ਲੋਅ ਕਾਰਬਨ ਟਰੱਕਸ ਲਈ ਬੀ ਸੀ ਗ੍ਰੀਨਲਾਈਨਜ਼ ਵੇਟ ਅਲਾਉਐਂਸ ਜਾਂ ਵਧੇਰੇ ਖੁਸ਼ਹਾਲ, ਸੰਤੁਲਿਤ ਤੇ ਟਿਕਾਊ ਭਵਿੱਖ ਦਾ ਰਾਹ ਹੈ ਕਲੀਨ ਬੀ ਸੀ

ਬੀ ਸੀ ਸਰਕਾਰ ਵੱਲੋਂ ਲੋਅ ਕਾਰਬਨ ਕਮਰਸ਼ੀਅਲ ਵ੍ਹੀਕਲਜ਼ ਲਈ ਵੇਟ ਅਲਾਉਐਂਸ ਦਾ ਪਸਾਰ ਕੀਤਾ ਜਾ ਰਿਹਾ ਹੈ।

ਆਪਣੇ ਫਲੀਟਸ ਨੂੰ ਈਕੋ ਫਰੈਂਡਲੀ ਤੇ ਘੱਟ ਕਾਰਬਨ ਛੱਡਣ ਵਾਲੇ ਬਣਾਉਣ ਲਈ ਆਪਰੇਟਰਜ਼ ਨੂੰ ਹੱਲਾਸ਼ੇਰੀ ਦੇਣ ਲਈ ਇਹ ਇੱਕ ਹੋਰ ਇੰਸੈਂਟਿਵ ਹੈ।ਇਸ ਦੇ ਨਾਲ ਹੀ ਇਸ ਉਪਰਾਲੇ ਨਾਲ ਕਮਰਸ਼ੀਅਲ ਟਰੱਕਿੰਗ ਸੈਕਟਰ ਵਿੱਚ ਗ੍ਰੀਨਹਾਊਸ ਗੈਸਾਂ ਦਾ ਰਿਸਾਅ ਵੀ ਘਟੇਗਾ। ਇਹ ਨਵਾਂ ਅਲਾਉਐਂਸ ਗ੍ਰੀਨ ਵ੍ਹੀਕਲਜ਼ ਨਾਲ ਕਮਰਸ਼ੀਅਲ ਆਪਰੇਟਰਜ਼ ਨੂੰ ਪੇਅਲੋਡ ਸਮਰੱਥਾ ਦੇ ਘਾਟੇ ਨੂੰ ਪੂਰਾ ਕਰਨ ਲਈ ਕਾਇਮ ਕੀਤਾ ਗਿਆ ਹੈ। ਲੋਅ ਕਾਰਬਨ ਵਾਲੇ ਬਦਲ ਸਧਾਰਨ ਡੀਜ਼ਲ ਟਰੱਕਾਂ ਨਾਲੋਂ ਆਪਣੇ ਬੈਟਰੀ ਪੈਕਟ ਤੇ ਹਾਈਡਰੋਜਨ ਟੈਂਕਾਂ ਕਾਰਨ ਭਾਰ ਵਿੱਚ ਜਿ਼ਆਦਾ ਹੁੰਦੇ ਹਨ।

ਟਰਾਂਸਪੋਰਟੇਸ਼ਨ ਅਤੇ ਇਨਫਰਾਸਟ੍ਰਕਚਰ ਮੰਤਰੀ ਰੌਬ ਫਲੇਮਿੰਗ ਨੇ ਆਖਿਆ ਕਿ ਅਸੀਂ ਹੀ ਇੱਕਮਾਤਰ ਅਜਿਹਾ ਪ੍ਰੋਵਿੰਸ ਜਾਂ ਟੈਰੇਟਰੀ ਹਾਂ ਜੋ ਵੇਟ ਅਲਾਉਐਂਸ ਇੰਸੈਟਿਵ ਰਾਹੀਂ ਟਰੱਕਿੰਗ ਕੰਪਨੀਆਂ ਨੂੰ ਸਵੱਛ ਤਕਨਾਲੋਜੀ ਵਿੱਚ ਖੁਦ ਨੂੰ ਅਪਗ੍ਰੇਡ ਕਰਨ ਲਈ ਇਸ ਪਾਸੇ ਨਿਵੇਸ਼ ਕਰਨ ਦਾ ਮੌਕਾ ਦਿੰਦੀ ਹੈ। ਅਸੀਂ ਇਹ ਭਲੀ ਭਾਂਤ ਜਾਣਦੇ ਹਾਂ ਕਿ ਉਨ੍ਹਾਂ ਲਈ ਇਸ ਪਾਸੇ ਨਿਵੇਸ਼ ਕਰਨਾ ਬੇਹੱਦ ਜ਼ਰੂਰੀ ਹੈ। ਕਲਾਈਮੇਟ ਚੇਂਜ ਨਾਲ ਲੜਨ ਲਈ ਗ੍ਰੀਨ ਤਕਨਾਲੋਜੀ ਨੂੰ ਅਪਨਾਉਣ ਲਈ ਕੰਪਨੀਆਂ ਨੂੰ ਰਾਜ਼ੀ ਕਰਨਾ ਨਾ ਸਿਰਫ ਸਾਡਾ ਟੀਚਾ ਹੈ ਸਗੋਂ ਇਹ ਪ੍ਰੋਵਿੰਸ ਦੀ ਮਜ਼ਬੂਤ ਆਰਥਿਕ ਰਿਕਵਰੀ ਲਈ ਵੀ ਬਹੁਤ ਜ਼ਰੂਰੀ ਹੈ।

