ਮੱਧ ਪੂਰਬੀ ਤਣਾਅ ਦੇ ਬਾਵਜੂਦ ਡੀਜ਼ਲ ਦੀਆਂ ਕੀਮਤਾਂ ਉੱਤੇ ਨਹੀਂ ਪਿਆ ਬਹੁਤਾ ਪ੍ਰਭਾਵ

ਫਿਊਲ ਦੀਆਂ ਕੀਮਤਾਂ ਉੱਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਦੇ ਹਿਸਾਬ ਨਾਲ ਪਿੱਛੇ ਜਿਹੇ ਅਮਰੀਕਾ ਤੇ ਇਰਾਨ ਦਰਮਿਆਨ ਚੱਲ ਰਹੀ ਖਿੱਚੋਤਾਣ ਕਾਰਨ ਰਿਟੇਲ ਡੀਜ਼ਲ ਫਿਊਲ ਦੀਆਂ ਕੀਮਤਾਂ ਉੱਤੇ ਕੋਈ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ।

ਊਰਜਾ ਵਿਭਾਗ ਦੇ ਐਨਰਜੀ ਇਨਫਰਮੇਸ਼ਨ ਐਡਮਨਿਸਟ੍ਰੇਸ਼ਨ (ਈਆਈਏ) ਵੱਲੋਂ ਆਪਣੀ ਹਫਤਾਵਾਰੀ ਅਪਡੇਟ ਵਿੱਚ ਆਖਿਆ ਗਿਆ ਹੈ ਕਿ ਜਿਸ ਅਮਰੀਕੀ ਡਰੋਨ ਹਮਲੇ ਵਿੱਚ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ ਤੇ ਜਵਾਬੀ ਕਾਰਵਾਈ ਵਿੱਚ ਇਰਾਨ ਵੱਲੋਂ ਇਰਾਕ ਵਿੱਚ ਅਮਰੀਕੀ ਟਿਕਾਣਿਆਂ ਉੱਤੇ ਕੀਤੇ ਗਏ ਹਮਲਿਆਂ ਨਾਲ ਤੇਲ ਦੇ ਉਤਪਾਦਨ ਤੇ ਮੱਧ ਪੂਰਬ ਵਿੱਚ ਸਿ਼ਪਿੰਗ ਨੂੰ ਲੈ ਕੇ ਅਸਥਿਰਤਾ ਵੱਧ ਗਈ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ਤੱਕ ਅੱਪੜ ਗਈਆਂ ਸਨ ਪਰ ਮੁੜ ਦਸੰਬਰ ਦੀ ਔਸਤ ਕੀਮਤ 67 ਪ੍ਰਤੀ ਬੈਰਲ ਉੱਤੇ ਸੈਟਲ ਹੋ ਗਈਆਂ।

3 ਜਨਵਰੀ ਨੂੰ ਅਮਰੀਕਾ ਵੱਲੋਂ ਕੀਤੇ ਹਮਲੇ ਵਿੱਚ ਸੁਲੇਮਾਨੀ ਦੀ ਮੌਤ ਤੋਂ ਬਾਅਦ ਪਿਛਲੇ ਹਫਤਿਆਂ ਵਿੱਚ ਵਧਿਆ ਤਣਾਅ ਹੁਣ ਘੱਟ ਗਿਆ ਹੈ। ਈਆਈਏ ਨੇ ਪਾਇਆ ਕਿ ਉਹ ਸਪਲਾਈ ਵਿੱਚ ਵਿਘਣ ਪੈਣ, ਜਿਵੇਂ ਕਿ ਮੱਧ ਪੂਰਬ ਵਿੱਚ ਅਗਾਂਹ ਕਿਸੇ ਤਰ੍ਹਾਂ ਦੀ ਗੜਬੜੀ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ, ਸਬੰਧੀ ਕੋਈ ਪੇਸ਼ੀਨਿਗੋਈ ਨਹੀਂ ਕਰਦਾ ਅਤੇ ਕਿਸੇ ਵੀ ਤਰ੍ਹਾਂ ਦੀ ਸਪਲਾਈ ਵਿੱਚ ਵਿਘਨ ਪੈਣ ਨਾਲ ਤੇਲ ਦੀਆਂ ਕੀਮਤਾਂ ਉੱਤੇ ਦਬਾਅ ਪੈ ਸਕਦਾ ਹੈ।

