ਯਾਦਗਾਰੀ ਹੋ ਨਿੱਬੜਿਆ ਟਰੱਕਿੰਗ ਐਚਆਰ ਕੈਨੇਡਾ ਦਾ ਐਵਾਰਡ ਸਮਾਰੋਹ

ਕੈਨੇਡਾ ਦੇ ਟਰੱਕਿੰਗ ਤੇ ਲਾਜਿਸਟਿਕ ਇੰਡਸਟਰੀ ਨਾਲ ਜੁੜੀਆਂ ਬਿਹਤਰੀਨ ਕੰਮ ਵਾਲੀਆਂ ਥਾਂਵਾਂ ਬਾਰੇ ਚਰਚਾ ਕਰਨ ਤੇ 380 ਇੰਡਸਟਰੀ ਪ੍ਰੋਫੈਸ਼ਨਲਜ਼ ਨੂੰ ਇੱਕ ਮੰਚ ਉੱਤੇ ਇੱਕਠਾ ਕਰਨ ਲਈ ਟਰੱਕਿੰਗ ਐਚਆਰ ਕੈਨੇਡਾ ਵੱਲੋਂ ਬੀਤੇ ਦਿਨੀਂ ਸਾਲਾਨਾ ਟੌਪ ਫਲੀਟ ਇੰਪਲਾਇਰਜ਼ ਐਵਾਰਡਜ਼ ਗਾਲਾ ਡਿਨਰ ਆਯੋਜਿਤ ਕੀਤਾ ਗਿਆ।
ਟਰੱਕਿੰਗ ਐਚਆਰ ਕੈਨੇਡਾ ਦੇ ਉੱਤਮਤਾ ਦੇ ਮਿਆਰ ਉੱਤੇ ਖਰੀਆਂ ਉੱਤਰਦੀਆਂ ਦਮਦਾਰ ਐਚਆਰ ਨੀਤੀਆਂ ਪ੍ਰਤੀ 63 ਫਲੀਟਸ ਸਮਰਪਿਤ ਮੰਨੇ ਜਾਂਦੇ ਹਨ। ਦੇਸ਼ ਭਰ ਵਿੱਚ ਕੰਮ ਵਾਲੀ ਬਿਹਤਰੀਨ ਥਾਂ ਦੇ ਜਸ਼ਨ ਮਨਾਉਣ ਲਈ ਇਹ ਐਵਾਰਡਜ਼ ਦਿੱਤੇ ਜਾਂਦੇ ਹਨ। ਇਸ ਲਈ ਆਨਲਾਈਨ ਅਰਜ਼ੀਆਂ ਤੇ ਇੰਪਲਾਈ ਸਰਵੇਖਣਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ ਜੋ ਕਿ ਐਚਆਰ ਦੇ ਬਿਹਤਰੀਨ ਰੁਝਾਨਾਂ ਦਾ ਵੀ ਧਿਆਨ ਰੱਖਦੇ ਹਨ।
ਟੌਪ ਪ੍ਰਾਈਵੇਟ ਫਲੀਟ ਐਵਾਰਡ ਟਰੇਲਰ ਵਿਜ਼ਾਰਡਜ਼ ਨੂੰ ਦਿੱਤਾ ਗਿਆ। ਵੰਨ ਫੌਰ ਫਰੇਟ ਨੂੰ ਟੌਪ ਸਮਾਲ ਫਲੀਟ ਐਵਾਰਡ ਨਾਲ ਨਵਾਜਿਆ ਗਿਆ। ਦ ਟੌਪ ਮੀਡੀਅਮ ਫਲੀਟ ਐਵਾਰਡ ਕਿਊ-ਲਾਈਨ ਟਰੱਕਿੰਗ ਨੂੰ ਦਿੱਤਾ ਗਿਆ ਤੇ ਟੌਪ ਲਾਰਜ ਫਲੀਟ ਐਵਾਰਡ ਬਾਇਸਨ ਟਰਾਂਸਪੋਰਟ ਦੀ ਝੋਲੀ ਪਿਆ। ਖਾਸ ਐਚਆਰ ਖੇਤਰਾਂ ਵਿੱਚ ਲੀਡਰ ਚੁਣਨ ਲਈ ਦ ਅਚੀਵਮੈਂਟ ਆਫ ਐਕਸੀਲੈਂਸ ਐਵਾਰਡਜ਼ ਨੂੰ ਸੱਤ ਵੰਨਗੀਆਂ ਵਿੱਚ ਵੰਡਿਆਂ ਗਿਆ। ਵਰਕਪਲੇਸ ਕਲਚਰ ਐਵਾਰਡ-ਚੈਲੈਂਜਰ ਮੋਟਰ ਫਰੇਟ ਨੂੰ ਦਿੱਤਾ ਗਿਆ। ਵਰਕਪਲੇਸ ਡਾਇਵਰਸਿਟੀ ਲਈ ਐਵਾਰਡ ਸੁਟਕੋ ਟਰਾਂਸਪੋਰਟੇਸ਼ਨ ਸਪੈਸ਼ਲਿਸਟਜ਼ ਨੂੰ ਦਿੱਤਾ ਗਿਆ।
