“ਮਹਾਂਮਾਰੀ”ਦਾ ਰੂਪ ਧਾਰ ਚੁੱਕੀ ਹੈ ਓਨਟਾਰੀਓ ਵਿੱਚ ਮਾਲ ਦੀ ਚੋਰੀ

ਉਹ ਵੁੱਡਸਟੌਕ, ਓਨਟਾਰੀਓ ਵਿੱਚ ਹਾਈਵੇਅ 401 ਦੇ ਨੇੜੇ ਬਹੁਤ ਹੀ ਬਿਜ਼ੀ ਸਿ਼ਪਿੰਗ ਯਾਰਡ ਵਿੱਚ ਲੱਗਭਗ 30 ਟਰੈਕਟਰ ਟਰੇਲਰਜ਼ ਦਾ ਕੰਟਰੀ ਕਾਰਗੋ ਫਲੀਟ ਚਲਾਉਂਦਾ ਹੈ। ਰਾਤ ਨੂੰ ਉਸ ਨੂੰ ਜਿਹੜੀ ਗੱਲ ਜਗਾਉਂਦੀ ਹੈ ਉਹ ਮਾਲ ਦੀਆਂ ਦਰਾਂ ਨਹੀਂ ਹਨ ਤੇ ਨਾ ਹੀ ਉਸ ਨੂੰ ਇਸ ਗੱਲ ਨਾਲ ਡਰ ਲੱਗਦਾ ਹੈ ਕਿ ਉਸ ਦੇ ਡਰਾਈਵਰ ਸਮੇਂ ਸਿਰ ਡਲਿਵਰੀ ਕਰ ਸਕਣਗੇ ਜਾਂ ਨਹੀਂ-ਸਗੋਂ ਉਸ ਨੂੰ ਮਾਲ ਦੀ ਚੋਰੀ ਕਰਨ ਵਾਲਿਆਂ ਕਰਕੇ ਧੁੜਕੂ ਲੱਗਿਆ ਰਹਿੰਦਾ ਹੈ।

ਜਿੰਮ ਲੈਂਗਵੈਲਡ ਦਾ ਕਹਿਣਾ ਹੈ ਕਿ ਇਹ ਲੋਕ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਹ ਸਾਰੇ ਇੱਕ ਗੈਂਗ ਦਾ ਹਿੱਸਾ ਹਨ। ਉਨ੍ਹਾਂ ਆਖਿਆ ਕਿ ਇੰਜ ਲੱਗਦਾ ਹੈ ਕਿ ਉਹ ਸਾਰੇ ਇੱਕ ਟੀਮ ਹਨ ਜਿਨ੍ਹਾਂ ਨੇ ਇਸ ਨੂੰ ਆਪਣਾ ਕਿੱਤਾ ਹੀ ਬਣਾ ਲਿਆ ਹੈ। ਇਨ੍ਹਾਂ ਗਰਮੀਆਂ ਵਿੱਚ ਚੋਰਾਂ ਨੇ ਲੈਂਗਵੈਲਡ ਦੀ ਕੰਪਨੀ ਨੂੰ ਕਾਫੀ ਨੁਕਸਾਨ ਪਹੁੰਚਾਇਆ। ਜੁਲਾਈ ਵਿੱਚ ਇਨ੍ਹਾਂ ਚੋਰਾਂ ਨੇ 471,000 ਡਾਲਰ ਮੁੱਲ ਦੇ ਬਲੰਡਸਟੋਨ ਫੁੱਟਵੀਅਰ ਨਾਲ ਲੱਦੇ ਟਰੇਲਰ ਨੂੰ ਸੰਨ੍ਹ ਲਾਈ। ਇੱਥੇ ਹੀ ਬੱਸ ਨਹੀਂ ਜ਼ਖ਼ਮਾਂ ਉੱਤੇ ਲੂਣ ਛਿੜਕਣ ਲਈ ਉਨ੍ਹਾਂ ਇਸ ਕੰਮ ਲਈ ਲੈਂਗਵੈਲਡ ਦੇ ਟਰੱਕ ਦੀ ਹੀ ਵਰਤੋਂ ਕੀਤੀ।

