ਜਿੰਮ ਥੌਮਸਨ ਨੇ ਜਿੱਤਿਆ ਓਟੀਏ ਸਰਵਿਸ ਟੂ ਇੰਡਸਟਰੀ ਐਵਾਰਡ

ਵਿਲੱਖਣ, ਸਿਰਜਣਾਤਮਕ, ਜਨੂੰਨੀ ਪਰ ਸੱਭ ਤੋਂ ਵੱਧ ਸਖ਼ਤ ਮਿਹਨਤੀ। ਇਹ ਕੁੱਝ ਕੁ ਵਿਸ਼ੇਸ਼ਣ ਹਨ ਜਿਹੜੇ ਦੋਸਤਾਂ, ਇੰਡਸਟਰੀ ਕੁਲੀਗਜ਼ ਤੇ ਪਰਿਵਾਰਕ ਮੈਂਬਰਾਂ ਵੱਲੋਂ ਜਿੰਮ ਥੌਮਸਨ ਬਾਰੇ ਅਕਸਰ ਬੋਲੇ ਜਾਂਦੇ ਹਨ। ਜਿੰਮ ਥੌਮਸਨ ਹੋਰ ਕੋਈ ਨਹੀਂ ਸਗੋਂ ਟਰੱਕਿੰਗ ਤੇ ਵੇਅਰਹਾਊਸ ਪਾਵਰਹਾਊਸ ਥੌਮਸਨ ਟਰਮੀਨਲ ਦੇ ਸਹਿ ਬਾਨੀ ਤੇ ਸੀਈਓ ਹੋਣ ਦੇ ਨਾਲ ਨਾਲ 2019 ਦੇ ਓਮਨੀਟਰੈਕਸ-ਓਟੀਏ ਸਰਵਿਸ ਟੂ ਇੰਡਸਟਰੀ ਐਵਾਰਡ ਦੇ ਜੇਤੂ ਵੀ ਹਨ।
ਇਹ ਐਵਾਰਡ, ਟਰੱਕਿੰਗ ਇੰਡਸਟਰੀ ਵਿੱਚ ਬਹੁਤ ਹੀ ਸਨਮਾਨਜਨਕ ਮੰਨਿਆ ਜਾਂਦਾ ਹੈ ਤੇ ਇਹ ਇਸ ਇੰਡਸਟਰੀ ਦੇ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ। ਬੀਤੀ ਰਾਤ ਟੋਰਾਂਟੋ ਵਿੱਚ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦੀ 93ਵੇਂ ਸਾਲਾਨਾ ਐਗਜੈ਼ਕਟਿਵ ਕਾਨਫਰੰਸ ਵਿੱਚ ਇਹ ਐਵਾਰਡ ਜਿੰਮ ਤੇ ਉਨ੍ਹਾਂ ਦੀ ਪਤਨੀ ਸੈਲੀ ਨੂੰ ਦਿੱਤਾ ਗਿਆ। ਜੇਡੀ ਸਮਿੱਥ ਐਂਡ ਸੰਨ ਦੇ ਪ੍ਰੈਜ਼ੀਡੈਂਟ ਅਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਚੇਅਰਮੈਨ ਸਕੌਟ ਸਮਿੱਥ ਨੇ ਆਖਿਆ ਕਿ ਇੰਡਸਟਰੀ ਦੀ ਸ਼ੁਰੂਆਤ ਸਮੇਂ ਹੀ ਉਨ੍ਹਾਂ ਦੀ ਮੁਲਾਕਾਤ ਜਿੰਮ ਨਾਲ ਹੋਈ ਸੀ ਤੇ ਬਹੁਤ ਜਲਦੀ ਹੀ ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਜਿੰਮ ਬਹੁਤ ਹੀ ਇਕਾਗਰਚਿੱਤ ਤੇ ਬਿਜ਼ਨਸ ਨਾਲ ਸਬੰਧਤ ਕਦਰਾਂ ਕੀਮਤਾਂ ਵਾਲਾ ਸ਼ਖ਼ਸ ਹੈ ਜਿਹੜਾ ਹਰ ਸਮੇਂ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦਾ ਹੈ।
