ਕੋਵਿਡ-19 ਦੀ ਜਾਂਚ ਲਈ ਡਬਲਿਊਐਚਓ ਦੀਟੀਮ ਨੂੰ ਸਹਿਯੋਗ ਦੇਵੇਗਾ ਚੀਨ

China flag painted on hand showing thumbs up in isolated background

ਬੀਜਿੰਗ : ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮਾਹਿਰ ਇਸ ਹਫਤੇ ਕਰੋਨਾਵਾਇਰਸ ਮਹਾਂਮਾਰੀ ਦੇ ਮੂਲ ਦੀ ਜਾਂਚ ਲਈ ਇਸ ਹਫਤੇ ਚੀਨ ਪਹੁੰਚਣਗੇ। ਇਹ ਜਾਣਕਾਰੀ ਸੋਮਵਾਰ ਨੂੰ ਸਰਕਾਰ ਵੱਲੋਂ ਦਿੱਤੀ ਗਈ। 

ਨੈਸ਼ਨਲ ਹੈਲਥ ਕਮਿਸ਼ਨ ਨੇ ਇੱਕ ਵਾਕ ਦੇ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਇਹ ਮਾਹਿਰ ਵੀਰਵਾਰ ਨੂੰ ਚੀਨ ਪਹੁੰਚਣਗੇ ਤੇ ਉੱਥੇ ਆਪਣੇ ਚੀਨੀ ਹਮਰੁਤਬਾ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਸਬੰਧ ਵਿੱਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ।ਅਜੇ ਤੱਕ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਇਹ ਮਾਹਿਰ ਚੀਨ ਦੇ ਕੇਂਦਰੀ ਸ਼ਹਿਰ ਵੁਹਾਨ, ਜਿੱਥੋਂ 2019 ਦੇ ਅੰਤ ਵਿੱਚ ਕਰੋਨਾਵਾਇਰਸ ਦੀ ਸ਼ੁਰੂਆਤ ਹੋਈ ਸੀ, ਦਾ ਦੌਰਾ ਕਰਨਗੇ।  

ਇਸ ਦੌਰੇ ਸਬੰਧੀ ਗੱਲਬਾਤ ਲੰਮੇਂ ਸਮੇਂ ਤੋਂ ਚੱਲ ਰਹੀ ਸੀ। ਡਬਲਿਊਐਚਓ ਦੇ ਡਾਇਰੈਕਟਰ ਜਨਰਲ ਟੈਡਰੌਸ ਅਧਾਨਮ ਘੇਬਰੇਯੇਸਸ ਵੱਲੋਂ ਪਿਛਲੇ ਹਫਤੇ ਇਸ ਮਾਮਲੇ ਵਿੱਚ ਹੋ ਰਹੀ ਦੇਰ ਉੱਤੇ ਨਿਰਾਸ਼ਾ ਪ੍ਰਗਟਾਈ ਗਈ ਸੀ। ਉਨ੍ਹਾਂ ਆਖਿਆ ਕਿ ਇੰਟਰਨੈਸ਼ਨਲ ਸਾਇੰਟਿਫਿਕ ਟੀਮ ਦੇ ਮੈਂਬਰ ਵੀ ਚੀਨ ਪਹੁੰਚਣ ਲਈ ਆਪੋ ਆਪਣੇ ਘਰਾਂ ਤੋਂ ਨਿਕਲ ਚੁੱਕੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲਿਜ਼ੀਆਨ ਨੇ ਆਖਿਆ ਕਿ ਚੀਨ ਨੇ ਇਸ ਦੌਰੇ ਲਈ ਹਾਮੀ ਸਾਰੀਆਂ ਧਿਰਾਂ ਦਰਮਿਆਨ ਸਲਾਹ ਮਸ਼ਵਰੇ ਤੋਂ ਬਾਅਦ ਕੀਤੀ ਹੈ। ਉਨ੍ਹਾਂ ਇਸ ਨੂੰ ਨਵਾਂ ਮੌਕਾ ਦੱਸਦਿਆਂ ਆਖਿਆ ਕਿ ਕਰੋਨਾਵਾਇਰਸ ਦੇ ਮੂਲ ਨੂੰ ਲੱਭਣ ਲਈ ਉਨ੍ਹਾਂ ਨੂ਼ੰ ਸਹਿਯੋਗ ਕਰਕੇ ਖੁਸ਼ੀ ਹੋਵੇਗੀ। 

