ਨੌਰਥ ਅਮਰੀਕਾ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਆਪਰੇਸ਼ਨ ਸੇਫ ਡਰਾਈਵਰ

ਦ ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ) ਦਾ ਸਾਲਾਨਾ ਆਪਰੇਸ਼ਨ ਸੇਫ ਡਰਾਈਵਰ ਨੌਰਥ ਅਮਰੀਕਾ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ| ਇਸ ਸਾਲ ਬਹੁਤੀ ਤਵੱਜੋ ਤੇਜ਼ ਰਫਤਾਰ ਵਾਹਨਾਂ ਤੇ ਖਤਰਨਾਕ ਡਰਾਈਵਿੰਗ ਰੁਝਾਨਾਂ ਨੂੰ ਦਿੱਤੀ ਜਾ ਰਹੀ ਹੈ|

ਸੀਵੀਐਸਏ ਨੇ ਆਖਿਆ ਕਿ ਖਤਰਨਾਕ ਡਰਾਈਵਿੰਗ ਦੇ ਰੁਝਾਨਾਂ ਵਾਲੇ ਕਮਰਸ਼ੀਅਲ ਮੋਟਰ ਵ੍ਹੀਕਲ ਡਰਾਈਵਰਾਂ ਤੇ ਪੈਸੈਂਜਰ ਵ੍ਹੀਕਲ ਡਰਾਈਵਰਾਂ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਚੇਤਾਵਨੀਆਂ ਜਾਰੀ ਕਰ ਰਹੇ ਹਨ| ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ (ਐਨਐਚਟੀਐਸਏ) ਨੇ ਪਾਇਆ ਕਿ ਅਤੀਤ ਵਿੱਚ 94 ਫੀ ਸਦੀ ਹਾਦਸੇ ਡਰਾਈਵਰਾਂ ਦੀਆਂ ਹਰਕਤਾਂ ਕਾਰਨ ਹੀ ਹੋਏ|

ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ) ਅਨੈਲਸਿਸ ਐਂਡ ਇਨਫਰਮੇਸ਼ਨ ਆਨਲਾਈਨ ਵੱਲੋਂ ਮੁਹੱਈਆ ਕਰਵਾਇਆ ਗਿਆ ਡਾਟਾ ਦਰਸਾਉਂਦਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਹੈਵੀ ਟਰੱਕਾਂ ਦੇ ਡਰਾਈਵਰਾਂ ਵੱਲੋਂ ਤੇਜ਼ ਰਫਤਾਰ ਰਾਹੀਂ ਕੀਤੀਆਂ ਉਲੰਘਣਾਵਾਂ ਦਾ ਰੁਝਾਨ ਜ਼ਿਆਦਾ ਰਿਹਾ ਹੈ| ਇਸ ਵਿੱਚੋਂ ਵੀ 60 ਫੀ ਸਦੀ ਮਾਮਲੇ ਨਿਰਧਾਰਤ ਰਫਤਾਰ ਦੀ ਹੱਦ 24 ਕਿਲੋਮੀਟਰ ਪ੍ਰਤੀ ਘੰਟੇ ਨਾਲੋਂ 15 ਐਮਪੀਐਚ ਜ਼ਿਆਦਾ ਦੇ ਪਾਏ ਗਏ|

ਸੀਟੀਏ ਦੇ ਸੀਨੀਅਰ ਵੀਪੀ, ਪਾਲਿਸੀ, ਜੈੱਫ ਵੁੱਡ ਨੇ ਆਖਿਆ ਕਿ ਅਮਰੀਕਾ ਵਿੱਚ ਈਐਲਡੀ ਲਾਜ਼ਮੀ ਹੋ ਜਾਣ ਤੇ ਕੈਨੇਡਾ ਵਿੱਚ ਜੂਨ 2021 ਵਿੱਚ ਇਸ ਦੇ ਪ੍ਰਭਾਵੀ ਹੋਣ ਨਾਲ ਅਸੀਂ ਕੈਨੇਡਾ ਵਿੱਚ ਆਪਰੇਟ ਕਰ ਰਹੀ ਇੰਡਸਟਰੀ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਨਿੱਕੇ ਹਿੱਸਿਆਂ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਸਕਾਂਗੇ| ਇਸ ਦੇ ਨਾਲ ਹੀ ਅਸੀਂ ਈਐਲਡੀ ਦੇ ਸੇਫਟੀ ਸਬੰਧੀ ਫਾਇਦਿਆਂ ਦਾ ਵੀ ਲਾਹਾ ਲੈ ਸਕਾਂਗੇ|

