ਹੰਬੋਲਟ ਹਾਦਸੇ ਦੇ ਸਿ਼ਕਾਰ ਖਿਡਾਰੀ ਵੱਲੋਂ ਕੀਤੀ ਜਾ ਰਹੀ ਹੈ ਡਰਾਈਵਰ ਤੇ ਟਰੱਕ ਕੰਪਨੀ ਉੱਤੇ ਮੁਕੱਦਮਾ ਕਰਨ ਦੀ ਤਿਆਰੀ

ਹੰਬੋਲਟ ਬਰੌਂਕਸ ਦੇ ਸਾਬਕਾ ਖਿਡਾਰੀ ਡੈਰੇਕ ਪੈਟਰ, ਜੋ ਕਿ ਦੋ ਸਾਲ ਪਹਿਲਾਂ ਇੱਕ ਸੈਮੀ ਟਰੱਕ ਤੇ ਉਨ੍ਹਾਂ ਦੀ ਟੀਮ ਬੱਸ ਦਰਮਿਆਨ ਹੋਈ ਟੱਕਰ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਵੱਲੋਂ ਟਰੱਕ ਡਰਾਈਵਰ ਤੇ ਉਸ ਦੀ ਤਤਕਾਲੀ ਕੰਪਨੀ ਉੱਤੇ ਮੁਕੱਦਮਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਖੁਲਾਸਾ ਰੇਜਾਈਨਾ ਦੀ ਲੀਡਰ ਪੋਸਟ ਵੱਲੋਂ ਕੀਤਾ ਗਿਆ।

ਇਹ ਮਾਮਲਾ ਰੇਜਾਈਨਾ ਕੋਰਟ ਦੀ ਕੁਈਨਜ਼ ਬੈਂਚ ਕੋਲ ਫਾਈਲ ਕੀਤਾ ਗਿਆ ਹੈ। ਇਹ ਕੇਸ ਕਰਨ ਵਿੱਚ ਪੈਟਰ ਦੇ ਨਾਲ ਉਨ੍ਹਾਂ ਦੇ ਮਾਪੇ ਰੌਏ ਤੇ ਲਾਰੇਲ ਤੇ ਅਲਬਰਟਾ ਪ੍ਰੋਵਿੰਸ ਵੀ ਸ਼ਾਮਲ ਹਨ। ਪੈਟਰ ਵੱਲੋਂ ਆਪਣੀਆਂ ਹੈਲਥ ਸੇਵਾਵਾਂ ਲਈ 250,000 ਡਾਲਰ ਦੇ ਮੁਆਵਜੇ਼ ਦੀ ਮੰਗ ਕੀਤੀ ਜਾ ਰਹੀ ਹੈ।

ਕਲੇਮ ਨਾਲ ਸਬੰਧਤ ਬਿਆਨ ਅਨੁਸਾਰ ਪੈਟਰ ਨੂੰ ਇਸ ਹਾਦਸੇ ਵਿੱਚ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਵਿੱਚ ਦਿਮਾਗੀ ਸੱਟ ਕਾਰਨ ਐਮਨੀਸ਼ੀਆ, ਸਬਡਿਊਰਲ ਹੇਮਾਟੋਮਾ, ਨੱਕ, ਦੰਦ ਤੇ ਲੱਤ ਵਿੱਚ ਫਰੈਕਚਰ, ਸ਼ਰੀਰ ਦੇ ਕਈ ਹਿੱਸਿਆਂ ਵਿੱਚ ਦਰਦ ਤੇ ਸ਼ਰੀਰ ਦੇ ਕਈ ਹਿੱਸਿਆਂ ਵਿੱਚ ਕੋਈ ਹਰਕਤ ਨਾ ਹੋਣਾ, ਲੰਗੜਾ ਲੂਲਾ ਹੋਣਾ, ਕਈ ਥਾਵਾਂ ੳੁੱਤੇ ਖਰੋਚਾਂ ਤੇ ਸਰਜਰੀ, ਜੋੜਾਂ ਦਾ ਹਿੱਲਣਾ, ਚਿਰਾਂ ਤੋਂ ਚੱਲਿਆ ਆ ਰਿਹਾ ਦਰਦ ਤੇ ਤਾਕਤ ਤੇ ਸਮਰੱਥਾ ਵਿੱਚ ਕਮੀ, ਸਹਿਨਸ਼ਕਤੀ ਵਿੱਚ ਕਮੀ, ਗੰਭੀਰ ਮਨੋਵਿਗਿਆਨਕ ਇੰਜਰੀ ਤੇ ਟਰੌਮਾ ਆਦਿ ਸ਼ਾਮਲ ਹਨ।

ਇਸ ਕਲੇਮ ਵਿੱਚ ਕੈਲਗਰੀ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਤੇ ਅਲਬਰਟਾ ਸਥਿਤ ਆਦੇਸ਼ ਦਿਓਲ ਟਰੱਕਿੰਗ ਲਿਮਟਿਡ, ਜਿਸ ਦਾ ਟਰੱਕ ਸੀ, ਨੂੰ ਧਿਰ ਬਣਾਇਆ ਗਿਆ ਹੈ।

ਇਸ ਕੇਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਹਾਦਸਾ ਸਿੱਧੂ ਦੀ ਅਣਗਹਿਲੀ ਕਾਰਨ ਵਾਪਰਿਆ ਕਿਉਂਕਿ ਟਰੈਫਿਕ ਨਿਯਮਾਂ ਦੀ ਅਣਦੇਖੀ ਕਰਦਿਆਂ ਹੋਇਆਂ ਉਹ ਆਪਣਾ ਟਰੱਕ ਰੋਕਣ ਵਿੱਚ ਸਫਲ ਨਹੀਂ ਹੋਇਆ। ਉਸ ਨੇ ਬਿਨਾ ਸੋਚੇ ਸਮਝਿਆਂ ਅਸੁਰੱਖਿਅਤ ਢੰਗ ਨਾਲ ਆਪਣਾ ਟਰੱਕ ਲਾਂਘੇ ਵੱਲ ਵਧਾ ਦਿਤਾ, ਉਸ ਨੇ ਦੂਜੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ, ਉਸ ਨੇ ਅਜਿਹਾ ਟਰੱਕ ਚਲਾਉਣਾ ਜਾਰੀ ਰੱਖਿਆ ਜਿਸ ਵਿੱਚ ਸਹੀ ਬ੍ਰੇਕਾਂ ਹੀ ਨਹੀਂ ਸਨ, ਇਸ ਤੋਂ ਇਲਾਵਾ ਉਸ ਨੇ ਆਪਣੀ ਵਾਰੀ ਦੀ ਉਡੀਕ ਵੀ ਨਹੀਂ ਕੀਤੀ, ਉਸ ਨੇ ਉਦੋਂ ਵੀ ਡਰਾਈਵਿੰਗ ਜਾਰੀ ਰੱਖੀ ਜਦੋਂ ਉਸ ਦੀ ਵਿੰਡਸ਼ੀਲਡ ਤੇ ਨਜ਼ਰ ਸਹੀ ਨਹੀਂ ਸੀ, ਉਹ ਹਾਦਸੇ ਨੂੰ ਟਾਲਣ ਵਿੱਚ ਵੀ ਅਸਫਲ ਰਿਹਾ, ਉਸ ਦਾ ਕਿਸੇ ਇਲੈਕਟ੍ਰੌਨਿਕ ਡਿਵਾਈਸ ਜਾਂ ਕਿਸੇ ਹੋਰ ਗੈਰਕਾਨੂੰਨੀ ਅੜਿੱਕੇ ਕਾਰਨ ਧਿਆਨ ਭਟਕ ਗਿਆ ਸੀ ਤੇ ਉਸ ਨੇ ਫੈਡਰਲ ਤੇ ਪ੍ਰੋਵਿੰਸ਼ੀਅਲ ਨਿਯਮਾਂ ਦੀ ਉਲੰਘਣਾਂ ਕਰਦਿਆਂ ਹੋਇਆਂ ਆਪਣਾ ਸੈਮੀ ਟਰੱਕ ਚਲਾਉਣਾ ਜਾਰੀ ਰਖਿਆ।

ਇਸ ਕਲੇਮ ਵਿੱਚ ਇਹ ਵੀ ਦੋਸ਼ ਲਾਇਆ ਗਿਆ ਕਿ ਕੰਪਨੀ ਵੱਲੋਂ ਸੈਮੀ ਟਰੱਕ ਵਿੱਚ ਲੋੜੀਂਦਾ ਸਾਜੋ਼ ਸਮਾਨ ਵੀ ਮੁਹੱਈਆ ਨਹੀਂ ਕਰਵਾਇਆ ਗਿਆ ਸੀ, ਨਾ ਹੀ ਉਸ ਵਿਚ ਸਹੀ ਬ੍ਰੇਕਾਂ ਸਨ, ਉਸ ਦੀ ਵਿੰਡਸ਼ੀਲਡ ਵੀ ਨੁਕਸਾਨੀ ਹੋਈ ਸੀ, ਕੰਪਨੀ ਸੈਮੀ ਟਰੱਕ ਨੂੰ ਸਹੀ ਜਾਂ ਤਸੱਲੀ ਭਰਪੂਰ ਤਰੀਕੇ ਨਾਲ ਮੇਨਟੇਨ ਕਰਨ ਵਿੱਚ ਵੀ ਅਸਫਲ ਰਹੀ, ਸਹੀ ਢੰਗ ਨਾਲ ਸੁਪਰਵਾਈਜ਼ ਵੀ ਨਹੀਂ ਕੀਤਾ ਗਿਆ, ਨਾ ਹੀ ਸਿੱਧੂ ਨੂੰ ਸਿੱਖਿਅਤ ਜਾਂ ਟਰੇਨ ਕੀਤਾ ਗਿਆ, ਇਸ ਤੋਂ ਇਲਾਵਾ ਸਿੱਧੂ ਨੂੰ ਫੈਡਰਲ ਤੇ ਪ੍ਰੋਵਿੰਸ਼ੀਅਲ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆਂ ਡਰਾਈਵ ਕਰਨ ਦੀ ਇਜਾਜ਼ਤ ਦਿੱਤੀ ਗਈ।

