ ਮੁਕਾਬਲੇ ਟਰੱਕਿੰਗ ਕੋਲ ਅਰਥਚਾਰੇ ਨੂੰ ਦੁੱਗਣਾ ਚੌਗੁਣਾਂ ਕਰਨ ਦੀ ਸਮਰੱਥਾ ਕਿਤੇ ਜਿ਼ਆਦਾ ਹੈ। ਇਸ ਤੋਂ ਭਾਵ ਇਹ ਹੈ ਕਿ ਟਰੱਕਿੰਗ ਦੀ ਲੇਬਰ ਫੋਰਸ ਵਿੱਚ ਕੀਤੇ ਗਏ ਨਿਵੇਸ਼ ਨਾਲ ਕੈਨੇਡਾ ਦੇ ਸਮੁੱਚੇ ਅਰਥਚਾਰੇ ਨੂੰ ਮਣਾ ਮੂੰਹੀ ਫਾਇਦਾ ਹੋ ਸਕਦਾ ਹੈ।

ਇਸ ਦੌਰਾਨ ਅਹਿਮ ਪ੍ਰੋਗਰਾਮਾਂ ਜਿਵੇਂ ਕਿ ਐਕਸਪ੍ਰੈੱਸ ਐਂਟਰੀ, ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਤੇ ਨੋਨ ਇੰਪਲੌਇਰ ਪ੍ਰੋਗਰਾਮ, ਆਦਿ ਉੱਤੇ ਵੀ ਟਿੱਪਣੀ ਕੀਤੀ ਗਈ। ਜਦੋਂ ਗੱਲ ਐੱਕਸਪ੍ਰੈੱਸ ਐਂਟਰੀ ਦੀ ਆਉਂਦੀ ਹੈ ਤਾਂ ਸੀਟੀਏ ਵੱਲੋਂ ਕਰਵਾਈ ਗਈ ਸਬਮਿਸ਼ਨ ਅਨੁਸਾਰ ਥੋੜ੍ਹ ਚਿਰੇ ਤੇ ਲੰਮੇਂ ਸਮੇਂ ਤੱਕ ਰਹਿਣ ਵਾਲੇ ਸੁਧਾਰ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਟਰੱਕਿੰਗ ਇੰਡਸਟਰੀ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਕੇ ਬਿਹਤਰ ਪ੍ਰੋਗਰਾਮ ਬਣਾਏ ਜਾ ਸਕਣ।

ਸੀਟੀਏ ਦੇ ਡਾਇਰੈਕਟਰ ਆਫ ਪਾਲਿਸੀ ਐਂਡ ਪਬਲਿਕ ਅਫੇਅਰਜ਼ ਜੌਨਾਥਨ ਬਲੈਕਹੈਮ ਨੇ ਆਖਿਆ ਕਿ ਆਈਆਰਸੀਸੀ ਤੇ ਕੈਨੇਡਾ ਸਰਕਾਰ ਜਾਣਦੀ ਹੈ ਕਿ ਅਰਥਚਾਰੇ ਨੂੰ ਲੀਹ ਉੱਤੇ ਰੱਖਣ ਲਈ ਜਿਸ ਤਰ੍ਹਾਂ ਦੇ ਹੁਨਰ ਦੀ ਲੋੜ ਹੈ ਉਹ ਬਦਲ ਰਹੇ ਹਨ। ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਵੀ ਬਦਲ ਰਿਹਾ ਹੈ ਤੇ ਇਸ ਵਿੱਚ ਟਰੱਕਿੰਗ ਵਰਗੇ ਕਿੱਤੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਇੰਡਸਟਰੀ ਨੂੰ ਪਹਿਲਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਥਾਂ ਨਹੀਂ ਸੀ ਮਿਲਦੀ। 

