ਟਰੱਕਿੰਗ ਇੰਡਸਟਰੀ ਲਈ ਕਾਫੀ ਮਹਿੰਗਾ ਰਿਹਾ ਪਿਛਲਾ ਸਾਲ : ਏਟੀਆਰਆਈ

ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ (ਏਟੀਆਰਆਈ) ਵੱਲੋਂ ਤਿਆਰ ਕਰਵਾਈ ਗਈ ਰਿਪੋਰਟ ਅਨੈਲੇਸਿਸ ਆਫ ਆਪਰੇਸ਼ਨਲ ਕੌਸਟਸ ਆਫ ਟਰੱਕਿੰਗ ਅਨੁਸਾਰ ਇਤਿਹਾਸ ਵਿੱਚ ਕਿਸੇ ਵੀ ਹੋਰ ਸਮੇਂ ਨਾਲੋਂ ਪਿਛਲੇ ਸਾਲ ਟਰੱਕ ਆਪਰੇਟ ਕਰਨਾ ਸੱਭ ਤੋਂ ਮਹਿੰਗਾ ਸੌਦਾ ਸੀ। ਜਿ਼ਕਰਯੋਗ ਹੈ ਕਿ ਏਟੀਆਰਆਈ ਦੀ ਸੀਟੀਏ ਵੀ ਮੈਂਬਰ ਹੈ। 

ਯੂਐਸ ਫਲੀਟਸ ਦੇ ਇਸ ਅਧਿਐਨ ਅਨੁਸਾਰ 2021 ਵਿੱਚ ਟਰੱਕਿੰਗ ਦੀ ਕੁੱਲ ਲਾਗਤ ਵਿੱਚ 12·7 ਫੀ ਸਦੀ, ਤੋਂ 1·855 ਅਮਰੀਕੀ ਡਾਲਰ ਪ੍ਰਤੀ ਮੀਲ ਇਜਾਫਾ ਹੋਇਆ। ਇਹ ਰਿਕਾਰਡ ਕੀਤੀ ਗਈ ਸੱਭ ਤੋਂ ਉੱਚੀ ਕੀਮਤ ਸੀ ਤੇ ਇਸ ਵਿੱਚ ਵੱਡਾ ਯੋਗਦਾਨ ਫਿਊਲ ਦੀਆਂ ਦਿਨੋਂ ਦਿਨ ਵੱਧ ਰਹੀਆਂ ਕੀਮਤਾਂ (2020 ਦੇ ਮੁਕਾਬਲੇ 35·4 ਫੀ ਸਦੀ ਵੱਧ), ਰਿਪੇਅਰ ਤੇ ਮੇਨਟੇਨੈਂਸ ਦੀ ਕੀਮਤ (18·2 ਫੀ ਸਦੀ ਵੱਧ) ਤੇ ਡਰਾਈਵਰਾਂ ਦੇ ਭੱਤਿਆਂ (10·8 ਫੀ ਸਦੀ ਵੱਧ) ਨੇ ਪਾਇਆ। ਸਾਂਝੇ ਤੌਰ ਉੱਤੇ ਇਨ੍ਹਾਂ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 74·64 ਅਮਰੀਕੀ ਡਾਲਰ ਪ੍ਰਤੀ ਘੰਟਾ ਦਾ ਵਾਧਾ ਦਰਜ ਕੀਤਾ ਗਿਆ। 

ਸੱਭ ਤੋਂ ਵੱਡਾ ਨੁਕਸਾਨ ਨਿੱਕੇ ਫਲੀਟਸ ਨੂੰ ਹੋਇਆ, 100 ਜਾਂ ਇੱਕ ਤੋਂ ਘੱਟ ਟਰੱਕਾਂ ਵਾਲੇ ਫਲੀਟਸ ਦੀ ਲਾਗਤ ਵਿੱਚ ਵੱਡੇ ਫਲੀਟਸ ਦੇ ਮੁਕਾਬਲੇ 4·9 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ।ਏਟੀਆਰਆਈ ਦੀ ਰਿਪੋਰਟ ਅਨੁਸਾਰ ਡਰਾਈਵਰ ਦੇ ਮੁਆਵਜੇ਼ ਵਿੱਚ ਔਸਤਨ 80·9 ਅਮਰੀਕੀ ਸੈਂਟ ਪ੍ਰਤੀ ਮੀਲ ਵਾਧਾ ਹੋਇਆ ਤੇ ਇਹ 2020 ਦੇ ਮੁਕਾਬਲੇ 10 ਫੀ ਸਦੀ ਸੀ। 

ਇਸ ਦੇ ਬਦਲੇ ਵਿੱਚ ਫਲੀਟਸ ਲਈ ਡੈੱਡਹੈੱਡ (ਕਮਰਸ਼ੀਅਲ) ਮੀਲ 14·8 ਫੀ ਸਦੀ ਦੀ ਦਰ ਨਾਲ ਘਟੇ ਤੇ ਔਸਤਨ ਫਿਊਲ ਇਕੌਨਮੀ ਵਿੱਚ 6·65 ਮੀਲ ਪ੍ਰਤੀ ਗੈਲਨ ਦਾ ਸੁਧਾਰ ਹੋਇਆ। 

ਓਜ਼ਾਰਕ ਮੋਟਰ ਲਾਈਨਜ਼ ਚੀਫ ਫਾਇਨਾਂਸ਼ੀਅਲ ਆਫੀਸਰ ਜੇਸਨ ਹਿਗਿਨਬੌਥਮ ਨੇ ਆਖਿਆ ਕਿ ਪਿਛਲੇ ਦੋ ਕੁ ਸਾਲਾਂ ਵਿੱਚ ਟਰੱਕਿੰਗ ਦੇ ਖੇਤਰ ਵਿੱਚ ਅਸਥਿਰਤਾ ਵਾਲਾ ਮਾਹੌਲ ਬਣਿਆ ਹੋਇਆ ਹੈ, ਪਰ ਏਟੀਆਰਆਈ ਦੀ ਨਵੀਂ ਆਪਰੇਸ਼ਨਲ ਕੌਸਟ ਰਿਪੋਰਟ ਵੱਲੋਂ ਮੁਹੱਈਆ ਕਰਵਾਏ ਗਏ ਅਹਿਮ ਡਾਟਾ ਤੋਂ 2021 ਵਿੱਚ ਪੈਦਾ ਹੋਏ ਰੁਝਾਨ ਤੇ ਵਿਸੰਗਤੀਆਂ ਸਾਹਮਣੇ ਆਈਆਂ।ਉਨ੍ਹਾਂ ਆਖਿਆ ਕਿ ਰਿਪੋਰਟ ਤੋਂ ਹਾਸਲ ਹੋਏ ਹਿੰਟ ਤੋਂ ਸਪਸ਼ਟ ਹੁੰਦਾ ਹੈ ਕਿ ਅਗਲੇ ਸਾਲ ਸਾਡੀ ਇੰਡਸਟਰੀ ਲਗਾਤਾਰ ਵਿਕਾਸ ਦੇ ਰਾਹ ਪਵੇਗੀ।