ਫੂਡ ਸੌਰਟ ਚੈਂਪਸ ਮੁਕਾਬਲੇ ਵਿੱਚ ਜੇਤੂ ਰਹੀਆਂ ਕ੍ਰਿਸਕਾ ਟਰਾਂਸਪੋਰਟੇਸ਼ਨ ਗਰੁੱਪ ਤੇ ਟੋਰਾਂਟੋ ਟਰੱਕਿੰਗ ਐਸੋਸਿਏਸ਼ਨ

ਬੀਤੇ ਦਿਨੀਂ ਭੁੱਖ ਨਾਲ ਜੰਗ ਜਿੱਤਣ ਲਈ 20 ਵੱਖ ਵੱਖ ਹਾਈਵੇਅ ਕਰੀਅਰਜ਼ ਤੇ ਇੰਡਸਟਰੀ ਟਰੇਡਜ਼ ਨਾਲ ਸਬੰਧਤ ਟਰੱਕਿੰਗ ਇੰਡਸਟਰੀ ਦੇ 120 ਕਰਮਚਾਰੀ ਟੋਰਾਂਟੋ ਵਿੱਚ ਇੱਕਠੇ ਹੋਏ। ਇਸ ਦੌਰਾਨ ਉਨ੍ਹਾਂ ਟਰੱਕਿੰਗ ਇੰਡਸਟਰੀ ਫੂਡ ਸੌਰਟ ਚੈਂਪਸ ਦੇ ਖਿਤਾਬ ਲਈ ਵੀ ਆਪਸ ਵਿੱਚ ਮੁਕਾਬਲਾ ਕੀਤਾ।
ਟਰੱਕਸ ਫੌਰ ਚੇਂਜ ਨੈੱਟਵਰਕ ਵੱਲੋਂ ਆਯੋਜਿਤ ਇਹ ਸਾਲਾਨਾ ਈਵੈਂਟ ਟੋਰਾਂਟੋ ਦੇ ਡੇਲੀ ਬ੍ਰੈੱਡ ਫੂਡ ਬੈਂਕ ਵਿਖੇ ਕਰਵਾਇਆ ਗਿਆ। ਡੇਲੀ ਬ੍ਰੈੱਡ ਫੂਡ ਬੈਂਕ ਵੱਲੋਂ ਸ਼ਹਿਰ ਭਰ ਦੀਆਂ 135 ਮੈਂਬਰ ਫੂਡ ਏਜੰਸੀਆਂ ਨੂੰ ਫੂਡ ਵੰਡਿਆਂ ਜਾਂਦਾ ਹੈ ਤੇ ਲੋੜਵੰਦਾਂ ਨੂੰ ਸਾਲ ਭਰ ਵਿੱਚ 2.7 ਮਿਲੀਅਨ ਮੀਲ ਮੁਹੱਈਆ ਕਰਵਾਏ ਜਾਂਦੇ ਹਨ।
ਇਸ ਮੁਕਾਬਲੇ ਵਿੱਚ ਟੀਮਾਂ ਨੂੰ ਇਹ ਚੁਣੌਤੀ ਦਿੱਤੀ ਗਈ ਕਿ ਜਲਦੀ ਤੋਂ ਜਲਦੀ ਦਾਨ ਕੀਤੇ ਗਏ 3500 ਪਾਊਂਡ ਫੂਡ ਨੂੰ ਵੱਖ ਵੱਖ ਕਰਨ ਤੇ ਉਨ੍ਹਾਂ ਦੇ ਪੈਕੇਜ ਬਣਾਉਣ। ਇਸ ਮੁਕਾਬਲੇ ਵਿੱਚ ਕ੍ਰਿਸਕਾ ਟਰਾਂਸਪੋਰਟੇਸ਼ਨ ਗਰੁੱਪ ਤੇ ਟੋਰਾਂਟੋ ਟਰੱਕਿੰਗ ਐਸੋਸਿਏਸ਼ਨ ਸਾਂਝੇ ਤੌਰ ਉੱਤੇ ਜੇਤੂ ਰਹੀਆਂ। ਐਨਰਜੀ ਨਾਲ ਭਰਪੂਰ ਇਹ ਈਵੈਂਟ ਗੜਗੱਜਾਂ ਪਾਉਣ ਵਾਲੇ ਡੀਜੇ ਮਿਊਜਿ਼ਕ, ਇਨਾਮਾਂ ਤੇ ਸੀਬੀਸੀ ਟੀਵੀ ਵੱਲੋਂ ਕੀਤੀ ਗਈ ਕਵਰੇਜ ਨਾਲ ਮੁਕੰਮਲ ਹੋਇਆ ਤੇ ਇਸ ਤਰ੍ਹਾਂ ਸਾਰਿਆਂ ਨੇ ਹੀ ਜਿੱਤ ਹਾਰ ਦੀ ਪਰਵਾਹ ਕੀਤੇ ਬਿਨਾਂ ਇਸ ਦਾ ਖੂਭ ਆਨੰਦ ਮਾਣਿਆ। ਇਸ ਈਵੈਂਟ ਨੂੰ ਬੜੀ ਫਰਾਖਦਿਲੀ ਨਾਲ ਟਰੇਲਰ ਵਿਜ਼ਾਰਡਜ਼ ਨੇ ਸਪਾਂਸਰ ਕੀਤਾ ਤੇ ਪੋਲਾਰਿਸ ਟਰਾਂਸਪੋਰਟੇਸ਼ਨ ਨੇ ਵਾਲੰਟੀਅਰਾਂ ਦੀਆਂ ਦੋ ਟੀਮਾਂ ਨਾਲ ਇਸ ਮੁਕਾਬਲੇ ਵਿੱਚ ਸਿ਼ਰਕਤ ਕੀਤੀ ਤੇ ਸਾਰਿਆਂ ਨੇ ਹੀ ਉਨ੍ਹਾਂ ਦਾ ਧੰਨਵਾਦ ਕੀਤਾ।