ਐਚਆਰ ਇਨੋਵੇਸ਼ਨ ਐਵਾਰਡ ਨੂੰ ਵੈਸਟਕੈਨ ਬਲਕ ਟਰਾਂਸਪੋਰਟ ਨੇ ਹਾਸਲ ਕੀਤਾ। ਇੰਪਲਾਈ ਐਂਗੇਜਮੈਂਟ ਐਵਾਰਡ ਐਸਟੀਜੀ ਫਲੀਟ ਸਰਵਿਸਿਜ਼ ਨੂੰ ਦਿੱਤਾ ਗਿਆ ਜਦਕਿ ਟਰੇਨਿੰਗ ਐਂਡ ਸਕਿੱਲਜ਼ ਡਿਵੈਲਪਮੈਂਟ ਸਬੰਧੀ ਐਵਾਰਡ ਐਰੋਅ ਟਰਾਂਸਪੋਰਟੇਸ਼ਨ ਸਿਸਟਮਜ਼ ਇਨਕਾਰਪੋਰੇਸ਼ਨ ਨੂੰ ਮਿਲਿਆ। ਇਸ ਸਾਲ ਦੋ ਨਵੇਂ ਐਵਾਰਡ ਪੇਸ਼ ਕੀਤੇ ਗਏ ਪਹਿਲਾ ਵਰਕਪਲੇਸ ਮੈਂਟਲ ਹੈਲਥ ਲਈ ਅਚੀਵਮੈਂਟ ਆਫ ਐਕਸੀਲੈਂਸ ਐਵਾਰਡ ਜੋ ਕਿ ਜੋਸਫ ਹਾਲੇਜ ਕੈਨੇਡਾ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਤੇ ਦੂਜਾ ਕੰਮ ਵਾਲੀ ਥਾਂ ਉੱਤੇ ਐਚੀਵਮੈਂਟ ਆਫ ਐਕਸੀਲੈਂਸ ਫੌਰ ਵੁਮਨ ਜੋ ਕਿ ਐਕਸਟੀਐਲ ਟਰਾਂਸਪੋਰਟ ਇਨਕਾਰਪੋਰੇਸ਼ਨ ਨੂੰ ਦਿੱਤਾ ਗਿਆ।
ਇਸ ਰਾਤ ਦਾ ਸੱਭ ਤੋਂ ਸਨਮਾਨਜਨਕ ਐਵਾਰਡ-ਐਚਆਰ ਲੀਡਰ ਆਫ ਦ ਯੀਅਰ ਐਵਾਰਡ ਰੇਮਰ ਐਸੋਸਿਏਟਸ ਵੱਲੋਂ ਕੈਰਨ ਟਰਾਂਸਪੋਰਟੇਸ਼ਨ ਸਿਸਟਮਜ਼ ਦੇ ਡੈਨਿਸ ਮੈਕਜੈਨੇਟ ਨੂੰ ਦਿੱਤਾ ਗਿਆ। ਇਸ ਮੌਕੇ ਟਰੱਕਿੰਗ ਐਚਆਰ ਕੈਨੇਡਾ ਦੀ ਸੀਈਓ ਐਂਜੇਲਾ ਸਪਲਿੰਟਰ ਨੇ ਆਖਿਆ ਕਿ ਸਾਨੂੰ ਅਜਿਹੇ ਇੰਪਲਾਇਰਜ਼ ਦਾ ਸਨਮਾਨ ਕਰਨ ਵਿੱਚ ਬਹੁਤ ਫਖਰ ਮਹਿਸੂਸ ਹੁੰਦਾ ਹੈ ਜਿਹੜੇ ਕੰਮ ਵਾਲੀ ਥਾਂ ਉੱਤੇ ਆਪਣੇ ਕਰਮਚਾਰੀਆਂ ਦਾ ਖਾਸ ਖਿਆਲ ਰੱਖਦੇ ਹਨ ਤੇ ਉਨ੍ਹਾਂ ਲਈ ਖੁਸ਼ਨੁਮਾ ਮਾਹੌਲ ਬਣਾ ਕੇ ਦਿੰਦੇ ਹਨ। ਇਹ ਸਫਲ ਈਵੈਂਟ ਟਰੱਕਿੰਗ ਐਚਆਰ ਕੈਨੇਡਾ ਦੇ ਭਾਈਵਾਲਾਂ ਤੇ ਸਪਾਂਸਰਜ਼, ਜਿਨ੍ਹਾਂ ਵਿੱਚ ਰੇਮਰ ਐਸੋਸਿਏਟਸ, ਦ ਕੈਨੇਡੀਅਨ ਟਰੱਕਿੰਗ ਅਲਾਇੰਸ, ਟਰਾਂਸਕੋਰ ਲਿੰਕ ਲਾਜਿਸਟਿਕਜ਼, ਰੈਵੋਲਿਊਸ਼ਨਜ਼ ਸਟਾਫਿੰਗ, ਦ ਗਾਰੰਟੀ, ਵੇਜਾ, ਬੈੱਲ, ਨੋਵਾ ਸਕੋਸ਼ੀਆ ਟਰੱਕਿੰਗ ਸੇਫਟੀ ਐਸੋਸਿਏਸ਼ਨ, ਮੌਨਸਟਰ, ਨੌਰਥਬ੍ਰਿੱਜ, ਡਰਾਈਵਰ ਐਂਗੇਜਮੈਂਟ, ਇਸਾਕ ਇੰਸਟਰੂਮੈਂਟਸ ਤੇ ਮੀਡੀਆ ਸਪਾਂਸਰ ਨਿਊਕੌਮ ਮੀਡੀਆ, ਸ਼ਾਮਲ ਹਨ, ਵੱਲੋਂ ਕਰਵਾਇਆ ਗਿਆ।
ਟੌਪ ਫਲੀਟ ਇੰਪਲਾਇਰਜ਼ ਪ੍ਰੋਗਰਾਮ ਲਈ ਅਰਜ਼ੀਆਂ 21 ਅਕਤੂਬਰ ਤੋਂ ਸਵੀਕਾਰੀਆਂ ਜਾਣੀਆਂ ਸ਼ੁਰੂ ਹੋਈਆਂ ਹਨ ਤੇ ਇਹ ਅਰਜ਼ੀਆਂ ਕਿਸੇ ਵੀ ਕੈਨੇਡੀਅਨ ਫਲੀਟ ਲਈ ਖੁੱਲ੍ਹੀਆਂ ਹਨ। ਇਹ ਪ੍ਰੋਗਰਾਮ ਪਿਛਲੇ ਛੇ ਸਾਲਾਂ ਵਿੱਚ ਕਾਫੀ ਪੰਖ ਪਸਾਰ ਚੁੱਕਿਆ ਹੈ ਤੇ ਬਦਲੇ ਵਿੱਚ ਐਚਆਰ ਦੇ ਖੇਤਰ ਵਿੱਚ ਮਿਆਰ ਵੀ ਉੱਪਰ ਚੁੱਕ ਰਿਹਾ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਫਲੀਟ ਟੌਪ ਫਲੀਟ ਇੰਪਲਾਇਰ ਬਣਨ ਦੇ ਲਾਇਕ ਹੈ ਤਾਂ ਟਰੱਕਿੰਗ ਐਚਆਰ ਕੈਨੇਡਾ ਤੁਹਾਨੂੰ ਅਪਲਾਈ ਕਰਨ ਲਈ ਹੱਲਾਸ਼ੇਰੀ ਦਿੰਦਾ ਹੈ ਤੇ ਤੁਹਾਨੂੰ ਸੱਦਾ ਦਿੰਦਾ ਹੈ ਕਿ ਤੁਸੀਂ ਵੀ ਟਰੱਕਿੰਗ ਇੰਡਸਟਰੀ ਉੱਤੇ ਆਪਣਾ ਸਕਾਰਾਤਮਕ ਪ੍ਰਭਾਵ ਪਾਉਣ ਲਈ ਅੱਗੇ ਆਵੋਂ ਤੇ ਇਸ ਇੰਡਸਟਰੀ ਨੂੰ ਇਹ ਦਰਸਾ ਸਕੋਂ ਕਿ ਇਹ ਕੰਮ ਕਰਨ ਲਈ ਬਿਹਤਰੀਨ ਥਾਂ ਹੈ।