ਟਰੱਕਿੰਗ ਇੰਡਸਟਰੀ ਲਈ ਕੋਵਿਡ-19 ਟੈਸਟ ਕਰਵਾਉਣ ਦੀ ਸਹੂਲਤ ਵਿੱਚ ਸੁਧਾਰ ਕਰੇਗੀ ਓਨਟਾਰੀਓ ਸਰਕਾਰ

ਟਰੱਕਿੰਗ ਇੰਡਸਟਰੀ ਲਈ ਕੋਵਿਡ-19 ਟੈਸਟ ਕਰਵਾਉਣ ਦੀ ਸਹੂਲਤ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਓਨਟਾਰੀਓ ਸਰਕਾਰ ਵੱਲੋਂ ਐਲਾਨੇ ਗਏ ਪ੍ਰੋਗਰਾਮ ਦੀ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸ਼ਲਾਘਾ ਕੀਤੀ ਗਈ|
ਪ੍ਰੀਮੀਅਰ ਡੱਗ ਫੋਰਡ ਅਕਸਰ ਇਹ ਆਖਦੇ ਹਨ ਕਿ ਅਰਥਚਾਰੇ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਇੱਕ ਕਾਰਗਰ ਨੁਕਤਾ ਇਹ ਹੈ ਕਿ ਕੋਵਿਡ-19 ਦੇ ਵੱਧ ਤੋਂ ਵੱਧ ਟੈਸਟ ਕਰਵਾਏ ਜਾਣ, ਫਿਰ ਭਾਵੇਂ ਕਿਸੇ ਵਿੱਚ ਲੱਛਣ ਨਜ਼ਰ ਆ ਰਹੇ ਹੋਣ ਜਾਂ ਨਾ| ਇਸ ਐਲਾਨ ਤੋਂ ਬਾਅਦ ਡਰਾਈਵਰਚੈਕ (DriverCheck) ਓਕਿਊਪੇਸ਼ਨਲ ਟੈਸਟਿੰਗ ਕਲੀਨਿਕ ਤੋਂ ਇਲਾਵਾ ਹੋਰਨਾਂ ਲੋਕੇਸ਼ਨਾਂ Aੁੱਤੇ ਵੀ ਜਾਂਚ ਦੀ ਸਹੂਲਤ ਦੇਣ ਨਾਲ ਕੋਵਿਡ-19 ਦੇ ਟੈਸਟ ਕਰਵਾਉਣੇ ਸੁਖਾਲੇ ਹੋ ਜਾਣਗੇ| ਇਸ ਨਾਲ ਟਰੱਕਿੰਗ ਇੰਡਸਟਰੀ ਨੂੰ ਸਾਰਿਆਂ ਤੋਂ ਜ਼ਿਆਦਾ ਫਾਇਦਾ ਹੋਵੇਗਾ|

ਓਟੀਏ ਦੇ ਚੇਅਰ ਡੇਵਿਡ ਚਾਰਥ ਨੇ ਆਖਿਆ ਕਿ ਮੈਡੀਕਲ ਕਮਿਊਨਿਟੀ ਦੀ ਗਾਇਡੈਂਸ ਸਦਕਾ ਟਰੱਕਿੰਗ ਇੰਡਸਟਰੀ ਤੇ ਇਸ ਦੇ ਕਸਟਮਰਜ਼ ਨੇ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਕਈ ਪ੍ਰਭਾਵਸ਼ਾਲੀ ਮਾਪਦੰਡ ਅਪਣਾਏ ਹਨ| ਇਨ੍ਹਾਂ ਕੋਸ਼ਿਸ਼ਾਂ ਦੀ ਬਦੌਲਤ, ਇਸ ਕਿੱਤੇ ਦੀ ਸੈਲਫ ਆਈਸੋਲੇਟਿੰਗ ਸੁਭਾਅ ਕਰਕੇ, ਓਨਟਾਰੀਓ ਟਰੱਕ ਡਰਾਈਵਰ ਕੋਵਿਡ-19 ਨੂੰ ਫੈਲਾਉਣ ਤੇ ਇਸ ਦੇ ਸੰਪਰਕ ਵਿੱਚ ਆਉਣ ਤੋਂ ਬਚੇ ਹੋਏ ਹਨ|

ਉਨ੍ਹਾਂ ਆਖਿਆ ਕਿ ਓਟੀਏ ਪ੍ਰੀਮੀਅਰ ਫੋਰਡ ਨਾਲ ਇਸ ਗੱਲ ਲਈ ਸਹਿਮਤ ਹੈ ਕਿ ਇਸ ਮਹਾਂਮਾਰੀ ਨਾਲ ਲੜਨ ਦਾ ਸੱਭ ਤੋਂ ਪ੍ਰਭਾਵਸ਼ਾਲੀ ਸੰਦ ਇਹ ਹੈ ਕਿ ਓਨਟਾਰੀਓ ਵਾਸੀਆਂ ਵੱਲੋਂ ਸਵੈ-ਇੱਛਾ ਨਾਲ ਇਸ ਦੇ ਟੈਸਟ ਕਰਵਾਏ ਜਾਣ ਤੇ ਅਰਥਚਾਰੇ ਨੂੰ ਚੱਲਦਾ ਰੱਖਿਆ ਜਾਵੇ| ਇਸ ਐਲਾਨ ਨਾਲ ਪ੍ਰੋਵਿੰਸ ਦੇ ਕਮਰਸ਼ੀਅਲ ਡਰਾਈਵਰ ਕੋਵਿਡ-19 ਸਬੰਧੀ ਵੱਧ ਤੋਂ ਵੱਧ ਟੈਸਟ ਕਰਵਾ ਸਕਣਗੇ|