ਖਤਰਨਾਕ ਡਰਾਈਵਿੰਗ ਵਿਵਹਾਰ ਕਾਰਨ ਹਾਦਸਿਆਂ ਵਿੱਚ ਹੋਏ ਵਾਧੇ ਨੂੰ ਠੱਲ੍ਹ ਪਾਉਣ ਲਈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ, ਲਾਅ ਐਨਫੋਰਸਮੈਂਟ ਕਮਿਊਨਿਟੀਜ਼ ਤੇ ਨੌਰਥ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਦਰਮਿਆਨ ਭਾਈਵਾਲੀ ਸਦਕਾ ਆਪਰੇਸ਼ਨ ਸੇਫ ਡਰਾਈਵਰ 2007 ਵਿੱਚ ਲਾਂਚ ਕੀਤਾ ਗਿਆ ਸੀ|2019 ਵਿੱਚ ਕੈਨੇਡੀਅਨ ਈਐਲਡੀ ਲਾਜ਼ਮੀ ਕਰਨ ਦੇ ਫੈਸਲੇ ਤਹਿਤ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਸੀਟੀਏ ਨੇ ਸੀਵੀਐਸਏ ਰੀਜਨ V (ਕੈਨੇਡੀਅਨ ਪ੍ਰੋਵਿੰਸ਼ੀਅਲ ਐਂਡ ਟੈਰੇਟੋਰੀਅਲ ਜਿਊਰਿਸਡਿਕਸ਼ਨ) ਅਤੇ ਕੈਨੇਡੀਅਨ ਕਾਉਂਸਲ ਆਫ ਮੋਟਰ ਟਰਾਂਸਪੋਰਟ ਐਡਮਨਿਸਟ੍ਰੇਟਰਜ਼ ਨਾਲ ਰਲ ਕੇ ਕੌਮੀ ਪੱਧਰ ਉੱਤੇ ਰਫਤਾਰ ਉੱਤੇ ਕੇਂਦਰਿਤ ਰਣਨੀਤੀ ਤਿਆਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਸੀ|

ਵੁੱਡ ਨੇ ਆਖਿਆ ਕਿ ਸੀਟੀਏ ਨੇ ਕੈਨੇਡੀਅਨ ਸੀਵੀਐਸਏ ਜਿਊਰਿਸਡਿਕਸ਼ਨ ਦੀ ਰਫਤਾਰ ਉੱਤੇ ਕੇਂਦਰਿਤ ਸੋਚ ਦੀ ਸ਼ਲਾਘਾ ਕੀਤੀ| ਉਨ੍ਹਾਂ ਆਖਿਆ ਕਿ ਇਸ ਨਾਲ ਨਾ ਸਿਰਫ ਹਾਈਵੇਅ ਸੇਫਟੀ ਵਿੱਚ ਹੀ ਸੁਧਾਰ ਹੋਵੇਗਾ ਸਗੋਂ ਗੈਰ ਆਗਿਆਕਾਰੀ ਫਲੀਟਸ ਤੇ ਕਸਟਮਰਜ਼ ਵੱਲੋਂ ਆਪਣੀ ਸਪਲਾਈ ਚੇਨ ਦੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਲਈ ਸਮੇਂ ਦੀ ਬਚਤ ਵਾਸਤੇ ਵਰਤੇ ਜਾਂਦੇ ਢੰਗ ਤਰੀਕਿਆਂ ਤੋਂ ਬਚਣ ਦਾ ਵੀ ਰਾਹ ਨਿਕਲੇਗਾ| ਤੇਜ਼ ਰਫਤਾਰੀ ਦੀ ਕੋਈ ਲੋੜ ਨਹੀਂ ਹੈ, ਇਹ ਅਸੁਰੱਖਿਅਤ ਹੈ, ਇਸ ਨਾਲ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਵਿੱਚ ਵੀ ਵਾਧਾ ਹੁੰਦਾ ਹੈ ਤੇ ਇਸ ਨਾਲ ਸਹੀ ਫੈਸਲੇ ਲੈਣ ਦੀ ਸਮਰੱਥਾ ਵੀ ਘਟਦੀ ਹੈ|