ਲੈਂਗਵੈਲਡ ਨੇ ਰੋਹ ਵਿੱਚ ਆਉਂਦਿਆਂ ਆਖਿਆ ਕਿ ਸਾਨੂੰ ਇਹ ਸੱਭ ਖਤਮ ਕਰਨ ਲਈ ਕਾਨੂੰਨ ਨੂੰ ਚੰਗੀ ਤਰ੍ਹਾਂ ਲਾਗੂ ਕਰਨਾ ਹੋਵੇਗਾ। ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ। ਪਰੇਸ਼ਾਨ ਕਰਨ ਵਾਲੀ ਗੱਲ ਇਸ ਲਈ ਹੈ ਕਿਉਂਕਿ ਲੈਂਗਵੈਲਡ ਨੇ ਆਖਿਆ ਕਿ ਇਸ ਘਾਟੇ ਦਾ ਮਤਲਬ ਇਹ ਹੈ ਕਿ ਉਸ ਨੂੰ ਆਪਣੇ ਰੇਟ ਵਿੱਚ ਵਾਧਾ ਕਰਨਾ ਹੋਵੇਗਾ ਤੇ ਅਖੀਰ ਇਸ ਨਾਲ ਕੰਜਿ਼ਊਮਰਜ਼ ਦੀ ਜੇਬ੍ਹ ਉੱਤੇ ਹੀ ਬੋਝ ਵਧੇਗਾ। ਉਨ੍ਹਾਂ ਅੱਗੇ ਆਖਿਆ ਕਿ ਇਸ ਤਰ੍ਹਾਂ ਕਾਨੂੰਨ ਦਾ ਮੌਜੂ ਉਡਾਉਣ ਵਾਲਿਆਂ ਨਾਲ ਇਮਾਨਦਾਰ ਲੋਕਾਂ ਨੂੰ ਫਰਕ ਪੈਂਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਕਿਸੇ ਨੂੰ ਪ੍ਰਭਾਵਿਤ ਕਰਦੀਆਂ ਹਨ। ਇੰਸ਼ੋਰੈਂਸ ਕੰਪਨੀਆਂ ਨੂੰ ਕਦੇ ਵੀ ਘਾਟਾ ਨਹੀਂ ਪੈਂਦਾ।

ਪੀਲ ਤੇ ਯੌਰਕ ਰੀਜਨ ਦੀ ਪੁਲਿਸ ਦੇ ਧਿਆਨ ਵਿੱਚ ਇਹ ਮਾਮਲਾ ਹੋਣ ਦੇ ਬਾਵਜੂਦ ਓਨਟਾਰੀਓ, ਜਿੱਥੇ ਚੋਰੀ ਦੇ ਅਜਿਹੇ ਟਰੈਕਟਰ ਟਰੇਲਰ ਵੱਡੀ ਗਿਣਤੀ ਵਿੱਚ ਮਿਲਦੇ ਹਨ, ਉੱਥੇ ਹੀ ਇਸ ਮੁੱਦੇ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ। ਅਜਿਹਾ ਇਸ ਲਈ ਹੈ ਕਿਉਂਕਿ ਹਿੰਸਕ ਜੁਰਮ ਦੇ ਉਲਟ ਮਾਲ ਦੀ ਚੋਰੀ ਖਬਰਾਂ ਵਿੱਚ ਹੀ ਨਹੀਂ ਆਉਂਦੀ। ਇੰਸ਼ੋਰੈਂਸ ਬਿਊਰੋ ਆਫ ਕੈਨੇਡਾ (ਆਈਬੀਸੀ) ਅਨੁਸਾਰ ਹਰ ਸਾਲ ਕੈਨੇਡਾ ਵਿੱਚ ਅੰਦਾਜ਼ਨ 5 ਬਿਲੀਅਨ ਡਾਲਰ ਦੇ ਮਾਲ ਦੀ ਚੋਰੀ ਹੁੰਦੀ ਹੈ। ਚੋਰੀ ਕੀਤੀਆਂ ਗਈਆਂ ਵਸਤਾਂ ਜਿਵੇਂ ਕਿ ਲੌਬਸਟਰ, ਸਟੇਕਸ, ਜੁੱਤੇ ਆਦਿ ਵਿੱਚੋਂ ਸ਼ਾਇਦ ਹੀ ਕੋਈ ਚੀਜ਼ ਮਿਲੀ ਹੋਵੇ। ਆਈਬੀਸੀ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਿਰਫ 52.7 ਮਿਲੀਅਨ ਡਾਲਰ ਦਾ ਚੋਰੀ ਹੋਇਆ ਮਾਲ ਵਾਪਿਸ ਮਿਲਿਆ ਸੀ ਜਦਕਿ 2019 ਦੇ ਪਹਿਲੇ ਅੱਠ ਮਹੀਨਿਆਂ ਵਿੱਚ 23.6 ਮਿਲੀਅਨ ਡਾਲਰ ਦਾ ਚੋਰੀ ਦਾ ਮਾਲ ਹੀ ਵਾਪਿਸ ਮਿਲ ਸਕਿਆ।