ਪ੍ਰੋਮਾਈਲਜ਼ ਲਈ ਮਾਰਕਿਟਿੰਗ ਦੇ ਵਾਈਸ ਪ੍ਰੈਜ਼ੀਡੈਂਟ ਕ੍ਰਿਸ ਲੀ ਨੇ ਆਖਿਆ ਕਿ ਅਮਰੀਕਾ ਵਿੱਚ ਊਰਜਾ ਆਜ਼ਾਦੀ ਵਿੱਚ ਹੋ ਰਹੇ ਵਾਧੇ ਸਦਕਾ ਮੱਧ ਪੂਰਬ ਦੇ ਭੂਗੋਲਿਕਸਿਆਸੀ ਮੁੱਦਿਆਂ ਕਾਰਨ ਕੀਮਤਾਂ ਵਿੱਚ ਹੋ ਰਹੇ ਵਾਧੇ ਉੱਤੇ ਰੋਕ ਲੱਗੀ ਹੈ। ਉਨ੍ਹਾਂ ਆਖਿਆ ਕਿ ਹੁਣ ਅਮਰੀਕਾ ਵਿਦੇਸ਼ੀ ਤੇਲ ਉੱਤੇ ਓਨਾ ਨਿਰਭਰ ਨਹੀਂ ਰਿਹਾ ਜਿੰਨਾਂ ਅੱਜ ਤੋਂ 15 ਤੋਂ 20 ਸਾਲ ਪਹਿਲਾਂ ਹੁੰਦਾ ਸੀ। ਹਮਲਿਆਂ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਅਜਿਹਾ ਖਾਸ ਫਰਕ ਨਜ਼ਰ ਨਹੀਂ ਆਇਆ। ਅਸੀਂ ਇਸ ਹੱਦ ਤੱਕ ਉਤਪਾਦਨ ਵਧਾ ਲਿਆ ਹੈ ਜਿਸ ਨਾਲ ਸਾਨੂੰ ਉਨ੍ਹਾਂ ਦੇ ਤੇਲ ਦੀ ਲੋੜ ਨਹੀਂ ਰਹਿ ਗਈ।

ਈਆਈਏ ਤੇ ਪ੍ਰੋਮਾਈਲਜ਼ ਦੀਆਂ ਹਫਤਾਵਾਰੀ ਡੀਜ਼ਲ ਕੀਮਤਾਂ ਸਬੰਧੀ ਅਪਡੇਟ ਵਿੱਚ ਇਰਾਨੀ ਹਮਲਿਆਂ ਤੋਂ ਬਾਅਦ ਵਾਲੇ ਹਫਤਿਆਂ ਵਿੱਚ ਤੇਲ ਦੀਆਂ ਕੀਮਤਾਂ ਉੱਤੇ ਕੋਈ ਬਹੁਤਾ ਅਸਰ ਨਾ ਪੈਣ ਦੀ ਗੱਲ ਆਖੀ ਗਈ। ਹਮਲਿਆਂ ਤੋਂ ਬਾਅਦ ਵਾਲੇ ਹਫਤਿਆਂ ਵਿੱਚ ਅਮਰੀਕਾ ਭਰ ਵਿੱਚ ਡੀਜ਼ਲ ਦੀਆਂ ਕੀਮਤਾਂ ਅਸਲ ਵਿੱਚ ਡਿੱਗੀਆਂ। ਈਆਈਏ ਅਨੁਸਾਰ ਡੀਜ਼ਲ ਦੀਆਂ ਕੀਮਤਾਂ ਕੌਮੀ ਔਸਤ ਦੇ ਹਿਸਾਬ ਨਾਲ 6 ਜਨਵਰੀ ਨੂੰ ਖ਼ਤਮ ਹੋਏ ਹਫਤੇ ਵਿੱਚ 3.079 ਡਾਲਰ ਤੋਂ 13 ਜਨਵਰੀ ਨੂੰ ਖ਼ਤਮ ਹੋਏ ਹਫਤੇ ਵਿੱਚ 3.064 ਡਾਲਰ ਤੱਕ ਡਿੱਗੀਆਂ, ਫਿਰ 20 ਜਨਵਰੀ ਨੂੰ ਖ਼ਤਮ ਹੋਏ ਹਫਤੇ ਵਿੱਚ 3.037 ਡਾਲਰ ਤੱਕ ਹੋਰ ਡਿੱਗੀਆਂ।

ਪ੍ਰੋਮਾਈਲਜ਼ ਅੰਕੜਿਆਂ ਵਿੱਚ ਵੀ ਇਹੋ ਰੁਝਾਨ ਵੇਖਣ ਨੂੰ ਮਿਲਿਆ, 6 ਜਨਵਰੀ ਨੂੰ ਜਿੱਥੇ ਕੌਮੀ ਔਸਤ ਅਨੁਸਾਰ ਇਹ ਕੀਮਤਾਂ 2.986 ਡਾਲਰ ਸਨ ਉੱਥੇ ਹੀ 20 ਜਨਵਰੀ ਨੂੰ ਇਹ ਔਸਤਨ 2.951 ਡਾਲਰ ਤੱਕ ਅੱਪੜ ਗਈਆਂ।