ਟਰੱਕਿੰਗ ਸੈਕਟਰ ਨੂੰ ਐਕਸਪ੍ਰੈੱਸ ਐਂਟਰੀ ਵਿੱਚ ਸ਼ਾਮਲ ਕਰਕੇ ਸਪਲਾਈ ਚੇਨ ਨੂੰ ਸੁਰੱਖਿਅਤ ਕਰਨਾ ਚਾਹੁੰਦੀ ਹੈ ਕੈਨੇਡਾ ਸਰਕਾਰ

port shipping dock yard background with copy space, transportation industry concept

ਸਾਡੇ ਘਰਾਂ ਤੇ ਕੰਮ ਵਾਲੀਆਂ ਥਾਂਵਾਂ ਉੱਤੇ ਲੱਗਭਗ ਹਰ ਇੱਕ ਚੀਜ਼ ਅਜਿਹੀ ਹੋਵੇਗੀ ਜਿਸਨੂੰ ਘੱਟੋ ਘੱਟ ਇੱਕ
ਵਾਰੀ ਟਰੱਕ ਉੱਤੇ ਜ਼ਰੂਰ ਲਿਜਾਇਆ ਲਿਆਂਦਾ ਗਿਆ ਹੋਵੇਗਾ। ਕੌਮਾਂਤਰੀ ਤੇ ਘਰੇਲੂ ਅਰਥਚਾਰਾ ਵੀ ਟਰੱਕਿੰਗ
ਤੇ ਟਰੱਕ ਡਰਾਈਵਰਾਂ ਉੱਤੇ ਨਿਰਭਰ ਕਰਦਾ ਹੈ ਤੇ ਇਹ ਹੀ ਉਹ ਕੜੀ ਹੈ ਜਿਹੜੀ ਸਪਲਾਈ ਚੇਨਜ਼ ਨੂੰ
ਸੁਰੱਖਿਅਤ ਤੇ ਚੱਲਦਾ ਰੱਖਦੀ ਹੈ।
ਸਪਲਾਈ ਚੇਨ ਦੀ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਤੇ ਸਰਕਾਰ
ਵੱਲੋਂ ਰਲ ਕੇ ਕੈਨੇਡਾ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਦੇ ਮੁੱਦੇ ਦੀ ਅਹਿਮੀਅਤ ਨੂੰ ਵਾਚਿਆ ਜਾ ਰਿਹਾ ਹੈ ਤੇ
ਇਸ ਨਾਲ ਸਿੱਝਣ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਡਰਾਈਵਰਾਂ ਦੀ ਇਹ ਘਾਟ
ਮਹਾਂਮਾਰੀ ਦੌਰਾਨ ਹੋਰ ਵੀ ਵਧ ਗਈ ਤੇ ਡਰਾਈਵਰ ਇੰਕ ਵਰਗੀਆਂ ਸਕੀਮਾਂ ਨੇ ਇਸ ਨੂੰ ਹੋਰ ਵਧਾ ਦਿੱਤਾ।
ਸਪਲਾਈ ਚੇਨ ਟਾਸਕ ਫੋਰਸ ਦੀਆਂ ਪਿੱਛੇ ਜਿਹੇ ਜਾਰੀ ਕੀਤੀਆਂ ਗਈਆਂ ਸਿਫਾਰਿਸ਼ਾਂ ਤੇ ਪਿੱਛੇ ਜਿਹੇ ਜਾਰੀ
ਆਰਥਿਕ ਬਿਆਨ ਵਿੱਚ ਸਪਲਾਈ ਚੇਨ ਦੇ ਰਾਹ ਵਿੱਚ ਆਉਣ ਵਾਲੇ ਅੜਿੱਕਿਆਂ ਤੋਂ ਟਰੱਕਿੰਗ ਸੈਕਟਰ ਨੂੰ ਰਾਹਤ
ਦਿਵਾਉਣ ਲਈ ਅਹਿਮ ਕੰਮ ਕਰਨ ਦੀਆਂ ਵਚਨਬੱਧਤਾਵਾਂ ਵੀ ਪ੍ਰਗਟਾਈਆਂ ਗਈਆਂ ਹਨ।
ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਸ਼ਾਨ ਫਰੇਜ਼ਰ ਨੇ ਬੀਤੇ ਦਿਨੀਂ ਇਹ ਐਲਾਨ ਕਰਕੇ ਇਹ
ਪੁਸ਼ਟੀ ਕੀਤੀ ਸੀ ਕਿ ਨਵੇਂ ਨੈਸ਼ਨਲ ਆਕਿਊਪੇਸ਼ਨਲ ਕਲਾਸੀਫਿਕੇਸ਼ਨ (ਐਨਓਸੀ)2021 ਨੂੰ ਆਈਆਰਸੀਸੀ
ਵੱਲੋਂ ਇਮੀਗ੍ਰੇਸ਼ਨ ਪ੍ਰੋਗਰਾਮ ਤੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਟਰੱਕਿੰਗ ਖੇਤਰ ਲਈ ਲਾਗੂ ਕੀਤਾ ਜਾਵੇਗਾ।