ਆਈਬੀਸੀ ਦਾ ਕਹਿਣਾ ਹੈ ਕਿ ਚੋਰ ਵੱਡੀ ਮਾਤਰਾ ਵਿੱਚ ਜੋ ਕੁੱਝ ਚੋਰੀ ਕਰਦੇ ਹਨ ਉਸ ਦੀ ਰਿਪੋਰਟ ਬਹੁਤੀ ਵਾਰੀ ਕਿਤੇ ਨਹੀਂ ਕਰਵਾਈ ਜਾਂਦੀ। ਅਜਿਹਾ ਜਾਂ ਤਾਂ ਵੱਡੀਆਂ ਕਟੌਤੀਆਂ ਕਾਰਨ ਜਾਂ ਫਿਰ ਕੰਪਨੀ ਦੀ ਸਾਖ਼ ਨੂੰ ਨੁਕਸਾਨ ਪਹੁੰਚਣ ਦੇ ਡਰ ਤੋਂ ਕੀਤਾ ਜਾਂਦਾ ਹੈ। ਦੋਵਾਂ ਵਿੱਚੋਂ ਭਾਵੇਂ ਕੋਈ ਵੀ ਗੱਲ ਹੋਵੇ ਇੰਸ਼ੋਰੈਂਸ ਕੰਪਨੀਆਂ ਦਾ ਕਹਿਣਾ ਹੈ ਕਿ ਚੋਰੀ ਮਾਲ ਨੂੰ ਟਿਕਾਣੇ ਲਾਉਣ ਲਈ ਓਨਟਾਰੀਓ ਸੱਭ ਤੋਂ ਸੁਰੱਖਿਅਤ ਥਾਂ ਹੈ ਤੇ ਜਦੋਂ ਤੱਕ ਪੁਲਿਸ ਇਸ ਬਾਰੇ ਕੁੱਝ ਕਰਨ ਦੀ ਨਹੀਂ ਸੋਚਦੀ, ਇਹ ਹਾਲਾਤ ਨੇੜ ਭਵਿੱਖ ਵਿੱਚ ਬਦਲਣ ਨਹੀਂ ਵਾਲੇ।

