ਓਸ਼ਾਵਾ ਪਲਾਂਟ ਨੂੰ ਮੁੜ ਖੋਲ੍ਹਣ ਲਈ ਜੀਐਮ ਤੇ ਯੂਨੀਫੌਰ ਦਰਮਿਆਨ ਡੀਲ ਸਿਰੇ ਚੜ੍ਹੀ

ਜਨਰਲ ਮੋਟਰਜ਼ ਵੱਲੋਂ 2018 ਵਿੱਚ ਬੰਦ ਕੀਤੇ ਗਏ ਆਪਣੇ ਓਸ਼ਾਵਾ ਵਾਲੇ ਪਲਾਂਟ ਨੂੰ ਮੁੜ ਸ਼ੁਰੂ ਕੀਤੇ ਜਾਣ ਲਈ ਲੱਗਭਗ 1æ3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ| ਇਸ ਤੋਂ ਬਾਅਦ 2022 ਵਿੱਚ ਇੱਥੋਂ ਹੈਵੀ ਡਿਊਟੀ ਟਰੱਕ ਤਿਆਰ ਹੋ ਕੇ ਬਾਹਰ ਆਉਣੇ ਸ਼ੁਰੂ ਹੋ ਜਾਣਗੇ| ਕੰਪਨੀ ਵੱਲੋਂ ਇਹ ਫੈਸਲਾ ਯੂਨੀਅਨ ਯੂਨੀਫੌਰ ਨਾਲ ਹੋਈ ਡੀਲ ਦੌਰਾਨ ਕੀਤਾ ਗਿਆ|

ਇਸ ਪਲਾਂਟ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਇੱਕ 2000 ਤਂੋ 2500 ਦੇ ਦਰਮਿਆਨ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ| ਇਹ ਜਾਣਕਾਰੀ ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਦਿੱਤੀ|ਡਾਇਸ ਨੇ ਆਖਿਆ ਕਿ ਨਾ ਹੀ ਅਸੀਂ ਕਦੇ ਆਸ ਛੱਡੀ ਤੇ ਨਾ ਹੀ ਜਨਰਲ ਮੋਟਰਜ਼ ਨੇ ਹੀ ਕਦੇ ਆਸ ਛੱਡੀ| ਇਸ ਸਬੰਧ ਵਿੱਚ ਹੁਣ ਐਤਵਾਰ ਨੂੰ ਵੋਟ ਪਵੇਗੀ|

ਇਸ ਪਲਾਂਟ ਵਿੱਚ ਹੈਵੀ ਤੇ ਲਾਈਟ ਡਿਊਟੀ, ਜਿਵੇਂ ਕਿ ਸਿਲਵਰਾਡੋ ਤੇ ਸਿਏਰਾ, ਦੋਵੇਂ ਤਰ੍ਹਾਂ ਦੇ ਟਰੱਕ ਬਣਾਏ ਜਾਣਗੇ| ਇਹ ਵੀ ਉਮੀਦ ਹੈ ਕਿ ਵਰਕਰਜ਼ ਦੋ ਜਾਂ ਤਿੰਨ ਸ਼ਿਫਟਾਂ ਵਿੱਚ ਕੰਮ ਕਰਨਗੇ|ਡਾਇਸ ਨੇ ਆਖਿਆ ਕਿ ਕਰੋਨਾਵਾਇਰਸ ਮਹਾਂਮਾਰੀ ਨੇ ਭਾਵੇਂ ਆਟੋ ਇੰਡਸਟਰੀ ਨੂੰ ਵੀ ਭਾਰੀ ਖੋਰਾ ਲਾਇਆ ਪਰ ਆਖਿਰਕਾਰ ਅਸੀਂ ਜੀਐਮ ਨਾਲ ਸਮਝੌਤਾ ਕਰਨ ਵਿੱਚ ਕਾਮਯਾਬ ਹੋ ਗਏ|ਉਨ੍ਹਾਂ ਆਖਿਆ ਕਿ ਕੈਨੇਡਾ ਜਨਰਲ ਮੋਟਰਜ਼ ਦਾ ਹਮੇਸ਼ਾਂ ਬਹੁਤ ਭਰੋਸੇ ਵਾਲਾ ਕਸਟਮਰ ਰਿਹਾ ਹੈ ਤੇ ਉਹ ਵੀ ਇਹ ਜਾਣਦੇ ਹਨ|

