ਟਰੱਕਿੰਗ ਕਮਿਊਨਿਟੀ ਤੇ ਓਟੀਏ ਦੀ ਸਖ਼ਤ ਮਿਹਨਤ ਦੀ ਮਲਰੋਨੀ ਨੇ ਕੀਤੀ ਸ਼ਲਾਘਾ

ਓਨਟਾਰੀਓ ਦੀ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਨੈਸ਼ਨਲ ਟਰੱਕਿੰਗ ਵੀਕ 2022 ਦੇ ਸੰਦਰਭ
ਵਿੱਚ ਗੱਲ ਕਰਦਿਆਂ ਆਖਿਆ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਟਰੱਕਿੰਗ ਇੰਡਸਟਰੀ ਨੂੰ ਸ਼ੁਕਰੀਆ ਅਦਾ
ਕਰਨ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਤੇ ਇਸ ਦੇ ਨਾਲ ਹੀ ਉਹ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸਾਡੇ
ਲਈ ਨਿਭਾਈ ਜਾ ਰਹੀ ਭਾਈਵਾਲੀ ਲਈ ਉਨ੍ਹਾਂ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ।
ਉਨ੍ਹਾਂ ਆਖਿਆ ਕਿ ਟਰੱਕ ਡਰਾਈਵਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਪਿਛਲੇ ਦੋ ਸਾਲ ਖਾਸਤੌਰ ਉੱਤੇ ਚੁਣੌਤੀ ਭਰੇ
ਰਹੇ। ਕੋਵਿਡ-19 ਮਹਾਂਮਾਰੀ ਦੌਰਾਨ ਸੜਕਾਂ ਉੱਤੇ ਕੰਮ ਕਰਨ ਦੇ ਤਣਾਅ ਦੇ ਬਾਵਜੂਦ ਟਰੱਕਿੰਗ ਕਮਿਊਨਿਟੀ ਨੇ
ਓਨਟਾਰੀਓ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਤੇ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਸੇਵਾ ਵਿੱਚ ਕੋਈ
ਕਮੀ ਨਹੀਂ ਆਉਣ ਦਿੱਤੀ।ਹਜ਼ਾਰਾਂ ਦੀ ਗਿਣਤੀ ਵਿੱਚ ਇਹ ਕੰਮ ਕਰਨ ਵਾਲੇ ਪੁਰਸ਼ ਤੇ ਮਹਿਲਾਵਾਂ, ਜਿਨ੍ਹਾਂ ਉੱਤੇ
ਅਸੀਂ ਜ਼ਰੂਰੀ ਸਪਲਾਈ, ਫੂਡ, ਸਾਜੋ਼ ਸਮਾਨ ਤੇ ਹੋਰਨਾਂ ਅਹਿਮ ਵਸਤਾਂ ਦੀ ਡਲਿਵਰੀ ਲਈ ਨਿਰਭਰ ਕਰਦੇ ਹਾਂ,
ਨੇ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਤੇ ਸਾਡੇ ਅਰਥਚਾਰੇ ਨੂੰ ਚੱਲਦਾ ਰੱਖਿਆ। ਇਨ੍ਹਾਂ ਟਰੱਕ ਡਰਾਈਵਰਾਂ ਦੀ ਪਿੱਠ
ਉੱਤੇ ਸਾਡੀ ਸਰਕਾਰ ਦਾ ਥਾਪੜਾ ਹਮੇਸ਼ਾਂ ਬਣਿਆ ਰਹੇਗਾ।
ਅਸੀਂ ਉਨ੍ਹਾਂ ਦੀ ਤੇ ਇੰਡਸਟਰੀ ਐਸੋਸਿਏਸ਼ਨ ਦੀ ਗੱਲ ਸੁਣਨੀ ਜਾਰੀ ਰੱਖਾਂਗੇ ਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ
ਹੱਲ ਕੱਢਣਾ ਵੀ ਜਾਰੀ ਰੱਖਾਂਗੇ। ਓਨਟਾਰੀਓ ਦੀ ਟਰੱਕਿੰਗ ਇੰਡਸਟਰੀ ਦੀਆਂ ਕਾਰੋਬਾਰੀ ਤਰਜੀਹਾਂ ਨੂੰ ਬੜੇ ਸੁਚੱਜੇ
ਢੰਗ ਨਾਲ ਨੇਪਰੇ ਚੜ੍ਹਾਉਣ ਦੇ ਨਾਲ ਨਾਲ ਸਾਡੀਆਂ ਸੜਕਾਂ ਉੱਤੇ ਸੇਫਟੀ ਨੂੰ ਯਕੀਨੀ ਬਣਾਉਣ ਵਾਸਤੇ ਅਸੀਂ
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦੀ ਲੀਡਰਸਿ਼ਪ ਦਾ ਸਤਿਕਾਰ ਕਰਦੇ ਹਾਂ।
ਉਨ੍ਹਾਂ ਆਖਿਆ ਕਿ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਕਈ ਤਰ੍ਹਾਂ ਦੀਆਂ ਪਹਿਲਕਦਮੀਆਂ, ਜਿਵੇਂ ਕਿ
ਓਨਟਾਰੀਓ ਦੀ ਇਲੈਕਟ੍ਰੌਨਿਕ ਲਾਗਿੰਗ ਡਿਵਾਈਸ ਨੂੰ ਲਾਜ਼ਮੀ ਕਰਨ ਸਬੰਧੀ ਨਿਯਮ ਨੂੰ ਲਾਗੂ ਕਰਵਾਉਣ, ਸਾਡੇ
ਸੇਫਟੀ ਐਂਡ ਐਮਿਸ਼ਨਜ਼ ਇੰਸਪੈਕਸ਼ਨ ਪ੍ਰੋਗਰਾਮ ਦੇ ਆਧੁਨਿਕੀਕਰਨ, ਕਮਰਸ਼ੀਅਲ ਡਰਾਈਵਰਾਂ ਲਈ ਲਾਜ਼ਮੀ
ਐਂਟਰੀ ਲੈਵਲ ਟਰੇਨਿੰਗ ਨੂੰ ਲਾਗੂ ਕਰਨ ਤੇ ਇਸ ਵਿੱਚ ਸੁਧਾਰ ਤੋਂ ਇਲਾਵਾ ਓਨਟਾਰੀਓ ਦੇ ਲਾਂਗ ਕਾਂਬੀਨੇਸ਼ਨ
ਵ੍ਹੀਕਲ ਪ੍ਰੋਗਰਾਮ ਦੇ ਪਸਾਰ ਤੇ ਸੁਧਾਰ ਲਈ ਕੋਸਿ਼ਸ਼ਾਂ ਲਈ ਲੰਮੇਂ ਸਮੇਂ ਤੋਂ ਸਾਡੀ ਭਾਈਵਾਲ ਰਹੀ ਹੈ।
ਇਸ ਤੋਂ ਇਲਾਵਾ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਨੇ ਕੋਵਿਡ-19 ਮਹਾਂਮਾਰੀ ਦੌਰਾਨ ਇੰਡਸਟਰੀ ਦੀ ਮਦਦ
ਲਈ ਵੱਖ ਵੱਖ ਪ੍ਰੋਵਿੰਸ਼ੀਅਲ ਮਾਪਦੰਡਾਂ ਨੂੰ ਲਾਗੂ ਕਰਵਾਉਣ ਵਿੱਚ ਮਦਦ ਕੀਤੀ। ਉਨ੍ਹਾਂ ਆਖਿਆ ਕਿ ਵਸਤਾਂ ਨੂੰ
ਮਾਰਕਿਟ ਤੱਕ ਪਹੁੰਚਾਉਣ ਲਈ ਟਰੱਕਿੰਗ ਇੰਡਸਟਰੀ ਦੀ ਮਦਦ ਤੇ ਰਾਹ ਵਿੱਚ ਆਉਣ ਵਾਲੇ ਅੜਿੱਕਿਆਂ ਨੂੰ
ਖ਼ਤਮ ਕਰਨ ਲਈ ਨਵੇਂ ਹਾਈਵੇਅਜ਼ ਤੇ ਸੜਕੀ ਇਨਫਰਾਸਟ੍ਰਕਚਰ ਦਾ ਨਿਰਮਾਣ ਕਰਨ ਲਈ ਵੀ ਸਾਡੀ
ਸਰਕਾਰ ਵਚਨਬੱਧ ਹੈ। ਉਨ੍ਹਾਂ ਅੱਗੇ ਆਖਿਆ ਕਿ ਹਾਈਵੇਅ 413 ਤੇ ਬ੍ਰੈਡਫੋਰਡ ਬਾਇਪਾਸ ਸਮੇਤ ਓਨਟਾਰੀਓ
ਭਰ ਵਿੱਚ ਸੜਕਾਂ, ਹਾਈਵੇਅਜ਼ ਤੇ ਟਰਾਂਜਿ਼ਟ ਇਨਫਰਾਸਟ੍ਰਕਚਰ ਦਾ ਨਿਰਮਾਣ ਤੇ ਪਸਾਰ ਕਰਨ ਲਈ ਅਸੀਂ
ਅਗਲੇ 10 ਸਾਲਾਂ ਵਿੱਚ 86·6 ਬਿਲੀਅਨ ਡਾਲਰ ਦਾ ਨਿਵੇਸ਼ ਕਰਾਂਗੇ।
ਉਨ੍ਹਾਂ ਆਖਿਆ ਕਿ ਸਰਕਾਰ ਦੇ ਪੱਖ ਉੱਤੇ ਉਹ ਜ਼ਰੂਰੀ ਸਪਲਾਈਜ਼ ਤੇ ਵਸਤਾਂ ਨੂੰ ਥਾਂਓਂ ਥਾਂਈਂ ਪਹੁੰਚਾਉਣ ਲਈ
ਕੀਤੀ ਜਾ ਰਹੀ ਸਖ਼ਤ ਮਿਹਨਤ ਵਾਸਤੇ ਓਨਟਾਰੀਓ ਦੇ ਸਾਰੇ ਟਰੱਕ ਡਰਾਈਵਰਾਂ ਤੇ ਓਨਟਾਰੀਓ ਟਰੱਕਿੰਗ
ਐਸੋਸਿਏਸ਼ਨ ਦਾ ਦਿਲੋਂ ਧੰਨਵਾਦ ਕਰਦੀ ਹੈ।