ਇਸ ਦੇ ਹੱਲ ਲਈ ਬੀਸੀ ਵੱਲੋਂ ਇਲੈਕਟ੍ਰਿਕ ਪਾਵਰ ਨਾਲ ਚੱਲਣ ਵਾਲੇ ਫੁੱਲ ਸਾਈਜ਼ ਕਮਰਸ਼ੀਅਲ ਵਾਹਨਾਂ ਲਈ 1500 ਕਿੱਲੋਗ੍ਰਾਮ ਅਲਾਉਐਂਸ ਤੇ ਹਾਈਡਰੋਜਨ ਪਾਵਰ ਨਾਲ ਚੱਲਣ ਵਾਲੇ ਵਾਹਨਾਂ ਲਈ 1,000 ਕਿੱਲੋਗ੍ਰਾਮ ਅਲਾਉਐਂਸ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਮਦਦ ਨੂੰ ਹੋਰ ਅਗਾਂਹ ਲਿਜਾਣ ਲਈ ਸਰਕਾਰ ਨੇ ਵੱਧ ਤੋਂ ਵੱਧ ਕੌਂਬੀਨੇਸ਼ਨ ਵ੍ਹੀਕਲ ਦਾ ਵਜ਼ਨ ਕ੍ਰਮਵਾਰ 65000 ਕਿੱਲੋਗ੍ਰਾਮ ਤੇ 64,500 ਕਿੱਲੋਗ੍ਰਾਮ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।

ਇਹ ਅਲਾਉਐਂਸ ਲਿਕੁਈਫਾਈਡ ਨੈਚੂਰਲ ਗੈਸ (ਐਲ ਐਨ ਜੀ) ਤੇ ਕੰਪਰੈਸਡ ਨੈਚੂਰਲ ਗੈਸ (ਸੀ ਐਨ ਜੀ) ਨਾਲ ਚੱਲਣ ਵਾਲੇ ਟਰੱਕਾਂ ਤੇ ਬੱਸਾਂ ਦੀ ਕੜੀ ਦਾ ਹੀ ਹਿੱਸਾ ਹੈ। ਇਹ ਕਦਮ ਪ੍ਰੋਵਿੰਸ ਦੇ ਕਲੀਨ ਬੀ ਸੀ ਟੀਚੇ ਨੂੰ ਵੀ ਹੋਰ ਯਕੀਨੀ ਬਣਾਉਂਦਾ ਹੈ ਤੇ ਇਹ ਵੀ ਪੱਕਾ ਕਰਦਾ ਹੈ ਕਿ ਬੀ ਸੀ ਦੀਆਂ ਸੜਕਾਂ ਉੱਤੇ ਚੱਲਣ ਵਾਲੇ ਵਾਹਨ ਇਲੈਕਟ੍ਰਿਸਿਟੀ, ਹਾਈਡਰੋਜਨ ਤੇ ਰਿਨਿਊਏਬਲਜ਼ ਨਾਲ ਲੈਸ ਹੋਣ।

ਮਨਿਸਟਰ ਆਫ ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਸਟਰੈਟੇਜੀ ਜਾਰਜ ਹੇਅਮਨ ਨੇ ਆਖਿਆ ਕਿ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਕੇ ਅਸੀਂ ਜ਼ੀਰੋ ਰਿਸਾਅ ਵਾਲੇ ਹੈਵੀ ਡਿਊਟੀ ਵਾਹਨਾਂ ਨੂੰ ਸੜਕਾਂ ਉੱਤੇ ਉਤਾਰ ਕੇ ਸਵੱਛ ਅਰਥਚਾਰੇ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਆਪਣੇ ਕਦਮ ਵਧਾ ਰਹੇ ਹਾਂ। ਕਲੀਨ ਬੀ ਸੀ ਰਾਹੀਂ ਅਸੀਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਲਈ ਤੇ ਲੋਕਲ ਪੱਧਰ ਉੱਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਫੌਸਿਲ ਫਿਊਲਜ਼ ਉੱਤੇ ਆਪਣੀ ਨਿਰਭਰਤਾ ਨੂੰ ਖ਼ਤਮ ਕਰਨ ਤੇ ਹਰ ਕਿਸੇ ਲਈ ਸਾਫ ਸੁਥਰਾ, ਦਮਦਾਰ ਭਵਿੱਖ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ।