ਜ਼ਿਕਰਯੋਗ ਹੈ ਕਿ ਓਸ਼ਾਵਾ ਪਲਾਂਟ ਕਦੇ ਟੋਰਾਂਟੋ ਦੇ ਪੂਰਬ ਵਿੱਚ ਓਨਟਾਰੀਓ ਸਿਟੀ ਵਿੱਚ ਅਹਿਮ ਇੰਪਲੌਇਰ ਹੁੰਦਾ ਸੀ| ਪਿਛਲੇ ਕੁੱਝ ਸਾਲਾਂ ਵਿੱਚ ਕੁੱਝ ਲੋਕਾਂ ਨੇ ਇੱਥੇ ਕੰਮ ਵੀ ਕੀਤਾ ਪਰ 2018 ਵਿੱਚ ਪਲਾਂਟ ਨੂੰ ਬੰਦ ਕਰਨ ਦੇ ਐਲਾਨ ਨੇ ਤਾਂ ਇੱਕ ਵਾਰੀ ਸੱਭ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ| ਡਾਇਸ ਨੇ ਆਖਿਆ ਕਿ ਯੂਨੀਫੌਰ ਨੇ ਕ੍ਰਾਈਸਲਰ ਤੇ ਜੀ ਐਮ ਨਾਲ ਵੀ ਸਮਝੌਤਿਆਂ ਬਾਰੇ ਗੱਲਬਾਤ ਕੀਤੀ ਹੈ|

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਪਲਾਂਟ ਵਿੱਚ ਪਹਿਲੀ ਸ਼ਿਫਟ ਜਨਵਰੀ 2022 ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ| ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਸਬੰਧੀ ਫੈਡਰਲ ਮੰਤਰੀ ਨਵਦੀਪ ਬੈਂਸ ਦੇ ਸੀਨੀਅਰ ਕਮਿਊਨਿਕੇਸ਼ਨ ਐਡਵਾਈਜ਼ਰ ਜੌਹਨ ਪੌਵਰ  ਨੇ ਆਖਿਆ ਕਿ ਉਨ੍ਹਾਂ ਨੂੰ ਜੀਐਮ ਤੇ ਯੂਨੀਫੌਰ ਦਰਮਿਆਨ ਹੋਏ ਇਸ ਸਮਝੌਤੇ ਲਈ ਕਾਫੀ ਖੁਸ਼ੀ ਹੈ|

ਪੌਵਰ ਨੇ ਆਖਿਆ ਕਿ ਸਾਡੀ ਸਰਕਾਰ ਕੈਨੇਡੀਅਨ ਆਟੋ ਵਰਕਰਜ਼ ਦੇ ਸਮਰਥਨ ਲਈ ਹਮੇਸ਼ਾਂ ਤਿਆਰ ਹੈ| 2015 ਤੋਂ ਅਸੀਂ ਹਜ਼ਾਰਾਂ ਨੌਕਰੀਆਂ ਬਚਾਉਣ, ਨਵੀਂ ਨਾਫਟਾ ਡੀਲ ਬਾਰੇ ਗੱਲਬਾਤ ਕਰਨ, ਮਾਈਨਿੰਗ ਤੋਂ ਲੈ ਕੇ ਬੈਟਰੀ ਉਤਪਾਦਨ ਤੱਕ ਆਲ ਕੈਨੇਡੀਅਨ ਇਲੈਕਟ੍ਰਿਕ ਵ੍ਹੀਕਲ ਸਪਲਾਈ ਚੇਨ ਨੂੰ ਬਰਕਰਾਰ ਰੱਖਣ ਲਈ ਪਾਲਿਸੀ ਵਿਜ਼ਨ ਤਿਆਰ ਕਰਨ ਲਈ ਹਰ ਕੋਸ਼ਿਸ਼ ਕਰਦੇ ਆ ਰਹੇ ਹਾਂ| ਅਸੀਂ ਦਰਸਾਇਆ ਹੈ ਕਿ ਅਸੀਂ ਆਪਣੇ ਆਟੋ ਸੈਕਟਰ ਦੇ ਭਵਿੱਖ ਦਾ ਸਮਰਥਨ ਕਰਨ ਲਈ ਹਰ ਵੇਲੇ ਤਿਆਰ ਹਾਂ|