ਜਿੰਮ ਦੀ ਆਪਣੀ ਪਤਨੀ ਨਾਲ ਮੁਲਾਕਾਤ 1962 ਵਿੱਚ 9ਵੀਂ ਗ੍ਰੇਡ ਦੀ ਸਾਇੰਸ ਕਲਾਸ ਵਿੱਚ ਹੋਈ ਸੀ। 15 ਸਾਲ ਦੀ ਉਮਰ ਵਿੱਚ ਉਹ ਉਸ ਦੇ ਪਰਿਵਾਰ ਦੇ ਡਲਿਵਰੀ ਸਰਵਿਸ ਬਿਜ਼ਨਸ ਲਈ ਮਕੈਨਿਕਸ ਅਪਰੈਂਟਿਸ ਵਜੋਂ ਕੰਮ ਕਰਨ ਲਈ ਗਏ ਸਨ। 1985 ਵਿੱਚ ਉਨ੍ਹਾਂ ਨੇ ਤੇ ਸੈਲੀ ਨੇ ਇੱਕ ਟਰੱਕ ਨਾਲ ਆਪਣੇ ਕੰਮ ਦੀ ਸੁ਼ਰੂਆਤ ਕੀਤੀ ਤੇ ਉੱਥੋਂ ਹੀ ਥੌਮਸਨ ਟਰਮੀਨਲਜ਼ ਦੀ ਸ਼ੁਰੂਆਤ ਹੋਈ। ਅੱਜ ਮਾਲ ਦੀ ਢੋਆ ਢੁਆਈ ਦੇ ਖੇਤਰ ਵਿੱਚ ਫੁੱਲ ਸਰਵਿਸ ਲਾਜਿਸਟਿਕਸ ਤੇ ਵੇਅਰਹਾਊਸਿੰਗ ਸਰਵਿਸਿਜ਼ ਲਈ ਲੀਡਰ ਦੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਇਸ ਸਮੇਂ ਇਸ ਕੋਲ ਇਟੋਬੀਕੋ, ਓਨਟਾਰੀਓ ਵਿੱਚ 150 ਟਰੱਕਾਂ ਤੋਂ ਵੱਧ ਦਾ ਫਲੀਟ ਹੈ।
ਕਈ ਚੈਰੀਟੇਬਲ ਟਰੱਸਟਜ਼ ਲਈ ਕੰਮ ਕਰਨ ਵਾਲੇ ਲੰਮੇਂ ਸਮੇਂ ਤੋਂ ਦੋਸਤ ਤੇ ਭਾਈਵਾਲ ਐਰਿਕ ਕੌਨਰੌਏ ਨੇ ਆਖਿਆ ਕਿ ਉਨ੍ਹਾਂ ਦੇ ਆਪਸੀ ਸਬੰਧ ਕਮਾਲ ਦੇ ਹਨ। ਉਨ੍ਹਾਂ ਆਖਿਆ ਕਿ ਉਹ ਇੱਕ ਦੂਜੇ ਨਾਲ ਇਸ ਹੱਦ ਤੱਕ ਘੁਲੇਮਿਲੇ ਹੋਏ ਹਨ ਕਿ ਉਹ ਇੱਕ ਦੂਜੇ ਦੇ ਮਨ ਦੀ ਗੱਲ ਵੀ ਬੁੱਝ ਲੈਂਦੇ ਹਨ। ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਜਿੰਮ ਇੰਡਸਟਰੀ ਨਾਲ ਜੁੜੇ ਕਈ ਮੁੱਦਿਆਂ ਨੂੰ ਲੈ ਕੇ ਕਾਫੀ ਖੁੱਲ੍ਹੇ ਵਿਚਾਰਾਂ ਵਾਲੇ ਰਹੇ ਹਨ ਪਰ ਹਾਈਵੇਅ ਸੇਫਟੀ ਤੇ ਤਕਨਾਲੋਜੀ ਉਨ੍ਹਾਂ ਦੀ ਰੂਚੀ ਦੇ ਖਾਸ ਵਿਸੇ਼ ਰਹੇ ਹਨ। ਜਿੰਮ ਦੀ ਸਾਰੀਆਂ ਗੱਡੀਆਂ ਸਬੰਧੀ ਰੋਡ ਸੇਫਟੀ ਦੇ ਖੇਤਰ ਵਿੱਚ ਕਾਫੀ ਮਹਾਰਤ ਹੈ ਤੇ ਉਹ ਟਰੈਫਿਕ ਇੰਜਰੀ ਰਿਸਰਚ ਫਾਊਂਡੇਸ਼ਨ, ਜਿਸ ਦਾ ਮਿਸ਼ਨ ਟਰਾਂਸਪੋਰਟੇਸ਼ਨ ਨਾਲ ਸਬੰਧਤ ਸੱਟਾਂ ਜਿਵੇਂ ਕਿ ਟਰੇਨਿੰਗ ਦੀ ਘਾਟ ਤੇ ਡਰਾਈਵਿੰਗ ਤੋਂ ਧਿਆਨ ਭਟਕਣ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਦੇ ਮਾਮਲੇ ਵਿੱਚ ਵੀ ਉਸਤਾਦ ਹਨ।
ਆਪਣੇ ਮਜ਼ਬੂਤ ਐਥਿਕਸ ਤੇ ਚੈਰੀਟੇਬਲ ਸਦਭਾਵਨਾ ਲਈ ਟਰੱਕਿੰਗ ਇੰਡਸਟਰੀ ਵਿੱਚ ਜਿੰਮ ਦਾ ਕਾਫੀ ਨਾਂ ਹੈ। ਥੌਮਸਨ ਟਰਮੀਨਲਜ਼ ਦੀ ਡਾਇਰੈਕਟਰ ਤੇ ਜਿੰਮ ਦੀ ਬੇਟੀ ਸਮਾਂਥਾ ਥੌਂਮਸਨ ਦਾ ਕਹਿਣਾ ਹੈ ਕਿ ਉਹ ਕਦੇ ਵੀ ਕੰਮ ਕਰਨਾ ਬੰਦ ਨਹੀਂ ਕਰ ਸਕਦੇ, ਉਹ ਤਾਂ ਮਸ਼ੀਨ ਹਨ। ਕਦੇ ਨਾ ਰੁਕਣਾ ਉਨ੍ਹਾਂ ਦੇ ਡੀਐਨਏ ਵਿੱਚ ਹੈ। ਉਹ ਟਰੱਕਿੰਗ ਨੂੰ ਬਹੁਤ ਪਿਆਰ ਕਰਦੇ ਹਨ, ਉਹ ਹਰ ਪੱਖੋਂ ਟਰੱਕਰ ਹਨ। ਉਨ੍ਹਾਂ ਡਰਾਈਵਰ ਵਜੋਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ, ਇਸ ਲਈ ਉਹ ਉਨ੍ਹਾਂ ਨਾਲ ਰਹਿਣਾ ਬਹੁਤ ਪਸੰਦ ਕਰਦੇ ਹਨ। ਉਹ ਉਨ੍ਹਾਂ ਲਈ ਪਰਿਵਾਰ ਵਾਂਗ ਹੀ ਹਨ।
ਓਟੀਏ ਦੀ ਮੈਂਬਰਸਿਪ ਦੇ ਪੱਖ ਤੋਂ ਗੱਲ ਕਰਦਿਆਂ ਪ੍ਰੈਜੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਜਿੰਮ ਨੂੰ ਇਹ ਸਨਮਾਨ ਦੇਣ ਲਈ ਕਿੰਨਾ ਮਾਣ ਮਹਿਸੂਸ ਕਰ ਰਹੇ ਹਨ ਉਹ ਦੱਸ ਨਹੀਂ ਸਕਦੇ। ਉਨ੍ਹਾਂ ਆਖਿਆ ਕਿ ਜਿੰਮ ਸਾਡੀ ਇੰਡਸਟਰੀ ਦੇ ਬਿਹਤਰੀਨ ਮੈਂਬਰਾਂ ਵਿੱਚੋਂ ਇੱਕ ਹਨ। ਉਹ ਕਾਫੀ ਨਵੀਆਂ ਕਾਢਾਂ ਕੱਢਣ ਵਾਲੇ ਤੇ ਸਾਰਿਆਂ ਤੋਂ ਵੱਖਰਾ ਸੋਚਣ ਵਾਲੇ ਇਨਸਾਨ ਹਨ। ਜਿੰਮ ਐਸੋਸਿਏਸਨ ਤੇ ਇੰਡਸਟਰੀ ਦੇ ਕਈ ਮੁੱਦਿਆਂ ਦੇ ਸਬੰਧ ਵਿੱਚ ਪ੍ਰਭਾਵਸਾਲੀ ਰਾਇ ਰੱਖਦੇ ਹਨ ਤੇ ਉਨ੍ਹਾਂ ਦੀ ਠੋਸ ਪੈਰਵੀ ਕਰਦੇ ਹਨ।