ਗੌਰਤਲਬ ਹੈ ਕਿ ਇਸ ਸਮੇਂ ਬੀ ਸੀ ਦੇ ਰੋਡ ਟਰਾਂਸਪੋਰਟੇਸ਼ਨ ਸੈਕਟਰ ਤੋਂ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਵਿੱਚੋਂ 50 ਫੀ ਸਦੀ ਲਈ ਮੀਡੀਅਮ ਤੇ ਹੈਵੀ ਡਿਊਟੀ ਕਮਰਸ਼ੀਅਲ ਵ੍ਹੀਕਲ ਹੀ ਜਿ਼ੰਮੇਵਾਰ ਹਨ। ਪ੍ਰੋਵਿੰਸ ਵਿੱਚ ਸਾਰੀਆਂ ਕੰਜਿ਼ਊਮਰ ਗੁੱਡਜ਼ ਦਾ 92 ਫੀ ਸਦੀ ਇਨ੍ਹਾਂ ਵੱਲੋਂ ਹੀ ਟਰਾਂਸਪੋਰਟ ਕੀਤਾ ਜਾਂਦਾ ਹੈ।

ਬੀ ਸੀ ਟਰੱਕਿੰਗ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਡੇਵ ਅਰਲ ਦਾ ਕਹਿਣਾ ਹੈ ਕਿ ਲੋਅ ਤੇ ਜ਼ੀਰੋ ਕਾਰਬਨ ਪੈਸੈਂਜਰ ਵ੍ਹੀਕਲਜ਼ ਦੇ ਮੁਕਾਬਲੇ ਹੈਵੀ ਡਿਊਟੀ ਵ੍ਹੀਕਲਜ਼ ਲਈ ਕਲੀਨ ਟੈਕਨਾਲੋਜੀ ਅਜੇ ਵੀ ਵਿਕਾਸ ਦੇ ਮੁੱਢਲੇ ਪੜਾਅ ਵਿੱਚ ਹੈ। ਇਨ੍ਹਾਂ ਵੇਟ ਅਲਾਉਐਂਸਿਜ਼ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਟਰੱਕਿੰਗ ਕੰਪਨੀਆਂ ਤੇ ਡਰਾਈਵਰਾਂ ਲਈ ਘੱਟ ਰਿਸਾਅ ਵਾਲੇ ਬਦਲ ਵਧੇਰੇ ਕਿਫਾਇਤੀ ਹੋ ਜਾਂਦੇ ਹਨ।

ਇਹ ਪਤਾ ਲਾਉਣ ਲਈ ਕਿ ਵਾਹਨ ਕਿਸ ਤਰ੍ਹਾਂ ਵਾਧੂ ਵੇਟ ਦੀ ਵਰਤੋਂ ਕਰਦੇ ਹਨ, ਸ਼ੁਰੂਆਤ ਵਿੱਚ ਅਲਾਉਐਂਸ ਆਥੋਰਾਈਜ਼ੇਸ਼ਨ ਦੇ ਪੱਤਰ ਰਾਹੀਂ ਉਪਲਬਧ ਹੋਣਗੇ। 90 ਦਿਨ ਦੇ ਨੋਟਿਸ ਪੀਰੀਅਡ ਤੋਂ ਬਾਅਦ ਸੀਐਨਜੀ, ਐਲਐਨਜੀ ਤੇ ਐਲਐਨਜੀ/ਡੀਜ਼ਲ ਬਾਇ-ਫਿਊਲਡ ਵ੍ਹੀਕਲਜ਼ ਨੂੰ ਵੀ ਆਥੋਰਾਈਜੇ਼ਸ਼ਨ ਲਈ ਪੱਤਰ ਹਾਸਲ ਕਰਨ ਦੀ ਲੋੜ ਹੋਵੇਗੀ।

ਕਲੀਨ ਬੀ ਸੀ ਵਧੇਰੇ ਖੁਸ਼ਹਾਲ, ਸੰਤੁਲਿਤ ਤੇ ਟਿਕਾਊ ਭਵਿੱਖ ਦਾ ਰਾਹ ਹੈ।ਇਹ ਬੀ ਸੀ ਦੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਸਬੰਧੀ ਟੀਚਿਆਂ ਨੂੰ ਪੂਰਾ ਕਰਨ ਲਈ ਸਰਕਾਰ ਦੀਆਂ ਕਲਾਈਮੇਟ ਸਬੰਧੀ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ ਤੇ ਹਰ ਕਿਸੇ ਲਈ ਸਵੱਛ ਤੇ ਦਮਦਾਰ ਅਰਥਚਾਰੇ ਦਾ ਨਿਰਮਾਣ ਕਰਦਾ ਹੇ।