ਕੁੱਲ ਮਿਲਾ ਕੇ ਟਰੱਕਿੰਗ ਇੰਡਸਟਰੀ ਦੀਆਂ ਟੀਮਾਂ ਨੇ 42000 ਪਾਊਂਡ ਫੂਡ ਨੂੰ ਵੱਖ ਵੱਖ ਕੀਤਾ ਤੇ ਇਸ ਦੇ ਨਾਲ ਹੀ ਡੇਲੀ ਬ੍ਰੈੱਡਜ਼ ਫਲੀਟ ਲਈ ਨਵਾਂ ਟਰੱਕ ਖਰੀਦਣ ਵਾਸਤੇ 36000 ਡਾਲਰ ਵੀ ਇੱਕਠੇ ਕੀਤੇ ਤਾਂ ਕਿ ਉਹ ਜਿਨ੍ਹਾਂ ਕਮਿਊਨਿਟੀਜ਼ ਦੀ ਸੇਵਾ ਕਰਦੇ ਹਨ ਉਨ੍ਹਾਂ ਤੱਕ ਉਨ੍ਹਾਂ ਦੀ ਪਹੁੰਚ ਸੁਖਾਲੀ ਹੋ ਸਕੇ। ਇਹ ਜਾਣਕਾਰੀ ਡੇਲੀ ਬ੍ਰੈੱਡਜ਼ ਦੀ ਆਪਰੇਸ਼ਨਜ਼ ਸਬੰਧੀ ਵਾਈਸ ਪ੍ਰੈਜ਼ੀਡੈਂਟ ਸੈਂਡਰਾ ਨੈਸਟਿਕ ਨੇ ਦਿੱਤੀ।
ਟਰੱਕਜ਼ ਫੌਰ ਚੇਂਜ ਨੈੱਟਵਰਕ ਦੇ ਪੀਟ ਡਾਲਮਾਜ਼ੀ ਨੇ ਆਖਿਆ ਕਿ ਇਸ ਤਰ੍ਹਾਂ ਦੇ ਈਵੈਂਟਸ ਉਨ੍ਹਾਂ ਕਮਿਊਨਿਟੀਜ਼ ਪ੍ਰਤੀ ਸਾਡੀ ਇੰਡਸਟਰੀ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ ਜਿਨ੍ਹਾਂ ਵਿੱਚ ਅਸੀਂ ਰੋਜ਼ ਵਿਚਰਦੇ ਹਾਂ। ਕ੍ਰਿਸਕਾ ਟਰਾਂਸਪੋਰਟੇਸ਼ਨ ਗਰੁੱਪ ਦੇ ਸੀਈਓ ਮਾਰਕ ਸੇਅਮਰ ਨੇ ਆਖਿਆ ਕਿ ਟਰੱਕਜ਼ ਫੌਰ ਚੇਂਜ ਨੇ ਭੁੱਖ ਖਿਲਾਫ ਜੰਗ ਦੇ ਖੇਤਰ ਵਿੱਚ ਟਰੱਕਿੰਗ ਦੇ ਖੇਤਰ ਵਿੱਚ ਮੁਕਾਬਲੇਬਾਜ਼ਾਂ ਨੂੰ ਇੱਕ ਮੰਚ ਉੱਤੇ ਇੱਕਠਾ ਕਰਕੇ ਸਾਡੀਆਂ ਕਮਿਊਨਿਟੀਜ਼ ਲਈ ਵੱਡੀ ਮਦਦ ਦਾ ਬੰਦੋਬਸਤ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਮਜ਼ੇਦਾਰ ਤੇ ਮਸ਼ਹੂਰ ਈਵੈਂਟ ਹੈ ਤੇ ਇਸ ਵਿੱਚ ਹਿੱਸਾ ਲੈਣ ਲਈ ਅਗਲੇ ਸਾਲ ਵਾਸਤੇ ਵੀ ਸਾਡੇ ਕੋਲ ਵੇਟਿੰਗ ਲਿਸਟ ਆ ਚੁੱਕੀ ਹੈ।