ਡਰਾਈਵਰਚੈਕ (DriverCheck) ਮੋਬਾਈਲ ਆਪਰੇਸ਼ਨ ਤੇ ਲੋਕੇਸ਼ਨਾਂ ਲਾਂਗ ਹਾਲ ਡਰਾਈਵਰਾਂ, ਜਿਨ੍ਹਾਂ ਦੇ ਕੰਮ ਦੇ ਸ਼ਡਿਊਲ ਕਾਰਨ ਉਨ੍ਹਾਂ ਨੂੰ ਟੈਸਟਿੰਗ ਸੈਂਟਰਜ਼ ਉੱਤੇ ਪਹੁੰਚਣ ਵਿੱਚ ਦਿੱਕਤ ਆਉਂਦੀ ਹੈ, ਦੀ ਸਹੂਲਤ ਦੇ ਹਿਸਾਬ ਨਾਲ ਡਿਜ਼ਾਈਨ ਕੀਤੀਆਂ ਗਈਆਂ ਹਨ| ਇਸ ਪਹਿਲਕਦਮੀ ਨਾਲ ਆਮ ਸਿਹਤ ਸੰਭਾਲ ਵਿੱਚ ਵੀ ਸੁਧਾਰ ਦੀ ਸੰਭਾਵਨਾ ਵੱਧ ਜਾਵੇਗੀ| ਇੱਥੇ ਦੱਸਣਾ ਬਣਦਾ ਹੈ ਕਿ 14 ਫੀ ਸਦੀ ਕੈਨੇਡੀਅਨਾਂ ਕੋਲ ਫੈਮਿਲੀ ਡਾਕਟਰ ਨਹੀਂ ਹੈ ਤੇ ਟਰੱਕਿੰਗ ਇੰਡਸਟਰੀ ਵਿੱਚ ਤਾਂ ਇਹ ਪ੍ਰਤੀਸ਼ਤ ਹੋਰ ਵੀ ਜ਼ਿਆਦਾ ਹੈ| ਇਸ ਪ੍ਰੋਜੈਕਟ ਦੌਰਾਨ ਡਰਾਈਵਰਚੈਕ (DriverCheck) ਕਮਰਸ਼ੀਅਲ ਡਰਾਈਵਰ ਕਮਿਊਨਿਟੀ ਲਈ ਵਰਚੂਅਲ ਕੇਅਰ ਮੰਚ ਮੁਹੱਈਆ ਕਰਾਵੇਗਾ|

ਚਾਰਥ ਨੇ ਇਹ ਵੀ ਆਖਿਆ ਕਿ ਓਨਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਹੈ| ਇਹ ਪਹਿਲੀ ਵਾਰੀ ਕਈ ਓਨਟਾਰੀਓ ਵਾਸੀਆਂ ਦੀ ਡਾਕਟਰਾਂ ਤੱਕ ਪਹੁੰਚ ਯਕੀਨੀ ਬਣਾਵੇਗਾ ਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਮੈਡੀਕਲ ਸਇਯੋਗ ਸੰਭਵ ਬਣਾਵੇਗਾ|

ਡਰਾਈਵਰ ਚੈਕ (DriverCheck) ਦੇ ਵਾਈਸ ਪ੍ਰਜ਼ੀਡੈਂਟ ਆਫ ਸਟ੍ਰੈਟੇਜੀ ਕੌਨਰ ਪੇਜ ਨੇ ਆਖਿਆ ਕਿ ਸੱਭ ਤੋਂ ਪਹਿਲਾਂ ਤਾਂ ਟਰੱਕਰਜ਼ ਲਈ ਕੋਵਿਡ-19 ਟੈਸਟਿੰਗ ਦੇ ਨਾਲ ਨਾਲ ਉਨ੍ਹਾਂ ਦੀ ਡਾਕਟਰਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਅਸੀਂ ਓਨਟਾਰੀਓ ਸਰਕਾਰ ਦੇ ਸੁæਕਰਗੁਜ਼ਾਰ ਹਾਂ| ਉਨ੍ਹਾਂ ਅੱਗੇ ਆਖਿਆ ਕਿ ਟਰੱਕਿੰਗ ਇੰਡਸਟਰੀ ਸਾਡੇ ਅਰਥਚਾਰੇ ਦੀ ਰੂਹ-ਏ-ਰਵਾਂ ਹੈ| ਖੁਦ ਨੂੰ ਇਸ ਵਾਇਰਸ ਤੋਂ ਬਚਾਅ ਕੇ ਇੰਡਸਟਰੀ ਪਹਿਲਾਂ ਹੀ ਕਮਾਲ ਦਾ ਕੰਮ ਕਰ ਰਹੀ ਹੈ| ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਹੁਣ ਰਹਿੰਦਾ ਡਰ ਵੀ ਦੂਰ ਹੋ ਜਾਵੇਗਾ|

ਇਸ ਪ੍ਰੋਗਰਾਮ ਨਾਲ ਸਬੰਧਤ ਸਾਰਾ ਖਰਚਾ ਓਨਟਾਰੀਓ ਸਰਕਾਰ ਵੱਲੋਂ ਝੱਲਿਆ ਜਾਵੇਗਾ| ਕੋਵਿਡ-19 ਟੈਸਟ ਲਈ ਡਰਾਈਵਰਚੈਕ (DriverCheck) ਸਰਵਿਸਿਜ਼ ਦੀ ਵਰਤੋਂ ਕਰਨ ਵਾਲੇ ਡਰਾਈਵਰਜ਼ ਤੇ ਕੰਪਨੀਆਂ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ|