ਟਰੱਕ ਪਾਰਕਿੰਗ ਵਿੱਚ ਵਾਧਾ ਕਰੇਗਾ ਬਰੈਂਪਟਨ

ਇਸ ਹਫਤੇ ਬਰੈਂਪਟਨ ਦੇ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਬਰੈਂਪਟਨ ਵਿੱਚ ਟਰੱਕ ਪਾਰਕਿੰਗ ਲਈ ਥਾਂ ਵਿੱਚ ਕੀਤੇ ਜਾਣ ਵਾਲੇ ਵਾਧੇ ਸਬੰਧੀ ਪੇਸ਼ ਕੀਤੇ ਗਏ ਮਤੇ ਨੂੰ ਸਿਟੀ ਕਾਊਂਸਲ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਇਸ ਮਤੇ ਵਿੱਚ ਕਾਊਂਸਲ ਤੇ ਸਿਟੀ ਸਟਾਫ ਨੂੰ ਇਹ ਨਿਰਦੇਸ਼ ਦਿੱਤੇ ਗਏ ਕਿ ਉਹ ਪਾਰਕਿੰਗ ਲਈ ਲੋੜੀਂਦੀਆਂ ਲੋਕੇਸ਼ਨਜ਼ ਜਾਂ ਟਰੱਕਾਂ ਨੂੰ ਸਟੋਰ ਕਰਕੇ ਰੱਖਣ ਲਈ ਥਾਂਵਾਂ ਸਬੰਧੀ ਟਰੱਕਿੰਗ ਇੰਡਸਟਰੀ ਨੂੰ ਸੂਚਿਤ ਕਰਨ ਲਈ ਪ੍ਰਾਈਵੇਟ ਲੈਂਡਓਨਰਜ਼ ਤੇ ਪੀਲ ਗੁੱਡਜ਼ ਮੂਵਮੈਂਟ ਟਾਸਕ ਫੋਰਸ ਨਾਲ ਰਲ ਕੇ ਕੰਮ ਕਰੇ ਤੇ ਅਜਿਹੀਆਂ ਫੈਸਿਲੀਟੀਜ਼ ਕਾਇਮ ਕਰਨ ਲਈ ਲੋੜੀੰਂਦੀ ਮਨਜ਼ੂਰੀ ਵੀ ਹਾਸਲ ਕਰੇ।

ਇਸ ਤੋਂ ਇਲਾਵਾ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਟਰੱਕ ਪਾਰਕਿੰਗ ਤੇ ਸਟੋਰੇਜ ਦੇ ਨਾਲ ਨਾਲ ਇਸ ਸਮੇਂ ਜਿਹੜੀ ਮਿਊਂਸਪਲ ਪਾਰਕਿੰਗ ਰਣਨੀਤੀ ਹੈ ਉਸ ਬਾਰੇ ਕਾਊਂਸਲ ਨੂੰ ਜਲਦ ਤੋਂ ਜਲਦ ਰਿਪੋਰਟ ਕਰੇ। ਇਸ ਸਬੰਧੀ ਅਰਜ਼ੀਆਂ ਵੀ ਮੰਗਣ ਦੇ ਨਿਰਦੇਸ਼ ਦਿੱਤੇ ਗਏ।

ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਮਤੇ ਵਿੱਚ ਆਖਿਆ ਗਿਆ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸਿਟੀ ਆਫ ਬਰੈਂਪਟਨ ਦੇ ਕੰਮਕਾਜ ਦੇ ਨਾਲ ਨਾਲ ਸਥਾਨਕ ਵਾਸੀਆਂ ਦੀਆਂ ਰੋਜ਼ਾਨਾਂ ਲੋੜਾਂ ਨੂੰ ਪੂਰਾ ਕਰਨ ਲਈ ਟਰੱਕਿੰਗ ਇੰਡਸਟਰੀ ਵੱਲੋਂ ਜਿਹੜੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ ਉਸ ਨੂੰ ਘੱਟ ਕਰ ਕੇ ਆਂਕਿਆ ਗਿਆ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਬਰੈਂਪਟਨ 24000 ਅਜਿਹੇ ਬਿਜ਼ਨਸਿਜ਼ ਦਾ ਗੜ੍ਹ ਹੈ ਜਿਨ੍ਹਾਂ ਨੂੰ ਟਰਾਂਸਪੋਰਟੇਸ਼ਨ ਤੇ ਵੇਅਰਹਾਊਸਿੰਗ ਵਜੋਂ ਦਰਜ ਕੀਤਾ ਗਿਆ ਹੈ ਅਤੇ ਸਿਟੀ ਦੇ ਕੁੱਲ ਘਰੇਲੂ ਉਤਪਾਦ ਵਿੱਚ ਇਹ ਇੰਡਸਟਰੀ ਇੱਕਲਿਆਂ ਹੀ 11 ਫੀ ਸਦੀ ਦਾ ਯੋਗਦਾਨ ਪਾਉਂਦੀ ਹੈ।