ਬਲੈਕਹੈਮ ਨੇ ਆਖਿਆ ਕਿ ਐਨਓਸੀ ਸਿਸਟਮ ਵੀ ਬਦਲ ਚੁੱਕਿਆ ਹੈ ਤੇ ਹੁਣ ਇਸ ਵਿੱਚ ਕਈ ਤਰ੍ਹਾਂ ਦੀਆਂ ਵੰਨਗੀਆਂ ਬਣਾ ਦਿੱਤੀਆਂ ਗਈਆਂ ਹਨ ਤੇ ਕਈ ਕਿੱਤਿਆਂ ਨੂੰ ਵੀ ਮਾਨਤਾ ਦਿੱਤੀ ਗਈ ਹੈ।ਉਨ੍ਹਾਂ ਅੱਗੇ ਆਖਿਆ ਕਿ ਐਕਸਪ੍ਰੈੱਸ ਐਂਟਰੀ ਵਰਗੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿੱਚ ਉਨ੍ਹਾਂ ਕਿੱਤਿਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਸੱਭ ਤੋਂ ਵੱਧ ਮੰਗ ਹੋਵੇ, ਜਿਵੇਂ ਕਿ ਟਰੱਕ ਡਰਾਈਵਰਜ਼। ਇਨ੍ਹਾਂ ਨੂੰ ਪਹਿਲ ਦਿੱਤੀ ਜਾਣੀ ਬਣਦੀ ਹੈ।  

ਲੇਬਰ ਮਾਰਕਿਟ ਇੰਪੈਕਟ ਅਸੈੱਸਮੈਂਟ (ਐਲਐਮਆਈਏ) ਪ੍ਰਕਿਰਿਆ ਨਾਲ ਸਬੰਧਤ ਚਿਰਾਂ ਤੋਂ ਲਮਕਦੇ ਰਹੇ ਮੁੱਦਿਆਂ, ਪ੍ਰੋਸੈਸਿੰਗ ਟਾਈਮ, ਸਰਵਿਸ ਦੀ ਲਗਾਤਾਰਤਾ ਆਦਿ ਵੀ ਸਬਮਿਸ਼ਨ ਦੌਰਾਨ ਉਠਾਏ ਗਏ। ਇਸ ਤੋਂ ਇਲਾਵਾ ਸੀਟੀਏ ਵੱਲੋਂ ਲੇਬਰ ਸ਼ੋਸ਼ਣ  ਤੇ ਡਰਾਈਵਰ ਇੰਕ·, ਇੰਪਲੌਈਜ਼ ਦਾ ਗਲਤ ਵਰਗੀਕਰਣ ਤੇ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਹੋਰ ਸਕੀਮਾਂ ਜਿਹੜੀਆਂ ਸਾਡੇ ਸੈਕਟਰ ਨਾਲ ਜੁੜੇ ਮੁਲਾਜ਼ਮਾਂ ਨੂੰ ਦਬਾਉਂਦੀਆਂ ਹਨ ਤੇ ਉਨ੍ਹਾਂ ਨੂੰ ਭਰਮਾਉਂਦੀਆਂ ਹਨ, ਨਾਲ ਸਬੰਧਤ ਮੁੱਦੇ ਵੀ ਉਠਾਏ ਗਏ।

ਇਸੇ ਲਈ ਭਰੋਸੇਯੋਗ/ਨੋਨ ਇੰਪਲੌਇਰ ਪ੍ਰੋਗਰਾਮ ਨੂੰ ਲਿਆਉਣ ਲਈ ਸੀਟੀਏ ਲੰਮੇਂ ਸਮੇਂ ਤੋਂ ਸਰਕਾਰ ਦੇ ਪ੍ਰਸਤਾਵ ਦੀ ਚੈਂਪੀਅਨ ਹੈ। ਇਹ ਤਹਿਤ ਇਹ ਯਕੀਨੀ ਬਣਾਉਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ ਕਿ ਨਿਊਕਮਰਜ਼ ਨੂੰ ਵੀ ਸਹੀ ਢੰਗ ਨਾਲ ਭੱਤੇ ਦਿੱਤੇ ਜਾਣ ਤੇ ਉਨ੍ਹਾਂ ਨਾਲ ਸਹੀ ਵਿਵਹਾਰ ਕੀਤਾ ਜਾਵੇ। ਇਸ ਸਬਮਿਸ਼ਨ ਤਹਿਤ ਟਰੱਕਿੰਗ ਇੰਡਸਟਰੀ ਦੀ ਭੂਮਿਕਾ ਦੀ ਤਫਸੀਲ ਨਾਲ ਜਾਣਕਾਰੀ ਦਿੱਤੀ ਗਈ ਤੇ ਇਸ ਨੂੰ ਬੇਹੱਦ ਜ਼ਰੂਰੀ ਸੇਵਾ ਦੱਸਿਆ ਗਿਆ। ਇਹ ਵੀ ਆਖਿਆ ਗਿਆ ਕਿ ਕੈਨੇਡੀਅਨ ਅਰਥਚਾਰੇ ਲਈ ਇਸ ਇੰਡਸਟਰੀ ਦੀ ਕਾਫੀ ਲੋੜ ਹੈ।