ਕੋਵਿਡ-19 ਕਾਰਨ ਐਨਆਰਆਰਐਸ ਵੱਲੋਂ ਸਾਲਾਨਾ ਈਵੈਂਟ ਦੀ ਤਰੀਕ ਬਦਲਣ ਦਾ ਫੈਸਲਾ

ਟਰਾਂਸਰੈਪ ਅਤੇ ਦ ਨੈਸ਼ਨਲ ਰਕਰੂਟਿੰਗ ਐਂਡ ਰਿਟੈਂਸ਼ਨ ਸਿੰਪੋਜ਼ੀਅਮ (ਐਨਆਰਆਰਐਸ) ਦੀ ਟੀਮ ਵੱਲੋਂ ਆਪਣਾ ਸਾਲਾਨਾ ਈਵੈਂਟ 22 ਤੇ 23 ਅਪਰੈਲ 2021 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ| ਕੋਵਿਡ-19 ਮਹਾਂਮਾਰੀ ਕਾਰਨ ਮੌਜੂਦਾ ਹਾਲਾਤ ਦੇ ਚੱਲਦਿਆਂ ਐਨਆਰਆਰਐਸ ਦੀ ਟੀਮ ਨੇ ਇਹ ਮਹਿਸੂਸ ਕੀਤਾ ਕਿ ਸਾਡੇ ਪਰਿਵਾਰਾਂ, ਦੋਸਤਾਂ, ਕਾਰੋਬਾਰੀ ਸਹਿਯੋਗੀਆਂ ਤੇ ਸਾਡੀਆਂ ਕਮਿਊਨਿਟੀਜ਼ ਦੀ ਸਿਹਤ ਤੇ ਸੇਫਟੀ ਸੱਭ ਤੋਂ ਪਹਿਲਾਂ ਆਉਂਦੀ ਹੈ|

ਟਰਾਂਸਰੈਪ ਦੇ ਪ੍ਰੈਜ਼ੀਡੈਂਟ ਕਿੰਮ ਰਿਚਰਡਸਨ ਨੇ ਆਖਿਆ ਕਿ ਇਹ ਬਹੁਤ ਹੀ ਸਾਧਾਰਨ ਜਿਹੀ ਗੱਲ ਹੈ ਕਿ ਹੁਣ ਉਹੀ ਕੀਤਾ ਜਾਵੇ ਜੋ ਸਹੀ ਹੈ| ਅਸੀਂ ਹਮੇਸ਼ਾਂ ਸਹੀ ਕਦਮ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ| ਆਪਣੇ ਪਰਿਵਾਰਾਂ, ਸਪਾਂਸਰਜ਼, ਡੈਲੀਗੇਟਜ਼ ਤੇ ਸਪੀਕਰਜ਼ ਦੀ ਸਿਹਤ ਤੇ ਸੇਫਟੀ ਦਾ ਧਿਆਨ ਰੱਖਣਾ ਅਜੋਕੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ| ਉਨ੍ਹਾਂ ਆਖਿਆ ਕਿ ਅਸੀਂ ਆਪਣੇ ਵੈਨਿਊ ਪਾਰਟਨਰਜ਼-ਲਾਇਨਹੈਡ ਗੌਲਫ ਕਲੱਬ ਐਂਡ ਕਾਨਫਰੰਸ ਸੈਂਟਰ ਨਾਲ ਵੀ ਇਸ ਈਵੈਂਟ ਦੀ ਤਰੀਕ 2021 ਤੱਕ ਅੱਗੇ ਪਾਉਣ ਬਾਬਤ ਤਾਲਮੇਲ ਕਰ ਲਿਆ ਹੈ|

ਐਨਆਰਆਰਐਸ ਵੱਲੋਂ ਪਿੱਛੇ ਜਿਹੇ ਇੱਕ ਘੰਟੇ ਦਾ ਮਿਨੀ ਸਿੰਪੋਜ਼ੀਅਮ ਵੈਬੀਨਾਰ ਵੀ ਕਰਵਾਇਆ ਗਿਆ ਸੀ| ਇਸ ਦੌਰਾਨ ਤਿੰਨ ਮੁੱਖ ਬੁਲਾਰਿਆਂ ਵੱਲੋਂ ਆਪਣੀਆਂ ਪ੍ਰੈਜ਼ੈਂਟੇਸ਼ਨਜ਼ ਪੇਸ਼ ਕੀਤੀਆਂ ਗਈਆਂ| ਇਸ ਵੈਬੀਨਾਰ ਦੀ ਕਾਮਯਾਬੀ ਨੂੰ ਵੇਖਦਿਆਂ ਹੋਇਆਂ ਐਨਆਰਆਰਐਸ ਨੇ ਅਜਿਹਾ ਹੀ ਇੱਕ ਹੋਰ ਵੈਬੀਨਾਰ, ਬਿਨਾਂ ਕਿਸੇ ਚਾਰਜ ਦੇ, 22 ਅਕਤੂਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ|

ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਆਪਣੇ ਸਾਰੇ ਸਪਾਂਸਰਜ਼ ਤੇ ਡੈਲੀਗੇਟਸ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੇ ਜਿਹੜੇ ਇਨ੍ਹਾਂ ਤਬਦੀਲੀਆ ਦੇ ਬਾਵਜੂਦ ਸਾਡੇ ਨਾਲ ਖੜ੍ਹੇ ਹਨ| ਉਨ੍ਹਾਂ ਦੇ ਸਹਿਯੋਗ ਨਾਲ ਹੀ ਅਸੀਂ ਐਨੇ ਵੱਡੇ ਈਵੈਂਟ ਦੀ ਯੋਜਨਾ ਬਣਾ ਸਕੇ ਹਾਂ| ਉਨ੍ਹਾਂ ਆਖਿਆ ਕਿ ਅਕਤੂਬਰ ਵਿੱਚ ਹੋਣ ਜਾ ਰਹੇ ਵਰਚੂਅਲ ਨੈਸ਼ਨਲ ਰਕਰੂਟਿੰਗ ਐਂਡ ਰਿਟੈਂਸ਼ਨ ਸਿੰਪੋਜ਼ੀਅਮ ਅਤੇ ਅਪਰੈਲ 2021 ਵਿੱਚ ਹੋਣ ਵਾਲੇ ਈਵੈਂਟ ਬਾਰੇ ਹੋਰ ਵੇਰਵੇ ਜਲਦ ਜਾਰੀ ਕੀਤੇ ਜਾਣਗੇ|