ਜ਼ਾਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮਹਾਂਮਾਰੀ ਦੇ ਮੌਜੂਦਾ ਹਾਲਾਤ ਵਿੱਚ ਹੋ ਰਹੀ ਤਬਦੀਲੀ ਨਾਲ ਸਾਡੀ ਵਾਇਰਸ ਪ੍ਰਤੀ ਸਮਝ ਹੋਰ ਵਧੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਇਸ ਵਾਇਰਸ ਦੇ ਮੂਲ ਨੂੰ ਪਛਾਨਣ ਲਈ ਕਈ ਦੇਸ਼ ਤੇ ਲੌਕੈਲਿਟੀਜ਼ ਵੀ ਸ਼ਾਮਲ ਹੋਣਗੀਆਂ। ਵਰਨਣਯੋਗ ਹੈ ਕਿ ਚੀਨ ਦੀ ਸਰਕਾਰ ਨੇ ਘਰੇਲੂ ਫਰੰਟ ਉੱਤੇ ਰਿਸਰਚ ਦਾ ਸਾਰਾ ਕੰਮ ਆਪਣੇ ਨਿਯੰਤਰਣ ਵਿੱਚ ਕੀਤਾ ਹੋਇਆ ਹੈ ਜਦਕਿ ਸਰਕਾਰੀ ਮੀਡੀਆ ਇਨ੍ਹਾਂ ਥਿਓਰੀਜ਼ ਨੂੰ ਹਵਾ ਦਿੰਦਾ ਆ ਰਿਹਾ ਹੈ ਕਿ ਇਹ ਵਾਇਰਸ ਕਿਤੇ ਹੋਰ ਥਾਂ ਤੋਂ ਸ਼ੁਰੂ ਹੋਇਆ। 

ਏਪੀ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਚੀਨ ਦੀ ਸਰਕਾਰ ਵੱਲੋਂ ਦੱਖਣੀ ਚੀਨ ਵਿੱਚ ਵਾਇਰਸ ਦੇ ਮੂਲ ਦੀ ਭਾਲ ਕਰ ਰਹੇ ਵਿਗਿਆਨੀਆਂ ਨੂੰ ਹਜ਼ਾਰਾਂ ਡਾਲਰ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਪਰ ਉਸ ਵੱਲੋਂ ਉਨ੍ਹਾਂ ਦੀਆਂ ਲੱਭਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਕਿ ਕਿਸੇ ਵੀ ਡਾਟਾ ਜਾਂ ਰਿਸਰਚ ਨੂੰ ਚੀਨ ਦੀ ਕੈਬਨਿਟ ਤੋਂ ਮਨਜੂ਼ਰੀ ਲੈ ਕੇ ਹੀ ਛਾਪਿਆ ਜਾ ਸਕਦਾ ਹੈ। ਏਪੀ ਵੱਲੋਂ ਹਾਸਲ ਕੀਤੇ ਗਏ ਅੰਦਰੂਨੀ ਦਸਤਾਵੇਜ਼ਾਂ ਅਨੁਸਾਰ ਇਹ ਹੁਕਮ ਰਾਸ਼ਟਰਪਤੀ ਜ਼ੀ ਜਿ਼ੰਨਪਿੰਗ ਵੱਲੋਂ ਦਿੱਤੇ ਗਏ ਹਨ। 