ਬਰਲਿੰਗਟਨ, ਓਨਟਾਰੀਓ ਤੋਂ ਬਾਹਰ ਪ੍ਰਾਈਵੇਟ ਇਨਵੈਸਟੀਗੇਸ਼ਨ ਕੰਪਨੀ ਬਰਲ ਓਕ ਇਨਵੈਸਟੀਗੇਟਿਵ ਸਰਵਿਸਿਜ਼ ਸ਼ੁਰੂ ਕਰਨ ਤੋਂ ਪਹਿਲਾਂ ਮਾਲ ਦੀ ਚੋਰੀ ਨਾਲ ਡੀਲ ਕਰਨ ਵਾਲੇ ਸਾਬਕਾ ਪੀਲ ਪੁਲਿਸ ਅਧਿਕਾਰੀ ਮਾਈਕ ਪਰੋਸਕਾ ਨੇ ਆਖਿਆ ਕਿ ਇਹ ਤਾਂ ਮਹਾਂਮਾਰੀ ਹੈ। ਪਰੋਸਕਾ ਨੇ ਆਖਿਆ ਕਿ ਉਹ ਹਰ ਸਾਲ ਮਾਲ ਦੀ ਚੋਰੀ ਦੇ 100 ਮਾਮਲੇ ਸਾਂਭਦੇ ਸਨ। ਉਨ੍ਹਾਂ ਦੀਆਂ ਸੇਵਾਵਾਂ ਜਿੰਮ ਲੈਂਗਵੈਲਡ ਵਰਗੇ ਨਿੱਕੇ ਕਾਰੋਬਾਰੀ ਲੈਂਦੇ ਹਨ ਜਿਹੜੇ ਇਹ ਮੰਨਦੇ ਹਨ ਕਿ ਪੁਲਿਸ ਉਨ੍ਹਾਂ ਦਾ ਮਸਲਾ ਹੱਲ ਕਰਨ ਲਈ ਬਹੁਤਾ ਕੁੱਝ ਨਹੀਂ ਕਰ ਰਹੀ।

ਉਨ੍ਹਾਂ ਆਖਿਆ ਕਿ ਉਹ ਇਸ ਵਿੱਚ ਪੁਲਿਸ ਦੀ ਗਲਤੀ ਨਹੀਂ ਮੰਨਦੇ ਕਿਉਂਕਿ ਪੁਲਿਸ ਦੀ ਨੌਕਰੀ ਕਰਦੇ ਸਮੇਂ ਉਹ ਵੀ ਉਹੀ ਸੱਭ ਕਰ ਰਹੇ ਹੁੰਦੇ। ਉਨ੍ਹਾਂ ਆਖਿਆ ਕਿ ਅਜਿਹਾ ਇਸ ਲਈ ਕਿਉਂਕਿ ਪ੍ਰਾਪਰਟੀ ਜੁਰਮ ਨੂੰ ਅਕਸਰ ਹਿੰਸਕ ਜੁਰਮ ਜਾਂ ਹਥਿਆਰਾਂ ਨਾਲ ਸਬੰਧਤ ਜੁਰਮ ਜਿੰਨੀ ਤਵੱਜੋ ਨਹੀਂ ਦਿੱਤੀ ਜਾਂਦੀ। ਪਰ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਮਾਲ ਦੀ ਚੋਰੀ ਵੀ ਜਨਤਾ ਲਈ ਵੱਡਾ ਖਤਰਾ ਹੈ। ਪਰੋਸਕਾ ਦਾ ਕਹਿਣਾ ਹੈ ਕਿ ਦਿੱਕਤ ਘੱਟ ਸਜ਼ਾ ਹੋਣਾ ਹੈ। ਜੇ ਚੋਰ ਫੜ੍ਹੇ ਵੀ ਜਾਂਦੇ ਹਨ ਤਾਂ ਵੀ ਉਨ੍ਹਾਂ ਨੂੰ ਕੁੱਝ ਮਹੀਨਿਆਂ ਦੀ ਹਾਊਸ ਅਰੈਸਟ ਹੁੰਦੀ ਹੈ ਜਾਂ ਉਹ ਪ੍ਰੋਬੇਸ਼ਨ ਉੱਤੇ ਛੁੱਟ ਜਾਂਦੇ ਹਨ ਤੇ ਫਿਰ ਆਪਣੇ ਕੰਮ ਉੱਤੇ ਪਰਤ ਆਉਂਦੇ ਹਨ।