ਇਸ ਮੋਮੈਂਟਮ ਦੇ ਆਧਾਰ ਉੱਤੇ ਟਰੱਕਿੰਗ ਇੰਡਸਟਰੀ ਦੀ ਡਰਾਈਵਰਾਂ ਤੱਕ ਪਹੁੰਚ ਸੁਖਾਲੀ ਹੋ ਜਾਵੇਗੀ ਤੇ ਜਿਹੜੇ
ਡਰਾਈਵਰ ਸਾਡੀ ਇੰਡਸਟਰੀ ਵਿੱਚ ਕੰਮ ਕਰਨਾ ਚਾਹੁੰਦੇ ਹਨ ਤੇ ਸਥਾਈ ਤੌਰ ਉੱਤੇ ਕੈਨੇਡਾ ਵਿੱਚ ਸੈਟਲ ਹੋਣਾ
ਚਾਹੁੰਦੇ ਹਨ ਉਨ੍ਹਾਂ ਲਈ ਵੀ ਰਾਹ ਪੱਧਰਾ ਹੋਵੇਗਾ।
ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਕੈਨੇਡੀਅਨ ਅਰਥਚਾਰੇ ਦੇ ਸਾਰੇ ਸੈਕਟਰ ਟਰੱਕਿੰਗ
ਇੰਡਸਟਰੀ ਉੱਤੇ ਨਿਰਭਰ ਕਰਦੇ ਹਨ। ਮੰਤਰੀ ਫਰੇਜ਼ਰ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਸਪਲਾਈ ਚੇਨ –
ਖੇਤੀਬਾੜੀ ਤੋਂ ਉਤਪਾਦਨ ਤੱਕ- ਨੂੰ ਬਚਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਟਰੱਕਿੰਗ ਕੰਪਨੀਆਂ ਨੂੰ ਵੀ
ਕੌਮਾਂਤਰੀ ਵਰਕਫੋਰਸ ਤੱਕ ਪਹੁੰਚ ਮਿਲੇਗੀ। ਇਹ ਪਹਿਲਾਂ ਸਾਡੇ ਸੈਕਟਰ ਨੂੰ ਉਪਲਬਧ ਨਹੀਂ ਸੀ।
ਸੀਟੀਏ ਮੰਤਰੀ ਫਰੇਜ਼ਰ ਨਾਲ ਰਲ ਕੇ ਕੰਮ ਕਰਨਾ ਚਾਹੁੰਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ
ਸੈਕਟਰ ਕੋਲ ਕੌਮਾਂਤਰੀ ਲੇਬਰ ਪੂਲ ਵਿੱਚੋਂ ਮਦਦ ਲੈਣ ਦੀ ਵੀ ਖੁੱਲ੍ਹ ਹੈ।
ਲਾਸਕੋਵਸਕੀ ਨੇ ਆਖਿਆ ਕਿ ਇਹ ਵੀ ਓਨਾ ਹੀ ਅਹਿਮ ਹੈ ਕਿ ਰਲ ਕੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ
ਕੈਨੇਡਾ ਪਹੁੰਚਣ ਵਾਲੀ ਇਹ ਨਵੀਂ ਵਰਕਫੋਰਸ ਉਨ੍ਹਾਂ ਕੰਪਨੀਆਂ ਲਈ ਕੰਮ ਕਰੇ ਜਿਹੜੀਆਂ ਉਨ੍ਹਾਂ ਨੂੰ ਉਨ੍ਹਾਂ ਦੇ
ਲੇਬਰ ਅਧਿਕਾਰਾਂ ਬਾਰੇ ਨਾ ਸਿਰਫ ਸਹੀ ਜਾਣਕਾਰੀ ਹੀ ਦੇਣ ਸਗੋਂ ਉਨ੍ਹਾਂ ਦੇ ਇਨ੍ਹਾਂ ਅਧਿਕਾਰਾਂ ਦੀ ਰਾਖੀ ਵੀ
ਕਰਨ। ਇਹ ਵੀ ਯਕੀਨੀ ਬਣਾਉਣ ਕਿ ਉਹ ਸੇਫ ਢੰਗ ਨਾਲ ਆਪਰੇਟ ਕਰਨ, ਅਨੁਕੂਲ ਰਹਿਣ ਤੇ ਸਹੀ ਗੱਡੀਆਂ
ਆਪਰੇਟ ਕਰਨ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰਾਂ ਸਮੇਤ ਸਾਡੇ ਇਸ ਮਹਾਨ ਦੇਸ਼ ਵਿੱਚ ਰਹਿਣ ਤੇ ਕੰਮ
ਕਰਨ ਦੇ ਫਾਇਦਿਆਂ ਦਾ ਆਨੰਦ ਮਾਣ ਸਕਣ।