ਹਾਲਾਂਕਿ ਸਿੱਧੂ ਨੂੰ ਪਹਿਲਾਂ ਹੀ ਦੋਸ਼ੀ ਦੱਸ ਕੇ ਸਜ਼ਾ ਦਿੱਤੀ ਜਾ ਚੁੱਕੀ ਹੈ, ਇਸ ਕਲੇਮ ਵਿੱਚ ਲਾਏ ਗਏ ਦੋਸ਼ਾਂ ਨੂੰ ਅਜੇ ਅਦਾਲਤ ਵਿੱਚ ਸਿੱਧ ਕੀਤਾ ਜਾਣਾ ਬਾਕੀ ਹੈ। ਸਿੱਧੂ ਨੂੰ ਜਨਵਰੀ 2019 ਨੂੰ ਖਤਰਨਾਕ ਢੰਗ ਨਾਲ ਡਰਾਈਵ ਕਰਨ, ਜਿਸ ਕਾਰਨ ਮੌਤ ਹੋਈ, ਦੇ 16 ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ ਤੇ ਸ਼ਰੀਰਕ ਤੌਰ ਉੱਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ 13 ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ। ਉਸੇ ਸਾਲ ਮਾਰਚ ਵਿੱਚ ਉਸ ਨੂੰ ਅੱਠ ਸਾਲਾਂ ਲਈ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਸ ਤ੍ਰਾਸਦੀ ਕਾਰਨ, ਦ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੇ ਟਰੱਕਿੰਗ ਇੰਡਸਟਰੀ ਦੇ ਨੁਮਾਇੰਦਿਆਂ ਤੇ ਟਰਾਂਸਪੋਰਟ ਕੈਨੇਡਾ ਨੂੰ ਲੈ ਕੇ ਟਰੱਕ ਸੇਫਟੀ ਵਰਕਿੰਗ ਗਰੁੱਪ ਬਣਾਇਆ ਗਿਆ ਹੈ। ਇਹ ਉਪਰਾਲਾ ਸੀਟੀਏ ਦੇ 10 ਨੁਕਾਤੀ ਐਕਸ਼ਨ ਪਲੈਨ ਨੂੰ ਹੱਲਾਸੇ਼ਰੀ ਦੇਣ ਲਈ ਕੀਤਾ ਜਾ ਰਿਹਾ ਹੈ। ਇਸ ਪਲੈਨ ਤਹਿਤ ਨੀਤੀ ਘਾੜਿਆਂ ਨੂੰ ਇਹ ਸੇਧ ਦਿੱਤੀ ਜਾਵੇਗੀ ਕਿ ਸਰਕਾਰ ਤੇ ਇੰਡਸਟਰੀ ਟਰੱਕ ਸੇਫਟੀ ਪਾਲਣਾ ਵਿੱਚ ਸੁਧਾਰ ਕਰਨ ਲਈ ਰਲ ਕੇ ਕੰਮ ਕਰ ਰਹੀਆਂ ਹਨ। ਦ ਅਲਾਇੰਸ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਕੌਮੀ ਪੱਧਰ ਉੱਤੇ ਕਰੀਅਰ ਐਂਟਰੀ ਸਟੈਂਡਰਡ ਕਾਇਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਸਟੈਂਡਰਡ ਸਾਰੀਆਂ ਕੰਪਨੀਆਂ ਨੂੰ ਆਪਣੇ ਟਰੱਕ ਨੂੰ ਸੜਕ ਉੱਤੇ ਉਤਾਰਨ ਤੋਂ ਪਹਿਲਾਂ ਲਾਜ਼ਮੀ ਬਣਾਏ ਜਾਣ ਦੀ ਵੀ ਅਪੀਲ ਕੀਤੀ ਗਈ ਹੈ।

ਫਰਵਰੀ ਵਿੱਚ ਟਰਾਂਸਪੋਰਟ ਮੰਤਰੀ ਗਾਰਨਿਊ ਤੇ ਟਰਾਂਸਪੋਰਟੇਸ਼ਨ ਐਂਡ ਹਾਈਵੇਅ ਸੇਫਟੀ ਲਈ ਜਿੰ਼ਮੇਵਾਰ ਕਾਉਂਸਲ ਆਫ ਮਨਿਸਟਰਜ਼ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਸੀ ਉਨ੍ਹਾਂ ਵੱਲੋਂ ਹਾਈਵੇਅ ਸੇਫਟੀ ਵਧਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਤੇ ਇਸ ਲਈ 2020 ਦੀ ਪਹਿਲੀ ਤਿਮਾਹੀ ਵਿੱਚ ਟਰੈਕਟਰ ਟਰੇਲਰ ਡਰਾਈਵਰਾਂ ਲਈ ਨੈਸ਼ਨਲ ਪ੍ਰੀ-ਲਾਇਸੰਸ ਟਰੇਨਿੰਗ ਮਾਪਦੰਡ ਕਾਇਮ ਕੀਤੇ ਜਾਣਗੇ।