ਚੀਨ ਦੇ ਗੱਲਾਂ ਨੂੰ ਗੁਪਤ ਰੱਖਣ ਦੇ ਸੁਭਾਅ ਕਾਰਨ ਹੀ ਮਹਾਂਮਾਰੀ ਕਾਰਨ ਦੁਨੀਆ ਭਰ ਨੂੰ ਇਸ ਸਬੰਧ ਵਿੱਚ ਜਾਣੂ ਕਰਵਾਉਣ ਵਿੱਚ, ਡਬਲਿਊਐਚਓ ਨਾਲ ਜਾਣਕਾਰੀ ਸਾਂਝੀ ਕਰਨ ਵਿੱਚ ਲੁਕੋਅ ਰੱਖਣ ਤੇ ਜਲਦੀ ਟੈਸਟ ਨਾ ਕਰਨ ਦੀ ਨੀਤੀ ਕਾਰਨ ਹੀ ਇਸ ਮਹਾਂਮਾਰੀ ਦਾ ਪਤਾ ਲੱਗਣ ਵਿੱਚ ਐਨੀ ਦੇਰ ਹੋਈ। ਆਸਟਰੇਲੀਆ ਤੇ ਹੋਰ ਦੇਸ਼ਾਂ ਵੱਲੋਂ ਇਸ ਵਾਇਰਸ ਦੇ ਮੂਲ ਦਾ ਪਤਾ ਲਾਉਣ ਲਈ ਜਾਂਚ ਦੀ ਵੀ ਮੰਗ ਕੀਤੀ ਗਈ ਸੀ ਤੇ ਇਸ ਉੱਤੇ ਬੀਜਿੰਗ ਵੱਲੋਂ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਗਈ ਸੀ।  

ਸੋਮਵਾਰ ਨੂੰ ਕੀਤੇ ਗਏ ਇਸ ਐਲਾਨ ਤੋਂ ਬਾਅਦ ਡਬਲਿਊਐਚਓ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਯੂਐਨ ਦੇ ਬੁਲਾਰੇ ਸਟੀਫਨ ਡੁਜ਼ਾਰਿਕ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੇ ਨਿਊ ਯੌਰਕ ਸਥਿਤ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨੂੰ ਦੱਸ ਚੁੱਕੇ ਹਨ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਤੈਰੇਸ ਡਾ· ਟੈਡਰੌਸ ਤੇ ਡਬਲਿਊਐਚਵੀ ਦੀਆਂ ਟੀਮਾਂ ਚੀਨ ਵਿੱਚ ਭੇਜਣ ਦੇ ਫੈਸਲੇ ਦੇ ਹੱਕ ਵਿੱਚ ਹਨ। 

ਡੁਜ਼ਾਰਿਕ ਦਾ ਕਹਿਣਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਮਹਾਂਮਾਰੀ ਨਾਲ ਲੜਨ ਲਈ ਡਬਲਿਊਐਚਵੀ ਅਗਵਾਈ ਕਰ ਰਹੀ ਹੈ, ਇਸ ਲਈ ਇਸ ਦਾ ਫਰਜ਼ ਬਣਦਾ ਹੈ ਕਿ ਇਸ ਮਹਾਂਮਾਰੀ ਦੀਆਂ ਜੜ੍ਹਾਂ ਤੱਕ ਪਹੁੰਚਿਆ ਜਾਵੇ ਤੇ ਅਗਲੇ ਲਈ ਬਿਹਤਰ ਢੰਗ ਨਾਲ ਤਿਆਰ ਹੋਇਆ ਜਾ ਸਕੇ। ਉਨ੍ਹਾਂ ਆਖਿਆ ਕਿ ਸਾਨੂੰ ਪੂਰੀ ਆਸ ਹੈ ਕਿ ਚੀਨ ਡਬਲਿਊਐਚਓ ਦੇ ਇਸ ਦੌਰੇ ਵਿੱਚ ਪੂਰਾ ਸਹਿਯੋਗ ਦੇਵੇਗਾ ਤੇ ਸਭ ਠੀਕ ਠਾਕ ਰਹੇਗਾ। ਇਸ ਦੌਰਾਨ ਹਬੇਈ ਪ੍ਰੋਵਿੰਸ ਵਿੱਚ ਨਵੇਂ ਆਊਟਬ੍ਰੇਕ ਕਾਰਨ ਵੀ ਚਿੰਤਾ ਵਧੀ ਹੈ ਤੇ ਉਮੀਦ ਹੈ ਕਿ ਇਸ ਦਾ ਜਲਦ ਹੱਲ ਲੱਭ ਲਿਆ ਜਾਵੇਗਾ।